32.3 C
Patiāla
Monday, May 6, 2024

ਨੇਮ ਪਲੇਟ

Must read


ਹਰਜੀਤ ਸਿੰਘ

ਮੋਬਾਈਲ ਦੀ ਘੰਟੀ ਦੀ ਆਵਾਜ਼ ਸੁਣ ਕੇ ਮੈਂ ਮੋਟਰ ਸਾਈਕਲ ਇੱਕ ਪਾਸੇ ਕਰਕੇ ਖੜੋ ਗਿਆ ਅਤੇ ਆਖਿਆ, ‘‘ਮਨਿੰਦਰ, ਜੇ ਜ਼ਰੂਰੀ ਕੰਮ ਹੈ ਤਾਂ ਦੱਸ, ਨਹੀਂ ਤਾਂ ਮੈਂ ਪੰਦਰਾਂ ਕੁ ਮਿੰਟਾਂ ਬਾਅਦ ਦਫ਼ਤਰ ਪਹੁੰਚ ਕੇ ਫੋਨ ਕਰਦਾ ਹਾਂ, ਮੈਂ ਰਸਤੇ ਵਿੱਚ ਜਾਮ ’ਚ ਫਸਿਆ ਹਾਂ।’’ ‘‘ਹਾਂ ਸਰ, ਬਹੁਤ ਜ਼ਰੂਰੀ ਹੈ। ਨਵਲ ਦੀ ਮੌਤ ਹੋ ਗਈ ਹੈ। ਅੱਜ ਦੋ ਵਜੇ ਉਸ ਦੇ ਪਿੰਡ ਸਸਕਾਰ ਹੈ। ਮੈਂ ਸੋਚਿਆ, ਤੁਹਾਨੂੰ ਫੋਨ ਕਰਕੇ ਦੱਸ ਦਿਆਂ। ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਦੱਸ ਦਿਉ। ਅਸੀਂ ਬੱਸ ਸਟੈਂਡ ’ਤੇ ਤੁਹਾਡਾ ਇੰਤਜ਼ਾਰ ਕਰਾਂਗੇ,’’ ਉਹ ਇੱਕੋ ਸਾਹੇ ਸਭ ਕੁਝ ਕਹਿ ਗਿਆ। ‘‘ਹਾਂ ਹਾਂ, ਮੈਂ ਜ਼ਰੂਰ ਆਵਾਂਗਾ। ਬੱਸ ਇੱਕ ਦੋ ਜ਼ਰੂਰੀ ਕੰਮ ਕਰਕੇ ਬੱਸ ਅੱਡੇ ’ਤੇ ਪਹੁੰਚਦਾ ਹਾਂ,’’ ਮੈਂ ਆਖਿਆ। ‘‘ਠੀਕ ਹੈ ਸਰ, ਅਸੀਂ ਤੁਹਾਡਾ ਇੰਤਜ਼ਾਰ ਕਰਾਗੇ,’’ ਇਹ ਆਖ ਕੇ ਉਸ ਨੇ ਫੋਨ ਬੰਦ ਕਰ ਦਿੱਤਾ।

ਨਵਲ ਜਿਸ ਦਫ਼ਤਰ ਵਿੱਚ ਕੰਮ ਕਰਦਾ ਸੀ, ਉਸ ਦਫ਼ਤਰ ਵਿੱਚ ਮੈਨੂੰ ਕੰਮ ਕਰਦਿਆਂ ਲਗਭਗ ਤਿੰਨ ਸਾਲ ਹੋ ਚੁੱਕੇ ਸਨ। ਮੇਰੀ ਨੌਕਰੀ ਇਸ ਤਰ੍ਹਾਂ ਦੀ ਹੈ ਕਿ ਮੈਂ ਕਈ ਦਫ਼ਤਰਾਂ ਵਿੱਚ ਕੰਮ ਕਰ ਚੁੱਕਾ ਹਾਂ ਅਤੇ ਕੰਮ ਕਰਦਿਆਂ ਕਈ ਵਾਰ ਦਫ਼ਤਰ ਦੇ ਕਰਮਚਾਰੀਆਂ ਨਾਲ ਤੁਹਾਡੇ ਸਬੰਧ ਬਹੁਤ ਵਧੀਆ ਬਣ ਜਾਂਦੇ ਹਨ ਅਤੇ ਤੁਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹੋ। ਜਦੋਂ ਮੈਂ ਬੱਸ ਅੱਡੇ ’ਤੇ ਪਹੁੰਚਿਆ ਤਾਂ ਉਹ ਮੇਰੀ ਉਡੀਕ ਕਰ ਰਹੇ ਸਨ। ‘‘ਕੀ ਹੋਇਆ ਨਵਲ ਨੂੰ?’’ ਮੈਂ ਉਨ੍ਹਾਂ ਨੂੰ ਮਿਲਦਿਆਂ ਹੀ ਪੁੱਛਿਆ, ‘‘ਬਰੇਨ ਹੈਮਰੇਜ ਹੋ ਗਿਆ ਸੀ। ਹਸਪਤਾਲ ਵਾਲਿਆਂ ਨੇ ਅਪਰੇਸ਼ਨ ਵੀ ਕਰ ਦਿੱਤਾ, ਪਰ ਬਾਅਦ ’ਚ ਪਤਾ ਨਹੀਂ ਕੀ ਹੋਇਆ। ਦੂਜੇ ਦਿਨ ਹੀ ਉਸ ਦੀ ਮੌਤ ਹੋ ਗਈ। ਉਸ ਦੇ ਪਿਤਾ ਦੀ ਤਾਂ ਪਹਿਲਾਂ ਹੀ ਮੌਤ ਹੋ ਗਈ ਸੀ। ਬੁੱਢੀ ਮਾਂ ਨੇ ਇਧਰੋਂ ਉਧਰੋਂ ਕਰਜ਼ਾ ਚੁੱਕ ਕੇ ਸੱਤ ਕੁ ਲੱਖ ਰੁਪਏ ਇਲਾਜ ਲਈ ਇਕੱਠੇ ਕੀਤੇ। ਸਭ ਕੁਝ ਮਿੱਟੀ ਹੋ ਗਿਆ। ਉਸ ਦੇ ਦੋ ਬੱਚੇ ਹਨ। ਬੇਟੀ 12 ਸਾਲ ਦੀ ਅਤੇ ਬੇਟਾ ਪੰਜ ਕੁ ਸਾਲ ਦਾ ਹੈ। ਬੇਟੇ ਦੀ ਲੱਤ ਵਿੱਚ ਨੁਕਸ ਹੈ। ਉਸ ਦਾ ਉਸ ਨੇ ਅਪਰੇਸ਼ਨ ਵੀ ਕਰਵਾਇਆ ਸੀ। ਹੁਣ ਦੋਬਾਰਾ ਅਪਰੇਸ਼ਨ ਕਰਵਾਉਣਾ ਸੀ…।’’ ਉਹ ਦੱਸੀ ਜਾ ਰਿਹਾ ਸੀ।

ਜਦੋਂ ਉਸ ਦੀ ਗੱਲ ਖ਼ਤਮ ਹੋਈ ਤਾਂ ਮੈਂ ਭੂਤ ਕਾਲ ਵਿੱਚ ਚਲਾ ਗਿਆ। ਮੇਰੀ ਪੋਸਟਿੰਗ ਜਦੋਂ ਉਸ ਦਫ਼ਤਰ ਵਿੱਚ ਹੋਈ ਤਾਂ ਉਦੋਂ ਨਵਲ ਨੇ ਬਤੌਰ ਕਲਰਕ ਡਿਊਟੀ ਸ਼ੁਰੁੂ ਕੀਤੀ ਸੀ। ਰੋਜ਼ ਰੋਜ਼ ਪਿੰਡ ਜਾਣ ਦੇ ਪੰਗੇ ਨਾਲੋਂ ਸੋਚਿਆ ਕਿ ਸ਼ਹਿਰ ਵਿੱਚ ਹੀ ਘਰ ਬਣਾ ਲਿਆ ਜਾਵੇ। ਉਸ ਵੇਲੇ ਮੈਂ ਸ਼ਹਿਰ ਵਿੱਚ ਆਪਣਾ ਘਰ ਬਣਾਇਆ ਹੀ ਸੀ। ਸੋਚਿਆ, ਘਰ ਦੇ ਬਾਹਰ ਨੇਮ ਪਲੇਟ ਲਗਵਾ ਲਈ ਜਾਵੇ ਤਾਂ ਜੋ ਮਿਲਣ ਵਾਲਿਆਂ ਨੂੰ ਘਰ ਲੱਭਣ ਵਿੱਚ ਮੁਸ਼ਕਿਲ ਨਾ ਆਵੇ।

‘‘ਨਵਲ, ਇੱਕ ਨੇਮ ਪਲੇਟ ਬਣਵਾਉਣੀ ਹੈ। ਕਿੱਥੋਂ ਬਣੇਗੀ?’’ ਮੈਂ ਨਵਲ ਨੂੰ ਪੁੱਛਿਆ।

‘‘ਤੁਸੀਂ ਕਿੱਥੇ ਦੁਕਾਨਾਂ ’ਤੇ ਧੱਕੇ ਖਾਂਦੇ ਰਹੋਗੇੇ। ਮੈਨੂੰ ਮੈਟਰ ਦਿਉ, ਬਾਕੀ ਕੰਮ ਮੈਂ ਆਪੇ ਕਰ ਲਵਾਂਗਾ,’’ ਨਵਲ ਨੇ ਉੱਤਰ ਦਿੱਤਾ।

‘‘ਠੀਕ ਹੈ,’’ ਆਖ ਕੇ ਮੈਂ ਮੈਟਰ ਲਿਖ ਕੇ ਦੇ ਦਿੱਤਾ। ਦੋ ਤਿੰਨ ਦਿਨ ਬਾਅਦ ਉਸ ਨੇ ਨੇਮ ਪਲੇਟ ਲਿਆ ਕੇ ਮੇਰੇ ਮੇਜ਼ ’ਤੇ ਰੱਖ ਦਿੱਤੀ।

‘‘ਵਧੀਆ ਹੈ ਪਰ ਇਸ ਨੂੰ ਲਗਾਏਗਾ ਕੌਣ?’’

‘‘ਇਹ ਕਿਹੜਾ ਕੰਮ ਹੈ, ਮੈਂ ਹੀ ਕਰ ਦਿਆਂਗਾ। ਇਹ ਨੌਕਰੀ ਲੱਗਣ ਤੋਂ ਪਹਿਲਾਂ ਮੈਂ ਬਿਜਲੀ ਦਾ ਕੰਮ ਕਰਦਾ ਸੀ। ਹੁਣ ਵੀ ਜੇਕਰ ਬਿਜਲੀ ਦਾ ਕੰਮ ਮਿਲ ਜਾਵੇ ਤਾਂ ਮੈਂ ਸ਼ਨੀ, ਐਤਵਾਰ ਕਰ ਲੈਂਦਾ ਹਾਂ। ਹੱਥ ਸੌਖਾ ਹੋ ਜਾਂਦਾ ਹੈ। ਮੇਰੇ ਕੋਲ ਹੁਣ ਵੀ ਸਾਰਾ ਸਮਾਨ ਹੈਗਾ। ਅੱਜ ਹੀ ਸ਼ਾਮ ਨੂੰ ਆ ਕੇ ਲਗਾ ਦਿਆਂਗਾ।’’ ਸ਼ਾਮ ਸਾਢੇ ਪੰਜ ਵਜੇ ਉਹ ਮੇਰੇ ਘਰ ਪਹੁੰਚ ਗਿਆ। ਆਪਣਾ ਬੈਗ ਖੋਲ੍ਹਿਆ। ਡਰਿੱਲ ਮਸ਼ੀਨ, ਗੱਟੀਆਂ ਅਤੇ ਪੇਚ ਆਦਿ ਕੱਢ ਲਏ। ਪੰਦਰਾਂ ਕੁ ਮਿੰਟਾਂ ਵਿੱਚ ਉਸ ਨੇ ਨੇਮ ਪਲੇਟ ਲਗਾ ਦਿੱਤੀ। ‘‘ਚਾਹ ਬਣ ਗਈ ਹੈ। ਪਹਿਲਾਂ ਚਾਹ ਪੀ ਲਉ,’’ ਮੇਰੀ ਪਤਨੀ ਨੇ ਅੰਦਰੋਂ ਆਵਾਜ਼ ਦਿੱਤੀ। ਅਸੀਂ ਦੋਵੇਂ ਚਾਹ ਪੀਣ ਲੱਗ ਪਏ। ਚਾਹ ਪੀਂਦਿਆਂ ਪੀਂਦਿਆਂ ਮੈਂ ਪੁੱਛਿਆ, ‘‘ਨਵਲ, ਕਿੰਨੇ ਪੈਸੇ ਦਿਆਂ।’’

‘‘ਸਰ, ਪੰਜ ਸੌ ਰੁਪਏ ਲੱਗੇ ਹਨ, ਪਰ ਪੈਸੇ ਨਹੀਂ ਲੈਣੇ,’’ ਉਸ ਨੇ ਆਖਿਆ। ‘‘ਵੇਖ ਨਵਲ, ਮੇਰੀ ਤਨਖ਼ਾਹ ਤੇਰੇ ਨਾਲੋਂ ਢਾਈ ਤਿੰਨ ਗੁਣਾ ਜ਼ਿਆਦਾ ਹੈ। ਮੈਂ ਤੇਰੇ ਨਾਲ ਧੱਕਾ ਨਹੀਂ ਕਰ ਸਕਦਾ। ਜਾਂ ਤਾਂ ਪੈਸੇ ਲੈ ਜਾਂ ਨੇਮ ਪਲੇਟ ਲਾਹ ਕੇ ਲੈ ਜਾ,’’ ਮੈਂ ਆਖਿਆ।

‘‘ਕੁਝ ਵੀ ਹੋ ਜਾਵੇ, ਮੈਂ ਪੈਸੇ ਨਹੀਂ ਲੈਣੇੇ। ਸੁਣੋ, ਇਸ ਦੇ ਦੋ ਕਾਰਨ ਹਨ। ਪਹਿਲਾ- ਜਦੋਂ ਮੈਂ ਇਸ ਦਫ਼ਤਰ ਵਿੱਚ ਬਤੌਰ ਕਲਰਕ ਡਿਊਟੀ ’ਤੇ ਹਾਜ਼ਰ ਹੋਇਆ ਸੀ ਤਾਂ ਮੈਨੂੰ ਦਫ਼ਤਰੀ ਕੰਮ ਦੀ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਮੈਨੂੰ ਕੰਮ ਦੱਸ ਕੇ ਕੋਈ ਖ਼ੁਸ਼ ਸੀ। ਉਸ ਵੇਲੇ ਤੁਸੀਂ ਮੇਰੀ ਬਾਂਹ ਫੜੀ। ਹਰ ਕੰਮ ਬੱਚਿਆਂ ਵਾਂਗ ਸਮਝਾਇਆ। ਸਰ, ਹੁਣ ਤਾਂ ਦੂਸਰੇ ਦਫ਼ਤਰਾਂ ਵਾਲੇ ਆ ਕੇ ਮੇਰੀ ਸਲਾਹ ਲੈਂਦੇ ਹਨ। ਪਹਿਲਾਂ ਮੈਂ ਦਫ਼ਤਰ ਜਾਣ ਤੋਂ ਡਰਦਾ ਸੀ, ਹੁਣ ਮੈਨੂੰ ਦਫ਼ਤਰ ਜਾਣ ਲੱਗਿਆਂ ਖ਼ੁਸ਼ੀ ਹੁੰਦੀ ਹੈ। ਇਹ ਸਭ ਕੁਝ ਤੁਹਾਡੇ ਕਾਰਨ ਸੰਭਵ ਹੋਇਆ ਹੈ।

ਦੂਸਰਾ- ਤੁਸੀਂ ਕਈ ਦਫ਼ਤਰਾਂ ’ਚ ਕੰਮ ਕੀਤਾ ਹੈ। ਤੁਹਾਡਾ ਬਹੁਤ ਤਜਰਬਾ ਹੈ। ਤੁਸੀਂ ਬੰਦਿਆਂ ਨੂੰ ਪਛਾਣਦੇ ਹੋ। ਕਿਹੜਾ ਕਰਮਚਾਰੀ ਕੀ ਕਰਦਾ ਹੈ, ਕਿੱਦਾਂ ਕਰਦਾ ਹੈ, ਤੁਹਾਡੇ ਕੋਲੋਂ ਲੁਕੋ ਨਹੀਂ ਸਕਦਾ। ਸਭ ਕੁਝ ਜਾਣਦੇ ਹੋਏ ਵੀ ਤੁਸੀਂ ਕਦੀ ਮੈਨੂੰ ਕੋਈ ਵਗਾਰ ਨਹੀਂ ਪਾਈ। ਜਦੋਂਕਿ ਦਫ਼ਤਰ ਦੇ ਦੂਜੇ ਅਧਿਕਾਰੀ ਕੋਈ ਨਾ ਕੋਈ ਵਗਾਰ ਪਾ ਕੇ ਮੈਨੂੰ ਤੰਗ ਕਰਦੇ ਰਹਿੰਦੇ ਹਨ। ਤੁਹਾਡੇ ਅਹਿਸਾਨ ਦਾ ਬਦਲਾ ਤਾਂ ਮੈਂ ਨਹੀਂ ਚੁਕਾ ਸਕਦਾ, ਪਰ ਏਨਾ ਅਕ੍ਰਿਤਘਣ ਵੀ ਨਹੀਂ ਹੋ ਸਕਦਾ ਕਿ ਇਸ ਨੇਮ ਪਲੇਟ ਦੇ ਪੈਸੇ ਲਵਾਂ।’’

ਉਹ ਬਹੁਤ ਭਾਵੁਕ ਹੋ ਗਿਆ ਸੀ। ਉਸ ਨੇ ਫਟਾਫਟ ਆਪਣਾ ਸਾਮਾਨ ਸਾਂਭਿਆ ਅਤੇ ਮੇਰੇ ਰੋਕਦੇ ਰੋਕਦੇ ਘਰ ਤੋਂ ਬਾਹਰ ਹੋ ਗਿਆ। ਮੋਟਰ ਸਾਈਕਲ ਸਟਾਰਟ ਕੀਤਾ ਤੇ ਚਲਾ ਗਿਆ। ‘‘ਸਰ, ਨਵਲ ਦਾ ਘਰ ਆ ਗਿਆ ਹੈ,’’ ਇੱਕ ਕਰਮਚਾਰੀ ਨੇ ਇਹ ਆਖ ਕੇ ਮੈਨੂੰ ਵਰਤਮਾਨ ਵਿੱਚ ਲੈ ਆਂਦਾ, ਮੇਰੇ ਖ਼ਿਆਲਾਂ ਦੀ ਲੜੀ ਟੁੱਟ ਗਈ।

ਨਵਲ ਦਾ ਘਰ ਸਾਧਾਰਨ ਜਿਹਾ ਸੀ। ਇਸਤਰੀਆਂ ਅੰਦਰ ਅਤੇ ਮਰਦ ਬਾਹਰ ਬੈਠੇ ਸਨ। ਦੁਪਹਿਰ ਦੇ ਦੋ ਵੱਜ ਚੁੱਕੇ ਸਨ। ਗਰਮੀ ਬਹੁਤ ਜ਼ਿਆਦਾ ਸੀ। ਮ੍ਰਿਤਕ ਦੇਹ ਲੈ ਕੇ ਲੋਕ ਸ਼ਮਸ਼ਾਨਘਾਟ ਵੱਲ ਤੁਰ ਪਏ। ਮੈਂ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਤੁਰ ਪਿਆ। ਜਦੋ ਮ੍ਰਿਤਕ ਦੇਹ ਨੂੰ ਅਗਨ ਭੇਂਟ ਕੀਤ ਗਿਆ ਤਾਂ ਉਸ ਦੀ ਪਤਨੀ ਅਤੇ ਬੱਚੇ ਉੱਚੀ ਉੱਚੀ ਰੋਣ ਲੱਗ ਪਏ। ਉਸ ਦੀ ਪਤਨੀ ਵਾਰ ਵਾਰ ਚਿਖਾ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਦੇ ਰਿਸ਼ਤੇਦਾਰ ਉਸ ਨੂੰ ਰੋਕਦੇ ਸਨ। ਅਖੀਰ ਉਹ ਬੇਹੋਸ਼ ਹੋ ਕੇ ਡਿੱਗ ਪਈ। ਉਸ ਨੂੰ ਬੈਂਚ ’ਤੇ ਪਾ ਕੇ ਪਾਣੀ ਦੇ ਛਿੱਟੇ ਮਾਰੇ ਗਏ। ਉਸ ਦੇ ਬੱਚਿਆਂ ਦਾ ਵੀ ਇਹੋ ਹਾਲ ਸੀ। ਹੌਲੀ ਹੌਲੀ ਲੋਕ ਸ਼ਮਸ਼ਾਨਘਾਟ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ।

ਮੈਂ ਵੀ ਬਾਕੀ ਲੋਕਾਂ ਵਾਂਗ ਬਾਹਰ ਆ ਗਿਆ। ਆਪਣੇ ਸਾਥੀਆਂ ਨੂੰ ਲੱਭਿਆ ਅਤੇ ਅਸੀਂ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ। ਰਸਤੇ ਵਿੱਚ ਪੁਰਾਣੀ ਅਤੇ ਨਵੀਂ ਪੈਨਸ਼ਨ ਬਾਰੇ ਜ਼ੋਰਦਾਰ ਬਹਿਸ ਸ਼ੁਰੂ ਹੋ ਗਈ। ਗੱਲ ਕਿਸੇ ਸਿਰੇ ਨਹੀਂ ਸੀ ਲੱਗ ਰਹੀ। ਮੈਂ ਸੁਣਦਾ ਰਿਹਾ। ਅਖੀਰ ਬਹਿਸ ਸਿਰੇ ਲਗਾਉਣ ਖ਼ਾਤਰ ਮੈਂ ਆਖਿਆ, ‘‘ਚਲੋ ਆਪਾਂ ਬਹਿਸ ਖ਼ਤਮ ਕਰੀਏ। ਮੁੱਕਦੀ ਗੱਲ ਇਹ ਹੈ ਕਿ ਪੁਰਾਣੀ ਪੈਨਸ਼ਨ ਮੁਲਾਜ਼ਮ ਪੱਖੀ ਸੀ/ਹੈ ਜਦੋਂਕਿ ਨਵੀਂ ਪੈਨਸ਼ਨ ਸਕੀਮ ਕਾਰਪੋਰੇਟ ਪੱਖੀ ਹੈ ਅਤੇ ਸਾਨੂੰ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਸਖ਼ਤ ਸੰਘਰਸ਼ ਕਰਨਾ ਪਵੇਗਾ।’’ ਬੱਸ ਸਟੈਂਡ ਆ ਗਿਆ ਸੀ। ਮੈਂ ਉੱਥੇ ਉਤਰ ਗਿਆ। ਆਪਣਾ ਮੋਟਰ ਸਾਈਕਲ ਲਿਆ ਅਤੇ ਘਰ ਪਹੁੰਚ ਗਿਆ।

ਅਗਲੇ ਦਿਨ ‘ਨਵਲ ਵੀ ਮਿਸ ਯੂ’ ਦੇ ਟਾਈਟਲ ਹੇਠ ਵੱਟਸਐਪ ਗਰੁੱਪ ’ਤੇ ਇੱਕ ਸੁਨੇਹਾ ਆਇਆ। ਇਹ ਗਰੁੱਪ ਨਵਲ ਦੇ ਦਫ਼ਤਰ ਦੇ ਕਰਮਚਾਰੀਆਂ ਨੇ ਬਣਾਇਆ ਸੀ ਜਿਸ ਵਿੱਚ ਉਸ ਦੀ ਅੰਤਿਮ ਅਰਦਾਸ ਦੇ ਸਮੇਂ ਅਤੇ ਸਥਾਨ ਬਾਰੇ ਜਾਣਕਾਰੀ ਦਿੱਤੀ ਸੀ। ਸਮੂਹ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਮਾਇਕ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਸੀ। ਕੁਝ ਚਿਰ ਬਾਅਦ ਇੱਕ ਕਰਮਚਾਰੀ ਦਾ ਫੋਨ ਆਇਆ, ‘‘ਸਰ ਕੱਲ ਚਾਰ ਵਜੇ ਇੱਕ ਮੀਟਿੰਗ ਰੱਖੀ ਹੈ, ਜੇਕਰ ਸਮਾਂ ਹੋਵੇ ਤਾਂ ਜ਼ਰੂਰ ਆਇਉ, ਅਸੀਂ ਨਵਲ ਦੇ ਪਰਿਵਾਰ ਦੀ ਆਰਥਿਕ ਮਦਦ ਸਬੰਧੀ ਕੁਝ ਜ਼ਰੂਰੀ ਵਿਚਾਰਾਂ ਕਰਨੀਆਂ ਹਨ।’’ ‘‘ਠੀਕ ਹੈ, ਮੈਂ ਜ਼ਰੂਰ ਆਵਾਂਗਾ,’’ ਮੈਂ ਆਖਿਆ।

ਅਗਲੇ ਦਿਨ ਮੈਂ ਚਾਰ ਵਜੇ, ਉਸ ਦੇ ਦਫ਼ਤਰ ਪਹੁੰਚ ਗਿਆ। ਇੱਕ ਕਰਮਚਾਰੀ ਨੇ ਕਾਰਵਾਈ ਸ਼ੁਰੂ ਕਰਦਿਆਂ ਦੱਸਿਆ ਕਿ ਨਵਲ ਦੀ ਮਾਂ ਨੇ ਨਵਲ ਦੇ ਇਲਾਜ ਲਈ ਸੱਤ ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ਤੋਂ ਇਲਾਵਾ, ਬੱਚਿਆਂ ਦੀ ਪੜ੍ਹਾਈ, ਬੱਚੇ ਦੀ ਲੱਤ ਦੇ ਅਪਰੇਸ਼ਨ ਆਦਿ ਵਾਸਤੇ ਬਹੁਤ ਪੈਸਿਆਂ ਦੀ ਲੋੜ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮਾਇਕ ਸਹਾਇਤਾ ਕਰਨ। ਪੈਸੇ ਕੈਸ਼ੀਅਰ ਪਾਸ ਜਮ੍ਹਾਂ ਕਰਵਾਏ ਜਾਣ ਜਾਂ ਵੱਟਸਐਪ ’ਤੇ ਲਿਖੇ ਅਕਾਊਂਟ ਨੰਬਰ ਵਿੱਚ ਜਮਾਂ ਕਰਵਾਏ ਜਾਣ। ਸਾਰਿਆਂ ਨੇ ਪੂਰੇ ਸਹਿਯੋਗ ਦੀ ਹਾਮੀ ਭਰੀ। ਮੈਂ ਆਪਣਾ ਬਟੂਆ ਕੱਢਿਆ। ਉਸ ਵਿੱਚ ਜਿੰਨੇ ਪੰਜ ਸੌ ਦੇ ਨੋਟ ਸਨ, ਬਿਨਾਂ ਗਿਣੇ ਕੱਢੇ ਅਤੇ ਆਖਿਆ, ‘‘ਚਲੋ ਸ਼ੁਰੂਆਤ ਕਰੀਏ,’’ ਅਤੇ ਪੈਸੇ ਕੈਸ਼ੀਅਰ ਨੂੰ ਫੜਾ ਦਿੱਤੇ। ਫਟਾਫਟ ਦਫ਼ਤਰ ਤੋਂ ਬਾਹਰ ਆ ਗਿਆ। ਮੈਨੂੰ ਲੱਗਾ ਜਿਵੇਂ ਮੈਂ ਨਵਲ ਵੱਲੋਂ ਲਗਾਈ ਨੇਮ ਪਲੇਟ ਦਾ ਕਰਜ਼ਾ ਲਾਹ ਦਿੱਤਾ ਹੋਵੇ, ਪਰ ਅਜਿਹਾ ਨਹੀਂ ਹੋਇਆ। ਜਦੋਂ ਮੈਂ ਘਰ ਪਹੁੰਚਿਆ ਤਾਂ ਮੇਰੀ ਨਜ਼ਰ ਨੇਮ ਪਲੇਟ ’ਤੇ ਪੈ ਗਈ ਅਤੇ ਮੈਨੂੰ ਨਵਲ ਦੀ ਯਾਦ ਆ ਗਈ ਅਤੇ ਮੈਂ ਫਿਰ ਉਦਾਸ ਹੋ ਗਿਆ।
ਸੰਪਰਕ: 91-92177-01415 (ਵੱਟਸਐਪ)



News Source link
#ਨਮ #ਪਲਟ

- Advertisement -

More articles

- Advertisement -

Latest article