20.5 C
Patiāla
Thursday, May 2, 2024

ਕੁਦਰਤੀ ਸੁਹੱਪਣ ਨਾਲ ਭਰਪੂਰ ਵਿਕਟੋਰੀਆ

Must read


ਡਾ. ਸੁਰਿੰਦਰ ਸਿੰਘ

ਵਿਕਟੋਰੀਆ-ਬਿਊਟੀਫੁੱਲ ਬ੍ਰਿਟਿਸ਼ ਕੋਲੰਬੀਆ – ਇਹ ਸੁੰਦਰ ਸਿਰਲੇਖ ਤੁਹਾਨੂੰ ਵਿਕਟੋਰੀਆ ਸ਼ਹਿਰ ਦੇ ਹੋਟਲਾਂ ਫੈਰੀਆਂ, ਇਮਾਰਤਾਂ, ਬੱਸਾਂ, ਬਾਗ਼ਾਂ ਅਤੇ ਗੈਸ-ਸਟੇਸ਼ਨਾਂ ਵਿੱਚ ਲਿਖਿਆ ਮਿਲਦਾ ਹੈ। ਇਸ ਵਾਕ ਵਿੱਚ ਛੁਪੀ ਸੁੰਦਰਤਾ ਨੂੰ ਸੰਸਾਰ ਦਾ ਹਰੇਕ ਸੈਲਾਨੀ ਇੱਥੇ ਆ ਕੇ ਮਾਣਦਾ ਵੀ ਹੈ ਤੇ ਮਹਿਸੂਸ ਵੀ ਕਰਦਾ ਹੈ। ਕੈਨੇਡਾ ਦੀ ਧਰਤੀ ’ਤੇ ਵਸਿਆ ਇਹ ਟਾਪੂ ਆਪਣੇ ਕੁਦਰਤੀ ਨਜ਼ਾਰਿਆਂ, ਖੂਬਸੂਰਤ ਬਾਗ਼ਾਂ, ਸਮੁੰਦਰੀ ਤੱਟਾਂ, ਇਤਿਹਾਸਕ ਇਮਾਰਤਾਂ ਤੇ ਕਲਾਕ੍ਰਿਤੀਆਂ ਨਾਲ ਭਰੀਆਂ ਆਰਟ ਗੈਲਰੀਆਂ ਕਰਕੇ ਹਰੇਕ ਨੂੰ ਆਪਣੇ ਵੱਲ ਖਿੱਚਦਾ ਹੈ। ਵਿਕਟੋਰੀਆ ਇੱਕ ਟਾਪੂ ਨੁਮਾ ਸ਼ਹਿਰ ਹੈ ਜੋ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੈ। ਇਹ ਸ਼ਹਿਰ ਆਪਣੇ ਜੀਵਨ ਦੇ ਛੋਟੇ ਇਤਿਹਾਸਕ ਸਫ਼ਰ ਵਿੱਚ ਹੀ ਸੰਸਾਰ ਦੇ ਵੱਡੇ ਸੈਲਾਨੀ ਕੇਂਦਰ ਵਜੋਂ ਪ੍ਰਸਿੱਧ ਹੋਇਆ ਹੈ ਤੇ ਕੈਨੇਡਾ ਦੀ ਖੁਸ਼ਹਾਲੀ ਵਿੱਚ ਇੱਕ ਵੱਡੇ ਆਰਥਿਕ ਵਸੀਲੇ ਵਜੋਂ ਆਪਣਾ ਯੋਗਦਾਨ ਪਾ ਰਿਹਾ ਹੈ।

ਵਿਕਟੋਰੀਆ ਵੈਸਟ-ਕੈਨੇਡਾ ਵਿੱਚ ਪੈਸੇਫਿਕ ਸਮੁੰਦਰੀ ਕੰਢੇ ਫੈਲਿਆ ਮੁੱਖ ਸ਼ਹਿਰ ਹੈ ਜੋ ਵੈਨਕੂਵਰ ਤੋਂ ਲਗਭਗ ਸੌ ਕਿਲੋਮੀਟਰ ਦੂਰੀ ’ਤੇ ਹੈ। ਇਹ ਅਮਰੀਕਾ ਦੇ ਸ਼ਹਿਰ ਸਿਐਟਲ ਤੋਂ ਵੀ ਇੰਨੀ ਹੀ ਦੂਰੀ ’ਤੇ ਸਥਿਤ ਹੈ। ਵੈਨਕੂਵਰ ਤੇ ਸਿਐਟਲ ਨਾਲ ਇਹ ਸ਼ਹਿਰ ਹਵਾਈ ਜਹਾਜ਼, ਫੈਰੀਆਂ ਤੇ ਕਲਿਪਰਾਂ ਰਾਹੀਂ ਜੁੜਿਆ ਹੋਇਆ ਹੈ। ਇਨ੍ਹਾਂ ਸ਼ਹਿਰਾਂ ਦੀ ਆਵਾਜਾਈ ਨਿਯਮਤ ਰੂਪ ਵਿੱਚ ਰੋਜ਼ਾਨਾ ਚੱਲਦੀ ਰਹਿੰਦੀ ਹੈ। ਕੋਹੇ-ਫੈਰੀ ਸਾਰਾ ਸਾਲ ਹੁਆਨ-ਦਾ-ਫੂਕਾ ਸਮੁੰਦਰੀ ਖਾੜੀ ਦੇ ਡੂੰਘੇ ਪਾਣੀਆਂ ਵਿੱਚੋਂ ਚਾਲੀ ਕਿਲੋਮੀਟਰ ਦਾ ਰਸਤਾ ਤੈਅ ਕਰਕੇ ਮੁਸਾਫਰਾਂ, ਸੈਲਾਨੀਆਂ, ਵਪਾਰੀਆਂ, ਵਿਦਿਆਰਥੀਆਂ ਤੇ ਹੋਰ ਹਰ ਤਰ੍ਹਾਂ ਦੇ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਂਦੀ ਹੈ। ਵੈਨਕੂਵਰ ਤੋਂ ਫੈਰੀ ਰਾਹੀਂ ਲਗਭਗ ਡੇਢ ਘੰਟੇ ਵਿੱਚ ਅਤੇ ਘਰੇਲੂ ਉਡਾਣ ਰਾਹੀਂ ਅੱਧੇ ਘੰਟੇ ਵਿੱਚ ਵਿਕਟੋਰੀਆ ਪਹੁੰਚਿਆ ਜਾ ਸਕਦਾ ਹੈ। ਇਤਿਹਾਸਕ ਵਿਕਟੋਰੀਆ ਟਾਪੂ ਪੁਰਾਤਨਤਾ ਤੇ ਆਧੁਨਿਕਤਾ ਦਾ ਸੁੰਦਰ ਸੁਮੇਲ ਹੈ। ਇੱਥੇ ਹਰ ਉਮਰ ਦੇ ਮਰਦਾਂ-ਔਰਤਾਂ ਅਤੇ ਬੱਚਿਆਂ ਲਈ ਸੁੰਦਰਤਾ ਮਾਣਨ ਵਾਸਤੇ ਹਰ ਤਰ੍ਹਾਂ ਦੀ ਕਲਾ ਸਮੱਗਰੀ ਮੌਜੂਦ ਹੈ। ਇੱਥੋਂ ਦੀਆਂ ਇਤਿਹਾਸਕ ਇਮਾਰਤਾਂ ਵਿੱਚ ਪਾਰਲੀਮੈਂਟ ਬਿਲਡਿੰਗ, ਐੱਮਪ੍ਰੈੱਸ ਹੋਟਲ, ਬੁਚਰਟ ਗਾਰਡਨ, ਚਾਈਨਾ ਟਾਊਨ ਅਤੇ ਡਾਊਨ ਟਾਊਨ ਹਰੇਕ ਸੈਲਾਨੀ ਨੂੰ ਆਪਣੀ ਖੂਬਸੂਰਤੀ ਕਰਕੇ ਆਪਣੇ ਵੱਲ ਖਿੱਚਦੇ ਹਨ। ਵਿਕਟੋਰੀਆ ਨੇੜੇ ਵਸੇ ਛੋਟੇ-ਛੋਟੇ ਟਾਪੂ ਜਿਵੇਂ ਸਾਲਟ-ਸਪਰਿੰਗ ਆਦਿ ਆਪਣੀ ਕੁਦਰਤੀ ਸੁੰਦਰਤਾ ਕਰਕੇ ਜਾਣੇ ਜਾਂਦੇ ਹਨ।

ਵਿਕਟੋਰੀਆ ਦਾ ਚਾਈਨਾ ਟਾਊਨ

ਜ਼ਿੰਦਗੀ ਦੇ ਉੱਚ ਪੱਧਰੀ ਮਿਆਰ ਨੂੰ ਨਿਰਧਾਰਤ ਕਰਨ ਵਾਲੇ ਸੰਸਾਰ ਭਰ ਦੇ ਮੁੱਖ ਸ਼ਹਿਰਾਂ ਵਿੱਚੋਂ ਵਿਕਟੋਰੀਆ ਪ੍ਰਮੁੱਖ ਹੈ। ਵਿਦਿਆ ਦੇ ਖੇਤਰ ਵਿੱਚ ਇਹ ਸ਼ਹਿਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਬਹੁਗਿਣਤੀ ਦਾ ਗੜ੍ਹ ਹੈ। ਇੱਥੋਂ ਦੀ ਯੂਨੀਵਰਸਿਟੀ ਆਫ ਵਿਕਟੋਰੀਆ, ਰੌਇਲ ਰੋਡਜ਼ ਯੂਨੀਵਰਸਿਟੀ, ਕਮੋਸਨ ਕਾਲਜ, ਵਿਕਟੋਰੀਆ ਕਾਲਜ ਆਫ ਆਰਟ ਅਤੇ ਕੈਨੇਡੀਅਨ ਕਾਲਜ ਆਫ ਪਰਫੌਰਮਿੰਗ ਆਰਟਸ ਵਿੱਚ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਉੱਚ-ਵਿੱਦਿਆ ਪ੍ਰਾਪਤ ਕਰਨ ਆਉਂਦੇ ਹਨ, ਜਿਨ੍ਹਾਂ ਵਿੱਚ ਵੱਡਾ ਹਿੱਸਾ ਭਾਰਤੀ ਵਿਦਿਆਰਥੀਆਂ ਦਾ ਹੈ। ਇਨ੍ਹਾਂ ਤੋਂ ਇਲਾਵਾ ਹਾਈ ਸਕੂਲ ਪ੍ਰੋਗਰਾਮਾਂ ਅਧੀਨ ਕਈ ਸਥਾਨਕ ਸਕੂਲ ਵੀ ਵਿਦੇਸ਼ੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟੀਚੇ ਮੁਤਾਬਕ ਸੇਧ ਦੇ ਰਹੇ ਹਨ।

ਵਿਕਟੋਰੀਆ ਦਾ ਡਾਊਨ ਟਾਊਨ ਇਲਾਕਾ ਸੈਲਾਨੀ ਕੇਂਦਰ ਵਜੋਂ ਮਸ਼ਹੂਰ ਹੈ। ਇਹ ਇਲਾਕਾ ਹੋਟਲਾਂ- ਮੋਟਲਾਂ, ਰਾਤਰੀ ਕਲੱਬਾਂ, ਥੀਏਟਰਾਂ, ਰੈਸਟੋਰੈਂਟਾਂ ਅਤੇ ਪੱਥਾਂ ਨਾਲ ਭਰਿਆ ਹੋਇਆ ਹੈ। ਬਹੁਤ ਸਾਰੇ ਸਥਾਨਕ ਸੱਭਿਆਚਾਰਕ ਤੇ ਇਤਿਹਾਸਕ ਸਮਾਗਮ ਵੀ ਇਸੇ ਇਲਾਕੇ ਵਿੱਚ ਮਨਾਏ ਜਾਂਦੇ ਹਨ। ਖਾਸ ਤੌਰ ’ਤੇ ਕੈਨੇਡਾ-ਡੇਅ ਦੇ ਜਸ਼ਨ ਵਿਸ਼ੇਸ਼ ਖਿੱਚ ਰੱਖਦੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਸੰਗੀਤਕ ਸਮਾਗਮ ਤੇ ਅੰਤਰ-ਸੱਭਿਆਚਾਰ ਨਾਲ ਜੁੜੇ ਇਕੱਠ ਤੇ ਮੇਲੇ ਵੀ ਇਸ ਇਲਾਕੇ ਵਿੱਚ ਦੇਖਣਯੋਗ ਹੁੰਦੇ ਹਨ। ਡਾਊਨ ਟਾਊਨ ਦੀ ਅੰਦਰੂਨੀ ਬੰਦਰਗਾਹ ਵਿੱਚ ਬੇੜੀਆਂ ਦੇ ਸਮੂਹ, ਫੈਰੀਆਂ, ਕਲਿਪਰ ਤੇ ਸਮੁੰਦਰੀ ਪਾਣੀ ਉੱਪਰ ਤਰਦੇ ਛੋਟੇ ਗਲਾਈਡਰ ਸੈਲਾਨੀਆਂ ਨੂੰ ਨੇੜੇ ਦੇ ਟਾਪੂਆਂ ਤੇ ਸ਼ਹਿਰਾਂ ਜਿਵੇਂ ਪੋਰਟ ਏਂਜਲਸ ਸਿਐਟਲ, ਨਨੈਮੋ ਵੱਲ ਚੱਲਣ ਲਈ ਤਿਆਰ ਰਹਿੰਦੇ ਹਨ। ਇਸ ਬੰਦਰਗਾਹ ਕੰਢੇ ਬਣੇ ਰੌਇਲ ਬ੍ਰਿਟਿਸ਼ ਕੋਲੰਬੀਆ ਅਜਾਇਬ ਘਰ ਆਈਮੈਕਸ ਨੈਸ਼ਨਲ ਜੀਓਗ੍ਰਾਫਿਕ ਥੀਏਟਰ, ਮੈਰੀਟਾਈਮ ਬ੍ਰਿਟਿਸ਼ ਕੋਲੰਬੀਆ ਅਜਾਇਬ ਘਰ, ਐਮਿਲੀ ਕਾਰ ਹਾਊਸ, ਵਿਕਟੋਰੀਆ ਬੱਗ ਚਿੜੀਆ ਘਰ, ਮਾਰਕੀਟ ਸਕੁਏਅਰ ਸਭ ਦੇਖਣਯੋਗ ਸਥਾਨ ਹਨ। ਇੱਥੇ ਅਮਰੀਕਾ ਤੇ ਕੈਨੇਡਾ ਦੇ ਸੈਲਾਨੀ ਸੂਚਨਾ ਕੇਂਦਰ ਸੈਲਾਨੀਆਂ ਨੂੰ ਹਰ ਪ੍ਰਕਾਰ ਦੇ ਸਫ਼ਰ ਦੀ ਜਾਣਕਾਰੀ ਉਪਲੱਬਧ ਕਰਾਉਂਦੇ ਹਨ।

ਇਸ ਤੋਂ ਇਲਾਵਾ ਦੂਰ ਨੇੜੇ ਦੇ ਸੈਲਾਨੀਆਂ ਲਈ ਆਰਟ ਗੈਲਰੀ ਆਫ ਗ੍ਰੇਟਰ ਵਿਕਟੋਰੀਆ, ਰੌਬਰਟ ਡੰਸਮੁਇਰ ਦੁਆਰਾ ਬਣਾਇਆ ਇਤਿਹਾਸਕ ਕ੍ਰੈਗਡਾਰੋਚ ਕਿਲ੍ਹਾ। ਡਾਲਸ ਰੋਡ ਬੀਚ ਵੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। ਇੱਥੋਂ ਥੋੜ੍ਹੀ ਦੂਰੀ ’ਤੇ ਸਥਿਤ ਗੋਲਡਸਟ੍ਰੀਮ ਪ੍ਰੋਵਿੰਸ਼ੀਅਲ ਪਾਰਕ-ਕੈਪਿੰਗ ਤੇ ਹਾਈਕਿੰਗ ਲਈ ਪ੍ਰਸਿੱਧ ਹੈ।

ਇਸ ਇਤਿਹਾਸਕ ਇਲਾਕੇ ਨਾਲ ਜੁੜੀ ਮਸ਼ਹੂਰ ਬੰਦਰਗਾਹ ਓਗਡਨ-ਪੁਆਇੰਟ ਇੱਕ ਲੰਮੀ ਸੈਰਗਾਹ ਵਜੋਂ ਸਮੁੰਦਰੀ ਤੱਟ ਦੀ ਖੂਬਸੂਰਤੀ ਬਿਖੇਰਦਾ ਸਥਾਨ ਹੈ, ਜਿੱਥੇ ਦੁਨੀਆ ਭਰ ਤੋਂ ਲੱਖਾਂ ਸੈਲਾਨੀ ਕਰੂਜ਼ ਜਹਾਜ਼ਾਂ ਰਾਹੀਂ ਇਸ ਖੂਬਸੂਰਤ ਸ਼ਹਿਰ ਨੂੰ ਦੇਖਣ ਤੇ ਮਾਣਨ ਆਉਂਦੇ ਹਨ। ਇੱਥੇ ਨੇੜੇ ਹੀ ਕੈਨੇਡੀਅਨ ਨੇਵੀ ਫੋਰਸਿਸ ਦਾ ਕੇਂਦਰ ਵੀ ਹੈ। ਇਹ ਸ਼ਹਿਰ ਰਿਟਾਇਰਡ ਸ਼ਾਂਤੀ ਪ੍ਰਿਯ ਵਿਅਕਤੀਆਂ ਦੇ ਵਸੇਵੇ ਵਜੋਂ ਵੀ ਮਸ਼ਹੂਰ ਹੈ, ਜੋ ਨੌਕਰੀ ਪੇਸ਼ੇ ਤੋਂ ਆਜ਼ਾਦ ਹੋ ਕੇ ਇੱਥੋਂ ਦੇ ਸਿਹਤਵਰਧਕ ਤੇ ਸ਼ਾਂਤੀਪੂਰਵਕ ਵਾਤਾਵਰਨ ਵਿੱਚ ਜ਼ਿੰਦਗੀ ਬਤੀਤ ਕਰਨਾ ਪਸੰਦ ਕਰਦੇ ਹਨ। ਇਹ ਸ਼ਹਿਰ ਆਪਣੇ ਖੂਬਸੂਰਤ ਸਮੁੰਦਰੀ ਤੱਟਾਂ, ਕੰਢਿਆਂ, ਜੰਗਲਾਂ ਤੇ ਕਿਸ਼ਤੀਆਂ ਨਾਲ ਸਬੰਧਿਤ ਖੇਡਾਂ ਕਰ ਕੇ ਵੀ ਮੁੱਖ ਆਕਰਸ਼ਣ ਦਾ ਕੇਂਦਰ ਹੈ। ਹਰ ਸਾਲ ਸਮੁੰਦਰੀ ਖੇਡਾਂ ਨਾਲ ਖਿੱਚੇ ਸੈਲਾਨੀ ਟਾਪੂ ਦੇ ਖੂਬਸੂਰਤ ਨਜ਼ਾਰਿਆਂ ਨੂੰ ਮਾਣਨ ਇੱਥੇ ਆਉਂਦੇ ਹਨ।

ਵਿਕਟੋਰੀਆ ਸਥਿਤ ਪਾਰਲੀਮੈਂਟ ਦੀ ਇਤਿਹਾਸਕ ਇਮਾਰਤ

ਇਸ ਸ਼ਹਿਰ ਦਾ ਨਾਂ ਵਿਕਟੋਰੀਆ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਨਾਮ ’ਤੇ ਰੱਖਿਆ ਗਿਆ। 1843 ਦੇ ਸ਼ੁਰੂਆਤੀ ਸਮੇਂ ਵਿੱਚ ਇਹ ਸ਼ਹਿਰ ਬ੍ਰਿਟਿਸ਼ ਨੌਰਥ ਅਮਰੀਕਾ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ। ਇਸ ਤੋਂ ਬਾਅਦ ਇਸ ਸ਼ਹਿਰ ਵਿੱਚ ਭਾਰੀ ਗਿਣਤੀ ਵਿੱਚ ਇਤਿਹਾਸਕ ਇਮਾਰਤਾਂ ਦਾ ਨਿਰਮਾਣ ਹੋਇਆ। ਖਾਸ ਤੌਰ ’ਤੇ ਦੋ ਸਭ ਤੋਂ ਪ੍ਰਸਿੱਧ ਵਿਸ਼ੇਸ਼ ਇਮਾਰਤਾਂ ਜ਼ਿਕਰਯੋਗ ਹਨ-ਪਾਰਲੀਮੈਂਟ ਬਿਲਡਿੰਗ ਜੋ 1897 ਈਸਵੀ ਵਿੱਚ ਸੰਪੂਰਨ ਹੋਈ ਤੇ ਦੂਜਾ ਐੱਮਪ੍ਰੈੱਸ ਹੋਟਲ ਜੋ 1908 ਈਸਵੀ ਵਿੱਚ ਬਣਾਇਆ ਗਿਆ। ਵਿਕਟੋਰੀਆ ਦਾ ਚਾਈਨਾ ਟਾਊਨ ਨੌਰਥ ਅਮਰੀਕਾ ਦਾ ਦੂਜਾ ਸਭ ਤੋਂ ਪੁਰਾਣਾ ਟਾਊਨ ਮੰਨਿਆ ਜਾਂਦਾ ਹੈ।

ਵਿਕਟੋਰੀਆ ਸ਼ਹਿਰ ਬਾਗ਼ਾਂ ਦੇ ਸ਼ਹਿਰ ਵਜੋਂ ਦੁਨੀਆ ਵਿੱਚ ਖਾਸ ਖਿੱਚ ਰੱਖਦਾ ਹੈ। ਸ਼ਹਿਰ ਦੀਆਂ ਚਾਰੇ ਦਿਸ਼ਾਵਾ ਵਿੱਚ ਬਣੇ ਪਾਰਕ ਤੇ ਸੁੰਦਰ ਬਾਗ਼ ਇੱਥੋਂ ਦੇ ਵਸਨੀਕਾਂ ਤੇ ਸੈਲਾਨੀਆਂ ਲਈ ਪਿਕਨਿਕ ਕੇਂਦਰ ਵਜੋਂ ਪ੍ਰਸਿੱਧ ਹਨ। ਇੱਥੋਂ ਦਾ ਬੀਕਨ ਹਿੱਲ ਪਾਰਕ, ਲੈਂਗਟਰਡ ਦਾ ਵੈਟਰਨ ਮੈਮੋਰੀਅਲ ਪਾਰਕ, ਬੁਚਰਟ ਗਾਰਡਨ ਤੇ ਬਟਰਫਲਾਈ ਗਾਰਡਨ ਦੇਖਣਯੋਗ ਹਨ। ਪਚਵੰਜਾ ਏਕੜ ਵਿੱਚ ਬਣਿਆ ਬੁਚਰਟ ਗਾਰਡਨ ਸੰਸਾਰ ਭਰ ਦੇ ਸੁੰਦਰ ਬਾਗਾਂ ਵਿੱਚੋਂ ਇੱਕ ਹੈ। ਇਸ ਵਿੱਚ ਬਣਿਆ ਵਿਸ਼ਾਲ ਰੋਜ਼ ਗਾਰਡਨ ਸੰਸਾਰ ਭਰ ਦੇ ਅਲੱਗ-ਅਲੱਗ ਗੁਲਾਬਾਂ ਨਾਲ ਆਪਣੀ ਖੂਬਸੂਰਤੀ ਬਿਖੇਰਦਾ ਹੈ। ਇਸ ਵਿੱਚ ਬਣੇ ਜਪਾਨੀ ਤੇ ਇਟਾਲੀਅਨ ਗਾਰਡਨ ਪ੍ਰਕਿਰਤੀ ਦਾ ਖੂਬਸੂਰਤ ਨਮੂਨਾ ਹਨ। ਰੌਬਰਟ ਬੁਚਰਟ ਦੀ ਘਰਵਾਲੀ ਜੈਨੀ ਬੁਚਰਟ ਨੇ ਸੈਨਿਚ ਇਲਾਕੇ ਦੀ ਇਸ ਜ਼ਮੀਨ ਦੇ ਟੁਕੜੇ ਨੂੰ ਦੁਨੀਆ ਭਰ ਦੇ ਬਾਗ਼ਾਂ ਵਿੱਚ ਸ਼ੁਮਾਰ ਕਰ ਦਿੱਤਾ। ਅੱਜ ਇਸ ਇਤਿਹਾਸਕ ਬਾਗ਼ ਦੀ ਸੁੰਦਰਤਾ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ। ਕ੍ਰਿਸਮਸ ਦੇ ਦਸੰਬਰ ਮਹੀਨੇ ਵਿੱਚ ਇਹ ਬਾਗ਼ ਰੌਸ਼ਨੀਆਂ ਨਾਲ ਅਦਭੁੱਤ ਨਜ਼ਾਰਾ ਪੇਸ਼ ਕਰਦਾ ਹੈ।

ਵਿਕਟੋਰੀਆ ਵਿੱਚ ਚੱਲ ਰਹੀ ਫੈਰੀ

ਵਿਕਟੋਰੀਆ ਟਾਪੂ ਦੀ ਪ੍ਰਕਿਰਤਕ ਸੁੰਦਰਤਾ ਅੱਖਾਂ ਨਾਲ ਦੇਖ ਕੇ ਮਨੁੱਖੀ ਮਨ ਦੰਗ ਰਹਿ ਜਾਂਦਾ ਹੈ। ਸਾਰੇ ਰੰਗਾਂ ਦੇ ਦਰੱਖਤ ਕਤਾਰਾਂ ਵਿੱਚ ਆਪਣੇ ਰੰਗ ਬਿਖੇਰਦੇ ਨਜ਼ਰ ਆਉਂਦੇ ਹਨ। ਸ਼ਹਿਰ ਦੇ ਹਰੇਕ ਵਾਸੀ ਦਾ ਸਾਰਾ ਜ਼ੋਰ ਆਪਣੇ ਘਰ ਦੇ ਅਗਲੇ ਤੇ ਪਿਛਲੇ ਹਿੱਸੇ ਨੂੰ ਤਰਤੀਬਵਾਰ ਫੁੱਲਾਂ-ਬੂਟਿਆਂ ਨਾਲ ਸਜਾਉਣ ਵਿੱਚ ਲੱਗਾ ਹੁੰਦਾ ਹੈ। ਇੱਥੇ ਦੀ ਪੱਤਝੜ ਵੀ ਬਸੰਤ ਰੁੱਤ ਵਰਗੀ ਹੁੰਦੀ ਹੈ। ਡਿੱਗੇ ਪੱਤੇ ਵੀ ਸੁੰਦਰ ਰੰਗੋਲੀ ਵਾਂਗ ਲੱਗਦੇ ਹਨ। ਇੰਝ ਲੱਗਦਾ ਹੈ ਜਿਵੇਂ ਪਰਮਾਤਮਾ ਹਰ- ਦਿਨ ਆਪ ਹਾਜ਼ਰ ਹੋ ਕੇ ਇਸ ਸ਼ਹਿਰ ਦੀ ਕੁਦਰਤੀ ਸੁੰਦਰਤਾ ਦੀ ਸਾਂਭ ਸੰਭਾਲ ਕਰਦਾ ਹੋਵੇ।

ਥੋੜ੍ਹੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਵਿਕਟੋਰੀਆ ਸ਼ਹਿਰ ਇਤਿਹਾਸਕ, ਕਲਾਤਮਕ ਤੇ ਪ੍ਰਕਿਰਤਕ ਸੁੰਦਰਤਾ ਵਾਲੀਆਂ ਵਿਸ਼ੇਸ਼ਤਾਵਾਂ ਕਰਕੇ ਕੈਨੇਡਾ ਦਾ ਪ੍ਰਮੁੱਖ ਸੈਲਾਨੀ ਕੇਂਦਰ ਹੈ। ਸੱਚਮੁੱਚ ਹੀ ਬਿਊਟੀਫੁੱਲ ਬ੍ਰਿਟਿਸ਼ ਕੋਲੰਸ਼ੀਆ ਦਾ ਬਿਊਟੀਫੁੱਲ ਸ਼ਹਿਰ ਵਿਕਟੋਰੀਆ ਹੈ।

ਸੰਪਰਕ: 94160-73122



News Source link
#ਕਦਰਤ #ਸਹਪਣ #ਨਲ #ਭਰਪਰ #ਵਕਟਰਆ

- Advertisement -

More articles

- Advertisement -

Latest article