33.5 C
Patiāla
Wednesday, May 22, 2024

ਮਾਂ

Must read


ਸੁਰਿੰਦਰ ਸਿੰਘ ਰਾਏ

“ਵੇ ਦੇਵ ਰਾਜ, ਰਾਜ ਕੁਮਾਰ, ਪ੍ਰੇਮ ਲਾਲ, ਰਾਮ ਪਾਲ ਓਏ…ਓਏ।” ਇੱਕ ਦਿਨ ਪੂਰੋ ਨੇ ਆਪਣੇ ਮੁੰਡਿਆਂ ਨੂੰ ਖੇਡਦੇ ਸਮੇਂ ਸਿਰ ਘਰ ਨਾ ਆਏ ਵੇਖ ਕੋਠੇ ’ਤੇ ਚੜ੍ਹ ਕੇ ਉੱਚੀ ਹੇਕ ਨਾਲ ਆਵਾਜ਼ ਮਾਰੀ।

“ਮੰਮੀ, ਅਹਿ ਬੁੱਢੀ ਕੌਣ ਏਂ? ਇਹ ਦਿਨ ’ਚ ਦੋ-ਦੋ, ਤਿੰਨ-ਤਿੰਨ ਵਾਰ ਇਵੇਂ ਦੀਆਂ ਆਵਾਜ਼ਾਂ ਕੱਢਦੀ ਰਹਿੰਦੀ ਆ। ਇਹਨੂੰ ਸੰਗ ਨ੍ਹੀਂ ਆਉਂਦੀ?” ਹੇਕ ਵਾਲੀ ਉੱਚੀ ਆਵਾਜ਼ ਸੁਣ ਕੇ ਪਿੰਡ ’ਚ ਨਵੀਂ ਆਈ ਵਹੁਟੀ ਨੇ ਆਪਣੀ ਸੱਸ ਨੂੰ ਪੁੱਛਿਆ।

“ਨਵਨੀਤ, ਇਹ ਸਾਡੇ ਪਿੰਡ ਦੀ ਪੂਰੋ ਆ। ਇਹਦੇ ਚਾਰ ਮੁੰਡੇ ਐ। ਜਦੋਂ ਕਦੇ ਉਹ ਖੇਡਦੇ-ਖੇਡਦੇ ਲੇਟ ਹੋ ਜਾਂਦੇ ਆ, ਤਾਂ ਇਹ ਐਂਈ ਆਵਾਜ਼ਾਂ ਮਾਰਦੀ ਹੁੰਦੀ ਆ। ਅਸੀਂ ਤਾਂ ਹੁਣ ਗਿੱਝਿਓ ਐਂ। ਜਿਹੜੇ ਪਿੰਡ ’ਚ ਨਵੇਂ ਆਉਂਦੇ ਆ, ਉਨ੍ਹਾਂ ਨੂੰ ਓਪਰਾ ਜਿਹਾ ਲੱਗਦੈ।” ਉਸ ਤ੍ਰੀਮਤ ਨੇ ਆਪਣੀ ਵਹੁਟੀ ਨੂੰ ਦੱਸਿਆ।

“ਇਹਨੂੰ ਇਹਦੇ ਘਰਵਾਲਾ ਨ੍ਹੀਂ ਰੋਕਦਾ?” ਉਸ ਨੇ ਫਿਰ ਪੁੱਛਿਆ।

“ਨਵਨੀਤ, ਇਹਦੇ ਘਰਵਾਲਾ ਤਾਂ ਇਹਦੀ ਭਰ ਜੁਆਨੀ ਵਿੱਚ ਈ ਮੁੱਕ ਗਿਆ ਸੀ। ਪਰ ਧੰਨ ਐ ਪੂਰੋ, ਜਿਸ ਨੇ ਲੋਕਾਂ ਦੇ ਘਰਾਂ ’ਚ ਕੰਮ ਕਰ-ਕਰ ਕੇ ਆਪਣੇ ਚਾਰੇ ਮੁੰਡੇ ਪਾਲ ਲਏ। ਆਪਣੇ ਮੁੰਡਿਆਂ ਖਾਤਰ ਤਾਂ ਮਰ ਜਾਂਦੀ ਐ। ਇੱਕ ਸਕਿੰਟ ਵੀ ਉਨ੍ਹਾਂ ਦਾ ਵਿਸਾਹ ਨ੍ਹੀਂ ਖਾਂਦੀ। ਕੋਈ ਇਹਦੇ ਮੁੰਡਿਆਂ ਵੱਲ ਕੌੜਾ ਝਾਕ ਕੇ ਤਾਂ ਵੇਖੇ। ਅਗਲੇ ਨੂੰ ਵੱਢ ਖਾਣ ਨੂੰ ਪੈਂਦੀ ਆ।”

“ਮੰਮੀ ਜੀ, ਫਿਰ ਤਾਂ ਇਹ ਬੁੱਢੀ ਪੂਰੀ ਅੱਖੜ ਜਨਾਨੀ ਏਂ।” ਆਪਣੀ ਸੱਸ ਦੀ ਗੱਲ ਸੁਣ ਕੇ ਨਵਨੀਤ ਬੋਲੀ।

“ਨਵਨੀਤ, ਤੈਨੂੰ ਊਂਈ ਅੱਖੜ ਲੱਗਦੀ ਐ। ਊਂ ਤਾਂ ਪੂਰੋ ਬਹੁਤ ਚੰਗੀ ਐ। ਕਈ ਵਾਰ ਇਹਨੇ ਸਾਡੇ ਘਰ ਦਾ ਕੰਮ ਕੀਤੈ। ਮਜਾਲ ਐ ਕੋਈ ਉੱਨੀ-ਇੱਕੀ ਹੋ ਜਾਵੇ। ਜਿੰਨੀ ਸੋਘੀ ਨਾਲ ਇਹ ਆਪਣੇ ਘਰ ਦਾ ਕੰਮ ਕਰਦੀ ਆ, ਉਵੇਂ ਈ ਲੋਕਾਂ ਦਾ। ਕਦੇ ਕਿਸੇ ਨੇ ਉਲਾਂਭਾ ਨ੍ਹੀਂ ਦਿੱਤਾ।”

“ਮੰਮੀ ਜੀ, ਇਮਾਨਦਾਰੀ ਤਾਂ ਬੰਦੇ ਦਾ ਬਹੁਤ ਵੱਡਾ ਗੁਣ ਏਂ।” ਨਵਨੀਤ ਹੈਰਾਨੀ ਵਿੱਚ ਬੋਲੀ।

“ਨਵਨੀਤ, ਉਹ ਇਮਾਨਦਾਰ ਵੀ ਐ, ਤੇ ਨਾਲ ਮਿਹਨਤੀ ਵੀ। ’ਕੱਲੀ ਨੇ ਈ ਮੁੰਡਿਆਂ ਦੇ ਦੁੱਧ ਲਈ ਘਰ ’ਚ ਦੋ ਡੰਗਰ ਰੱਖੇ ਹੋਏ ਆ। ਪਹਿਲਾਂ ਮੱਝਾਂ ਰੱਖਦੀ ਸੀ। ਫਿਰ ਇਹਨੂੰ ਕਿਸੇ ਹਕੀਮ ਨੇ ਦੱਸਿਆ ਭਈ ਗਾਵਾਂ ਦਾ ਦੁੱਧ ਬੱਚਿਆਂ ਲਈ ਚੰਗਾ ਹੁੰਦੈ, ਉਦੋਂ ਤੋਂ ਗਾਵਾਂ ਰੱਖਦੀ ਆ।”

“ਅੱਛਾ ਮੰਮੀ ਜੀ, ਫਿਰ ਤਾਂ ਪੂਰੋ ਬਹੁਤ ਚੰਗੀ ਏ। ਮੈਨੂੰ ਕਦੇ ਉਹਦੇ ਨਾਲ ਮਿਲਾਇਓ ਤਾਂ ਸਈ?”

“ਨਵਨੀਤ, ਉਹ ਘਰ ਦੇ ਕੰਮ ਤੋਂ ਵਿਹਲੀ ਹੋ ਕੇ ਪਿੰਡ ’ਚ ਗੇੜਾ ਮਾਰਦੀ ਹੁੰਦੀ ਆ। ਜਦੋਂ ਕਦੇ ਇੱਧਰ ਆਊਗੀ, ਤਾਂ ਮੈਂ ਤੈਨੂੰ ਜ਼ਰੂਰ ਮਿਲਾਊਂ।” ਨਵਨੀਤ ਦੀ ਸੱਸ ਨੇ ਆਖਿਆ।

“ਵੇ ਦੇਵ ਰਾਜ, ਅਹਿ ਤੇਰੀ ਗੱਲ੍ਹ ਉਤੇ ਨੀਲ ਕਾਹਦਾ ਪਿਆ ਐ?” ਇੱਕ ਦਿਨ ਦੇਵ ਰਾਜ ਨੂੰ ਨੁਹਾਉਣ ਵਕਤ ਉਸ ਦੇ ਮੂੰਹ ’ਤੇ ਪਿਆ ਨੀਲ ਵੇਖ ਕੇ ਪੂਰੋ ਝੱਟ ਬੋਲੀ। ਮਾਂ ਨੂੰ ਗੁੱਸੇ ਵਿੱਚ ਵੇਖ ਦੇਵ ਰਾਜ ਸਹਿਮ ਗਿਆ।

“ਪੁੱਤ, ਤੂੰ ਬੋਲਦਾ ਕਾਹਤੇ ਨ੍ਹੀਂ?” ਦੇਵ ਰਾਜ ਫਿਰ ਵੀ ਚੁੱਪ ਰਿਹਾ।

“ਤੂੰ ਬੋਲ ਕੁਛ। ਮੈਂ ਤੈਨੂੰ ਕੁਛ ਨ੍ਹੀਂ ਆਂਹਦੀ।” ਪੂਰੋ ਨੇ ਥੋੜ੍ਹੀ ਜਿਹੀ ਨਰਮ ਹੋ ਕੇ ਫਿਰ ਪੁੱਛਿਆ।

“ਮਾਂ, ਕਰਤਾਰੀ ਦੇ ਬੜੇ ਮੁੰਡੇ ਨੇ ਕੱਲ੍ਹ ਖੇਡਦੇ-ਖੇਡਦੇ ਮੇਰੇ ਥੱਪੜ ਧਰ ਦਿੱਤਾ।” ਦੇਵ ਰਾਜ ਡਰਦਾ-ਡਰਦਾ ਬੋਲਿਆ। ਇਹ ਗੱਲ ਸੁਣਦੇ ਸਾਰ ਈ ਪੂਰੋ ਕੁਰਲਾ ਉੱਠੀ। ਉਸ ਨੂੰ ਇਉਂ ਜਾਪਿਆ ਜਿਵੇਂ ਕਿਸੇ ਨੇ ਉਸ ਦੇ ਆਪਣੇ ਮੂੰਹ ’ਤੇ ਹੀ ਥੱਪੜ ਜੜ ਦਿੱਤਾ ਹੋਵੇ। ਉਸ ਦੇ ਮਨ ਵਿੱਚ ਇੱਕ ਚੜ੍ਹੇ ਤੇ ਇੱਕ ਉਤਰੇ। ਉਹ ਭਰੇ ਮਨ ਨਾਲ ਉਸ ਮੁੰਡੇ ਦੇ ਘਰ ਉਲਾਂਭਾ ਦੇਣ ਦੌੜੀ ਗਈ। “ਨੀਂ ਕਰਤਾਰੀ! ਤੇਰੇ ਮੁੰਡੇ ਨੇ ਕੱਲ੍ਹ ਮੇਰੇ ਦੇਵ ਰਾਜ ਦੇ ਮੂੰਹ ’ਤੇ ਥੱਪੜ ਮਾਰਿਆ। ਦੇਖ ਤਾਂ ਸਈ, ਇਹਦੇ ਮੂੰਹ ਦਾ ਕਿਆ ਹਾਲ ਕਰਤਾ। ਮੈਂ ਤਾਂ ਹੁਣ ਪੰਚੈਤ ’ਕੱਠੀ ਕਰੂੰ। ਭਲੇ-ਮਾਣਸੀ ਦਾ ਜ਼ਮਾਨਾ ਈ ਨ੍ਹੀਂ ਅੱਜ-ਕੱਲ੍ਹ। ਪਤਾ ਨ੍ਹੀਂ ਕਾਹਦਾ ਵੈਰ ਐ ਲੋਕਾਂ ਨੂੰ ਮੇਰੇ ਪੁੱਤਾਂ ਨਾਲ।” ਪੂਰੋ ਗੁੱਸੇ ਵਿੱਚ ਭਰੀ ਪੀਤੀ ਮੁੰਡੇ ਦੀ ਮਾਂ ਨੂੰ ਉਲਾਂਭਾ ਦਿੰਦੀ ਹੋਈ ਉੱਚੀ-ਉੱਚੀ ਬੋਲ ਰਹੀ ਸੀ।

“ਨੀਂ ਪੂਰੋ, ਨਿਆਣਿਆਂ ਦੀ ਭਲਾ ਕਾਹਦੀ ਲੜਾਈ ਹੁੰਦੀ ਆ। ਇਨ੍ਹਾਂ ਨੇ ਤਾਂ ਕੱਲ੍ਹ ਨੂੰ ਫਿਰ ਇੱਕ ਹੋ ਜਾਣਾ ਐਂ। ਨਿਆਣਿਆਂ ਪਿੱਛੇ ਆਪੂੰ ਥੋੜ੍ਹੇ ਆਪਸ ਵਿੱਚ ਵਿਗਾੜ ਪਾਉਣਾ। ਮੈਂ ਮੁੰਡੇ ਨੂੰ ਹੁਣੇ ਪੁੱਛ ਲੈਨੀਂ ਆਂ।” ਕਰਤਾਰੀ ਨੇ ਠਰੰਮੇ ਵਿੱਚ ਆਖਿਆ।

“ਵੇ ਰਿੰਕੂ, ਐਧਰ ਆ। ਤੈਂ ਕੱਲ੍ਹ ਪੂਰੋ ਦੇ ਦੇਬੀ ਦੇ ਵੀ ਥੱਪੜ ਮਾਰਿਆ?” ਕਰਤਾਰੀ ਨੇ ਆਪਣੇ ਮੁੰਡੇ ਨੂੰ ਕੋਲ ਬੁਲਾ ਕੇ ਪੁੱਛਿਆ।

“ਦੇਬੀ ਕਿਆ ਹੁੰਦਾ। ਮੇਰੇ ਮੁੰਡੇ ਦਾ ਨਾਂ ਦੇਵ ਰਾਜ ਐ।” ਪੂਰੋ ਨੇ ਵਿਚਾਲਿਉਂ ਟੋਕਿਆ। ਪਰ ਕਰਤਾਰੀ ਨੇ ਇਸ ਗੱਲ ਦਾ ਕੋਈ ਪ੍ਰਤੀਕਰਮ ਨਾ ਦਿੱਤਾ।

“ਬੇਬੇ, ਕੱਲ੍ਹ ਅਸੀਂ ਵਾਂਟੇ ਖੇਡਦੇ ਸੀ। ਇਨ ਮੇਰੇ ਵਾਂਟੇ ਚੋਰੀ ਕਰ ਲਏ। ਜਦੋਂ ਮੈਂ ਮੰਗੇ ਤਾਂ ਮੁੱਕਰ ਗਿਆ ਤੇ ਨਾਲੇ ਮੈਨੂੰ ਗਾਲ੍ਹ ਕੱਢੀ। ਮੈਥੋਂ ਗੁੱਸੇ ’ਚ ਥੱਪੜ ਲੱਗ ਗਿਆ।” ਰਿੰਕੂ ਨੇ ਸਫ਼ਾਈ ਪੇਸ਼ ਕੀਤੀ।

“ਪੂਰੋ, ਕਸੂਰ ਤਾਂ ਤੇਰੇ ਮੁੰਡੇ ਦਾ ਐ। ਤੂੰ ਐਵੇਂ ਲੋਕਾਂ ਦੇ ਘਰ ਉਲਾਂਭੇ ਲੈ ਕੇ ਤੁਰੀ ਰਹਿੰਨੀ ਆਂ। ਪਹਿਲਾਂ ਵੇਖੀਦਾ, ਕਸੂਰ ਕਿਹਦਾ। ਫਿਰ ਅਗਲੇ ਦੇ ਘਰ ਉਲਾਂਭਾ ਲੈ ਕੇ ਜਾਈਦਾ।” ਕਰਤਾਰੀ ਬੋਲੀ।

“ਮੇਰਾ ਮੁੰਡਾ ਨ੍ਹੀਂ ਗਾਲ੍ਹ ਕੱਢ ਸਕਦਾ। ਮੈਨੂੰ ਆਪਣੇ ਮੁੰਡਿਆਂ ਦਾ ਪਤਾ ਆ। ਚਲੋ ਜੇ ਗਾਲ੍ਹ ਨਿਕਲ ਵੀ ਗਈ ਤਾਂ ਅਗਲੇ ਦੇ ਥੱਪੜ ਥੋੜ੍ਹੇ ਧਰ ਦੇਣਾਂ। ਆਹ ਦੇਖ ਨਾ, ਮੇਰੇ ਮੁੰਡੇ ਦੀ ਗੱਲ੍ਹ ਕਿੱਦਾਂ ਸੂਹੀ ਕੀਤੀ ਪਈ ਆ।” ਪੂਰੋ ਪੂਰੇ ਗੁੱਸੇ ਵਿੱਚ ਸੀ।

“ਪੂਰੋ, ਨਿਆਣੇ ਖੇਡਦੇ-ਖੇਡਦੇ ਸੌ ਵਾਰ ਲੜ ਪੈਂਦੇ ਆ। ਮੈਂ ਵੀ ਆਪਣੇ ਮੁੰਡੇ ਨੂੰ ਸਮਝਾਉਨੀ ਆਂ। ਤੂੰ ਵੀ ਆਪਣੇ ਮੁੰਡੇ ਨੂੰ ਸਮਝਾਈਂ।”

“ਜੇ ਮੇਰੇ ਮੁੰਡੇ ਦਾ ਕੰਨ ਬੋਲਾ ਹੋ ਜਾਂਦਾ ਜਾਂ ਕੋਈ ਦੰਦ ਟੁੱਟ ਜਾਂਦਾ, ਫਿਰ? ਥੋਡੇ ਸੀਰਮੇਂ ਨਾ ਮੈਂ ਪੀ ਜਾਂਦੀ, ਸੀਰਮੇਂ। ਦੇਖੋ ਕੁੜੇ ਕਿੱਦਾਂ ਦਾ ਜ਼ਮਾਨਾ ਆ ਗਿਆ। ਅਖੇ ਤੂੰ ਵੀ ਆਪਣੇ ਮੁੰਡੇ ਨੂੰ ਸਮਝਾਈਂ। ਮੇਰੇ ਮੁੰਡੇ ਦਾ ਵੀ ਨਾਲ ਈ ਕਸੂਰ ਕੱਢੀ ਜਾਂਦੀ ਐ।” ਪੂਰੋ ਚੀਕ ਕੇ ਬੋਲੀ।

“ਨੀਂ ਪੂਰੋ, ਤੇਰੇ ਮੁੰਡੇ ਕੋਈ ਜ਼ਿਆਦਾ ਈ ਆ। ਸਾਡੇ ਮੁੰਡੇ ਨ੍ਹੀਂ ਤੇਰੇ ਮੁੰਡਿਆਂ ਅਰਗੇ। ਆਪਣੇ ਮੁੰਡੇ ’ਤੇ ਤੂੰ ਪਰਦਾ ਪਾਈ ਜਾਨੀ ਆਂ। ਦੂਜਿਆਂ ਨੂੰ ਝੂਠੇ ਉੁਲਾਂਭੇ ਦੇਈ ਜਾਨੀ ਆਂ। ਬਹੁਤੀ ਚਤੁਰ ਬਣੀ ਫਿਰਦੀ।” ਕਰਤਾਰੀ ਨੇ ਵੀ ਅੱਗੋਂ ਠੋਕਵਾਂ ਜਵਾਬ ਦਿੱਤਾ।

“ਜੇ ਮੇਰਾ ਸਾਈਂ ਸਿਰ ’ਤੇ ਨ੍ਹੀਂ ਐਂ, ਤਾਂ ਸਾਨੂੰ ਮਾਰ ਈ ਦੇਣਾਂ? ਦੇਖੋ ਕੁੜੇ, ਲੋਕ ਸੱਚ ਨੂੰ ਵੀ ਸੱਚ ਨ੍ਹੀਂ ਮੰਨਦੇ। ਆਪਣੇ ਮੁੰਡੇ ਨੂੰ ਸਮਝਾ ਲੈ ਕਰਤਾਰੀਏ, ਜੇ ਫੇਰ ਕਦੇ ਥੱਪੜ ਮਾਰਿਆ ਨਾ, ਮੈਂ ਸਿੱਧੀ ਠਾਣੇ ਜਾਊਂ।” ਪੂਰੋ, ਕਰਤਾਰੀ ਦੀ ਗੱਲ ਸੁਣੀ ਅਣਸੁਣੀ ਕਰਕੇ ਦੋਵੇਂ ਬਾਹਾਂ ਮਾਰਦੀ ਉੱਚੀ-ਉੱਚੀ ਚਿਲਾਉਂਦੀ ਘਰ ਪਰਤ ਆਈ। ਪੂਰੋ ਘਰ ਆ ਕੇ ਵੀ ਕਾਫ਼ੀ ਸਮਾਂ ਮੂੰਹ ’ਚ ਬੁੜਬੁੜ ਕਰਦੀ ਰਹੀ। ਉਸ ਦਾ ਗੁੱਸਾ ਸੱਤ ਅਸਮਾਨੀਂ ਚੜ੍ਹਿਆ ਪਿਆ ਸੀ।

“ਮੇਰੇ ਪੁੱਤ ਗੱਭਰੂ ਹੋਏ ਕਿ ਹੋਏ। ਦੋ-ਚਾਰ ਸਾਲ ਹੋਰ ਆ। ਫਿਰ ਮੈਂ ਕਿਹਦੇ ਸਿਆਨਣ ਦੀ ਸੁੱਖ ਨਾਲ ਮੇਰੇ ਚਾਰੇ ਮੁੰਡਿਆਂ ਦੀਆਂ ਚਾਰੇ ਵਹੁਟੀਆਂ ਆਉਣਗੀਆਂ। ਕਿਹੜਾ ਹਊਗਾ ਫਿਰ ਮੇਰੇ ਅਰਗਾ। ਰਾਜ ਕਰੂੰ ਮੈਂ ਰਾਜ, ਮੁੰਡਿਆਂ ਦੇ ਸਿਰ ’ਤੇ। ਜਿਉਂਦੇ ਵਸਦੇ ਰਹਿਣ ਮੇਰੇ ਗੱਭਰੂ ਪੁੱਤ। ਫਿਰ ਮੇਰੇ ਮੁੰਡਿਆਂ ਨੂੰ ਕੋਈ ਹੱਥ ਲਾ ਕੇ ਦੇਖੇ ਤਾਂ, ਕੱਚੇ ਨੂੰ ਨਾ ਖਾ ਜਾਈਏ।” ਘਰ ਜਾ ਕੇ ਗਊਆਂ ਨੂੰ ਪੱਠੇ ਪਾਉਂਦੀ ਹੋਈ ਵੀ ਪੂਰੋ ਮੂੰਹ ’ਚ ਬੁੜਬੁੜ ਕਰੀ ਜਾ ਰਹੀ ਸੀ।

“ਪੂਰੋ, ਤੇਰੇ ਦੇਵ ਰਾਜ ਨੂੰ ਸਾਕ ਲਿਆਵਾਂ?” ਇੱਕ ਦਿਨ ਇੱਕ ਗੁਆਂਢਣ ਨੇ ਘਰ ਆ ਪੂਰੋ ਨੂੰ ਆਖਿਆ। ਆਪਣੇ ਬੜੇ ਮੁੰਡੇ ਨੂੰ ਰਿਸ਼ਤੇ ਬਾਰੇ ਸੁਣ ਕੇ ਪੂਰੋ ਖ਼ੁਸ਼ ਹੋ ਗਈ। ਉਹ ਉਸ ਗੁਆਂਢਣ ਦੇ ਕੋਲ-ਕੋਲ ਹੋ ਕੇ ਬੈਠਣ ਲੱਗੀ।

“ਨਰੰਜਣ ਕੌਰੇ, ਕਿੱਥੋਂ?” ਪੂਰੋ ਨੇ ਉਸ ਦਾ ਪੂਰਾ ਨਾਂ ਲੈ ਕੇ ਬੜੇ ਚਾਅ ਨਾਲ ਪੁੱਛਿਆ।

“ਮੇਰੇ ਪੇਕੇ ਪਿੰਡ ਤੇਰੀ ਬਰਾਦਰੀ ਦੇ ਵੀ ਇੱਕ-ਦੋ ਘਰ ਹੈਗੇ ਆ। ਉਹ ਇੱਕ ਦਿਨ ਮੈਨੂੰ ਕਿਸੇ ਸਾਊ ਗ਼ਰੀਬ ਘਰ ਦੇ ਮੁੰਡੇ ਬਾਰੇ ਪੁੱਛਦੇ ਸੀ। ਜੇ ਤੈਂ ਦੇਵ ਰਾਜ ਦਾ ਰਿਸ਼ਤਾ ਕਰਨਾ ਐਂ ਤਾਂ ਦੱਸ?” ਉਹ ਗੁਆਂਢਣ ਬੋਲੀ। ਗੁਆਂਢਣ ਦੀ ਇਹ ਗੱਲ ਸੁਣ ਕੇ ਪੂਰੋ ਚੁੱਪ ਹੋ ਗਈ, ਜਿਵੇਂ ਉਹਦੇ ਮਨ ’ਚ ਕੋਈ ਸ਼ੰਕਾ ਪੈਦਾ ਹੋ ਗਿਆ ਹੋਵੇ।

“ਨਰੰਜਣ ਕੌਰੇ, ਗਰੀਬ ਘਰ ਦਾ ਮੁੰਡਾ ਕਾਹਤੇ ਚਾਹੁੰਦੇ ਆ ਉਹ। ਕੁੜੀ ’ਚ ਕੋਈ ਨੁਕਸ ਆ?” ਕੁਝ ਚਿਰ ਸੋਚ ਕੇ ਪੂਰੋ ਬੋਲੀ।

“ਪੂਰੋ, ਨੁਕਸ ਨ੍ਹੀਂ ਹੈ। ਕੁੜੀ ਤਾਂ ਮੁਟਿਆਰ ਪਈ ਐ। ਉਹ ਤਾਂ ਅੱਜ ਕੱਲ੍ਹ ਦੇ ਜ਼ਮਾਨੇ ਦੀ ਹਵਾ ਤੋਂ ਡਰਦੇ ਐ। ’ਕੱਲੀ ਕੁੜੀ ਐ ਨਾ। ਮੁੰਡਾ ਉਨ੍ਹਾਂ ਘਰ ਜੁਆਈ ਰੱਖਣਾ ਐਂ।” ਇਹ ਗੱਲ ਸੁਣ ਕੇ ਪੂਰੋ ਫਿਰ ਖ਼ੁਸ਼ ਹੋ ਗਈ।

ਪੂਰੋ ਨੇ ਵੱਧ ਦਾਜ ਦੇ ਲਾਲਚ ਕਾਰਨ ਝੱਟ ਹਾਂ ਕਰ ਦਿੱਤੀ। ਪੂਰੋ ਨੇ ਬੜੇ ਚਾਅ ਮਲਾਰਾਂ ਨਾਲ ਆਪਣੇ ਵੱਡੇ ਪੁੱਤ ਦਾ ਵਿਆਹ ਕੀਤਾ। ਵਿਆਹ ਤੋਂ ਕੁਝ ਸਮੇਂ ਬਾਅਦ ਮੁੰਡਾ ਘਰ ਜਵਾਈ ਬਣ ਕੇ ਆਪਣੇ ਸਹੁਰੇ ਘਰ ਹੀ ਰਹਿਣ ਲੱਗ ਪਿਆ। ਫਿਰ ਉਹ ਸਹੁਰੇ ਪਿੰਡ ਲਾਗੇ ਹੀ ਮਜ਼ਦੂਰੀ ਕਰਨ ਲੱਗ ਪਿਆ।

“ਪੁੱਤ ਰਾਜ ਕੁਮਾਰ ਤੇ ਪ੍ਰੇਮ ਲਾਲ, ਥੋਡਾ ਬੜਾ ਭਰਾ ਤਾਂ ਸਹੁਰੀਂ ਜਾ ਕੇ ਆਹਰੇ ਲੱਗ ਗਿਆ ਐ। ਹੁਣ ਤੁਸੀਂ ਵੀ ਸੁੱਖ ਨਾਲ ਗੱਭਰੂ ਆਂ। ਕਿਤੇ ਦਿਹਾੜੀ-ਦੱਪਾ ਕਰਨ ਨਾਲੋਂ ਹਲਵਾਈ ਦਾ ਕੰਮ ਈ ਸਿੱਖ ਲਓ ਤਾਂ। ਸਾਡੇ ਪਿੰਡ ਦਾ ਲਹੌਰੀ ਰਾਮ ਐਂ। ਸ਼ਹਿਰ ਜਾ ਕੇ ਹਲਵਾਈ ਦੀ ਦੁਕਾਨ ਖੋਲ੍ਹ ਲਈ ਤੀ। ਹੁਣ ਬਣਿਆਂ ਪਿਆ ਐ।” ਇੱਕ ਦਿਨ ਪੂਰੋ ਨੇ ਆਪਣੇ ਦੂਜੇ ਦੋ ਮੁੰਡਿਆਂ ਨੂੰ ਸਲਾਹ ਦਿੱਤੀ। ਦੋਵਾਂ ਭਰਾਵਾਂ ਨੇ ਆਪਣੀ ਮਾਂ ਦੀ ਇਹ ਸਲਾਹ ਝੱਟ ਮੰਨ ਲਈ।

ਦੋਵੇਂ ਜਣੇ ਨਾਲ ਦੇ ਸ਼ਹਿਰ ਵਿੱਚ ਇੱਕ ਹਲਵਾਈ ਦੀ ਦੁਕਾਨ ’ਤੇ ਕੰਮ ਕਰਨ ਲੱਗ ਪਏ। ਥੋੜ੍ਹੇ ਹੀ ਸਮੇਂ ਵਿੱਚ ਦੋਵੇਂ ਭਰਾ ਸ਼ਹਿਰ ਦੇ ਮਸ਼ਹੂਰ ਹਲਵਾਈ ਬਣ ਗਏ। ਅੱਜ ਹੋਰ, ਕੱਲ੍ਹ ਹੋਰ। ਫਿਰ ਦੋਵਾਂ ਭਰਾਵਾਂ ਨੇ ਸ਼ਹਿਰ ਵਿੱਚ ਹੀ ਆਪਣੀ ਮਠਿਆਈ ਦੀ ਦੁਕਾਨ ਖੋਲ੍ਹ ਲਈ। ਰੋਜ਼ਾਨਾ ਪਿੰਡ ਆਉਣਾ ਜਾਣਾ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ। ਦੋਵਾਂ ਭਰਾਵਾਂ ਨੇ ਸਲਾਹ ਕਰਕੇ ਸ਼ਹਿਰ ਵਿੱਚ ਹੀ ਆਪਣਾ ਇੱਕ ਬਣਿਆ-ਬਣਾਇਆ ਮਕਾਨ ਖ਼ਰੀਦ ਲਿਆ। ਦੁਕਾਨ ਹੌਲੀ-ਹੌਲੀ ਚੰਗੀ ਚੱਲਣ ਲੱਗ ਪਈ ਸੀ।

“ਭੈਣ, ਐਹ ਪਿੰਡ ਵਿੱਚ ਸਪੀਕਰ ਕੀਹਦੇ ਵੱਜਦਾ ਐ?” ਇੱਕ ਦਿਨ ਪਾਸ਼ੋ ਨੇ ਆਪਣੀ ਗੁਆਂਢਣ ਨੂੰ ਪੁੱਛਿਆ।

“ਪਾਸ਼ੋ, ਤੈਨੂੰ ਨ੍ਹੀਂ ਪਤਾ? ਪੂਰੋ ਦੇ ਸ਼ਹਿਰ ਵਾਲੇ ਮੁੰਡਿਆਂ ਦਾ ਵਿਆਹ ਐ।” ਉਸ ਨੇ ਦੱਸਿਆ।

“ਹਲਾ, ਓਹ ਜਿਹੜੇ ਹਲਵਾਈ ਆ?”

“ਹਾਂ-ਹਾਂ, ਓਹੀ।”

“ਕਿੱਥੇ ਵਿਆਹੁਣੇ ਆਂ?” ਪਾਸ਼ੋ ਨੇ ਪੁੱਛਿਆ।

“ਸ਼ਹਿਰ ਵਿੱਚ ਈ ਵਿਆਹੁਣੇਂ ਐਂ। ਦੋ ਸਕੀਆਂ ਈ ਭੈਣਾਂ ਐਂ। ਮੁੰਡਿਆਂ ਦਾ ਕੰਮ ਚੰਗਾ ਚੱਲਦਾ ਐ। ਅਗਲਿਆਂ ਇੱਕੋ ਘਰ ਦੋਵੇਂ ਵਿਆਹ ਦਿੱਤੀਆਂ।”

“ਵਾਹ, ਪੂਰੋ ਤਾਂ ਹੁਣ ਤਿੰਨ ਨੂੰਹਾਂ ਵਾਲੀ ਹੋ ਗਈ।” ਆਪਣੀ ਗੁਆਂਢਣ ਦੀ ਗੱਲ ਸੁਣ ਕੇ ਪਾਸ਼ੋ ਬੋਲੀ।

ਇੱਕ ਵਾਰ ਪੂਰੋ ਨੂੰ ਸ਼ਹਿਰ ਵਿੱਚ ਆਪਣੀ ਮਠਿਆਈ ਦੀ ਦੁਕਾਨ ਮੂਹਰਿਓਂ ਲੰਘਦੀਆਂ ਪਿੰਡ ਦੀਆਂ ਦੋ-ਤਿੰਨ ਤ੍ਰੀਮਤਾਂ ਨਜ਼ਰ ਪਈਆਂ। ਪੂਰੋ ਉਨ੍ਹਾਂ ਨੂੰ ਵੇਖ ਨੱਸੀ ਗਈ ਤੇ ਮੱਲੋ-ਮੱਲੀ ਆਪਣੀ ਦੁਕਾਨ ਅੰਦਰ ਲੈ ਆਈ। ਪੂਰੋ ਨੇ ਉਨ੍ਹਾਂ ਅੱਗੇ ਭਾਂਤ-ਭਾਂਤ ਦੀ ਮਠਿਆਈ ਤੇ ਗਰਮ-ਗਰਮ ਪਕੌੜੇ ਲਿਆ ਧਰੇ। ਪੂਰੋ ਆਪਣੀਆਂ ਗੁਆਂਢਣਾਂ ਦੀ ਟਹਿਲ ਸੇਵਾ ਕਰਕੇ ਬਹੁਤ ਖ਼ੁਸ਼ ਹੋ ਰਹੀ ਸੀ। ਉਹ ਆਪਣੇ ਪੁੱਤਾਂ ਤੇ ਵਹੁਟੀਆਂ ਦੀਆਂ ਸਿਫ਼ਤਾਂ ਕਰਦੀ ਸਾਹ ਨਹੀਂ ਸੀ ਲੈ ਰਹੀ।

“ਪੂਰੋ, ਤੂੰ ਕਦੋਂ ਦੀ ਆਈ ਏਂ?” ਇੱਕ ਗੁਆਂਢਣ ਨੇ ਪੁੱਛਿਆ।

“ਪ੍ਰੀਤੋ, ਅੱਜ ਸਵੇਰੇ ਈ ਆਈ ਆਂ।”

“ਆ ਚੱਲ ਸਾਡੇ ਨਾਲ ਈ ਪਿੰਡ ਨੂੰ।” ਚਾਹ-ਪਾਣੀ ਪੀਣ ਤੋਂ ਬਾਅਦ ਤੁਰਨ ਲੱਗੇ ਇੱਕ ਗੁਆਂਢਣ ਨੇ ਪੂਰੋ ਨਾਲ ਸੁਲਾਹ ਮਾਰੀ।

“ਨੀਂ ਪਾਸ਼ੋ, ਮੈਨੂੰ ਅੱਜ ਵਹੁਟੀਆਂ ਨੇ ਕਿੱਥੇ ਆਉਣ ਦੇਣਾ ਐਂ। ਮੈਂ ਹੁਣ ਦੋ ਕੁ ਦਿਨ ਰੁਕ ਕੇ ਈ ਆਊਂਗੀ। ਆਹਾਂ ਰੋਜ਼-ਰੋਜ਼ ਕਿਹੜੇ ਟੈਮ ਨਿਕਲਦਾ। ਮਸਾਂ ਤਾਂ ਘਰ ਤੋਂ ਵਿਹਲ ਮਿਲਦੀ ਆ। ਥੋਨੂੰ ਵੀ ਪਤਾ ਈ ਆ, ਘਰ ਦੇ ਕੰਮ ਮੁੱਕਦੇ ਆ ਕਿਤੇ?” ਪੂਰੋ ਹੁੱਬ-ਹੁੱਬ ਦੱਸ ਰਹੀ ਸੀ।

ਪੂਰੋ ਦੀ ਇਹ ਗੱਲ ਵਹੁਟੀਆਂ ਦੇ ਵੀ ਕੰਨੀਂ ਪੈ ਗਈ। ਉਨ੍ਹਾਂ ਆਪਸ ਵਿੱਚ ਘੁਸਰ-ਫੁਸਰ ਕੀਤੀ।

“ਮਾਂ, ਅੱਜ ਤਾਂ ਅਸੀਂ ਸਾਰਿਆਂ ਨੇ ਬੱਚਿਆਂ ਨਾਲ ਆਪਣੇ ਪੇਕੇ ਘਰ ਜਾਉਣੈਂ। ਤੂੰ ਇੱਥੇ ’ਕੱਲੀ ਕਿੱਦਾਂ ਰਹੂੰਗੀ।” ਫਿਰ ਵੱਡੀ ਬਹੂ ਬੋਲੀ। ਪੂਰੋ ਸੋਚੀਂ ਪੈ ਗਈ। ਪੂਰੋ ਵਿੱਚ ਦੀ ਗੱਲ ਸਮਝ ਤਾਂ ਗਈ, ਪਰ ਵਹੁਟੀਆਂ ਸਾਹਮਣੇ ਕੂਈ ਨਾ। ਫਿਰ ਉਸ ਨੇ ਛੇਤੀ ਹੀ ਪਿੰਡ ਜਾਣ ਲਈ ਟੈਂਪੂ ਫੜ ਲਿਆ।

“ਪੂਰੋ, ਤੂੰ ਤਾਂ ਆਂਹਦੀ ਸੀ, ਮੈਂ ਅਜੇ ਰੁਕ ਕੇ ਆਉਣੈ। ਤੂੰ ਅੱਜ ਈ ਆ ਗਈ?” ਉਸੇ ਦਿਨ ਸੰਝ ਵੇਲੇ ਪੂਰੋ ਨੂੰ ਪਿੰਡ ਵਿੱਚ ਵੇਖ ਕੇ ਪ੍ਰੀਤੋ ਨੇ ਹੈਰਾਨੀ ਵਿੱਚ ਪੁੱਛਿਆ।

“ਅੜੀਏ, ਬਾਅਦ ਵਿੱਚ ਪਿੰਡੋਂ ਰਾਮ ਪਾਲ ਦਾ ਸੁਨੇਹਾ ਮਿਲ ਗਿਆ, ਅਖੇ ਮੈਥੋਂ ਗਾਂ ਨ੍ਹੀਂ ਦੁੱਧ ਲਾਹੁੰਦੀ। ਥੋਨੂੰ ਪਤਾ ਈ ਆ, ਗਰਮੀਆਂ ਦੇ ਦਿਨ ਆਂ। ਦੁੱਧ ਦੀ ਤਾਂ ਪਹਿਲਾਂ ਈ ਬੜੀ ਕਿੱਲਤ ਆ। ਫਿਰ ਮਜਬੂਰੀ ’ਚ ਆਉਣਾ ਪਿਆ ਭਾਈ। ਵਹੁਟੀਆਂ ਤਾਂ ਵਥੇਰਾ ਰੋਕ ਹਟੀਆਂ।” ਪੂਰੋ ਨੇ ਆਪਣੀ ਗੁਆਂਢਣ ਪ੍ਰੀਤੋ ਕੋਲ ਗੱਲ ਬਣਾਈ।

“ਰਾਮ ਪਾਲ, ਤੇਰੇ ਭਰਾਵਾਂ ਦੀ ਸ਼ਹਿਰ ਵਿੱਚ ਮਠਿਆਈ ਦੀ ਦੁਕਾਨ ਬੜੀ ਚੱਲਦੀ ਆ। ਤੂੰ ਵੀ ਜਾ ਕੇ ਉਨ੍ਹਾਂ ਨਾਲ ਈ ਲੱਗ ਜਾ। ਨਾਲੇ ਬਾਅਦ ਵਿੱਚ ਸ਼ਹਿਰ ਵਿੱਚ ਈ ਆਪਣਾ ਕੰਮ ਖੋਲ੍ਹ ਲਈਂ।” ਆਪਣੇ ਸ਼ਹਿਰ ਵਾਲੇ ਮੁੰਡਿਆਂ ਦਾ ਕੰਮ ਵਧੀਆ ਚੱਲਦਾ ਵੇਖ ਪੂਰੋ ਨੇ ਸਭ ਤੋਂ ਛੋਟੇ ਮੁੰਡੇ ਰਾਮ ਪਾਲ ਨੂੰ ਆਖਿਆ। ਰਾਮ ਪਾਲ ਨੂੰ ਵੀ ਆਪਣੀ ਮਾਂ ਦੀ ਇਹ ਗੱਲ ਚੰਗੀ ਲੱਗੀ। ਉਸ ਨੇ ਦੂਜੇ-ਤੀਜੇ ਦਿਨ ਹੀ ਸ਼ਹਿਰ ਜਾਣਾ ਸ਼ੁਰੂ ਕਰ ਦਿੱਤਾ।

“ਪੁੱਤ, ਤੂੰ ਉੱਥੇ ਦੁਕਾਨਾਂ ’ਤੇ ਈ ਸੌਂ ਜਾਇਆ ਕਰ। ਐਵੇਂ ਰਾਤ-ਬਰਾਤੇ ਔਖਾ ਹੋ ਕੇ ਆਉਂਨਾ ਐਂ। ਨਾਲੇ ਕੋਲੋਂ ਖ਼ਰਚ ਕਰਦਾ ਐਂ।” ਇੱਕ ਦਿਨ ਪੂਰੋ ਨੇ ਰਾਮ ਪਾਲ ਨੂੰ ਆਖਿਆ।

“ਮਾਂ, ਮੈਨੂੰ ਭਰਜਾਈਆਂ ਉੱਥੇ ਰਹਿਣ ਨ੍ਹੀਂ ਦਿੰਦੀਆਂ। ਉਨ੍ਹਾਂ ਨੂੰ ਡਰ ਆ ਕਿ ਕਿਤੇ ਇਹ ਵੀ ਦੁਕਾਨ ’ਚੋਂ ਆਪਣਾ ਹਿੱਸਾ ਨਾ ਮੰਗਣ ਲੱਗ ਜਾਵੇ।”

“ਪੁੱਤ, ਦੇਵ ਰਾਜ ਉਨ੍ਹਾਂ ਨੂੰ ਕੁਝ ਆਖਦਾ ਨ੍ਹੀਂ?”

“ਮਾਂ, ਸਾਰਿਆਂ ਦੀ ਇੱਕੋ ਸਲਾਹ ਐ।” ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਪੂਰੋ ਨੂੰ ਬੜਾ ਦੁੱਖ ਲੱਗਾ।

ਆਖ਼ਰ ਪੂਰੋ ਨੇ ਲੰਬੀ ਸੋਚ ਕੇ ਉਸ ਨੂੰ ਪਿੰਡ ਵਿੱਚ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਖੋਲ੍ਹ ਦਿੱਤੀ। ਪਿੰਡ ਦੇ ਵਿਚਕਾਰ ਹੋਣ ਕਾਰਨ ਦੁਕਾਨ ਚੰਗੀ ਚੱਲਣ ਲੱਗ ਪਈ। ਰਾਮ ਪਾਲ ਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਪੂਰੋ ਨੇ ਨਵੀਂ ਵਹੁਟੀ ਦੇ ਚਾਅ ਵਿੱਚ ਉਸ ਦਾ ਵੀ ਜਲਦੀ ਵਿਆਹ ਕਰ ਦਿੱਤਾ। ਹੁਣ ਤਾਂ ਦੁਕਾਨ ਪਹਿਲਾਂ ਨਾਲੋਂ ਵੀ ਵਧੇਰੇ ਚੱਲਣ ਲੱਗ ਪਈ ਸੀ, ਕਿਉਂਕਿ ਜਦੋਂ ਰਾਮ ਪਾਲ ਨੂੰ ਸੌਦੇ ਲਿਆਉਣ ਸ਼ਹਿਰ ਜਾਣਾ ਪੈਂਦਾ ਤਾਂ ਪਿੱਛੋਂ ਬਹੂ ਦੁਕਾਨ ਸਾਂਭ ਲੈਂਦੀ। ਦੋਵੇਂ ਜਣੇ ਸਾਰਾ ਦਿਨ ਦੁਕਾਨਦਾਰੀ ਦੇ ਚੱਕਰ ਵਿੱਚ ਹੀ ਉਲਝੇ ਰਹਿੰਦੇ। ਦਿਨ ਢਲੇ ਥੱਕੀ ਟੁੱਟੀ ਪਾਰੋ ਜਦੋਂ ਕੰਮ ਤੋਂ ਵਾਪਸ ਮੁੜਦੀ ਤਾਂ ਕਈ ਵੇਰ ਉਸ ਨੂੰ ਵੇਲੇ ਸਿਰ ਰੋਟੀ ਦਾ ਟੁਕੜਾ ਵੀ ਨਸੀਬ ਨਾ ਹੁੰਦਾ। ਕਦੇ-ਕਦੇ ਉਸ ਨੂੰ ਭੁੱਖੀ ਹੀ ਸੌਣਾ ਪੈਂਦਾ।

“ਸ਼ਿੰਦੋ ਕੁੜੇ, ਜਦੋਂ ਆਪ ਪਕਾਨੇ ਹੁੰਨੇ ਆਂ ਤਾਂ ਮੇਰੇ ਲਈ ਵੀ ਦੋ ਰੋਟੀਆਂ ਬਣਾ ਕੇ ਰੱਖ ਦਿਆ ਕਰ। ਵਾਧੂ ਦੋ ਰੋਟੀਆਂ ਦਾ ਤੈਨੂੰ ਭਾਰ ਲੱਗਣ ਲੱਗਾ ਐ।” ਇੱਕ ਦਿਨ ਭਰੀ-ਪੀਤੀ ਪੂਰੋ ਨੇ ਆਪਣੀ ਨੂੰਹ ਨੂੰ ਆਖ ਹੀ ਦਿੱਤਾ।

“ਬੁੜ੍ਹੀਏ, ਤੂੰ ਆਪਣੇ ਲਈ ਦੋ ਰੋਟੀਆਂ ਵੀ ਨ੍ਹੀਂ ਬਣਾ ਸਕਦੀ। ਦੁਕਾਨ ਦਾ ਕੰਮ ਛੱਡ ਕੇ ਆਪਣੀ ਰੋਟੀ ਜੋਗਾ ਤਾਂ ਅਸੀਂ ਮਸਾਂ ਟੈਮ ਕੱਢੀ ਦਾ ਐ।” ਸ਼ਿੰਦੋ ਆਪਣੀ ਸੱਸ ’ਤੇ ਟੁੱਟ ਕੇ ਪਈ। ਪੂਰੋ ਨੇ ਚੁੱਪ ਵੱਟਣੀ ਹੀ ਬਿਹਤਰ ਸਮਝੀ। ਅਜਿਹੇ ਘੁੱਟਵੇਂ ਮਾਹੌਲ ਵਿੱਚ ਪੂਰੋ ਦਾ ਜਿਉਣਾ ਦੁੱਭਰ ਹੋਇਆ ਪਿਆ ਸੀ। ਆਖ਼ਰ ਉਸ ਨੇ ਆਪਣਾ ਰੋਟੀ-ਟੁੱਕ ਅਲੱਗ ਕਰ ਲਿਆ। ਪਰ ਪੂਰੋ ਕਦੇ ਵੀ ਆਪਣੇ ਘਰ ਦਾ ਭੇਤ ਬਾਹਰ ਨਾ ਕੱਢਦੀ।

ਹੁਣ ਪੂਰੋ ਕੋਲ ਇੱਕ ਗਾਂ ਸੀ, ਜਿਸ ਦੀ ਸੇਵਾ ਕਰਕੇ ਉਹ ਸੰਤੁਸ਼ਟੀ ਪ੍ਰਾਪਤ ਕਰ ਲੈਂਦੀ। ਪਰ ਸ਼ਾਮ ਵੇਲੇ ਉਸ ਦਾ ਅੱਧਾ ਦੁੱਧ ਬਹੂ ਆਪੇ ਚੁੱਕ ਕੇ ਲੈ ਜਾਂਦੀ। ਪੂਰੋ ਫਿਰ ਵੀ ਆਪਣੀ ਨੂੰਹ ਨੂੰ ਆਪਣੇ ਮੂੰਹੋਂ ਕੋਈ ਮਾੜਾ ਸ਼ਬਦ ਨਾ ਬੋਲਦੀ। ਪੂਰੋ ਕੋਲ ਇੱਕ ਕਮਰਾ ਸੀ, ਜਿਸ ਦੇ ਇੱਕ ਪਾਸੇ ਉਹ ਗਾਂ ਬੰਨ੍ਹ ਲੈਂਦੀ ਤੇ ਦੂਜਾ ਪਾਸਾ ਰਸੋਈ ਵਜੋਂ ਵਰਤ ਲੈਂਦੀ। ਪੂਰੋ ਸਾਰੀ ਦਿਹਾੜੀ ਕੰਮ ’ਚ ਰੁੱਝੀ ਖ਼ੁਸ਼ ਰਹਿੰਦੀ। ਆਪਣੀ ਗਾਂ ਦੀ ਖ਼ੂਬ ਸੇਵਾ ਕਰਦੀ। ਗਾਂ ਵੀ ਇੱਕੋ ਥਾਪੀ ਨਾਲ ਸਾਰਾ ਦੁੱਧ ਲਾਹ ਦਿੰਦੀ। ਜਦੋਂ ਕਦੇ ਪੂਰੋ ਕਿਸੇ ਰਿਸ਼ਤੇਦਾਰੀ ਵਿੱਚ ਗਈ ਸ਼ਾਮ ਨੂੰ ਘਰ ਮੁੜਦੀ ਤਾਂ ਗਾਂ ਪੂਰੋ ਨੂੰ ਵੇਖ ਕੇ ਦੂਰੋਂ ਸਿਰ ਹਿਲਾਉਣ ਲੱਗ ਜਾਂਦੀ। ਤੀਂਘੜ-ਤੀਂਘੜ ਖੁੰਡਾ ਪੁੱਟਣਾ ਲੈ ਲੈਂਦੀ। ਜਦੋਂ ਪੂਰੋ ਉਸ ਦੇ ਸਿਰ ’ਤੇ ਹੱਥ ਫੇਰ ਦਿੰਦੀ, ਤਾਂ ਗਾਂ ਸ਼ਾਂਤ ਚਿੱਤ ਹੋ ਜਾਂਦੀ। ਤੇ ਪੂਰੋ ਵੱਲ ਬੜੇ ਮੋਹ ਨਾਲ ਵੇਖਦੀ। ਇੰਨੇ ਨਾਲ ਹੀ ਪੂਰੋ ਦੀ ਰੂਹ ਖਿੜ ਜਾਂਦੀ। ਉਹ ਘੰਟਾ-ਘੰਟਾ ਭਰ ਉਸ ਕੋਲ ਬੈਠੀ ਰਹਿੰਦੀ। ਜਿਵੇਂ ਮਾਵਾਂ-ਧੀਆਂ ਆਪਸ ਵਿੱਚ ਦੁੱਖ ਫੋਲ ਰਹੀਆਂ ਹੋਣ।

ਇੱਕ ਦਿਨ ਪੂਰੋ ਦੀ ਤਾਜ਼ੀ ਸੂਈ ਗਾਂ ਬਿਮਾਰ ਹੋ ਗਈ। ਪੂਰੋ ਨੇ ਬਹੁਤ ਅਹੁੜ-ਪਹੁੜ ਕੀਤਾ, ਪਰ ਗਾਂ ਨੂੰ ਆਰਾਮ ਨਹੀਂ ਸੀ ਆ ਰਿਹਾ। ਗਾਂ ਨੇ ਪੱਠੇ ਖਾਣੇ ਛੱਡ ਦਿੱਤੇ। ਡਾਕਟਰ ਨੂੰ ਗਾਂ ਦੀ ਬਿਮਾਰੀ ਸਮਝ ਨਹੀਂ ਸੀ ਲੱਗ ਰਹੀ। ਪੂਰੋ ਤੋਂ ਬਿਮਾਰ ਪਈ ਗਾਂ ਵੇਖੀ ਨਾ ਜਾਂਦੀ। ਉਹ ਵੀ ਸਾਰੀ ਦਿਹਾੜੀ ਉਦਾਸ-ਉਦਾਸ ਹੀ ਰਹਿੰਦੀ। ਉਸ ਨੂੰ ਰੋਟੀ ਵੀ ਸੁਆਦ ਨਾ ਲੱਗਦੀ। ਗਾਂ ਦੀ ਸੇਵਾ ਵਿੱਚ ਉਹ ਰਾਤ ਭਰ ਜਾਗਦੀ ਰਹਿੰਦੀ। ਡਾਕਟਰ ਦੇ ਕਹੇ ਅਨੁਸਾਰ ਦਵਾ ਦਾਰੂ ਦਾ ਪ੍ਰਬੰਧ ਕਰਦੀ। ਸਮੇਂ ਸਿਰ ਦਵਾਈ ਦਿੰਦੀ ਤੇ ਘੋਟ-ਘੋਟ ਕਾੜ੍ਹੇ ਪਿਲਾਉਂਦੀ। ਉਸ ਲਈ ਹਰਾ-ਹਰਾ ਘਾਹ ਲਿਆਉਂਦੀ ਤੇ ਕਦੇ ਤੂੜੀ ਵਿੱਚ ਵੰਡਾ ਰਲਾਉਂਦੀ, ਪਰ ਫਿਰ ਵੀ ਗਾਂ ਪੱਠਿਆਂ ਵੱਲ ਮੂੰਹ ਨਾ ਕਰਦੀ।

ਗਾਂ ਬਿਮਾਰੀ ਕਾਰਨ ਬਹੁਤ ਨਿਢਾਲ ਹੋ ਚੁੱਕੀ ਸੀ। ਉਹ ਆਪਣੇ ਆਪ ਉੱਠ ਬੈਠ ਵੀ ਨਹੀਂ ਸੀ ਸਕਦੀ। ਪੂਰੋ ਸਵੇਰੇ ਸ਼ਾਮ ਗਾਂ ਨੂੰ ਕੋਠੇ ਤੋਂ ਅੰਦਰ ਬਾਹਰ ਕਰਨ ਲਈ ਬੰਦੇ ਇਕੱਠੇ ਕਰਦੀ। ਉਹ ਘਰ-ਘਰ ਘੁੰਮਦੀ। ਆਖ਼ਰ ਕੁਝ ਬੰਦੇ ਇਕੱਠੇ ਕਰ ਹੀ ਲੈਂਦੀ।

“ਕਰਤਾਰੀਏ, ਬੰਤਾ ਘਰ ਈ ਆ। ਉਹਨੂੰ ਭੇਜੀਂ ਜ਼ਰਾ ਗਾਂ ’ਠਾਲਣੀ ਐਂ।” ਇੱਕ ਦਿਨ ਕਰਤਾਰੀ ਦੇ ਘਰ ਪਹੁੰਚ ਕੇ ਪੂਰੋ ਬੂਹਾ ਖੜਕਾਉਂਦੀ ਹੋਈ ਬੋਲੀ।

“ਭੇਜਦੀ ਆਂ ਹੁਣੇ ਈਂ।” ਅੰਦਰੋਂ ਕਰਤਾਰੀ ਦੀ ਆਵਾਜ਼ ਸੀ।

“ਪੂਰੋ, ਤੈਨੂੰ ਯਾਦ ਆ, ਜਦੋਂ ਤੂੰ ਉੱਚੀ ਦੇਣੀਂ ਆਵਾਜ਼ਾਂ ਮਾਰਦੀ ਹੁੰਦੀ ਸੀ, ‘ਵੇ ਦੇਵ ਰਾਜ, ਪ੍ਰੇਮ ਲਾਲ, ਰਾਜ ਕੁਮਾਰ, ਰਾਮ ਪਾਲ ਓਏ… ਓਏ’ ਤੇਰੀ ਆਵਾਜ਼ ਸਾਰੇ ਪਿੰਡ ਵਿੱਚ ਗੂੰਜ ਜਾਂਦੀ ਸੀ। ਉਹ ਨੱਠੇ ਆਉਂਦੇ ਸੀ। ਭਲਾ ਹੁਣ ਆਵਾਜ਼ ਮਾਰ ਖਾਂ। ਵੇਖ ਆਉਂਦਾ ਕੋਈ?” ਕਰਤਾਰੀ ਦੇ ਘਰਵਾਲੇ ਬੰਤੇ ਨੇ ਪੂਰੋ ਨੂੰ ਸੁਣਾ ਕੇ ਆਖਿਆ। ਪਰ ਪੂਰੋ ਆਪਣੇ ਗੌਂ ਲਈ ਚੁੱਪ ਰਹੀ।

“ਨਾਲੇ ਤੈਨੂੰ ਯਾਦ ਐ, ਜਦ ਕਰਤਾਰੀ ਤੋਂ ਦੇਵ ਰਾਜ ਨੂੰ ਦੇਬੀ ਆਖ ਹੋ ਗਿਆ ਸੀ, ਤੂੰ ਉਸ ’ਤੇ ਹਲਕੇ ਕੁੱਤੇ ਵਾਂਗ ਵੱਢ ਖਾਣ ਨੂੰ ਪਈ ਸੀ, ਅਖੇ ਇਹਦਾ ਨਾਂ ਦੇਵ ਰਾਜ ਐ। ਦੇਬੀ-ਦੇਬੀ ਕਿਆ ਹੁੰਦਾ। ਹੁਣ ਤੂੰ ਮੈਨੂੰ ਬੰਤਾ-ਬੰਤਾ ਆਖੀ ਜਾਨੀ ਐਂ। ਮੇਰਾ ਨਾਂ ਬੰਤਾ ਸੋਂਹ ਐਂ, ਬੰਤਾ ਸੋਂਹ। ਤੇ ਕਰਤਾਰੀ ਦਾ ਨਾਂ ਕਰਤਾਰ ਕੌਰ, ਸਮਝੀ?” ਗਾਂ ਉਠਾਲਣ ਪੂਰੋ ਦੇ ਮਗਰ-ਮਗਰ ਤੁਰੇ ਹੋਏ ਬੰਤਾ ਸਿੰਘ ਨੇ ਉਸ ਨੂੰ ਦੁਬਾਰਾ ਫਿਰ ਆਖਿਆ। ਪੂਰੋ ਫਿਰ ਵੀ ਚੁੱਪ-ਚਾਪ ਨੀਵੀਂ ਪਾਈ ਤੁਰੀ ਜਾ ਰਹੀ ਸੀ, ਜਿਵੇਂ ਜ਼ੁਬਾਨ ਨੂੰ ਤਾਲਾ ਹੀ ਲੱਗ ਗਿਆ ਹੋਵੇ।

“ਜੇ ਗਊ ਮਾਤਾ ਵਿਚਾਰੀ ਰੱਬ ਨੂੰ ਪਿਆਰੀ ਹੋ ਜਾਵੇ ਤਾਂ ਵਧੀਆ ਐ।” ਇੱਕ ਦਿਨ ਪੂਰੋ ਨੇ ਸੋਚਿਆ। ਪਰ ਰੱਬ ਦੀ ਰਜ਼ਾ ਸਾਹਮਣੇ ਪੂਰੋ ਕਰ ਵੀ ਕੀ ਸਕਦੀ ਸੀ? ਉਸ ਤੋਂ ਵਿਲਕਦੀ ਗਾਂ ਵੇਖੀ ਨਾ ਜਾਂਦੀ।

ਪੂਰੋ ਨੇ ਬਿਮਾਰ ਗਾਂ ਨੂੰ ਰਾਜ਼ੀ ਕਰਨ ਲਈ ਕੋਈ ਕਸਰ ਨਾ ਛੱਡੀ। ਦਵਾ ਦਾਰੂ ਕੀਤੀ, ਸਿਆਣਿਆਂ ਤੋਂ ਪੁੱਛਿਆ, ਮੱਥੇ ਵੀ ਰਗੜੇ ਤੇ ਸੁੱਖਾਂ ਵੀ ਸੁੱਖੀਆਂ। ਲੋਕਾਂ ਤੋਂ ਤਾਅਨੇ-ਮਿਹਣੇ ਵੀ ਸੁਣੇ। ਉਧਾਰ ਫੜ-ਫੜ ਡਾਕਟਰਾਂ ਦੀਆਂ ਫੀਸਾਂ ਵੀ ਦਿੱਤੀਆਂ, ਪਰ ਗਾਂ ਤੰਦਰੁਸਤ ਨਹੀਂ ਸੀ ਹੋ ਰਹੀ।

ਚੰਗੀ ਕਿਸਮਤ ਨੂੰ ਪੂਰੋ ਦੀ ਮਿਹਨਤ ਵਰ ਆਈ, ਜਿਵੇਂ ਕੋਈ ਕ੍ਰਿਸ਼ਮਾ ਹੀ ਵਾਪਰ ਗਿਆ ਹੋਵੇ। ਹੌਲੀ-ਹੌਲੀ ਗਾਂ ਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ। ਕੁਝ ਹੀ ਦਿਨਾਂ ਵਿੱਚ ਗਾਂ ਪੂਰੀ ਤਰ੍ਹਾਂ ਨੌਂ-ਬਰ-ਨੌਂ ਹੋ ਗਈ। ਪੂਰੋ ਦੀਆਂ ਸੁੱਖੀਆਂ ਸੁੱਖਾਂ ਰੰਗ ਲਿਆਈਆਂ।

“ਪੂਰੋ, ਹੁਣ ਤੂੰ ਕਿੱਧਰ ਰਹਿਨੀ ਐਂ। ਕਦੇ ਘਰੋਂ ਬਾਹਰ ਨਿਕਲਦੀ ਈ ਨ੍ਹੀਂ ਐਂ।” ਇੱਕ ਦਿਨ ਪੂਰੋ ਦੀ ਗੁਆਂਢਣ ਪ੍ਰੀਤੋ ਨੇ ਪੂਰੋ ਨੂੰ ਘਰ ਆ ਕੇ ਫ਼ਿਕਰ ਨਾਲ ਪੁੱਛਿਆ।

“ਪ੍ਰੀਤੋ, ਘਰੋਂ ਬਾਹਰ ਕਿਆ ਨਿਕਲਨਾਂ ਐਂ। ਪਹਿਲਾਂ ਮੇਰੀ ਗਾਂ ਦੋ ਮਹੀਨੇ ਬਿਮਾਰ ਰਹੀ। ਹੁਣ ਮੈਂ ਮੰਜੇ ’ਤੇ ਡਿੱਗ ਪਈ। ਦਾਦਣੀ ਨੱਠ-ਭੱਜ ਕਰਨ ਨਾਲ ਕਮਜ਼ੋਰੀ ਪੈ ਗਈ। ਭਾਈ ਹੁਣ ਸਿਆਣਾਂ ਸਰੀਰ ਆ। ਕਿਆ ਕਰਨਾ ਐਂ।” ਪੂਰੋ ਮਸੋਸੀ ਜਿਹੀ ਬੋਲੀ।

“ਕੋਈ ਦੁਆਈ-ਦਊਈ ਲੈ ਲੈਣੀ ਤੀ।” ਪ੍ਰੀਤੋ ਨੇ ਆਖਿਆ।

“ਭੈਣੇਂ, ਦੁਆਈ ਕਾਹਦੀ ਲਵਾਂ। ਜਿਹੜੇ ਕੋਲ ਚਾਰ ਪੈਸੇ ਤੇ, ਉਹ ਗਾਂ ਦੇ ਇਲਾਜ ’ਤੇ ਲੱਗ ਗਏ ਆ।”

“ਨਾ, ਤੇਰੇ ਚਾਰ ਸੁੱਖ ਨਾਲ ਮੁੰਡੇ ਆ। ਉਨ੍ਹਾਂ ਤੋਂ ਮੰਗ ਲੈ।” ਪ੍ਰੀਤੋ ਨੇ ਸਲਾਹ ਦਿੱਤੀ।

“ਪ੍ਰੀਤੋ, ਮੈਂ ਆਪਣੇ ਮਨ ਦੀਆਂ ਗੰਢਾਂ ਕੀਹਦੇ ਕੋਲ ਖੋਲ੍ਹਾਂ। ਜੇ ਇੱਕ ਨੂੰ ਕਹਿੰਨੀ ਆਂ, ਉਹ ਕਹਿੰਦਾ ਦੂਜੇ ਤੋਂ ਮੰਗ ਲੈ। ਜਦ ਉਹਤੋਂ ਮੰਗਦੀ ਆਂ ਤਾਂ ਉਹ ਕਹਿੰਦਾ ਤੀਜੇ ਤੋਂ ਮੰਗ ਲੈ। ਮੈਂ ਤਾਂ ਬੜੀ ਦੁਖੀ ਆਂ ਭੈਣੇਂ।” ਪੂਰੋ ਨੇ ਗੱਲ ਮੁਕਾ ਕੇ ਹਉਕਾ ਜਿਹਾ ਭਰਿਆ। ਪੂਰੋ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਗਈ। ਆਂਢ-ਗੁਆਂਢ ਦੇ ਕਈ ਲੋਕ ਉਸ ਦੀ ਖ਼ਬਰਸਾਰ ਲੈਣ ਆਉਂਦੇ ਤੇ ਉਸ ਨੂੰ ਦਿਲਾਸਾ ਦਿੰਦੇ ਰਹਿੰਦੇ। ਪਰ ਪੂਰੋ ਠੀਕ ਨਹੀਂ ਸੀ ਹੋ ਰਹੀ। ਕੁਦਰਤ ਦਾ ਭਾਣਾ ਇੱਕ ਦਿਨ ਪੂਰੋ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ। ਮਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਚਾਰੇ ਪੁੱਤਰ, ਉਨ੍ਹਾਂ ਦੀਆਂ ਵਹੁਟੀਆਂ ਫਟਾ-ਫਟ ਘਰ ਪਹੁੰਚ ਗਏ। ਪਿੰਡ ਦੇ ਹਰ ਵਿਅਕਤੀ ਨੇ ਪੂਰੋ ਦੀ ਮੌਤ ਦਾ ਰੰਜ ਮਨਾਇਆ। ਹਰ ਘਰ ਵਿੱਚ ਪੂਰੋ ਦੇ ਚੰਗੇ ਸੁਭਾਅ ਅਤੇ ਮੋਹ ਦੀਆਂ ਗੱਲਾਂ ਹੋ ਰਹੀਆਂ ਸਨ।

“ਪ੍ਰੀਤੋ, ਬਈ ਸਾਡੇ ਪਿੰਡ ਵਿੱਚ ਐਦਾਂ ਦਾ ਹੁਣ ਤੱਕ ਕੋਈ ਸੋਲ੍ਹਵਾਂ ਨ੍ਹੀਂ ਹੋਇਆ ਹੋਣਾਂ, ਜਿੱਦਾਂ ਦਾ ਪੂਰੋ ਦਾ ਹੋਇਆ ਐ। ਭਾਂਤ-ਭਾਂਤ ਦੀ ਮਠਿਆਈ, ਭਾਂਤ-ਭਾਂਤ ਦੇ ਪਕੌੜੇ। ਮੈਂ ਤਾਂ ਦੇਖ ਕੇ ਈ ਦੰਗ ਰਹਿ ਗਿਆ।” ਪ੍ਰੀਤੋ ਦੇ ਘਰਵਾਲੇ ਨੇ ਸੋਲ੍ਹਵੇਂ ਵਾਲੇ ਦਿਨ ਘਰ ਜਾ ਕੇ ਗੱਲ ਕੀਤੀ।

“ਸੁਆਹ ਦੀ ਖੇਹ ਸੋਲ੍ਹਵਾਂ ਹੋਇਆ। ਜਿਉਂਦੇ ਜੀਅ ਵਿਚਾਰੀ ਨੂੰ ਕਿਸੇ ਨੇ ਪੁੱਛਿਆ ਨ੍ਹੀਂ। ਹੁਣ ਮਠਿਆਈਆਂ ਖੁਆ ਕੇ ਲੋਕਾਂ ’ਚ ਚੰਗੇ ਬਣਦੇ ਆ। ਜੇ ਇੰਨੇ ਪੈਸੇ ਓਹਦੇ ਇਲਾਜ ’ਤੇ ਲਾ ਦਿੰਦੇ ਤਾਂ ਸ਼ੈਦ ਵਿਚਾਰੀ ਚਾਰ ਸਾਹ ਹੋਰ ਲੈ ਲੈਂਦੀ।” ਪ੍ਰੀਤੋ ਗੱਲ ਸੁਣਦੇ ਹੀ ਬਿਫਰਦਿਆਂ ਬੋਲੀ।

ਸੋਲਵੇਂ ਤੋਂ ਦੂਜੇ ਦਿਨ ਮੁੰਡਿਆਂ ਤੇ ਵਹੁਟੀਆਂ ਨੇ ਪੂਰੋ ਦੇ ਸੰਦੂਕ ਵਿੱਚ ਪਏ ਖੇਸ-ਖੇਸੀਆਂ ਤੇ ਕੰਨਾਂ ਵਿੱਚ ਪਾਈਆਂ ਵਾਲੀਆਂ ਵੀ ਵੰਡ ਲਈਆਂ। ਆਖਰ ਵਿੱਚ ਜਦੋਂ ਸਾਰੇ ਜਣੇ ਗਾਂ ਦਾ ਮੁੱਲ ਪਾਉਣ ਗਾਂ ਵਾਲੇ ਕੋਠੋ ਵਿੱਚ ਗਏ ਤਾਂ ਭੁੱਖ ਕਾਰਨ ਨਿਢਾਲ ਹੋਈ ਗਾਂ ਧਰਤੀ ’ਤੇ ਸਿਰ ਸੁੱਟੀ ਅੱਖਾਂ ’ਚੋਂ ਨੀਰ ਵਹਾ ਰਹੀ ਸੀ। ਬੋਲ-ਬਰਾਲ੍ਹਾ ਸੁਣ ਕੇ ਉਸ ਨੇ ਮਲਕੜੇ ਜਿਹੇ ਆਪਣੀ ਗਰਦਨ ਉੱਚੀ ਚੁੱਕ ਮੁੰਡਿਆਂ ਤੇ ਵਹੁਟੀਆਂ ਵੱਲ ਬੜੇ ਗਹੁ ਨਾਲ ਵੇਖਿਆ, ਜਿਵੇਂ ਉਨ੍ਹਾਂ ਵਿੱਚੋਂ ਪੂਰੋ ਦੀ ਭਾਲ ਕਰ ਰਹੀ ਹੋਵੇ। ਵਹੁਟੀਆਂ ਵੀ ਇਹ ਗੱਲ ਤਾੜ ਗਈਆਂ ਸਨ। ਉਹ ਡਰਦੀਆਂ ਕੋਠੇ ਤੋਂ ਬਾਹਰ ਨੱਸ ਗਈਆਂ। ਤੇ ਫਿਰ ਉਹ ਗਾਂ ਨੂੰ ਬੇਮੁੱਲੀ ਹੀ ਛੱਡ ਗਏ। ਜਿਵੇਂ ਉਨ੍ਹਾਂ ਦੀ ਅੰਤਰ-ਆਤਮਾ, ਗਾਂ ਅਤੇ ਪੂਰੋ ਦੇ ਮੋਹ ਸਨਮੁੱਖ ਕੰਬ ਗਈ ਹੋਵੇ।
ਸੰਪਰਕ: +61431696030



News Source link
#ਮ

- Advertisement -

More articles

- Advertisement -

Latest article