38.5 C
Patiāla
Saturday, April 27, 2024

ਨਰੋਦਾ ਗਾਮ ਕੇਸ ਦੀ ਸਹੀ ਢੰਗ ਨਾਲ ਪੈਰਵੀ ਨਹੀਂ ਹੋਈ: ਕਾਂਗਰਸ

Must read


ਨਵੀਂ ਦਿੱਲੀ, 21 ਅਪਰੈਲ

ਮੁੱਖ ਅੰਸ਼

  • ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ ਕਾਂਗਰਸ: ਜੈਰਾਮ ਰਮੇਸ਼
  • ਰਾਜ ਸਭਾ ਮੈਂਬਰ ਸਿੱਬਲ ਵੱਲੋਂ ਵੀ ਅਦਾਲਤ ਦੇ ਫ਼ੈਸਲੇ ਦੀ ਆਲੋਚਨਾ

ਕਾਂਗਰਸ ਨੇ ਅੱਜ ਦੋਸ਼ ਲਗਾਇਆ ਕਿ ਅਹਿਮਦਾਬਾਦ ਦੇ ਨਰੋਦਾ ਗਾਮ ਵਿੱਚ ਗੋਧਰਾ ਕਾਂਡ ਤੋਂ ਬਾਅਦ ਭੜਕੇ ਦੰਗਿਆਂ ਦੇ ਸਾਰੇ 67 ਮੁਲਜ਼ਮਾਂ ਨੂੰ ਸਰਕਾਰੀ ਧਿਰ ਦੀਆਂ ਖ਼ਾਮੀਆਂ ਕਾਰਨ ਬਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਉਮੀਦ ਜਤਾਈ ਕਿ ਇਨਸਾਫ਼ ਮਿਲਣ ਵਿੱਚ ਦੇਰੀ ਹੋ ਸਕਦੀ ਹੈ ਪਰ ਇਹ ਮਿਲੇਗਾ ਜ਼ਰੂਰ । ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਬਿਆਨ ਜਾਰੀ ਕਰਨ ਲਈ ਅਦਾਲਤ ਦੇ ਵੇਰਵਿਆਂ ਸਹਿਤ ਫ਼ੈਸਲਿਆਂ ਦੀ ਉਡੀਕ ਕਰਾਂਗੇ, ਪਰ ਇਹ ਸਪਸ਼ਟ ਹੈ ਕਿ ਇਸਤਗਾਸਾ ਧਿਰ ਆਪਣੀ ਭੂਮਿਕਾ ਨਿਭਾਉਣ ਵਿੱਚ ਸਪਸ਼ਟ ਤੌਰ ’ਤੇ ਖੁੰਝ ਗਈ ਹੈ।’’ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਤੇ ਨਜ਼ਰ ਰੱਖੇਗੀ ਅਤੇ ਇਸ ਘਿਨਾਉਣੇ ਅਪਰਾਧ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਇਸੇ ਦੌਰਾਨ ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਨਰੋਦਾ ਗਾਮ ਦੰਗਿਆਂ ਦੇ ਮਾਮਲੇ ਦੇ ਸਾਰੇ 67 ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਦੇ ਗੁਜਰਾਤ ਦੀ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਦੀ ਆਲੋਚਨਾ ਕੀਤੀ। ਉਨ੍ਹਾਂ ਨਾਲ ਹੀ ਸਵਾਲ ਕੀਤਾ, ‘‘ਕੀ ਸਾਨੂੰ ਕਾਨੂੰਨ ਦੇ ਸ਼ਾਸਨ ਦਾ ਜਸ਼ਨ ਚਾਹੀਦਾ ਹੈ ਜਾਂ ਇਸ ਦੇ ਖ਼ਤਮ ਹੋਣ ’ਤੇ ਨਿਰਾਸ਼ ਹੋਣਾ ਚਾਹੀਦਾ ਹੈ?’’ ਗੁਜਰਾਤ ਦੀ ਇੱਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ 2002 ਦੇ ਨਰੋਦਾ ਗਾਮ ਦੰਗਿਆਂ ਦੇ ਮਾਮਲੇ ਵਿੱਚ ਗੁਜਰਾਤ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਅਤੇ ਬਜਰੰਗ ਦਲ ਦੇ ਸਾਬਕਾ ਆਗੂ ਬਾਬੂ ਬਜਰੰਗੀ ਸਮੇਤ ਸਾਰੇ 67 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇਨ੍ਹਾਂ ਦੰਗਿਆਂ ਵਿੱਚ ਘੱਟਗਿਣਤੀ ਭਾਈਚਾਰੇ ਦੇ 11 ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਇਸ ਘਟਨਾ ਦੇ ਦੋ ਦਹਾਕਿਆਂ ਤੋਂ ਵੱਧ ਸਮੇਂ ਮਗਰੋਂ ਅਦਾਲਤ ਦਾ ਫ਼ੈਸਲਾ ਆਇਆ ਹੈ। -ਪੀਟੀਆਈ

ਅਦਾਲਤ ’ਤੇ ਉਂਗਲ ਚੁੱਕਣ ਦੀ ਥਾਂ ਆਤਮਚਿੰਤਨ ਕਰਨ ਕਾਂਗਰਸ ਤੇ ਸਿੱਬਲ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਨਰੋਦਾ ਗਾਮ ਦੰਗਾ ਮਾਮਲੇ ਵਿੱਚ ਅਦਾਲਤ ’ਤੇ ‘ਉਂਗਲ ਚੁੱਕਣ’ ਕਾਰਨ ਅੱਜ ਕਾਂਗਰਸ ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਸਚਾਈ ਦੀ ਪੁਸ਼ਟੀ ਨਹੀਂ ਕਰਦੀਆਂ। ਭਾਜਪਾ ਦੇ ਕੌਮੀ ਬੁਲਾਰੇ ਸਈਦ ਜ਼ਫ਼ਰ ਇਸਲਾਮ ਨੇ ਕਿਹਾ, ‘‘ਜਿਹੜੇ ਲੋਕ ਅਦਾਲਤ ’ਤੇ ਉਂਗਲ ਚੁੱਕ ਰਹੇ ਹਨ, ਉਨ੍ਹਾਂ ਨੂੰ ਆਤਮਚਿੰਤਨ ਕਰਨਾ ਚਾਹੀਦਾ ਹੈ। ਕਿਉਂਕਿ ਅਜਿਹੀਆਂ ਉਦਾਹਰਨਾਂ ਵੀ ਹਨ, ਜਦੋਂ ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਇਆ ਤਾਂ ਉਨ੍ਹਾਂ ਨੇ ਅਦਾਲਤ ਦੀ ਪ੍ਰਸ਼ੰਸਾ ਕੀਤੀ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article