25 C
Patiāla
Monday, April 29, 2024

ਪੰਜਾਬੋਂ ਤੁਰੀਆਂ ਮੁਟਿਆਰਾਂ

Must read


ਸੁਰਿੰਦਰ ਗੀਤ

ਨਵੰਬਰ 2022 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਬਹਿਸ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਵਿਸ਼ਾ ਸੀ ‘ਆਬਾਂ ਦੇ ਦੇਸ਼ੋਂ ਤੁਰੀਆਂ ਮੁਟਿਆਰਾਂ’ ਵਿਸ਼ਾ ਦੇਖਦੇ ਸਾਰ ਹੀ ਮੇਰੇ ਦਿਲ ਦਿਮਾਗ਼ ਨੂੰ ਤਰ੍ਹਾਂ-ਤਰ੍ਹਾਂ ਦੇ ਖ਼ਿਆਲਾਂ ਨੇ ਘੇਰਾ ਪਾ ਲਿਆ। ਪਲਾਂ ਛਿਣਾਂ ਵਿੱਚ ਹੀ ਮੇਰਾ ਦਿਮਾਗ਼ ਪੰਜਾਹ ਸਾਲ ਪਿੱਛੇ ਚਲਾ ਗਿਆ। ਇਹ ਗੱਲ ਲਗਭਗ 1972 ਦੀ ਹੈ। ਮੈਂ ਤੇ ਮੇਰੀ ਸਹੇਲੀ ਬਿੰਦਰ ਮੋਗੇ ਬਾਜ਼ਾਰ ‘ਚ ਜਾ ਰਹੀਆਂ ਸਾਂ। ਅਸੀਂ ਦੋਵੇਂ ਆਪਣੀ ਸਹੇਲੀ ਦੇ ਵਿਆਹ ਤੋਂ ਵਾਪਸ ਆ ਰਹੀਆਂ ਸਾਂ। ਸ਼ਾਮ ਦੇ ਪੰਜ ਕੁ ਵਜੇ ਦਾ ਸਮਾਂ ਸੀ। ਅਸੀਂ ਕਾਹਲੇ ਕਦਮੀਂ ਘਰ ਨੂੰ ਤੁਰੀਆਂ ਜਾ ਰਹੀਆਂ ਸਾਂ। ਸਾਡੀ ਕਾਹਲ ਦਾ ਕਾਰਨ ਸਾਡਾ ਡਰ ਸੀ ਕਿ ਜੇਕਰ ਲੇਟ ਹੋ ਗਈਆਂ ਤਾਂ ਸਾਡੀ ਸ਼ਾਮਤ ਆ ਜਾਵੇਗੀ। ਪਤਾ ਨਹੀਂ ਘਰਦਿਆਂ ਤੋਂ ਕੀ ਕੀ ਸੁਣਨਾ ਪਵੇ। ਜਿੰਨੀਆਂ ਕੁ ਗਾਲ੍ਹਾਂ ਉਸ ਨੂੰ ਮਿਲਣੀਆਂ ਸਨ, ਉਸ ਤੋਂ ਕਈ ਗੁਣਾਂ ਜ਼ਿਆਦਾ ਮੈਨੂੰ ਮਿਲਣੀਆਂ ਸਨ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਸਾਡੀ ਮਾਨਸਿਕ ਹਾਲਤ ਇੱਕੋ ਜਿਹੀ ਹੀ ਸੀ। ਸਾਨੂੰ ਘਰੇ ਜਾ ਕੇ ਮਿਲਣ ਵਾਲੀਆਂ ਗਾਲ੍ਹਾਂ ਤੋਂ ਬਿਨਾਂ ਕੁਝ ਹੋਰ ਦਿਖਾਈ ਨਹੀਂ ਸੀ ਦੇ ਰਿਹਾ।

ਅਚਾਨਕ ਡੀ.ਐੱਮ. ਕਾਲਜ ਮੋਗਾ ਦੇ ਇੱਕ ਅਧਿਆਪਕ ਆਰ. ਕੇ. ਸੂਦ ਸਾਡੇ ਸਾਹਮਣੇ ਆ ਗਏ। ਬਿੰਦਰ ਬੋਲੀ, “ਲੈ… ਇਹਨੇ ਵੀ ਹੁਣੇ ਹੀ ਮਿਲਣਾ ਸੀ।” ਅਸੀਂ ਕਾਹਲੀ ਨਾਲ ਸਤਿ ਸ੍ਰੀ ਅਕਾਲ ਬੁਲਾਈ। ਦਿਲ ਤਾਂ ਕਰਦਾ ਸੀ ਕਿ ਤੁਰੀਆਂ ਜਾਂਦੀਆਂ ਜਾਂਦੀਆਂ ਬਿਨਾਂ ਰੁਕੇ ਸਤਿ ਸ੍ਰੀ ਅਕਾਲ ਬੁਲਾ ਕੇ ਲੰਘ ਜਾਈਏ, ਪਰ ਰੁਕਣਾ ਮਜਬੂਰੀ ਬਣ ਗਈ। ਪ੍ਰੋ. ਸਾਹਿਬ ਸਾਨੂੰ ਦੇਖ ਕੇ ਰੁਕ ਗਏ ਤੇ ਅਸੀਂ ਵੀ ਰੁਕ ਗਈਆਂ। ਪ੍ਰੋਫੈਸਰ ਸਾਹਿਬ ਨੇ ਸਾਡੇ ਦੋਵਾਂ ਵੱਲ ਤੱਕਦਿਆਂ ਇੱਕੋ ਸਮੇਂ ਸਵਾਲ ਕੀਤਾ,”ਅਜੇ ਤੱਕ ਤੁਹਾਡਾ ਵੈਨਕੂਵਰ ਦਾ ਪ੍ਰੋਗਰਾਮ ਨਹੀਂ ਬਣਿਆ। ਸੁਣਿਆ ਹੈ ਪੰਜਾਬ ਦੀਆਂ ਸਭ ਸੁੰਦਰ, ਉੱਚੀਆਂ ਲੰਬੀਆਂ ਲੜਕੀਆਂ ਉੱਥੇ ਜਾ ਰਹੀਆਂ ਹਨ।” ਪ੍ਰੋਫੈਸਰ ਸਾਹਿਬ ਨੇ ਦੁਬਾਰਾ ਸਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤੱਕਿਆ ਤੇ ਬੋਲੇ, “ਤੁਸੀਂ ਵੀ ਇੱਕ ਦਿਨ ਚਲੇ ਜਾਣਾ ਹੈ। ਜਾਂਦੇ ਸਮੇਂ ਮੈਨੂੰ ਜ਼ਰੂਰ ਦੱਸ ਕੇ ਜਾਣਾ। ਮੈਂ ਤੁਹਾਨੂੰ ਵਿਦਾ ਕਰਨ ਆਵਾਂਗਾ।” ਇੱਕ ਓਪਰੀ ਜਿਹੀ ਮੁਸਕਰਾਹਟ ਸਾਡੇ ਦੋਵਾਂ ਦੇ ਚਿਹਰਿਆਂ ‘ਤੇ ਫੈਲ ਗਈ। ਉਸ ਸਮੇਂ ਸਾਨੂੰ ਕੇਵਲ ਤੇ ਕੇਵਲ ਘਰ ਪੁੱਜਣ ਦੀ ਛੇਤੀ ਸੀ। ਪਹਿਲਾਂ ਮੇਰਾ ਘਰ ਆਇਆ। ਮੈਨੂੰ ਦੇਖ ਕੇ ਮੇਰੀ ਮਾਂ ਦੇ ਚਿਹਰੇ ‘ਤੇ ਰੌਣਕ ਆ ਗਈ ਤੇ ਬੋਲੀ, “ਚੰਗਾ ਹੋ ਗਿਆ ਆ ਗਈਆਂ। ਅੱਜਕੱਲ੍ਹ ਵੇਲਾ ਮਾੜਾ ਆ। ਮੈਨੂੰ ਤਾਂ ਤੇਰਾ ਫ਼ਿਕਰ ਵੱਢ-ਵੱਢ ਖਾਂਦਾ ਸੀ ਕਿ ਕਿਤੇ ਤੇਰਾ ਪਿਉ ਨਾ ਆ ਜਾਵੇ।” ਮੈਂ ਕਾਹਲੀ ਨਾਲ ਕੱਪੜੇ ਬਦਲੇ ਤੇ ਸਾਗ ਰਿੰਨ੍ਹਦੀ ਮਾਂ ਕੋਲ ਚੁੱਲ੍ਹੇ ਮੂਹਰੇ ਹੀ ਬੈਠ ਗਈ। ਮਾਂ ਨੇ ਲੱਕੜ ਦੀ ਘੋਟਣੀ ਉੱਬਲ ਰਹੇ ਸਾਗ ਵਿੱਚ ਫੇਰੀ ਤੇ ਸੇਕ ਘੱਟ ਕਰਨ ਲਈ ਬਲ ਰਹੀ ਲੱਕੜ ਨੂੰ ਮਾੜਾ ਜਿਹਾ ਚੁੱਲ੍ਹੇ ਤੋਂ ਬਾਹਰ ਕੱਢਦਿਆਂ ਮੈਨੂੰ ਪੁੱਛਿਆ, “ਕਿਹੋ ਜਿਹਾ ਸੀ ਮੁੰਡਾ?” ਮੈਂ ਕਿਹਾ, “ਬਹੁਤਾ ਪੜ੍ਹਿਆ ਤਾਂ ਨਹੀਂ ਸੀ ਲੱਗਦਾ…ਉਮਰ ਦਾ ਵੀ ਵੱਡਾ ਲੱਗਦਾ ਸੀ… ਸੋਹਣਾ ਵੀ ਠੀਕ ਈ ਆ… ਰਾਜਿੰਦਰ ਤਾਂ ਬਹੁਤ ਹੀ ਸੋਹਣੀ ਲੱਗਦੀ ਸੀ, ਪਰ ਉਹ ਤਾਂ ਹੋਰ ਹੀ ਤਰ੍ਹਾਂ ਦਾ ਲੱਗਦਾ ਸੀ। ਉਹ ਅਮਰੀਕਾ ਤੋਂ ਆਇਆ ਆ, ਕਹਿੰਦੇ ਆ ਬਹੁਤ ਪੈਸਾ ਹੈ ਉਹਦੇ ਕੋਲ।”

“ਬਾਹਰਲੇ ਮੁੰਡਿਆਂ ਦੇ ਤਾਂ ਸਾਰੇ ਔਗੁਣ ਪੈਸਾ ਲੁਕਾ ਲੈਂਦਾ ਹੈ।” ਮੇਰੀ ਮਾਂ ਨੇ ਕਿਹਾ।

ਮੈਂ ਚੁੱਪ ਸਾਂ, ਪਰ ਪ੍ਰੋਫੈਸਰ ਸਾਹਿਬ ਦੀ ਕਹੀ ਗੱਲ ਯਾਦ ਕਰਕੇ ਮਨ ਹੀ ਮਨ ਹੱਸ ਰਹੀ ਸਾਂ। “ਅਮਰੀਕਾ ਦੇ ਇੱਕ ਡਾਲਰ ਦੇ ਕਿੰਨੇ ਹੀ ਰੁਪਈਏ ਬਣ ਜਾਂਦੇ ਨੇ ਤੇ ਨਾਲੇ ਕਹਿੰਦੇ ਆ ਕਿ ਜੇਕਰ ਘਰ ‘ਚੋਂ ਇੱਕ ਜਾਣਾ ਵਿਦੇਸ਼ ਚਲਾ ਜਾਵੇ ਤਾਂ ਘਰ ਦੇ ਬਾਕੀ ਜੀਆਂ ਦਾ ਵੀ ਕੰਮ ਬਣ ਜਾਂਦੈ।” ਮਾਂ ਨੇ ਰਿੱਝਦੇ ਸਾਗ ਵਿੱਚ ਤੱਤਾ ਪਾਣੀ ਪਾਉਂਦਿਆਂ ਕਿਹਾ।

ਇਸ ਤੋਂ ਕੁਝ ਹੀ ਮਹੀਨਿਆਂ ਬਾਅਦ ਚਾਰੇ ਪਾਸੇ ਕੈਨੇਡਾ-ਕੈਨੇਡਾ ਹੋਣ ਲੱਗੀ। ਪ੍ਰੋਫੈਸਰ ਸਾਹਿਬ ਦੀ ਗੱਲ ਸੱਚੀ ਹੋ ਰਹੀ ਜਾਪਦੀ ਸੀ। ਪ੍ਰੋਫੈਸਰ ਸਾਹਿਬ ਨੇ ਜਦੋਂ ਇਹ ਗੱਲ ਸਾਨੂੰ ਆਖੀ ਸੀ, ਓਦੋਂ ਕੈਨੇਡਾ ‘ਚ ਪੱਕੇ ਮੁੰਡਿਆਂ ਦਾ ਪੰਜਾਬ ‘ਚ ਆ ਕੇ ਵਿਆਹ ਕਰਵਾਉਣ ਦਾ ਰੁਝਾਨ ਸ਼ੁਰੂ ਹੋ ਚੁੱਕਿਆ ਸੀ। ਪ੍ਰੋਫੈਸਰ ਸਾਹਿਬ ਦੀ ਦੂਰਅੰਦੇਸ਼ੀ ਨੇ ਇਹ ਅੰਦਾਜ਼ਾ ਲਾ ਲਿਆ ਸੀ ਕਿ ਹੁਣ ਪੰਜਾਬੀਆਂ ਨੇ ਆਪਣੀਆਂ ਧੀਆਂ ਦੇ ਸੌਦੇ ਕਰਨੇ ਸ਼ੁਰੂ ਕਰ ਦੇਣੇ ਹਨ। ਇਸ ਤਰ੍ਹਾਂ ਜਿਉਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਇਲਿਅਟ ਟਰੂਡੋ (ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ) ਨੇ ਇੱਕ ਖ਼ਾਸ ਤਰੀਕ ਦਾ ਐਲਾਨ ਕੀਤਾ ਕਿ ਜੋ ਵੀ ਆਦਮੀ ਵਿਜ਼ੀਟਰ ਵੀਜ਼ੇ ‘ਤੇ ਕੈਨੇਡਾ ਆਇਆ ਹੋਇਆ ਹੈ, ਉਹ ਪੱਕਾ ਹੋਣ ਲਈ ਉਸ ਮਿਤੀ ਤੱਕ ਅਪਲਾਈ ਕਰ ਸਕਦਾ ਹੈ। ਇਸ ਨਵੇਂ ਕਾਨੂੰਨ ਅਨੁਸਾਰ ਪੰਜਾਬ ਤੋਂ ਆਏ ਮੁੰਡੇ ਜੋ ਵਿਜ਼ੀਟਰ ਦੇ ਤੌਰ ‘ਤੇ ਰਹਿ ਰਹੇ ਸਨ ਪੱਕੇ ਹੋਣ ਲਈ ਅਪਲਾਈ ਕਰਨ ਲੱਗੇ। ਉਸ ਸਮੇਂ ਕਈ ਚੋਰੀ ਕੰਮ ਕਰਦੇ ਸਨ ਤੇ ਕਈਆਂ ਕੋਲ ਵਰਕ ਪਰਮਿਟ ਸਨ। ਧੜਾ ਧੜ ਅਰਜ਼ੀਆਂ ਭਰੀਆਂ ਜਾਣ ਲੱਗੀਆਂ ਤੇ ਕੈਨੇਡਾ ਵਿੱਚ ਮੁੰਡੇ ਪੱਕੇ ਹੋਣ ਲੱਗੇ। ਪੱਕਿਆਂ ਹੋਣ ਸਾਰ ਹੀ ਉਹ ਪੰਜਾਬ ਵੱਲ ਨੂੰ ਤੁਰ ਪਏ। ਇਹ ਪਰਵਾਸੀ ਪੰਜਾਬੀ ਕੋਈ ਬੀ.ਏ. ਪਾਸ, ਕੋਈ ਬੀ.ਏ. ਫ਼ੇਲ੍ਹ, ਕੋਈ ਅੱਠ ਜਮਾਤਾਂ ਤੇ ਕੋਈ ਦਸਵੀਂ ਫੇਲ੍ਹ ਸਨ। ਇਨ੍ਹਾਂ ਪਰਵਾਸੀਆਂ ਦਾ ਉਦੇਸ਼ ਪੰਜਾਬ ਵਿੱਚੋਂ ਪਸੰਦ ਦੀਆਂ ਸੋਹਣੀਆਂ ਕੁੜੀਆਂ ਲੱਭ ਕੇ ਵਿਆਹ ਕਰਾਉਣ ਤੋਂ ਬਾਅਦ ਆਪਣੇ ਭਵਿੱਖ ਨੂੰ ਰੌਸ਼ਨ ਕਰਨਾ ਸੀ। ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਹੀ ਚਰਚਾ ਹੋਣ ਲੱਗੀ ਕਿ ਫਲਾਣੇ ਪਿੰਡ ਕੈਨੇਡਾ ਤੋਂ ਮੁੰਡਾ ਵਿਆਹ ਕਰਵਾਉਣ ਲਈ ਆਇਆ ਹੈ ਤੇ ਫਲਾਣੇ ਪਿੰਡ ਦਾ ਮੁੰਡਾ ਵਿਆਹ ਕਰਵਾ ਕੇ ਚਲਾ ਗਿਆ ਤੇ ਨਾਲ ਹੀ ਕੁੜੀ ਦਾ ਅਪਲਾਈ ਕਰ ਗਿਆ। ਮੁੰਡਿਆਂ ਨੇ ਮਿੱਟੀ ਦੇ ਭਾਂਡਿਆਂ ਦੀ ਤਰ੍ਹਾਂ ਕੁੜੀਆਂ ਨੂੰ ਠਣਕਾ-ਠਣਕਾ ਕੇ ਤੇ ਮੋਟਾ ਦਾਜ ਲੈ ਕੇ ਵਿਆਹ ਕਰਵਾਏ। ਕੁੜੀਆਂ ਜਹਾਜ਼ਾਂ ‘ਚ ਚੜ੍ਹ ਅਸਮਾਨੀ ਘੁੰਮਣ ਲੱਗੀਆਂ। ਹਰ ਪੰਜਾਬੀ ਪਿਉ ਦੀ ਖ਼ਾਹਿਸ਼ ਹੁੰਦੀ ਸੀ ਕਿ ਉਹਦੀ ਧੀ ਦਾ ਰਿਸ਼ਤਾ ਕੈਨੇਡਾ ਹੋ ਜਾਵੇ। ਇਸ ਪਿੱਛੇ ਉਸ ਦੀ ਧੀ ਦੇ ਸੁੱਖ ਆਰਾਮ ਦਾ ਸਵਾਲ ਨਹੀਂ ਸੀ ਬਲਕਿ ਇੱਕ ਦੇ ਜਾਣ ਨਾਲ ਜਾਂ ਇੱਕ ਦਾ ਵਿਆਹ ਦੋ ਤਿੰਨ ਏਕੜ ਵੇਚ ਕੇ ਕਰਨ ਨਾਲ ਉਸ ਦੇ ਦੋ ਨਾਲਾਇਕ ਪੁੱਤਰਾਂ ਦੇ ਮੱਥਿਆਂ ‘ਤੇ ਕੈਨੇਡਾ ਦੀ ਮੋਹਰ ਲੱਗਣ ਦਾ ਸੁੰਦਰ ਸੁਪਨਾ ਵੀ ਸਾਕਾਰ ਹੁੰਦਾ ਦਿਖਾਈ ਦਿੰਦਾ ਸੀ। ਬਾਕੀ ਰਹਿੰਦੀਆਂ ਕੁੜੀਆਂ ਵੀ ਚੰਗੇ ਘਰੀਂ ਵਿਆਹੀਆਂ ਜਾਣ ਦੀਆਂ ਵੀ ਆਸਾਂ ਸਨ।

ਇਹ ਪੰਜਾਬੀ ਪਿਓ ਏਨੇ ਲਾਲਚ ਵਿੱਚ ਆ ਗਏ ਕਿ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਪੁੱਤਾਂ ਦੇ ਵਿਆਹਾਂ ‘ਚ ਵੀ ਮਨਮਰਜ਼ੀ ਦਾ ਦਾਜ ਮੰਗਣਾ ਸ਼ੁਰੂ ਕਰ ਦਿੱਤਾ। ਘਰ ਦੇ ਮਹਿੰਗੇ ਫਰਨੀਚਰ ਤੋਂ ਇਲਾਵਾ ਵੱਡੀਆਂ ਵੱਡੀਆਂ ਕਾਰਾਂ ਦੀਆਂ ਮੰਗਾਂ ਹੋਣ ਲੱਗੀਆਂ। ਬਾਅਦ ਵਿੱਚ ਇਹ ਦਾਜ ਦਾ ਵਰਤਾਰਾ ਕਿੰਨੀਆਂ ਦੀ ਸਮਾਜਿਕ ਮੁਸੀਬਤਾਂ ਦਾ ਕਾਰਨ ਬਣਿਆ। ਰਿਸ਼ਤਿਆਂ ਦਾ ਘਾਣ ਇਨ੍ਹਾਂ ਮੁਸੀਬਤਾਂ ਵਿੱਚੋਂ ਪ੍ਰਮੁੱਖ ਸੀ।

ਜਿਉਂ ਹੀ ਪੰਜਾਬ ਦੀਆਂ ਮੁਟਿਆਰਾਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਸਣ ਲੱਗੀਆਂ… ਕੰਮਾਂ ਕਾਰਾਂ ‘ਤੇ ਦਿਨ-ਰਾਤ ਦੀਆਂ ਸ਼ਿਫ਼ਟਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਸ ਸਥਿਤੀ ਵਿੱਚ ਸੋਹਣੀਆਂ ਸੋਹਲ ਕੁੜੀਆਂ ਦੇ ਚਾਵਾਂ ਨੂੰ ਭਾਰੇ ਭਾਰੇ ਕੰਮਾਂ ਨੇ ਚਕਨਾਚੂਰ ਕਰ ਦਿੱਤਾ। ਕੂਲ਼ੇ ਕੂਲ਼ੇ ਹੱਥਾਂ ‘ਤੇ ਬਿਆਈਆਂ ਪਾਟਣ ਲੱਗੀਆਂ। ਸਵੇਰ ਤੋਂ ਸ਼ਾਮ ਤੱਕ ਲੰਬੀ ਸ਼ਿਫ਼ਟ, ਘਰ ਦਾ ਕੰਮ ਕਾਜ ਤੇ ਫਿਰ ਅਗਲੇ ਦਿਨ ਕੰਮ ‘ਤੇ ਜਾਣ ਦੀ ਚਿੰਤਾ ਉਨ੍ਹਾਂ ਨੂੰ ਸਤਾਉਣ ਲੱਗੀ। ਪੰਜਾਬ ਵਿੱਚ ਰਹਿੰਦਿਆਂ ਜੋ ਕੰਮ ਉਹ ਨੌਕਰਾਂ ਤੋਂ ਕਰਵਾਉਂਦੀਆਂ ਸਨ, ਉਹ ਉਨ੍ਹਾਂ ਨੂੰ ਆਪ ਕਰਨੇ ਪੈ ਰਹੇ ਸਨ। ਉਨ੍ਹਾਂ ਦਾ ਰੰਗ ਰੂਪ ਦਿਨਾਂ ਵਿੱਚ ਉੱਡਣ ਲੱਗਾ।

ਆਮ ਕਰਕੇ ਉਸ ਸਮੇਂ ਜ਼ਿਆਦਾਤਰ ਭਾਂਡੇ ਧੋਣ ਜਾਂ ਸਫ਼ਾਈ ਦਾ ਕੰਮ ਹੀ ਮਿਲਿਆ ਕਰਦਾ ਸੀ। ਹੱਡ ਭੰਨਵੀਂ ਕਮਾਈ ਅਤੇ ਉੱਪਰੋਂ ਆਪਣੇ ਮਾਂ-ਪਿਉ, ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਮੰਗਵਾਉਣ ਦੀ ਚਿੰਤਾ ਸਤਾਉਣ ਲੱਗੀ। ਇਹ ਚਿੰਤਾ ਵੀ ਬਹੁਤੇ ਘਰਾਂ ਵਿੱਚ ਕਲੇਸ਼ ਦਾ ਕਾਰਨ ਬਣੀ ਤੇ ਇਹ ਘਰੇਲੂ ਕਲੇਸ਼ ਪੁਲੀਸ ਅਤੇ ਫਿਰ ਅਦਾਲਤਾਂ ਤੱਕ ਜਾਣ ਲੱਗੇ। ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਬਹੁਤਾ ਕਸੂਰ ਮਾਂ-ਪਿਉ ਦਾ ਹੀ ਹੁੰਦਾ ਸੀ। ਉਹ ਆਪਣੀਆਂ ਧੀਆਂ ਨੂੰ ਅਪਲਾਈ ਕਰਨ ਲਈ ਏਨਾ ਮਜਬੂਰ ਕਰਨ ਲੱਗ ਜਾਂਦੇ ਸਨ ਕਿ ਪਤੀ-ਪਤਨੀ ਦਾ ਰਿਸ਼ਤਾ ਟੁੱਟਣ ਕਿਨਾਰੇ ਪਹੁੰਚ ਜਾਂਦਾ। ਮੁੰਡਾ ਸੋਚਦਾ ਕਿ ਉਹ ਪਹਿਲਾਂ ਆਪਣੇ ਮਾਂ-ਪਿਉ ਦਾ ਅਪਲਾਈ ਕਰੇ ਤੇ ਕੁੜੀ ਸੋਚਦੀ ਕਿ ਉਹ ਛੇਤੀ ਤੋਂ ਛੇਤੀ ਆਪਣੇ ਮਾਂ-ਪਿਉ ਦੀ ਚਿੱਠੀ ਭਰੇ। ਅਪਲਾਈ ਕਰਨ ਨੂੰ ਆਮ ਤੌਰ ‘ਤੇ ਚਿੱਠੀ ਭਰਨਾ ਹੀ ਆਖਿਆ ਜਾਂਦਾ ਸੀ। ਮਾਂ -ਪਿਉ ਦੇ ਨਾਲ ਅਣਵਿਆਹੇ ਅਤੇ ਇੱਕ ਮਿੱਥੀ ਉਮਰ ਤੱਕ ਦੇ ਬੱਚੇ ਆ ਸਕਦੇ ਸਨ। ਇਸ ਤਰ੍ਹਾਂ ਇੱਕ ਚਿੱਠੀ ਕਈ ਕਈ ਜੀਅ ਆਪਣੇ ਨਾਲ ਲਿਆਉਣ ਲੱਗੀ। ਇੱਥੇ ਇਹ ਗੱਲ ਵੀ ਦੱਸਣੀ ਜ਼ਰੂਰੀ ਹੈ ਕਿ ਪਤੀ-ਪਤਨੀ ਦੋਵਾਂ ਨੂੰ ਆਉਣ ਵਾਲੇ ਜੀਆਂ ਦੇ ਹਿਸਾਬ ਨਾਲ ਆਮਦਨ ਦਿਖਾਉਣੀ ਪੈਂਦੀ ਸੀ। ਇਹੀ ਅਮਦਨ ਦਾ ਮਸਲਾ ਸੱਤੇ ਸੱਤੇ ਦਿਨ ਦੋ ਦੋ ਸਿਫ਼ਟਾਂ ਲਾਉਣ ਦਾ ਕਾਰਨ ਬਣਿਆ। ਕੁੜੀ ਤੇ ਮੁੰਡੇ ਦੇ ਮਾਂ ਪਿਉ ਵਿਚਕਾਰ ਇੱਕ ਦੂਜੇ ਤੋਂ ਪਹਿਲਾਂ ਕੈਨੇਡਾ ਜਾਣ ਦੀ ਦੌੜ ਵੀ ਕਈ ਕੇਸਾਂ ਵਿੱਚ ਦੇਖਣ ਵਿੱਚ ਆਈ ਤੇ ਬਾਅਦ ਵਿੱਚ ਇਹ ਵਰਤਾਰਾ ਸਮਾਜਿਕ ਪੱਖ ਤੋਂ ਬਹੁਤ ਘਾਤਕ ਸਿੱਧ ਹੋਇਆ। ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਕੈਨੇਡਾ ਦੇ ਲਾਲਚ ਨੂੰ ਕੀਤੇ ਬਹੁਤੇ ਵਿਆਹ ਅਣਜੋੜ ਸਨ। ਉਮਰ ਵਿੱਚ ਫ਼ਰਕ, ਪੜ੍ਹਾਈ ਲਿਖਾਈ ਵਿੱਚ ਫ਼ਰਕ ਅਤੇ ਮਾਤਾ-ਪਿਤਾ ਦੇ ਸਮਾਜਿਕ ਰੁਤਬੇ ਦੇ ਅੰਤਰ ਨੇ ਵੀ ਘਰਾਂ ਵਿੱਚ ਅਣਸੁਖਾਵਾਂ ਮਾਹੌਲ ਪੈਦਾ ਕੀਤਾ। ਗੱਲ ਕੀ ਕੈਨੇਡਾ ਦੇ ਲਾਲਚ ਨੇ ਬਹੁਤਿਆਂ ਦੇ ਜੀਵਨ ਨਰਕ ਬਣਾ ਦਿੱਤੇ। ਜਿਵੇਂ ਕਿ ਕਿ ਮਾਂ-ਪਿਉ ਦੇ ਨਾਲ ਆਏ ਭੈਣ-ਭਰਾਵਾਂ ਨੇ ਤਾਂ ਜੀਵਨ ਦੀਆਂ ਸਭ ਸਹੂਲਤਾਂ ਮਾਣੀਆਂ, ਪਰ ਜਿਸ ਨੇ ਉਨ੍ਹਾਂ ਨੂੰ ਮੰਗਵਾਉਣ ਖ਼ਾਤਰ ਆਪਣੀਆਂ ਖ਼ੁਸ਼ੀਆਂ ਕੁਰਬਾਨ ਕੀਤੀਆਂ ਉਨ੍ਹਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ। ਇੱਕ ਬਾਪ ਦੇ ਮੂੰਹੋਂ ਇਹ ਵੀ ਸੁਣਨ ਵਿੱਚ ਆਇਆ ਕਿ “ਕੋਈ ਨਾ ਔਖੀ ਸੌਖੀ ਝੱਲੀ ਜਾਹ…ਜਦੋਂ ਅਸੀਂ ਆ ਗਏ ਓਦੋਂ ਤਲਾਕ ਦੇ ਦੇਵੀਂ। ਥੋੜ੍ਹੇ ਸਮੇਂ ਦੀ ਗੱਲ ਹੈ। ਤੇਰੀ ਭੈਣ ਤੇ ਦੋਵੇਂ ਵੀਰ ਆ ਜਾਣਗੇ। ਆਪਣੇ ਭੈਣ ਭਰਾਵਾਂ ਲਈ ਏਨਾ ਤਾਂ ਕਰਨਾ ਹੀ ਪੈਂਦਾ ਹੈ।” ਉਸ ਸਮੇਂ ਮਾਪਿਆਂ ਦੁਆਰਾ ਆਪਣੀ ਧੀ ਤੋਂ ਉਸ ਦੇ ਜੀਵਨ ਦੀ ਕੁਰਬਾਨੀ ਮੰਗੀ ਜਾ ਰਹੀ ਸੀ। ਉਸ ਦੀਆਂ ਖ਼ੁਸ਼ੀਆਂ ਨੂੰ ਲਾਂਬੂ ਲਾਇਆ ਜਾ ਰਿਹਾ ਸੀ। ਉਸ ਦੇ ਸਾਹਾਂ ਨੂੰ ਕੈਦ ਕੀਤਾ ਜਾ ਰਿਹਾ ਸੀ। ਸਥਿਤੀ ਇਹ ਬਣੀ ਕਿ ਪੰਜਾਬੀ ਪਿਉਆਂ ਨੇ ਆਪਣੀਆਂ ਸਹੂਲਤਾਂ ਦੇ ਲਾਲਚ ਖ਼ਾਤਰ ਆਪਣੀਆਂ ਧੀਆਂ ਨੂੰ ਵਰਤਿਆ ਤੇ ਧੀਆਂ ਇੱਕ ਕਲੰਕ ਦੀ ਥਾਂ ਮਾਪਿਆਂ ਲਈ ਵਰਦਾਨ ਸਾਬਤ ਹੋਈਆ। ਇਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਮੰਗਵਾਉਣ ਦੇ ਲਾਲਚ ਵਿੱਚ ਕਈਆਂ ਨੇ ਦੋ-ਦੋ, ਤਿੰਨ-ਤਿੰਨ ਵਿਆਹ ਵੀ ਕਰਵਾਏ। ਕੁੜੀਆਂ ਮੁੰਡਿਆਂ ਨੇ ਆਪਣੇ ਤਾਏ, ਚਾਚੇ ਅਤੇ ਮਾਮਿਆਂ ਦੇ ਪੁੱਤਾਂ-ਧੀਆਂ ਨਾਲ ਫ਼ਰਜ਼ੀ ਵਿਆਹ ਕਰਵਾ ਕੇ ਇਮੀਗ੍ਰੇਸ਼ਨ ਪ੍ਰਾਪਤ ਕੀਤੀ। ਇਹ ਸਿਲਸਿਲਾ ਵਧਦਾ ਵਧਦਾ ਸਕੇ ਭੈਣ ਭਰਾਵਾਂ ਦੇ ਵਿਆਹਾਂ ਤੱਕ ਪਹੁੰਚ ਗਿਆ। ਭਾਰਤੀ ਸੰਸਕ੍ਰਿਤੀ ਦਾ ਢੰਡੋਰਾ ਪਿੱਟਣ ਵਾਲੇ ਏਨੇ ਲਾਲਚੀ ਹੋ ਜਾਣਗੇ…ਕਿਸੇ ਨੇ ਨਹੀਂ ਸੋਚਿਆ ਸੀ।

ਜਦੋਂ ਇਹ ਰੁਝਾਨ ਪੂਰੇ ਜ਼ੋਰਾਂ ‘ਤੇ ਸੀ ਤਾਂ ਮੈਨੂੰ ਇੱਕ ਘਰ ਵਿੱਚ ਬਹੁਤ ਹੀ ਸੋਹਣੀ ਸੁਨੱਖੀ ਚੁੱਪ-ਚਾਪ ਬੈਠੀ ਕੁੜੀ ਮਿਲੀ। ਮੈਂ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਚੁੱਪ ਹੀ ਵੱਟ ਲਈ। ਮੇਰੇ ਹਰ ਸਵਾਲ ਦਾ ਜਵਾਬ ਉਸ ਨੇ ‘ਹਾਂ’ ਜਾਂ ‘ਨਾਂਹ’ ਵਿੱਚ ਹੀ ਦਿੱਤਾ। ਮੈਂ ਕਦੇ ਉਸ ਦੀ ਚੁੱਪ ‘ਚੋਂ, ਕਦੇ ਉਸ ਦੇ ਸੋਹਣੇ ਮੁੱਖ ‘ਚੋਂ ਅਤੇ ਕਦੇ ਉਸ ਦੀਆਂ ਮੋਟੀਆਂ-ਮੋਟੀਆਂ ਸੋਹਣੀਆਂ ਅੱਖਾਂ ‘ਤੇ ਸਵਾਲ ਕਰਦੀ, ਪਰ ਉਹ ਆਪਣੇ ਆਪ ਵਿੱਚ ਗੁੰਮ ਹੋਈ ਜਾਪਦੀ ਸੀ। ਅੱਜ ਵੀ ਉਹ ਕੁੜੀ ਮੇਰੇ ਦਿਲ ਦਿਮਾਗ਼ ਵਿੱਚ ਵਸੀ ਹੋਈ ਹੈ। ਹੱਥਲਾ ਲੇਖ ਲਿਖਦਿਆਂ ਲਿਖਦਿਆਂ ਉਹ ਕਵਿਤਾ ਜਿਸ ਵਿੱਚ ਮੈਂ ਉਸ ਦੀ ਪੀੜਾ ਨੂੰ ਸ਼ਬਦਾਂ ਵਿੱਚ ਪਿਰੋਣ ਦਾ ਯਤਨ ਕੀਤਾ ਸੀ, ਯਾਦ ਆ ਗਈ। ਕਵਿਤਾ ਦੀਆਂ ਕੁਝ ਕੁ ਸਤਰਾਂ ਦੀ ਸਾਂਝ ਪਾ ਰਹੀ ਹਾਂ। ਇਹ ਕਵਿਤਾ ਮੈਂ 1997 ਵਿੱਚ ਲਿਖੀ ਸੀ:

ਉਹ ਕੁੜੀ ਤਾਂ

ਬਿਲਕੁਲ ਸੁੰਨ ਹੈ

ਉਸ ਕੁੜੀ ਦਾ

ਆਪਾ ਗੁੰਮ ਹੈ

ਹੱਸਣਾ ਹਸਾਉਣਾ ਤੇ ਮੁਸਕਰਾਉਣਾ

ਉਹਨੂੰ ਉੱਕਾ ਹੀ ਗਿਆ ਭੁੱਲ ਹੈ

ਉਹ ਕੁੜੀ

ਹੱਸਦੇ ਲੋਕਾਂ ਨੂੰ

ਬਿੱਟ ਬਿੱਟ ਤੱਕੇ

ਨਾ ਕੁਝ ਪੁੱਛੇ

ਨਾ ਕੁਝ ਦੱਸੇ

ਉਸ ਕੁੜੀ ਦੀ ਚੁੱਪ ਦੇ ਵਿੱਚੋਂ

ਹਰ ਕੋਈ ਸਹਿਜੇ ਟੋਲ ਲੈਂਦਾ ਹੈ

ਜਿਸ ਦੇ ਨਾਲ ਉਹ ਵਿਆਹੀ

ਜਿਸ ਦਾ ਲੜ ਫੜ ਏਥੇ ਆਈ

ਅਨਪੜ੍ਹ ਢੋਰ

ਘੋਰ ਸ਼ਰਾਬੀ

ਪਰ ਉਸ ਦੇ ਮੱਥੇ ‘ਤੇ ਲੇਖਾਂ

ਮੋਹਰ ਕੈਨੇਡਾ ਦੇਸ਼ ਦੀ ਲਾਈ

ਉਸ ਕੁੜੀ ਦੀ ਚਿਹਰੇ ਉਤਲੀ

ਸੰਘਣੀ ਧੁੰਦ ‘ਚੋਂ

ਚਮਕ ਰਹੀ ਹੈ

ਕਿਰਨ ਆਸ ਦੀ

ਸ਼ਾਇਦ ਉਸ ਦੀ ਕੁਰਬਾਨੀ

ਬਣ ਜਾਵੇਗੀ ਜ਼ਿੰਦਗਾਨੀ

ਮੰਦਹਾਲੀ ਨਾਲ ਦਿਨ ਰਾਤ ਲੜਦੇ

ਭੈਣ ਭਰਾ ਤੇ ਮਾਂ-ਬਾਪ ਦੀ।

ਇਸ ਤਰ੍ਹਾਂ ਜਿਉਂ ਜਿਉਂ ਸਮਾਂ ਲੰਘਦਾ ਗਿਆ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਸਖ਼ਤੀਆਂ ਜਾਂ ਤਬਦੀਲੀਆਂ ਹੋਣ ਲੱਗੀਆਂ। ਇਨ੍ਹਾਂ ਸਖ਼ਤੀਆਂ ਅਤੇ ਤਬਦੀਲੀਆਂ ਦਾ ਕਾਰਨ ਵੀ ਅਸੀਂ ਖ਼ੁਦ ਹੀ ਬਣੇ। ਲੜਾਈ ਝਗੜਿਆਂ ਦੀ ਸਥਿਤੀ ਵਿੱਚ ਅਸੀਂ ਆਪ ਇਮੀਗ੍ਰੇਸ਼ਨ ਮਹਿਕਮੇ ਮੂਹਰੇ ਆਪਣੇ ਪੋਲ ਖੋਲ੍ਹ ਖੋਲ੍ਹ ਰੱਖੇ। ਪਰ ਇਨ੍ਹਾਂ ਸਖ਼ਤੀਆਂ ਨੇ ਕਿਸੇ ਵੀ ਤਰ੍ਹਾਂ ਕੈਨੇਡਾ ਦੀ ਇਮੀਗ੍ਰੇਸ਼ਨ ਵਿੱਚ ਠੱਲ੍ਹ ਨਹੀਂ ਪਾਈ। ਪੰਜਾਬੀਆਂ ਦੀ ਇਹ ਵਿਲੱਖਣਤਾ ਹੈ ਕਿ ਉਹ ਕਿਸੇ ਵੀ ਕੰਮ ਲਈ ਨਵੇਂ ਤੋਂ ਨਵੇਂ ਢੰਗ ਕੱਢ ਲੈਂਦੇ ਹਨ। ਜਿਵੇਂ ਹੀ ਫ਼ਰਜ਼ੀ ਵਿਆਹਾਂ ਤੇ ਕਾਨੂੰਨ ‘ਤੇ ਸਖ਼ਤੀ ਕੀਤੀ ਗਈ ਤਾਂ ਵਰਕ ਪਰਮਿਟ ਦਾ ਦੌਰ ਚੱਲ ਪਿਆ। ਕੁੜੀਆਂ ਨੈਨੀ ਦੇ ਤੌਰ ‘ਤੇ ਆਉਣ ਲੱਗੀਆਂ। ਪੰਜਾਬ ਵਿੱਚ ਨੈਨੀ ਸੈਂਟਰ ਖੁੱਲ੍ਹ ਗਏ। ਜਿਹੜੀ ਕੁੜੀ ਨੈਨੀ ਦੇ ਤੌਰ ‘ਤੇ ਕੈਨੇਡਾ ਚਲੀ ਜਾਂਦੀ ਉਹਦੇ ਰਿਸ਼ਤੇਦਾਰਾਂ ਵਿੱਚ ਉਸ ਦੇ ਰਿਸ਼ਤੇ ਲਈ ਦੌੜ ਲੱਗ ਜਾਂਦੀ।

ਇਸ ਪ੍ਰਕਾਰ ਪਰਵਾਸ ਦਾ ਇਹ ਸਿਲਸਿਲਾ ਹੋਰ ਤੇਜ਼ ਹੋ ਗਿਆ। ਸੁਪਰਵੀਜ਼ਾ, ਆਈਲੈਟਸ/ਸਟੂਡੈਂਟ ਵੀਜ਼ੇ ਨੇ ਸਮਾਜ ਦਾ ਤਾਣਾ ਪੇਟਾ ਹੀ ਬਦਲ ਦਿੱਤਾ। ਕੈਨੇਡਾ ਸਰਕਾਰ ਨੇ ਧੜਾ-ਧੜ ਸਟੂਡੈਂਟ ਵੀਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਭਾਰਤ ਖ਼ਾਸ ਕਰ ਪੰਜਾਬ ਵਿੱਚੋਂ ਵਿਦਿਆਰਥੀਆਂ ਦੇ ਜਹਾਜ਼ਾਂ ਦੇ ਜਹਾਜ਼ ਭਰ-ਭਰ ਕੈਨੇਡਾ ਦੀ ਧਰਤੀ ‘ਤੇ ਉਤਰਨ ਲੱਗੇ। ਅੱਜ ਕੈਨੇਡਾ ਸਰਕਾਰ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਲੈ ਕੇ ਵੱਡੀ ਮਾਤਰਾ ਵਿੱਚ ਮਾਲੀਆ ਇਕੱਠਾ ਕਰ ਰਹੀ ਹੈ। ਦੂਸਰੇ ਪਾਸੇ ਪੰਜਾਬ ਵਿੱਚੋਂ ਨੌਜੁਆਨਾਂ ਦਾ ਧੜਾ ਧੜਾ ਵਿਦੇਸ਼ਾਂ ਵਿੱਚ ਤੁਰ ਜਾਣ ਕਾਰਨ ਪੰਜਾਬ ਖ਼ਾਲੀ ਹੋ ਰਿਹਾ ਹੈ।

ਇਸ ਵਿੱਚ ਵਿਦਿਆ ਦੇ ਢਾਂਚੇ ਦਾ ਨੁਕਸਾਨ ਹੀ ਨਹੀਂ ਸਗੋਂ ਵਿੱਦਿਅਕ ਢਾਂਚਾ ਪੂਰਨ ਤੌਰ ‘ਤੇ ਨਸ਼ਟ ਹੋ ਰਿਹਾ ਹੈ। ਮੁੰਡੇ-ਕੁੜੀਆਂ ਦੇ ਸਾਹਮਣੇ ਆਈਲੈਟਸ ਤੋਂ ਸਿਵਾ ਹੋਰ ਕੋਈ ਨਿਸ਼ਾਨਾ ਹੀ ਨਹੀਂ। ਇਸ ਮਾਮਲੇ ਵਿੱਚ ਇਹ ਗੱਲ ਵੀ ਸਹੀ ਹੈ ਕਿ ਕੁੜੀਆਂ-ਮੁੰਡਿਆਂ ਤੋਂ ਅੱਗੇ ਹਨ ਕਿਉਂਕਿ ਉਹ ਮੁੰਡਿਆਂ ਨਾਲੋਂ ਚੰਗੇ ਗਰੇਡ ਲੈ ਰਹੀਆਂ ਹਨ। ਪੰਜਾਬ ਵਿੱਚ ਲੋਕਾਂ ਦੀ ਆਮ ਧਾਰਨਾ ਹੈ ਕਿ ਕੁੜੀਆਂ ਦੀ ਹੁਣ ਕੀਮਤ ਪੈਣ ਲੱਗੀ ਹੈ। ਅੱਜ ਅਮੀਰ ਮੁੰਡਿਆਂ ਦੇ ਮਾਂ-ਬਾਪ ਅਜਿਹੀਆਂ ਕੁੜੀਆਂ ਦੀ ਭਾਲ ਵਿੱਚ ਹੱਥ ਪੈਰ ਮਾਰਦੇ ਆਮ ਦਿਖਾਈ ਦਿੰਦੇ ਹਨ ਜਿਨ੍ਹਾਂ ਨੇ ਆਈਲੈਟ ਵਿੱਚ ਚੰਗੇ ਗਰੇਡ ਲਏ ਹੋਣ, ਸਟੂਡੈਂਟ ਵੀਜ਼ਾ ਅਤੇ ਅੱਗੇ ਜਾ ਕੇ ਇਮੀਗ੍ਰੇਸ਼ਨ ਲੈਣ ਵਿੱਚ ਕੋਈ ਮੁਸ਼ਕਿਲ ਨਾ ਆਵੇ। ਵਿਆਹ ਦਾ ਸਾਰਾ ਖ਼ਰਚ ਅਤੇ ਹੋਰ ਵਾਧੂ ਘਾਟੂ ਖ਼ਰਚੇ ਮੁੰਡੇ ਵਾਲੇ ਹੀ ਚੁੱਕਦੇ ਹਨ। ਹੁਣ ਤਾਂ ਇੱਥੋਂ ਤੱਕ ਨੌਬਤ ਆ ਗਈ ਹੈ ਕਿ ਪੜ੍ਹਾਈ ‘ਚ ਚੰਗੀ ਕੁੜੀ ਪਹਿਲਾਂ ਹੀ ਲੱਭ ਲਈ ਜਾਂਦੀ ਹੈ। ਮੁੰਡੇ ਵਾਲੇ ਹੀ ਉਸ ਦੀ ਪੜ੍ਹਾਈ ਯਾਨੀ ਆਈਲੈਟਸ ਦੀਆਂ ਫੀਸਾਂ ਦਾ ਖਰਚਾ ਕਰਦੇ ਹਨ। ਇਸ ਮਿਹਰਬਾਨੀ ਦੀ ਸ਼ਰਤ ਇਹੀ ਹੁੰਦੀ ਹੈ ਕਿ ਕੈਨੇਡਾ ਜਾ ਕੇ ਉਨ੍ਹਾਂ ਦੇ ਨਾਲਾਇਕ ਮੁੰਡੇ ਨੂੰ ਇਮੀਗ੍ਰੇਸ਼ਨ ਦਿਵਾਉਣਾ ਤੇ ਪੱਕਾ ਕਰਵਾਉਣਾ। ਇਸੇ ਤਰ੍ਹਾਂ ਕਈ ਵਾਰ ਮੁੰਡੇ ਵਾਲੇ ਤਲਾਕ ਦੇਣ ਦਾ ਸੌਦਾ ਵੀ ਨਾਲ ਹੀ ਕਰ ਲੈਂਦੇ ਹਨ ਤਾਂ ਕਿ ਬਲੀ ਦਾ ਬੱਕਰਾ ਬਣੀ ਗ਼ਰੀਬ ਮਾਪਿਆਂ ਦੀ ਧੀ ਨੂੰ ਛੱਡ ਕੇ ਮੁੰਡਾ ਕਿਸੇ ਅਮੀਰ ਕੁੜੀ ਨਾਲ ਵਿਆਹ ਕਰਵਾ ਕੇ ਆਪਣਾ ਸਟੇਟਸ ਕਾਇਮ ਰੱਖ ਸਕੇ। ਇਸ ਤਰ੍ਹਾਂ ਕੁੜੀਆਂ ਦੇ ਮਾਪੇ ਆਪਣੀ ਧੀ ਤੋਂ ਦੂਹਰਾ ਫ਼ਾਇਦਾ ਲੈਂਦੇ ਹਨ। ਧੀ ਦੀ ਪੜ੍ਹਾਈ ਤੇ ਵਿਆਹ ਦਾ ਖ਼ਰਚਾ ਬਚਾਉਣ ਦੇ ਨਾਲ ਨਾਲ ਕੈਨੇਡਾ ਲਈ ਆਪਣਾ ਰਸਤਾ ਵੀ ਖੋਲ੍ਹ ਲੈਂਦੇ ਹਨ ਕਿਉਂਕਿ ਮੈਂ ਗੱਲ ਪੰਜਾਬ ਦੀ ਕਰ ਰਹੀ ਹਾਂ ਤੇ ਪੰਜਾਬ ਤੱਕ ਹੀ ਸੀਮਤ ਰੱਖਾਂਗੀ। ਪੰਜਾਬੀ ਜੋ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ, ਰਾਖੀ, ਮਾਣ ਸਨਮਾਨ ਦੀ ਗੱਲ ਬਾਹਾਂ ਚੁੱਕ ਚੁੱਕ ਕੇ ਕਰਦੇ ਹਨ, ਜਿਨ੍ਹਾਂ ਨੂੰ ਆਪਣੀਆਂ ਧੀਆਂ ਦਾ ਦਰਵਾਜ਼ੇ ਵਿੱਚ ਖੜ੍ਹਨਾ ਵੀ ਬੁਰਾ ਲੱਗਦਾ ਹੈ, ਇਕੱਲੀ ਕੁੜੀ ਨੂੰ ਬਾਹਰ ਨਿਕਲਣ ਤੋਂ ਵੀ ਰੋਕਦੇ ਹਨ, ਪਰ ਆਪਣੇ ਫ਼ਾਇਦੇ ਲਈ ਆਪਣੇ ਨਾਲਾਇਕ ਪੁੱਤਾਂ ਨੂੰ ਕੈਨੇਡਾ ਵਰਗੇ ਸੋਹਣੇ ਤੇ ਵਿਕਸਤ ਦੇਸ਼ ਵਿੱਚ ਬੜੀ ਆਸਾਨੀ ਨਾਲ ਸੈੱਟ ਕਰਨ ਖ਼ਾਤਰ ਆਪਣੀਆਂ ਧੀਆਂ ਦੀ ਵਰਤੋਂ ਕਰਨ ਸਮੇਂ ਹਰ ਤਰ੍ਹਾਂ ਦੀ ਮਾਣ ਮਰਿਆਦਾ ਭੁੱਲ ਜਾਂਦੇ ਹਨ। ਜਿਹੜੇ ਲੋਕ ਹਰ ਸਮੇਂ ਕੁੜੀਆਂ ਨੂੰ ਉਪਦੇਸ਼ ਦਿੰਦੇ ਨਹੀਂ ਥੱਕਦੇ ਕਿ ਕੁੜੀਆਂ ਆਹ ਨਹੀਂ ਕਰਦੀਆਂ ਹੁੰਦੀਆਂ… ਕੁੜੀਆਂ ਔਹ ਨਹੀਂ ਕਰਦੀਆਂ ਹੁੰਦੀਆਂ…ਆਪਣੀਆਂ ਨਿਆਣੀਆਂ ਜਿਹੀਆਂ ਧੀਆਂ ਨੂੰ ਇਕੱਲਿਆਂ ਜਹਾਜ਼ ਵਿੱਚ ਚੜ੍ਹਾ ਦਿੰਦੇ ਹਨ। ਹੁਣ ਵੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਕਈ ਮਾਪੇ ਪੈਸੇ ਇਕੱਠੇ ਕਰਕੇ, ਜ਼ਮੀਨ ਗਹਿਣੇ ਜਾਂ ਬੈਅ ਕਰਕੇ ਆਪਣੀ ਧੀ ਨੂੰ ਆਈਲੈਟਸ ਕਰਵਾ ਕੇ ਬਾਹਰਲੇ ਮੁਲਕ ਵਿੱਚ ਸਟੂਡੈਂਟ ਦੇ ਤੌਰ ‘ਤੇ ਭੇਜ ਦਿੰਦੇ ਹਨ। ਇੱਕ ਵਾਰ ਤੀਹ ਚਾਲੀ ਲੱਖ ਲਾ ਕੇ ਸਾਰੇ ਰਸਤੇ ਸਾਫ਼ ਕਰ ਲੈਂਦੇ ਹਨ।

ਉਨ੍ਹਾਂ ਨੂੰ ਇਸ ਗੱਲ ਦਾ ਇਲਮ ਵੀ ਹੁੰਦਾ ਹੈ ਕਿ ਬੇਗਾਨੇ ਦੇਸ਼ ਵਿੱਚ ਇਕੱਲੀ ਕੁੜੀ ਨਾਲ ਕੁਝ ਮਾੜਾ ਵੀ ਹੋ ਸਕਦਾ ਹੈ। ਉਸ ਦੀ ਇੱਜ਼ਤ ਵੀ ਦਾਅ ‘ਤੇ ਲੱਗ ਸਕਦੀ ਹੈ। ਉਹ ਮਜਬੂਰੀ ਵੱਸ ਗ਼ਲਤ ਕੰਮਾਂ ‘ਚ ਵੀ ਫਸ ਸਕਦੀ ਹੈ, ਪਰ ਇਹ ਸਭ ਕੁਝ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਆਪਣੇ ਫ਼ਾਇਦੇ ਦੇ ਸਾਹਮਣੇ ਉਨ੍ਹਾਂ ਨੂੰ ਅਖ਼ਬਾਰਾਂ ਦੀਆਂ ਖ਼ਬਰਾਂ, ਟੀ.ਵੀ ਚੈਨਲਾਂ ਤੇ ਰੇਡੀਓ ਦੀਆਂ ਖ਼ਬਰਾਂ ਤੇ ਸੋਸ਼ਲ ਮੀਡੀਆ ‘ਤੇ ਪੈਂਦੇ ਰੌਲੇ ਸਾਹਮਣੇ ਉਹ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਘੂਕ ਸੌਂ ਜਾਂਦੇ ਹਨ। ਇੱਥੇ ਮੇਰਾ ਬਿਲਕੁਲ ਵੀ ਇਹ ਮਤਲਬ ਨਹੀਂ ਕਿ ਕੁੜੀਆਂ ਨੂੰ ਆਜ਼ਾਦੀ ਨਹੀਂ ਦੇਣੀ ਚਾਹੀਦੀ ਜਾਂ ਉਨ੍ਹਾਂ ਦੇ ਖੰਭ ਕਤਰ ਕੇ ਉਨ੍ਹਾਂ ਦੀ ਪਰਵਾਜ਼ ‘ਤੇ ਰੋਕ ਲਾਉਣੀ ਚਾਹੀਦੀ ਹੈ, ਕੁੜੀਆਂ ਨੂੰ ਪੜ੍ਹਨ ਦੇ, ਤਰੱਕੀ ਕਰਨ ਦੇ ਮੌਕੇ ਨਹੀਂ ਦੇਣੇ ਚਾਹੀਦੇ ਸਗੋਂ ਮੇਰਾ ਭਾਵ ਇਹ ਹੈ ਕਿ ਆਪਣੇ ਜਾਂ ਆਪਣੀ ਬਾਕੀ ਔਲਾਦ ਖ਼ਾਤਰ ਆਪਣੀ ਇੱਕ ਧੀ ਦੀ ਜ਼ਿੰਦਗੀ ਦਾ ਸੌਦਾ ਨਹੀਂ ਕਰਨਾ ਚਾਹੀਦਾ। ਘਰ ਵਿੱਚ ਧੀ ਆਪਣੇ ਮਾਂ-ਬਾਪ ਤੋਂ ਉਸੇ ਤਰ੍ਹਾਂ ਦੇ ਪਿਆਰ ਸਤਿਕਾਰ ਦੀ ਅਧਿਕਾਰੀ ਹੈ ਜਿਸ ਤਰ੍ਹਾਂ ਦੇ ਪਿਆਰ ਸਤਿਕਾਰ ਦੇ ਉਨ੍ਹਾਂ ਦੇ ਪੁੱਤ ਹਨ।



News Source link
#ਪਜਬ #ਤਰਆ #ਮਟਆਰ

- Advertisement -

More articles

- Advertisement -

Latest article