33.5 C
Patiāla
Thursday, May 2, 2024

ਦਿਲ ਦੇ ਕਮਜ਼ੋਰ ਹੋ ਗਏ ਪੰਜਾਬੀ..!

Must read


ਚਰਨਜੀਤ ਭੁੱਲਰ
ਚੰਡੀਗੜ੍ਹ, 13 ਮਾਰਚ

ਪੰਜਾਬੀ ਹੁਣ ਦਿਲ ਦੇ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਹ ਨਾ ਤਾਂ ਦਬਾਅ ਝੱਲਣ ਜੋਗੇ ਰਹੇ ਨੇ ਅਤੇ ਨਾ ਹੀ ਹੱਥੀਂ ਕੰਮ ਕਰਨ ਦੇ ਜਨੂੰਨੀ ਹਨ। ਜ਼ਿੰਦਗੀ ਦੇ ਬਦਲੇ ਤੌਰ-ਤਰੀਕੇ ਪੰਜਾਬ ਦੇ ਜੁੱਸੇ ਨੂੰ ਢਾਹੁਣ ਲੱਗੇ ਹਨ। ਸਿਹਤ ਵਿਭਾਗ ਵੱਲੋਂ ਪੇਸ਼ ਤਸਵੀਰ ਬੜੀ ਡਰਾਉਣੀ ਹੈ। ਲੰਘੇ 13 ਵਰ੍ਹਿਆਂ ਦਾ ਅੰਕੜਾ ਦੇਖੀਏ ਤਾਂ ਦਿਲ ਦਾ ਦੌਰਾ ਪੈਣ ਕਰਕੇ ਹਰ ਘੰਟੇ ਔਸਤਨ ਚਾਰ ਪੰਜਾਬੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਰੋਜ਼ਾਨਾ 98.5 ਮੌਤਾਂ ਤੇ ਹਰ ਮਹੀਨੇ ਔਸਤਨ 3038 ਮੌਤਾਂ ਦਾ ਕਾਰਨ ਦਿਲ ਦਾ ਦੌਰਾ ਬਣਦਾ ਹੈ।

ਸਿਹਤ ਵਿਭਾਗ ਪੰਜਾਬ ਦੇ ‘ਮੌਤ ਰਜਿਸਟ੍ਰੇਸ਼ਨ’ ਰਿਕਾਰਡ ਅਨੁਸਾਰ ਪੰਜਾਬ ਵਿਚ ਇੱਕ ਜਨਵਰੀ 2010 ਤੋਂ 31 ਦਸੰਬਰ 2022 ਤੱਕ ਦਿਲ ਦੇ ਦੌਰਿਆਂ ਨੇ 4,67,559 ਲੋਕਾਂ ਦੀ ਜਾਨ ਲੈ ਲਈ ਹੈ। ਇਸ ਤੋਂ ਭਾਵ ਹੈ ਕਿ ਹਰ ਵਰ੍ਹੇ ਔਸਤਨ 35,959 ਲੋਕਾਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੋ ਰਹੀ ਹੈ। ਪਿਛਲੇ ਤਿੰਨ ਚਾਰ ਮਹੀਨਿਆਂ ’ਚ ਵਿਦੇਸ਼ਾਂ ਵਿਚ ਪੜ੍ਹਾਈ ਲਈ ਗਏ ਨੌਜਵਾਨ ਵੀ ਦਿਲ ਦਾ ਦੌਰਾ ਪੈਣ ਕਰਕੇ ਫ਼ੌਤ ਹੋ ਚੁੱਕੇ ਹਨ। 40 ਸਾਲ ਦੀ ਉਮਰ ਤੋਂ ਘੱਟ ਦੇ ਨੌਜਵਾਨ ਇਸ ਦੀ ਜਕੜ ’ਚ ਆਉਣ ਲੱਗੇ ਹਨ। ਪਹਿਲਾਂ ਅਜਿਹਾ ਬਹੁਤ ਹੀ ਘੱਟ ਹੁੰਦਾ ਸੀ।

ਇਸੇ ਫਰਵਰੀ ਮਹੀਨੇ ’ਚ ਤਲਵਾੜਾ ਦਾ ਤਲਵਿੰਦਰ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਉਹ ਅਮਰੀਕਾ ਵਿਚ ਪੜ੍ਹਨ ਗਿਆ ਸੀ। ਲੁਧਿਆਣਾ ਦਾ ਨੌਜਵਾਨ ਸ਼ਮਸ਼ੇਰ ਸਿੰਘ ਕੈਨੇਡਾ ਵਿਚ ਹਾਰਟ ਅਟੈਕ ਦੀ ਲਪੇਟ ਵਿਚ ਆ ਗਿਆ ਅਤੇ ਪਟਿਆਲਾ ਦਾ 25 ਵਰ੍ਹਿਆਂ ਦਾ ਹਰਸ਼ੀਸ਼ ਸਿੰਘ ਵੀ ਕੈਨੇਡਾ ਵਿਚ ਹਾਰਟ ਅਟੈਕ ਕਾਰਨ ਮੌਤ ਦੇ ਮੂੰਹ ਜਾ ਪਿਆ ਹੈ। ਲਹਿਰਾਗਾਗਾ ਦੇ ਇੱਕ ਪਿੰਡ ਵਿਚ 20 ਸਾਲਾ ਨੌਜਵਾਨ ਇਸੇ ਬਿਮਾਰੀ ਨਾਲ ਮੌਤ ਦਾ ਸ਼ਿਕਾਰ ਹੋ ਗਿਆ। ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਜਨਵਰੀ ਮਹੀਨੇ ਵਿਚ ਦਿਲ ਦਾ ਦੌਰਾ ਪੈਣ ਕਰਕੇ ਹੀ ਮੌਤ ਹੋਈ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਵਾਲ ਦੇ ਜਵਾਬ ਵਿਚ ਵਿਧਾਨ ਸਭਾ ’ਚ ਜੋ ਲਿਖਤੀ ਜਵਾਬ ਆਇਆ ਹੈ, ਉਸ ਅਨੁਸਾਰ ਇਕੱਲੇ ਤਰਨ ਤਾਰਨ ਜ਼ਿਲ੍ਹੇ ਵਿੱਚ ਇਨ੍ਹਾਂ 13 ਸਾਲਾਂ ’ਚ 43,470 ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਚੁੱਕੀ ਹੈ। ਇਸ ਜ਼ਿਲ੍ਹੇ ’ਚ ਸਾਲ 2010 ਵਿਚ ਸਿਰਫ਼ 811 ਮੌਤਾਂ ਦਿਲ ਦਾ ਦੌਰਾ ਪੈਣ ਕਰਕੇ ਹੋਈਆਂ ਸਨ ਜਦੋਂ ਕਿ 2022 ਵਿਚ 4239 ਮੌਤਾਂ ਦਾ ਕਾਰਨ ਦਿਲ ਦਾ ਦੌਰਾ ਬਣਿਆ ਹੈ।

ਸਿਹਤ ਮਾਹਿਰ ਆਖਦੇ ਹਨ ਕਿ ਇਸ ਦੀ ਮਾਰ ਵਿਸ਼ਵ ਪੱਧਰ ’ਤੇ ਹੀ ਹੈ। ਪੰਜਾਬ ’ਚ ਦਿਲ ਦਾ ਰੋਗਾਂ ਦੇ ਪ੍ਰਾਈਵੇਟ ਹਸਪਤਾਲ ਥਾਂ-ਥਾਂ ਖੁੱਲ੍ਹ ਗਏ ਹਨ। ਛੋਟੀ ਉਮਰੇ ਹੀ ਸਟੈਂਟ ਪੈਣ ਲੱਗੇ ਹਨ।

ਤੰਬਾਕੂ ਤੇ ਸ਼ਰਾਬ ਦੀ ਵੱਧ ਵਰਤੋਂ ਕਰਨ ਵਾਲਿਆਂ ਨੂੰ ਖਤਰਾ

ਕੇਂਦਰੀ ਸਿਹਤ ਸਰਵੇ ’ਚ ਦਿਲ ਦਾ ਦੌਰਾ ਪੈਣ ਦੇ ਮੁੱਖ ਚਾਰ ਕਾਰਨ ਸ਼ਨਾਖ਼ਤ ਕੀਤੇ ਗਏ ਹਨ। ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖ਼ਤਰਾ ਤੰਬਾਕੂ ਦੀ ਵਧੇਰੇ ਵਰਤੋਂ ਕਰਨ ਵਾਲਿਆਂ ਨੂੰ ਹੈ। ਲੋੜੋਂ ਘੱਟ ਸਰੀਰਕ ਗਤੀਵਿਧੀ ਅਤੇ ਉੱਪਰੋਂ ਪੌਸ਼ਟਿਕ ਖ਼ੁਰਾਕ ਦੀ ਕਮੀ ਵੱਡਾ ਕਾਰਨ ਬਣਦੀ ਹੈ। ਸ਼ਰਾਬ ਨੂੰ ਵੀ ਇਸ ਦਾ ਇਕ ਕਾਰਨ ਸਮਝਿਆ ਜਾਂਦਾ ਹੈ। ਮਾਹਿਰ ਆਖਦੇ ਹਨ ਕਿ ਇਕਦਮ ਭਾਰੀ ਵਰਜ਼ਿਸ਼ ਕਰਨੀ ਵੀ ਘਾਤਕ ਹੈ ਜਦਕਿ ਪਹਿਲਾਂ ਹਲਕੀ ਵਰਜ਼ਿਸ਼ ਕਰਨੀ ਚਾਹੀਦੀ ਹੈ। ਫਲਾਂ ਤੇ ਸਬਜ਼ੀਆਂ ਦੀ ਵਰਤੋਂ ਘਟਣੀ ਅਤੇ ਜੰਕ ਫੂਡ ਵਧੇਰੇ ਲੈਣ ਦਾ ਰੁਝਾਨ ਵੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।





News Source link

- Advertisement -

More articles

- Advertisement -

Latest article