23.9 C
Patiāla
Friday, May 3, 2024

ਮੂਸੇਵਾਲਾ ਕਤਲ ਕਾਂਡ ਵਿੱਚ ਫੜੇ ਗਏ ਦੋ ਗੈਂਗਸਟਰਾਂ ਦੀ ਜੇਲ੍ਹ ’ਚ ਝੜਪ ਦੌਰਾਨ ਮੌਤ

Must read


ਜਤਿੰਦਰ ਸਿੰਘ ਬਾਵਾ

ਸ੍ਰੀ ਗੋਇੰਦਵਾਲ ਸਾਹਿਬ, 26 ਫ਼ਰਵਰੀ

ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਗੈਂਗਸਟਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਮਗਰੋਂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਦੋ ਗੈਂਗਸਟਰਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਜੇਲ੍ਹ ਵਿੱਚ ਬੰਦ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਗੈਂਗਸਟਰਾਂ ਦਾ ਦੂਜੇ ਧੜੇ ਨਾਲ ਪਿਛਲੇ ਕਈ ਦਿਨਾਂ ਤੋਂ ਟਕਰਾਅ ਚੱਲ ਰਿਹਾ ਸੀ। ਇਹ ਟਕਰਾਅ ਅੱਜ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ। ਝੜਪ ਵਿੱਚ ਪੰਜ ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਤਰਨ ਤਾਰਨ ਦੇ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਮਨਦੀਪ ਸਿੰਘ ਤੂਫਾਨ ਤੇ ਮਨਮੋਹਨ ਸਿੰਘ ਮੋਹਨਾ ਦੇ ਤੌਰ ’ਤੇ ਹੋਈ ਹੈ ਜੋ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸ਼ੁੱਭ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ਸਨ। ਐੱਸਐੱਚਓ ਰਾਜਿੰਦਰ ਨੇ ਦੱਸਿਆ ਕਿ ਜੇਲ੍ਹ ਵਿੱਚ ਹੋਈ ਖੂਨੀ ਝੜਪ ਵਿੱਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਹੈ ਜਦਕਿ ਕੇਸ਼ਵ ਨਾਮੀ ਗੈਂਗਸਟਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਹੈ। ਬਾਕੀ ਜ਼ਖਮੀ ਹੋਏ ਗੈਂਗਸਟਰਾਂ ਨੂੰ ਤਰਨ ਤਾਰਨ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਟਕਰਾਅ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਕੋਲ ਤੇਜ਼ਧਾਰ ਹਥਿਆਰ ਪਹੁੰਚਣ ਸਬੰਧੀ ਜੇਲ੍ਹ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਇਸ ਦੌਰਾਨ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਪਰ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।

ਗੈਂਗਸਟਰ ਬਿਸ਼ਨੋਈ ਤੇ ਜੱਗੂ ਦੇ ਧੜਿਆਂ ਵਿੱਚ ਹੋਈ ‘ਗੈਂਗਵਾਰ’ 

ਤਰਨ ਤਾਰਨ  (ਗੁਰਬਖਸ਼ਪੁਰੀ): ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਅੱਜ ਗੈਂਗਸਟਰਾਂ ਦੇ ਦੋ ਧੜਿਆਂ ਦਰਮਿਆਨ ਇਕ ਘੰਟੇ ਤੱਕ ਹਿੰਸਕ ਝੜਪ ਹੋਈ। ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਗੈਂਗਸਟਰਾਂ ਦਰਮਿਆਨ ਝੜਪ ਤਿੰਨ ਵਜੇ ਤੋਂ ਬਾਅਦ ਉਸ ਵੇਲੇ ਸ਼ੁਰੂ ਹੋਈ ਜਦੋਂ ਉਨ੍ਹਾਂ ਨੂੰ ਨਿਯਮਾਂ ਤਹਿਤ ਬੈਰਕਾਂ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ| ਐੱਸਐੱਸਪੀ ਨੇ ਦੱਸਿਆ ਕਿ ਇਸ ਜੇਲ੍ਹ ਵਿੱਚ 25  ਦੇ ਕਰੀਬ ਨਾਮੀ ਗੈਂਗਸਟਰ ਬੰਦ ਹਨ ਜਿਨ੍ਹਾਂ ਵਿੱਚੋਂ ਵਧੇਰੇ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਿਤ ਹਨ| ਅਧਿਕਾਰੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ  ਕਰਨ ਵੇਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਧੜਿਆਂ ਦਰਮਿਆਨ ਗੂੜ੍ਹੀ ਸਾਂਝ ਸੀ ਪਰ ਮਗਰੋਂ ਦੋਵਾਂ ਧੜਿਆਂ ਦਰਮਿਆਨ ਖਿੱਚੋਤਾਣ ਵਧ ਗਈ ਜਿਸ ਨੇ ਅੱਜ ਹਿੰਸਕ ਝੜਪ ਦਾ ਰੂਪ ਧਾਰ ਲਿਆ। ਵਾਰਦਾਤ ਵਿੱਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ। ਅੱਜ ਦੀ ਘਟਨਾ ਵਿੱਚ ਮਾਰੇ ਗਏ ਤੇ ਜ਼ਖ਼ਮੀ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਗੈਂਗ ਨਾਲ ਸਬੰਧਿਤ ਹਨ|

ਕੇਂਦਰੀ ਜੇਲ੍ਹ ਪੁਲੀਸ ਛਾਉਣੀ ਿਵੱਚ ਤਬਦੀਲ

ਖੂਨੀ ਝੜਪ ਦੌਰਾਨ ਮਾਰੇ ਗਏ ਦੋ ਗੈਂਗਸਟਰਾਂ ਦੀ ਘਟਨਾ ਤੋਂ ਬਾਅਦ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਈ ਹੈ। ਜ਼ਿਲ੍ਹੇ ਦੇ ਉੱਚ ਪੁਲੀਸ ਅਧਿਕਾਰੀਆ ਨੇ ਗੈਂਗਵਾਰ ਦੀ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਮ੍ਰਿਤਕ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੇਲ੍ਹ ਦੇ ਬਾਹਰ ਹੰਗਾਮਾ ਕੀਤਾ ਅਤੇ ਇਸ ਘਟਨਾ ਲਈ ਜੇਲ੍ਹ ਅਧਿਕਾਰੀਆ ਨੂੰ ਜ਼ਿੰਮੇਵਾਰ ਠਹਿਰਾਇਆ।

 





News Source link

- Advertisement -

More articles

- Advertisement -

Latest article