23.9 C
Patiāla
Friday, May 3, 2024

ਇੰਸੁਲਿਨ ਦਾ ਖੋਜੀ ਫਰੈੱਡਰਿਕ ਗਰਾਂਟ ਬੈਂਟਿੰਗ

Must read


ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਫਰੈੱਡਰਿਕ ਬੈਂਟਿੰਗ ਕੈਨੇਡਾ ਦਾ ਖੋਜਕਾਰ, ਡਾਕਟਰ ਅਤੇ ਇੰਸੁਲਿਨ ਦਾ ਖੋਜੀ ਸੀ। ਉਸ ਨੇ ਸ਼ੂਗਰ ਦੇ ਇਲਾਜ ਲਈ ਇੰਸੁਲਿਨ ਦੀ ਵਰਤੋਂ ਕਰਨ ਤੇ ਖੋਜ ਅਧਿਐਨ ਕੀਤਾ। ਇੰਸੁਲਿਨ ਦੀ ਖੋਜ ਕਾਰਨ ਹੀ ਉਸ ਨੂੰ 1923 ਵਿੱਚ ਮੈਡੀਸਿਨ ਦੇ ਖੇਤਰ ਵਿੱਚ ਜੌਹਨ ਮੈਕਲਿਓਡ ਨਾਲ ਸਾਂਝੇ ਤੌਰ ’ਤੇ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਉਸੇ ਸਾਲ ਕੈਨੇਡਾ ਸਰਕਾਰ ਨੇ ਅੱਗੇ ਖੋਜ ਕਾਰਜ ਕਰਨ ਲਈ ਉਸ ਨੂੰ 7500 ਪੌਂਡ ਸਾਲਾਨਾ ਦੀ ਵਜ਼ੀਫ਼ਾ ਰਾਸ਼ੀ ਦੇਣੀ ਸ਼ੁਰੂ ਕਰ ਦਿੱਤੀ ਸੀ। ਨੋਬਲ ਪੁਰਸਕਾਰ ਜਿੱਤਣ ਸਮੇਂ ਉਸ ਦੀ ਉਮਰ 32 ਸਾਲਾਂ ਦੀ ਸੀ।

ਫਰੈੱਡਰਿਕ ਬੈਂਟਿੰਗ ਦਾ ਜਨਮ 14 ਨਵੰਬਰ 1891 ਨੂੰ ਅਲੀਸਟੋਨ, ਓਂਟਾਰੀਓ, ਕੈਨੇਡਾ ਵਿਖੇ ਪਿਤਾ ਥੌਂਪਸਨ ਬੈਂਟਿੰਗ ਅਤੇ ਮਾਂ ਮਾਰਗ੍ਰੇਟ ਗਰਾਂਟ ਦੇ ਘਰ ਹੋਇਆ। ਉਹ ਆਪਣੇ ਪੰਜ ਭੈਣ ਭਰਾਵਾਂ ਵਿੱਚ ਸਭ ਨਾਲੋਂ ਛੋਟਾ ਸੀ। ਸ਼ੁਰੂ ਵਿੱਚ ਉਹ ਪਬਲਿਕ ਹਾਈ ਸਕੂਲ ਅਲੀਸਟੋਨ ਵਿੱਚ ਪੜਿ੍ਹਆ। ਫਿਰ ਉਸ ਨੇ ਵਿਕਟੋਰੀਆ ਕਾਲਜ ਵਿੱਚ ਆਰਟਸ ਦੇ ਵਿਸ਼ਿਆਂ ਵਿੱਚ ਪੜ੍ਹਾਈ ਕੀਤੀ। ਇਹ ਕਾਲਜ ਉਦੋਂ ਯੂਨੀਵਰਸਿਟੀ ਆਫ ਟੋਰਾਂਟੋ ਦਾ ਹੀ ਹਿੱਸਾ ਸੀ। ਪਹਿਲੇ ਸਾਲ ਕਾਮਯਾਬ ਨਾ ਰਹਿਣ ਕਰਕੇ ਉਸ ਨੇ ਸਤੰਬਰ 1912 ਵਿੱਚ ਮੈਡੀਕਲ ਸਟ੍ਰੀਮ ਵਿੱਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। 1914 ਵਿੱਚ ਉਸ ਨੇ ਮੈਡੀਕਲ ਦੀ ਪੜ੍ਹਾਈ ਕਰਕੇ ਫ਼ੌਜ ਵਿੱਚ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਜ਼ਰ ਸਹੀ ਨਾ ਹੋਣ ਕਾਰਨ ਉਸ ਨੂੰ ਨੌਕਰੀ ਨਾ ਮਿਲ ਸਕੀ। 1915 ਵਿੱਚ ਉਹ ਫ਼ੌਜ ਦੀ ਨੌਕਰੀ ਹਾਸਲ ਕਰਨ ਵਿੱਚ ਸਫਲ ਹੋ ਗਿਆ। ਸਕੂਲ ਵਾਪਸ ਆਉਣ ਤੋਂ ਪਹਿਲਾਂ ਉਸ ਨੇ ਗਰਮੀਆਂ ਵਿੱਚ ਟਰੇਨਿੰਗ ਵੀ ਹਾਸਲ ਕਰ ਲਈ ਸੀ। ਉਸ ਦੀ ਕਲਾਸ ਵਿੱਚੋਂ ਹੋਰ ਡਾਕਟਰ ਵਿਦਿਆਰਥੀ ਵੀ ਫ਼ੌਜ ਲਈ ਚੁਣੇ ਗਏ ਸਨ। ਦਸੰਬਰ 1916 ਵਿੱਚ ਜਦੋਂ ਉਹ ਮੈਡੀਕਲ ਦਾ ਗ੍ਰੈਜੂਏਟ ਬਣਿਆ ਤਾਂ ਨਤੀਜਾ ਆਉਣ ਤੋਂ ਦੂਜੇ ਦਿਨ ਹੀ ਉਹ ਫ਼ੌਜ ਵਿੱਚ ਡਿਊਟੀ ’ਤੇ ਹਾਜ਼ਰ ਹੋ ਗਿਆ।

ਸਾਲ 1918 ਵਿੱਚ ਲੜਾਈ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜ਼ਖਮੀ ਹੋਣ ਦੇ ਬਾਵਜੂਦ ਉਹ ਲਗਾਤਾਰ 16 ਘੰਟੇ ਜ਼ਖਮੀ ਸਿਪਾਹੀਆਂ ਦੀ ਸਹਾਇਤਾ ਕਰਦਾ ਰਿਹਾ। ਉਸ ਦੀ ਮਾੜੀ ਹਾਲਤ ਦੇਖ ਕੇ ਇੱਕ ਹੋਰ ਡਾਕਟਰ ਨੇ ਉਸ ਦੀ ਡਿਊਟੀ ਖ਼ੁਦ ਸੰਭਾਲ ਲਈ ਅਤੇ ਉਸ ਨੂੰ ਆਰਾਮ ਕਰਨ ਲਈ ਭੇਜ ਦਿੱਤਾ। ਸਾਲ 1919 ਵਿੱਚ ਉਸ ਨੂੰ ‘ਮਿਲਟਰੀ ਕਰਾਸ’ ਦਾ ‘ਵੀਰਤਾ ਪੁਰਸਕਾਰ’ ਵੀ ਮਿਲਿਆ ਸੀ। 1918 ਵਿੱਚ ਉਸ ਨੂੰ ਮੈਡੀਕਲ ਪ੍ਰੈਕਟਿਸ ਕਰਨ ਲਈ ਰੌਇਲ ਕਾਲਜ ਆਫ ਫਿਜਿਸ਼ੀਅਨਜ਼ ਆਫ ਲੰਡਨ ਵੱਲੋਂ ਲਾਇਸੈਂਸ ਵੀ ਦੇ ਦਿੱਤਾ ਗਿਆ ਸੀ। ਬੈਂਟਿੰਗ ਲੜਾਈ ਪਿੱਛੋਂ ਕੈਨੇਡਾ ਮੁੜ ਆਇਆ ਸੀ ਅਤੇ ਸਰਜੀਕਲ ਟਰੇਨਿੰਗ ਪੂਰੀ ਕਰਨ ਲਈ ਟੋਰਾਂਟੋ ਚਲਾ ਗਿਆ। ਉਸ ਨੇ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਵਿਕਾਰ ਸਬੰਧੀ ਮੈਡੀਸਿਨ ਦੀ ਪੜ੍ਹਾਈ ਕੀਤੀ। 1919-1920 ਦੌਰਾਨ ਉਹ ‘ਦਿ ਹੌਸਪੀਟਲ ਫਾਰ ਸਿੱਕ ਚਿਲਡਰਨ’ ਵਿੱਚ ਰੈਜ਼ੀਡੈਂਟ ਸਰਜਨ ਵੀ ਰਿਹਾ। ਇੱਥੇ ਉਹ ਹਸਪਤਾਲ ਦਾ ਰੈਗੂਲਰ ਸਟਾਫ਼ ਮੈਂਬਰ ਨਾ ਬਣ ਸਕਿਆ। ਉਸ ਨੇ ਲੰਡਨ, ਓਂਟਾਰੀਓ ਵਿੱਚ ਜਾ ਕੇ ਆਪਣੀ ਕਲੀਨਿਕ ’ਤੇ ਪ੍ਰੈਕਟਿਸ ਕਰਨੀ ਆਰੰਭੀ। ਉਹ ਪਾਰਟ ਟਾਈਮ ਯੂਨੀਵਰਸਿਟੀ ਆਫ ਵੈਸਟਰਨ ਓਂਟਾਰੀਓ ਵਿੱਚ ਪੜ੍ਹਾਉਂਦਾ ਵੀ ਰਿਹਾ। 1922 ਵਿੱਚ ਉਸ ਨੂੰ ਐੱਮ. ਡੀ. ਦੀ ਡਿਗਰੀ ਮਿਲੀ।

ਇੰਸੁਲਿਨ ਦੀ ਖੋਜ: ਵਿਸ਼ਵ ਪੱਧਰ ’ਤੇ ਇਸ ਸੰਦਰਭ ਵਿੱਚ ਖੋਜ ਕਰ ਰਹੇ ਵਿਗਿਆਨੀਆਂ ਨੇ ਖੋਜ ਮਸ਼ਵਰਾ ਦਿੱਤਾ ਸੀ ਕਿ ਸ਼ੂਗਰ ਦਾ ਰੋਗ ਇੱਕ ਪ੍ਰੋਟੀਨ ਹਾਰਮੋਨ (ਗੁਲੂਕੋਸ ਅਤੇ ਇੰਸੁਲਿਨ) ਦੀ ਕਮੀ ਕਾਰਨ ਹੁੰਦਾ ਹੈ, ਜੋ ਪੈਨਕ੍ਰੀਅਸ ਰਾਹੀਂ ਰਿਸਦੇ ਹਨ। ਸ਼ੈਫਰ (Schafer) ਵੱਲੋਂ ਇਸ ਹਾਰਮੋਨ ਦਾ ਨਾਂ ‘ਇੰਸੁਲਿਨ’ ਰੱਖ ਦਿੱਤਾ ਸੀ। ਇਹੀ ਹਾਰਮੋਨ ਖ਼ੂਨ ਵਿੱਚ ਸ਼ੂਗਰ ਦੇ ਮੈਟਾਬੋਲਿਜ਼ਮ (ਉਸਾਰੂ ਕਿਰਿਆ) ’ਤੇ ਨਿਯੰਤਰਣ ਰੱਖਦਾ ਮੰਨਿਆ ਜਾਂਦਾ ਸੀ। ਇਸ ਦੀ ਘਾਟ ਕਰਕੇ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਸੀ ਜੋ ਪਿਸ਼ਾਬ ਰਾਹੀਂ ਬਾਹਰ ਨਿਕਾਸ ਕਰਦੀ ਸੀ। ਪੈਨਕ੍ਰੀਅਸ ਸੈੱਲਾਂ ਤੋਂ ਇੰਸੁਲਿਨ ਨੂੰ ਜ਼ਮੀਨੀ ਪੱਧਰ ’ਤੇ ਪੈਨਕ੍ਰੀਅਸ ਤੋਂ ਛਾਣਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਸਨ।

ਉਸ ਤੋਂ ਪਹਿਲਾਂ ਕੀਤੇ ਖੋਜ ਅਧਿਐਨ ਨੂੰ ਮੱਦੇਨਜ਼ਰ ਰੱਖਦਿਆਂ ਬੈਂਟਿੰਗ ਨੇ ਮਹਿਸੂਸ ਕੀਤਾ ਕਿ ਟ੍ਰਾਇਪਿਜ਼ਮ ਰਿਸਾਅ ਦੇ ਸੈੱਲ ਤਾਂ ਮਰਦੇ ਹਨ, ਪਰ ਇੰਸੁਲਿਨ ਚਿੰਬੜੀ ਹੀ ਰਹਿ ਜਾਂਦੀ ਹੈ। ਜਿਹੜੀ ਕਿ ਉੱਥੋਂ ਪੁਣ ਲਈ ਜਾਂਦੀ ਹੈ। ਬੈਂਟਿੰਗ ਨੇ ਆਪਣੀ ਖੋਜ ਆਰ ਮੈਕਲਿਓਡ ਪ੍ਰੋਫੈਸਰ ਆਫ ਫਿਜ਼ੀਆਲੋਜੀ ਯੂਨੀਵਰਸਿਟੀ ਆਫ ਟੋਰਾਂਟੋ ਨਾਲ ਸਾਂਝੀ ਕੀਤੀ। ਉਸ ਨੇ ਆਪਣੀ ਪ੍ਰਯੋਗਸ਼ਾਲਾ ਅਤੇ ਜੀਵ ਰਸਾਇਣਿਕ ਸਹਾਇਕ ਚਾਰਲਸ ਬੈਸਟ ਨੂੰ ਬੈਂਟਿੰਗ ਦੀ ਮਦਦ ਲਈ ਉਪਲੱਬਧ ਕਰਾ ਦਿੱਤਾ। ਇੰਜ 1921 ਵਿੱਚ ਉਹ ਪਹਿਲੀ ਵਾਰ ਇੰਸੁਲਿਨ ਵੱਖ ਕਰਨ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਨੇ ਬੁੱਚੜਖਾਨਿਆਂ ਵਿੱਚ ਪਸ਼ੂਆਂ ਦੇ ਪੈਨਕ੍ਰੀਅਸ ਤੋਂ ਇੰਸੁਲਿਨ ਨੂੰ ਪੁਣਿਆ। 11 ਜਨਵਰੀ, 1922 ਨੂੰ ਪਹਿਲੀ ਵਾਰ ਚੌਦਾਂ ਸਾਲਾ ਲਿਓਨਾਰਡ ਥੌਂਪਸਨ ਨੂੰ ਸ਼ੂਗਰ ਦੇ ਇਲਾਜ ਲਈ ਪਹਿਲਾ ਟੀਕਾ ਲਗਾਇਆ ਗਿਆ ਸੀ।

ਸਾਲ 1922 ਵਿੱਚ ਉਸ ਨੂੰ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਮੈਡੀਸਿਨ ਵਿੱਚ ਸੀਨੀਅਰ ਡੀਮਾਸਟੇਟਰ ਨਿਯੁਕਤ ਕੀਤਾ। ਉਸ ਨੇ ਟੋਰਾਂਟੋ ਜਨਰਲ ਹੌਸਪੀਟਲ ਫਾਰ ਸਿੱਕ ਚਿਲਡਰਨ ਵਿੱਚ ਅਤੇ ਟੋਰਾਂਟੋ ਵੈਸਟਰਨ ਹਸਪਤਾਲ ਵਿੱਚ ਆਨਰੇਰੀ ਸਲਾਹਕਾਰ ਡਾਕਟਰ ਦੇ ਤੌਰ ’ਤੇ ਵੀ ਕੰਮ ਕੀਤਾ। ਬੈਂਟਿੰਗ ਐਂਡ ਬੈਸਟ ਇੰਸਟੀਚਿਊਟ ਵਿੱਚ ਉਸ ਨੇ ਆਪਣਾ ਖੋਜ ਅਧਿਐਨ ਸਾਹ ਵਿੱਚ ਸਿਲੀਕੋਨ ਧੂੜ ਕਣ ਅੰਦਰ ਜਾਣ ਨਾਲ ਫੇਫੜਿਆਂ ਦੇ ਰੋਗ ‘ਸਿਲੀਕੋਸਿਸ’, ਕੈਂਸਰ, ਡੁੱਬਣ ਦਾ ਮੈਕਾਨਿਜ਼ਮ (mechanism of drowning) ’ਤੇ ਕੇਂਦਰਿਤ ਕੀਤਾ। 1938 ’ਚ ਉਸ ਦੇ ਏਵੀਏਸ਼ਨ ਮੈਡੀਸਿਨ (ਹਵਾਬਾਜ਼ੀ ਦੌਰਾਨ ਦਵਾਈ) ਦੇ ਸ਼ੌਕ ਨੇ ਉਸ ਨੂੰ ਰੌਇਲ ਕੈਨੇਡੀਅਨ ਏਅਰ ਫੋਰਸ ਦੇ ਖੋਜ ਵਿਭਾਗ ਵਿੱਚ ਲੈ ਆਂਦਾ। ਉਹ ਵੱਡੀਆਂ ਉਚਾਈਆਂ ’ਤੇ ਉੱਡਣ ਵਾਲੇ ਜਹਾਜ਼ਾਂ ਦੇ ਪਾਇਲਟਾਂ ਨੂੰ ਦਰਪੇਸ਼ ਪਰੇਸ਼ਾਨੀਆਂ ਦਾ ਇਲਾਜ ਕਰਨ ਵਿੱਚ ਰੁੱਝਾ ਰਹਿੰਦਾ ਸੀ। ਉਹ ਰੌਇਲ ਕੈਨੇਡੀਅਨ ਏਅਰਫੋਰਸ ਪਹਿਲੀ ਕਲੀਨੀਕਲ ਇਨਵੈਸਟੀਗੇਸ਼ਨ ਇਕਾਈ ਦਾ ਮੁਖੀ ਸੀ। ਦੂਜੇ ਵਿਸ਼ਵ ਮਹਾਯੁੱਧ ਸਮੇਂ ਉਸ ਨੇ ਜਹਾਜ਼ਾਂ ਨੂੰ ਬਲੈਕ ਆਊਟ ਜਿਹੀਆਂ ਸਮੱਸਿਆਵਾਂ ’ਤੇ ਖੋਜ ਦੌਰਾਨ ਜੀ- ਸੂਟ ਖੋਜਿਆ। ਉਸ ਨੇ ਮਸਟਰਡ ਗੈਸ ਦੇ ਉਤਪੰਨ ਜ਼ਖ਼ਮਾਂ ’ਤੇ ਵੀ ਖੋਜ ਕਾਰਜ ਕੀਤੇ।

ਨੋਬਲ ਪੁਰਸਕਾਰ ਤੋਂ ਇਲਾਵਾ ਉਸ ਨੂੰ 1927 ਵਿੱਚ ਕੈਮਰੋਨ ਪ੍ਰਾਈਜ਼, 1934 ਵਿੱਚ ਵ੍ਹਾਈਟ ਕਮਾਂਡਰ ਦਾ ਖਿਤਾਬ ਮਿਲਿਆ। ਉਹ ਡਾਇਬਟੀਜ਼- ਯੂ.ਕੇ. ਦਾ ਉਪ ਪ੍ਰਧਾਨ ਬਣਿਆ। 1935 ਵਿੱਚ ਉਹ ਰਾਇਲ ਸੁਸਾਇਟੀ ਦਾ ਫੈਲੋ ਚੁਣ ਲਿਆ ਗਿਆ। 2004 ’ਚ ਉਸ ਨੂੰ ‘ਨੈਸ਼ਨਲ ਇਨਵੈਂਟਰ ਹਾਲ ਆਫ ਫੇਮ’ ਵਿੱਚ ਸ਼ਾਮਲ ਕੀਤਾ ਗਿਆ। ਉਸ ਨੂੰ ਯੂਨੀਵਰਸਿਟੀ ਆਫ ਵੈਸਟਰਨ ਓਂਟਾਰੀਓ ਵੱਲੋਂ ਐੱਲ.ਐੱਲ.ਡੀ., ਯੂਨੀਵਰਸਿਟੀ ਆਫ ਟੋਰਾਂਟੋ ਵੱਲੋਂ ਡੀ.ਐੱਸ.ਸੀ., ਕੁਈਨ ਯੂਨੀਵਰਸਿਟੀ ਵੱਲੋਂ ਐੱਲ.ਐੱਲ.ਡੀ., ਮਿਸ਼ੀਗਨ ਯੂਨੀਵਰਸਿਟੀ ਵੱਲੋਂ ਐੱਲ.ਐੱਲ.ਡੀ., ਯੇਲ ਯੂਨੀਵਰਸਿਟੀ ਵੱਲੋਂ ਡੀ.ਐੱਸ.ਸੀ., ਯੂਨੀਵਰਸਿਟੀ ਆਫ ਸਟੇਟ ਆਫ ਨਿਊਯਾਰਕ ਵੱਲੋਂ ਡੀ.ਐੱਸ.ਸੀ. ਦੀਆਂ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਬੈਂਟਿੰਗ ਦੇ ਦੋ ਵਿਆਹ ਹੋਏ ਸਨ। ਪਹਿਲਾ ਵਿਆਹ ਮਾਰੀਅਨ ਰਾਬਰਟਸਨ ਨਾਲ 1924 ਵਿੱਚ ਹੋਇਆ। ਉਨ੍ਹਾਂ ਦਾ ਇੱਕ ਬੱਚਾ ਸੀ। 1932 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। 1937 ਵਿੱਚ ਉਸ ਦਾ ਵਿਆਹ ਹੈਨਰੀਏਟਾ ਬਾਲ ਨਾਲ ਹੋ ਗਿਆ। 21 ਫਰਵਰੀ 1941 ਨੂੰ ਬੈਂਟਿੰਗ ਇੱਕ ਹਵਾਈ ਹਾਦਸੇ ਦੌਰਾਨ ਮਾਰਿਆ ਗਿਆ। ਸਾਲ 1989 ਵਿੱਚ ਮਹਾਰਾਣੀ ਐਲਿਜ਼ਬੈਥ ਨੇ ‘ਫਲੇਮ ਆਫ ਹੋਪ’ ਨੂੰ ਜਲਾਇਆ ਸੀ। ਇਹ ਡਾ. ਫਰੈੱਡਰਿਕ ਗਰਾਂਟ ਅਤੇ ਸ਼ੂਗਰ ਰੋਗ ਕਾਰਨ ਜ਼ਿੰਦਗੀਆਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਸੀ। ਇਹ ਫਲੇਮ ਬੈਂਟਿੰਗ ਹਾਊਸ ਦੇ ਲਾਗੇ, ਸਰ ਫਰੈੱਡਰਿਕ ਬੈਂਟਿੰਗ ਸਕੁਏਰ, ਲੰਡਨ ਓਂਟਾਰੀਓ ਵਿੱਚ ਮੌਜੂਦ ਹੈ। ‘ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਵੱਲੋਂ ਸਾਲਾਨਾ ਬੈਂਟਿੰਗ ਲੈਕਚਰ ਲੜੀ ਕੀਤੀ ਜਾਂਦੀ ਹੈ। ਹਰ ਸਾਲ ਕੈਨੇਡਾ ਦੇ ਉੱਤਮ ਖੋਜੀਆਂ ਨੂੰ ਸੱਤਰ ਹਜ਼ਾਰ ਪੌਂਡ ਦੀ ਰਕਮ ਵਾਲਾ ‘ਬੈਂਟਿੰਗ ਐਵਾਰਡ’ ਪ੍ਰਦਾਨ ਕੀਤਾ ਜਾਂਦਾ ਹੈ। ਉਸ ਦੇ ਨਾਂ ’ਤੇ ਓਂਟਾਰੀਓ ਟੋਰਾਂਟੋ ਵਿੱਚ ਬੈਂਟਿੰਗ ਐਂਡ ਬੈਸਟ ਪਬਲਿਕ ਸਕੂਲ, ਐਲੀਸਟੋਨ ਵਿੱਚ ਬੈਂਟਿੰਗ ਮੈਮੋਰੀਅਲ ਹਾਈ ਸਕੂਲ, ਸਰ ਫਰੈੱਡਰਿਕ ਬੈਂਟਿੰਗ ਸੈਕੰਡਰੀ ਸਕੂਲ ਲੰਡਨ ਆਦਿ ਵਿੱਦਿਅਕ ਸੰਸਥਾਵਾਂ ਚੱਲ ਰਹੀਆਂ ਹਨ।

ਈ-ਮੇਲ: mayer_hk@yahoo.com



News Source link
#ਇਸਲਨ #ਦ #ਖਜ #ਫਰਡਰਕ #ਗਰਟ #ਬਟਗ

- Advertisement -

More articles

- Advertisement -

Latest article