29.6 C
Patiāla
Monday, April 29, 2024

ਪੰਜਾਬੀ ਭਾਸ਼ਾ, ਵਰਤਮਾਨ ਸਥਿਤੀ ਤੇ ਸੰਭਾਵਨਾਵਾਂ

Must read


ਜਸਵੰਤ ਕੌਰ ਮਣੀ

ਮਨੁੱਖ ਸਮਾਜਿਕ ਪ੍ਰਾਣੀ ਹੈ। ਜੀਵਨ ਸੰਚਾਰ ਤੋਂ ਸ਼ੁਰੂ ਹੁੰਦਾ ਹੈ। ਜਿਊਣ ਲਈ ਮੁੱਖ ਤੌਰ ’ਤੇ ਸੰਚਾਰ ਦੀ ਲੋੜ ਹੁੰਦੀ ਹੈ। ਮਨੁੱਖਤਾ ਦੇ ਵਿਕਾਸ ਵਿੱਚ ਸੰਚਾਰ ਦਾ ਸਭ ਤੋਂ ਵੱਧ ਯੋਗਦਾਨ ਹੈ। ਸੰਚਾਰ ਸਾਰੇ ਹੀ ਪ੍ਰਾਣੀ ਜਗਤ ਵਿੱਚ ਵਿਦਮਾਨ ਹੈ, ਪਰ ਮਨੁੱਖੀ ਸੰਚਾਰ ਦੀ ਸਮਰੱਥਾ ਸਭ ਤੋਂ ਸ਼੍ਰੇਸ਼ਟ ਅਤੇ ਵਿਆਪਕ ਹੈ। ਮਾਨਵੀ ਸੰਚਾਰ ਦੇ ਸੰਦਰਭ ਵਿੱਚ ਭਾਸ਼ਾ ਉਪਰੰਤ ਲਿਪੀ ਦੀ ਭੂਮਿਕਾ ਸਰਵੋਤਮ ਹੈ। ਭਾਸ਼ਾ ਮਨੁੱਖ ਦੀ ਸਭ ਤੋਂ ਮਹਾਨ ਖੋਜ ਹੈ। ਭਾਸ਼ਾ ਅਤੇ ਵਿਚਾਰ ਸ਼ਕਤੀ ਮਨੁੱਖਾਂ ਨੂੰ ਜਾਨਵਰਾਂ ਤੋਂ ਅਲੱਗ ਕਰਦੀ ਹੈ। ਭਾਸ਼ਾ ਤੋਂ ਅੱਗੇ ਲਿਪੀ ਮਨੁੱਖ ਦੀ ਦੂਜੀ ਵੱਡੀ ਪ੍ਰਾਪਤੀ ਹੈ। ਛਾਪੇਖਾਨੇ ਦੀ ਕਾਢ ਨਾਲ ਸੰਚਾਰ ਦਾ ਘੇਰਾ ਹੋਰ ਵੀ ਵਧ ਗਿਆ। ਇਸ ਨੇ ਸੰਚਾਰ ਦੀ ਗਤੀ ਵਿੱਚ ਇੱਕ ਵੱਡਾ ਇਨਕਲਾਬ ਲਿਆਂਦਾ ਹੈ। ਭਾਸ਼ਾ ਮਨੁੱਖੀ ਸੰਚਾਰ ਦਾ ਮਾਧਿਅਮ ਹੈ। ਭਾਸ਼ਾ ਦੀ ਸਿਰਜਣਾ ਬਾਕੀ ਸਾਰੀਆਂ ਮਨੁੱਖੀ ਸਿਰਜਣਾਵਾਂ ਨਾਲੋਂ ਸਭ ਤੋਂ ਉੱਤਮ ਹੈ। ਬਾਕੀ ਸਾਰੇ ਜੀਵਾਂ ਦੇ ਮੁਕਾਬਲੇ ਮਨੁੱਖੀ ਜ਼ੁਬਾਨ ਦੀ ਬਣਤਰ ਹੀ ਅਜਿਹੀ ਹੈ ਕਿ ਉਹ ਵੱਖੋਂ ਵੱਖਰੀਆਂ ਧੁਨੀਆਂ ਉਚਾਰ ਸਕਦਾ ਹੈ। ਬਾਕੀ ਸਾਰੇ ਜਾਨਵਰ ਭਾਵੇਂ ਕਿਸੇ ਵੀ ਦੇਸ਼ ਦੇ ਹੋਣ ਨਿਸ਼ਚਿਤ ਧੁਨੀਆਂ ਤੱਕ ਹੀ ਸੀਮਤ ਹਨ, ਜਦਕਿ ਮਨੁੱਖ ਆਪਣੀ ਉਚਾਰਨ ਸ਼ਕਤੀ ਦੇ ਕਾਰਨ ਵੱਖੋ ਵੱਖਰੀਆਂ ਧੁਨੀਆਂ ਉਚਾਰ ਸਕਦਾ ਹੈ। ਏਸੇ ਲਈ ਸੰਸਾਰ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਹਨ। ਕਿਹਾ ਜਾਂਦਾ ਹੈ ਕਿ ਬੋਲੀ ਬਾਰਾਂ ਕੋਹ ’ਤੇ ਬਦਲ ਜਾਂਦੀ ਹੈ। ਇਸ ਲਈ ਵੱਖ ਵੱਖ ਖਿੱਤਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਵੱਖੋਂ ਵੱਖਰੀਆਂ ਭਾਸ਼ਾਵਾਂ ਹਨ।

ਪੰਜਾਬੀ ਗਿਣਤੀ ਦੇ ਆਧਾਰ ’ਤੇ ਦੁਨੀਆ ਦੀ ਦਸਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। 10 ਕਰੋੜ ਤੋਂ ਜ਼ਿਆਦਾ ਲੋਕ ਇਸ ਨੂੰ ਬੋਲਣ ਵਾਲੇ ਹਨ। ਪੰਜਾਬੀ ਬੋਲੀ ਨੂੰ ਸਭ ਤੋਂ ਜ਼ਿਆਦਾ ਬੋਲਣ ਵਾਲੇ ਲੋਕ ਪਾਕਿਸਤਾਨ ਵਿੱਚ ਹਨ। ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਆਸਟਰੇਲੀਆਂ ਆਦਿ ਵਰਗੇ ਦੇਸ਼ ਵੀ ਪੰਜਾਬੀ ਬੋਲਣ ਵਾਲੇ ਖੇਤਰ ਵਿੱਚ ਸ਼ਾਮਲ ਹਨ, ਕਿਉਕਿ ਸਭ ਤੋਂ ਜ਼ਿਆਦਾ ਪਰਵਾਸੀ ਪੰਜਾਬੀ ਇਨ੍ਹਾਂ ਦੇਸ਼ਾਂ ਵਿੱਚ ਹੀ ਵਸਦੇ ਹਨ। ਇਸ ਸਮੇਂ ਇਹ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਪੰਜਾਬੀ ਭਾਸ਼ਾ ਖ਼ਤਮ ਹੋਣ ਵਾਲੀ ਹੈ ਜਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਅੱਜ ਹਰ ਕੋਈ ਅੰਗਰੇਜ਼ੀ ਭਾਸ਼ਾ ਦੀ ਦਿਨੋਂ ਦਿਨ ਵਧ ਰਹੀ ਵਰਤੋਂ ਤੇ ਪੰਜਾਬੀ ਭਾਸ਼ਾ ਵਿੱਚ ਨਿਘਾਰ ਕਾਰਨ ਚਿੰਤਤ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਭਾਸ਼ਾ ਦੁਆਰਾ ਸ਼ਬਦ ਲੈਣ ਦੀ ਗੱਲ ਕੋਈ ਨਵੀਂ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਰਬੀ ਫ਼ਾਰਸੀ ਵਰਗੀਆਂ ਭਾਸ਼ਾਵਾਂ ਦੇ ਸ਼ਬਦ ਪੰਜਾਬੀ ਭਾਸ਼ਾ ਵਿੱਚ ਆ ਚੁੱਕੇ ਹਨ। ਪੰਜਾਬੀ ਭਾਸ਼ਾ ਦਾ ਤਾਂ ਨਾਂ ਵੀ ਹੋਰ ਭਾਸ਼ਾ ਤੋਂ ਪਿਆ ਹੈ। ਜਿਹੜਾ ਫ਼ਾਰਸੀ ਦੇ ਦੋ ਸ਼ਬਦਾਂ ਪੰਜ ਤੇ ਆਬ ਤੋਂ ਮਿਲ ਕੇ ਬਣਿਆ ਹੈ। ਇਸ ਦਾ ਭਾਵ ਕਿ ਸਾਡੀ ਭਾਸ਼ਾ ਦਾ ਤਾਂ ਨਾਮ ਵੀ ਦੂਜੀਆਂ ਭਾਸ਼ਾਵਾਂ ਨੂੰ ਮਿਲ ਕੇ ਬਣਿਆ ਹੈ। ਭਾਵ ਇਹ ਹੈ ਕਿ ਵੱਖ ਵੱਖ ਭਾਸ਼ਾਵਾਂ ਵਿੱਚ ਸ਼ਬਦਾਂ ਦੇ ਲੈਣ ਦੇਣ ਦੀ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ, ਇਸ ਨਾਲ ਜਿਸ ਭਾਸ਼ਾ ਵਿੱਚੋਂ ਸ਼ਬਦ ਲਏ ਜਾ ਰਹੇ ਹਨ, ਉਨ੍ਹਾਂ ਦਾ ਵਿਸਥਾਰ ਵੀ ਤੇ ਜਿਸ ਭਾਸ਼ਾ ਵਿੱਚ ਸ਼ਬਦ ਸ਼ਾਮਲ ਹੋ ਰਹੇ ਹਨ ਉਸ ਦਾ ਵੀ। ਸਮੇਂ ਸਮੇਂ ਪੰਜਾਬੀ ਭਾਸ਼ਾ ਨੇ ਵੱਖ ਵੱਖ ਭਾਸ਼ਾਵਾਂ ਤੋਂ ਤਤਸਮ ਤੇ ਤਦਭਵ ਰੂਪ ਵਿੱਚ ਸ਼ਬਦ ਲਏ ਅਤੇ ਆਪਣੇ ਆਪ ਨੂੰ ਅਮੀਰ ਕੀਤਾ। ਉੱਥੇ ਹੀ ਅੱਜ ਅੰਗਰੇਜ਼ੀ ਤੇ ਹਿੰਦੀ ਵਰਗੀਆਂ ਭਾਸ਼ਾਵਾਂ ਤੋਂ ਪੰਜਾਬੀ ਭਾਸ਼ਾ ਨੂੰ ਖ਼ਤਰਾ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਦੇ ਸ਼ੰਕੇ ਪੈਦਾ ਹੋ ਰਹੇ ਹਨ। ਜਦਕਿ ਕੋਈ ਵੀ ਭਾਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ ਬਲਕਿ ਜਦੋਂ ਦੂਜੀ ਭਾਸ਼ਾ ਦੇ ਸ਼ਬਦ ਭਾਰੂ ਪੈ ਜਾਂਦੇ ਹਨ ਤਾਂ ਭਾਸ਼ਾ ਵਿੱਚੋਂ ਸ਼ਬਦਾਵਲੀ ਖਤਮ ਹੁੰਦੀ ਜਾਂਦੀ ਹੈ।

ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਜ਼ਮੀਨ ਉੱਤੇ ਵੱਖ ਵੱਖ ਸਮੇਂ ਵੱਖ ਵੱਖ ਹਮਲਾਵਰ ਆਉਂਦੇ ਰਹੇ ਤੇ ਆਪਣੇ ਨਾਲ ਆਪਣਾ ਸੱਭਿਆਚਾਰ ਤੇ ਭਾਸ਼ਾ ਵੀ ਲੈ ਕੇ ਆਉਂਦੇ ਰਹੇ। ਜਦੋਂ ਮੁਸਲਮਾਨ ਆਏ ਤਾਂ ਅਸੀਂ ਉਨ੍ਹਾਂ ਦੇ ਸੱਭਿਆਚਾਰ ਦੇ ਨਾਲ ਨਾਲ ਉਨ੍ਹਾਂ ਦੀ ਭਾਸ਼ਾ ਦੇ ਸ਼ਬਦ ਵੀ ਅਪਣਾਏ। ਉਸ ਸਮੇਂ ਦੀਆਂ ਪੰਜਾਬੀ ਲਿਖਤਾਂ ਉੱਪਰ ਅਰਬੀ ਤੇ ਫਾਰਸੀ ਦਾ ਜ਼ਿਆਦਾ ਪ੍ਰਭਾਵ ਹੈ ਕਿਉਂਕਿ ਉਸ ਸਮੇਂ ਰਾਜ ਭਾਸ਼ਾ ਵੀ ਫ਼ਾਰਸੀ ਸੀ। ਸਿੱਖ ਰਾਜ ਕਾਲ ਵਿੱਚ ਵੀ ਪੰਜਾਬੀ ਰਾਜ ਭਾਸ਼ਾ ਨਹੀਂ ਬਣ ਸਕੀ ਬਲਕਿ ਉਸ ਸਮੇਂ ਦੀ ਸਰਕਾਰੀ ਭਾਸ਼ਾ ਫ਼ਾਰਸੀ ਸੀ। ਫਿਰ ਅੰਗਰੇਜ਼ ਆਏ, ਉਹ ਜਾਣਦੇ ਸਨ ਕਿ ਜੇਕਰ ਕਿਸੇ ਕੌਮ ਨੂੰ ਗ਼ੁਲਾਮ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਭਾਸ਼ਾਈ ਤੌਰ ’ਤੇ ਗ਼ੁਲਾਮ ਬਣਾਉਣਾ ਪਵੇਗਾ। ਉਨ੍ਹਾਂ ਨੇ ਈਸਾਈ ਮਿਸ਼ਨਰੀਆਂ ਨੂੰ ਅੰਗਰੇਜ਼ੀ ਸਾਹਿਤ ਤੇ ਅੰਗਰੇਜ਼ੀ ਭਾਸ਼ਾ ਦੇ ਪ੍ਰਚਾਰ ਦਾ ਜ਼ਿੰਮਾ ਸੌਂਪਿਆ। ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਲਈ ਸਸਤੇ ਕਲਰਕ ਚਾਹੀਦੇ ਸਨ ਤੇ ਇਹ ਲੋੜ ਉਨ੍ਹਾਂ ਨੇ ਭਾਰਤੀਆਂ ਨੂੰ ਅੰਗਰੇਜ਼ੀ ਭਾਸ਼ਾ ਸਿਖਾ ਕੇ ਕੀਤੀ। ਈਸਾਈ ਧਰਮ ਤੇ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਂਦੀਆਂ ਸਨ ਤਾਂ ਜੋ ਉਨ੍ਹਾਂ ਦੀ ਦੇਖਾ ਦੇਖੀ ਦੂਜੇ ਲੋਕ ਵੀ ਪ੍ਰੇਰਿਤ ਹੋ ਸਕਣ। ਉਸ ਸਮੇਂ ਲੋਕਾਂ ਨੇ ਅੰਗਰੇਜ਼ਾਂ ਨਾਲ ਨੇੜਤਾ ਰੱਖਣ ਤੇ ਕੰਮ ਲੈਣ ਦੇ ਲਾਲਚ ਵਿੱਚ ਅੰਗਰੇਜ਼ੀ ਸਿੱਖਣੀ ਆਰੰਭੀ। ਅੰਗਰੇਜ਼ ਭਾਵੇਂ ਚਲੇ ਗਏ, ਪਰ ਉਨ੍ਹਾਂ ਦੀ ਭਾਸ਼ਾ ਦੀ ਗ਼ੁਲਾਮੀ ਵਾਲੀ ਮਾਨਸਿਕਤਾ ਨਹੀਂ ਬਦਲੀ। ਅੰਗਰੇਜ਼ਾਂ ਦੁਆਰਾ ਭਾਰਤ ਛੱਡ ਜਾਣ ਦੇ ਏਨੇ ਸਮੇਂ ਬਾਅਦ ਅੰਗਰੇਜ਼ੀ ਭਾਸ਼ਾ ਦੀ ਸਰਦਾਰੀ ਹੈ। ਇਸ ਪਿੱਛੇ ਰਾਜਨੀਤਕ ਕਾਰਨ ਵੀ ਕਾਰਜਸ਼ੀਲ ਹਨ। ਅੰਗਰੇਜ਼ ਜਾਂਦੇ ਸਮੇਂ ਸ਼ਾਸਨ ਦੀ ਵਾਗਡੋਰ ਆਪਣੇ ਸ਼ੁਭਚਿੰਤਕਾਂ ਨੂੰ ਹੀ ਦੇ ਕੇ ਗਏ, ਜਿਨ੍ਹਾਂ ਨੇ ਅੱਗੇ ਅੰਗਰੇਜ਼ੀ ਨੂੰ ਰਵਾਇਤ ਵਜੋਂ ਤੋਰੀ ਰੱਖਿਆ। ਜਦੋਂ 1950 ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ ਤਾਂ ਉਸ ਸਮੇਂ ਸਿਰਫ਼ 15 ਸਾਲਾਂ ਲਈ ਅੰਗਰੇਜ਼ੀ ਭਾਸ਼ਾ ਨੂੰ ਸਹਾਇਕ ਰਾਜ ਭਾਸ਼ਾ ਵਜੋਂ ਥਾਂ ਦਿੱਤੀ ਗਈ। ਸਮੇਂ ਨਾਲ ਅੰਗਰੇਜ਼ੀ ਭਾਸ਼ਾ ਦਾ ਦਾਇਰਾ ਵਧਦਾ ਗਿਆ। 1997 ਵਿੱਚ ਇੱਕ ਕਾਨੂੰਨ ਰਾਹੀਂ ਇਹ ਵਿਵਸਥਾ ਕੀਤੀ ਗਈ ਕਿ ਨਿਆਂਪਾਲਿਕਾ ਦੇ ਸਾਰੇ ਕੰਮ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੋਣਗੇ। ਇਸ ਕਾਨੂੰਨ ਨੂੰ ਖ਼ਤਮ ਕੀਤਾ ਜਾ ਸਕਦਾ ਸੀ, ਪਰ ਜੇਕਰ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਦੋ ਤਿਹਾਈ ਪ੍ਰਤੀਸ਼ਤ ਮੈਂਬਰ ਸੰਸਦ ਵਿੱਚ ਇਹ ਪ੍ਰਸਤਾਵ ਰੱਖਦੇ, ਪਰ ਅਜਿਹਾ ਅੱਜ ਤੱਕ ਨਹੀਂ ਹੋ ਸਕਿਆ। ਪੰਜਾਬੀ ਭਾਸ਼ਾ ਨੂੰ ਇਕੱਲੀ ਅੰਗਰੇਜ਼ੀ ਭਾਸ਼ਾ ਤੋਂ ਹੀ ਨਹੀਂ ਬਲਕਿ ਹਿੰਦੀ ਤੋਂ ਵੀ ਓਨਾ ਹੀ ਖ਼ਤਰਾ ਹੈ ਕਿਉਂਕਿ ਹੁਣ ਤਾਂ ਭਾਰਤ ਨੂੰ ਹਿੰਦੂ ਰਾਜ ਦਾ ਰੰਗ ਦੇਣ ਦਾ ਕਾਰਜ ਵਿੱਢਿਆ ਹੋਇਆ ਹੈ, ਉੱਥੇ ਦੂਜੀਆਂ ਭਾਸ਼ਾਵਾਂ ਦੇ ਗਲ ਘੁੱਟਣ ਦਾ ਕਾਰਜ ਵੀ ਸ਼ੁਰੂ ਹੋਇਆ ਹੈ। ਬੇਸ਼ੱਕ ਭਾਰਤੀ ਸੰਵਿਧਾਨ ਦੀ ਅੱਠਵੀਂ ਸੂਚੀ ਵਿੱਚ ਪੰਜਾਬੀ ਭਾਸ਼ਾ ਨੂੰ ਉਨ੍ਹਾਂ 22 ਭਾਸ਼ਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵੱਲੋਂ ਮਾਨਤਾ ਦਿੱਤੀ ਗਈ ਹੈ, ਪਰ ਫਿਰ ਵੀ ਹਿੰਦੀ ਭਾਸ਼ਾ ਨੂੰ ਪੂਰੇ ਰਾਸ਼ਟਰ ਦੀ ਭਾਸ਼ਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਸੰਵਿਧਾਨ (ਆਰਟੀਕਲ 343) ਦੇ ਅਨੁਸਾਰ ਭਾਰਤ ਦੀ ਕੋਈ ਵੀ ਰਾਸ਼ਟਰੀ ਭਾਸ਼ਾ ਨਹੀਂ ਹੈ। ਹਿੰਦੀ ਸਿਰਫ਼ ਸੰਘ ਦੇ ਸ਼ਾਸਨ ਦੇ ਕੰਮਾਂ ਲਈ ਵਰਤੀ ਜਾਂਦੀ ਹੈ। ਸ਼ਾਸਨ ਦੇ ਕੰਮਾਂ ਤੋਂ ਬਾਅਦ ਹਿੰਦੀ ਭਾਸ਼ਾ ਦਾ ਅਲੱਗ ਅਲੱਗ ਖੇਤਰਾਂ ਵਿੱਚ ਵਾਧਾ ਹੋਇਆ ਹੈ।

ਕੋਈ ਵੀ ਮਨੁੱਖ ਬੱਚੇ ਦੇ ਰੂਪ ਵਿੱਚ ਆਪਣੇ ਪਰਿਵਾਰ ਤੇ ਆਪਣੇ ਆਲੇ ਦੁਆਲੇ ਦੇ ਸਮਾਜ ਵਿੱਚੋਂ ਹੀ ਭਾਸ਼ਾ ਨੂੰ ਅਪਣਾਉਂਦਾ ਹੈ। ਕਿਹਾ ਜਾਂਦਾ ਹੈ ਕਿ ਜੋ ਬੋਲੀ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ ਉਸ ਦੀ ਮਾਂ ਬੋਲੀ ਹੈ, ਪਰ ਅੱਜ ਦੇ ਸਮੇਂ ਵਿੱਚ ਤਾਂ ਬੱਚੇ ਨੂੰ ਥੋੜ੍ਹੀ ਜਿਹੀ ਸੁਰਤ ਸੰਭਲਣ ’ਤੇ ਹੀ ਅੰਗਰੇਜ਼ੀ ਦੇ ਸ਼ਬਦ ਸਿਖਾ ਦਿੱਤੇ ਜਾਂਦੇ ਹਨ। ਮਾਂ ਦਾ ਹੁਣ ਸਾਰਾ ਜ਼ੋਰ ਇਸ ਗੱਲ ’ਤੇ ਹੁੰਦਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਆਪਣੇ ਬੱਚੇ ਨੂੰ ਅੰਗਰੇਜ਼ੀ ਸਿਖਾ ਦੇਵੇ। ਇਸ ਤੋਂ ਬਾਅਦ ਬੱਚਾ ਸਕੂਲ ਵਿੱਚ ਵਿਚਰਦਾ ਹੈ। ਅੱਜ ਦੇ ਸਮੇਂ ਦੀ ਸਥਿਤੀ ਇਹ ਹੈ ਕਿ ਬਹੁਤ ਸਾਰੇ ਸਕੂਲ ਅਜਿਹੇ ਹਨ ਜਿੱਥੇ ਪੰਜਾਬ ਵਿੱਚ ਹੀ ਪੰਜਾਬੀ ਬੋਲਣ ’ਤੇ ਜ਼ੁਰਮਾਨਾ ਹੁੰਦਾ ਹੈ ਜਾਂ ਸਰੀਰਕ ਸਜ਼ਾ ਹੁੰਦੀ ਹੈ। ਅੱਜ ਮਾਂ ਵੱਲੋਂ ਤੇ ਸਕੂਲ ਵੱਲੋਂ ਅੰਗਰੇਜ਼ੀ ਭਾਸ਼ਾ ਦੇ ਦਬਾਅ ਹੇਠ ਜਦੋਂ ਬੱਚਾ ਨਾ ਤਾਂ ਪੂਰੀ ਤਰ੍ਹਾਂ ਅੰਗਰੇਜ਼ੀ ਸਿੱਖ ਪਾਉਂਦਾ ਹੈ ਅਤੇ ਨਾ ਹੀ ਪੰਜਾਬੀ। ਸਾਡੇ ਰੋਜ਼ਾਨਾ ਦੇ ਵਰਤੋਂ ਵਿਹਾਰ ਵਿੱਚ ਅੰਗਰੇਜ਼ੀ ਇੰਨੀ ਕੁ ਸ਼ਾਮਲ ਹੋ ਚੁੱਕੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਅੰਗਰੇਜ਼ੀ ਦੇ ਸ਼ਬਦ ਵਰਤ ਰਹੇ ਹਾਂ। ਇਹ ਸ਼ਬਦ ਅਸੀਂ ਬਿਨਾਂ ਕਿਸੇ ਉਚੇਚ ਦੇ ਸਹਿਜੇ ਹੀ ਬੋਲ ਜਾਂਦੇ ਹਾਂ। ਪੰਜਾਬੀ ਭਾਸ਼ਾ ਉੱਤੇ ਅੰਗਰੇਜ਼ੀ ਭਾਸ਼ਾ ਦੋ ਤਰੀਕਿਆਂ ਨਾਲ ਭਾਰੂ ਹੋ ਰਹੀ ਹੈ। ਪਹਿਲੀ ਸ਼ਬਦਾਵਲੀ ਕਿ ਜਿਨ੍ਹਾਂ ਦਾ ਸਾਡੇ ਕੋਲ ਪੰਜਾਬੀ ਵਿੱਚ ਕੋਈ ਰੂਪਾਂਤਰਣ ਹੀ ਨਹੀਂ, ਉਨ੍ਹਾਂ ਨੂੰ ਵਰਤਣਾ ਸਾਡੀ ਮਜਬੂਰੀ ਹੈ ਜਿਵੇਂ ਸਕੂਟਰ, ਮੋਬਾਈਲ, ਮਾਈਕਰੋਵੇਵ, ਓਵਨ ਆਦਿ। ਕਿਉਂਕਿ ਇਹ ਸਾਡੇ ਸੱਭਿਆਚਾਰ ਵਿੱਚੋਂ ਪੈਦਾ ਹੋਈਆਂ ਵਸਤਾਂ ਨਹੀਂ, ਬਲਕਿ ਦੂਜੇ ਸੱਭਿਆਚਾਰ ਵਿੱਚੋਂ ਲਈਆਂ ਗਈਆਂ ਹਨ। ਇਨ੍ਹਾਂ ਦਾ ਸਾਡੇ ਕੋਲ ਪੰਜਾਬੀ ਵਿੱਚ ਕੋਈ ਉਲੱਥਾ ਨਹੀਂ। ਦੂਜਾ ਤਰੀਕਾ ਬੋਲਬਾਣੀ ਵਿੱਚ ਆਪਣੀ ਭਾਸ਼ਾ ਨੂੰ ਪ੍ਰਭਾਵੀ ਬਣਾਉਣ ਲਈ ਜਾਂ ਆਪਣੇ ਗਿਆਨਵਾਨ ਹੋਣ ਦਾ ਰੋਅਬ ਪਾਉਣ ਲਈ ਵਰਤੀ ਜਾਂ ਰਹੀ ਸ਼ਬਦਾਵਲੀ। ਬੇਸ਼ੱਕ ਸਾਡੇ ਕੋਲ ਪੰਜਾਬੀ ਵਿੱਚ ਆਪਣੇ ਸ਼ਬਦ ਵੀ ਹਨ, ਪਰ ਫਿਰ ਵੀ ਇਸ ਦੀ ਜਗ੍ਹਾ ਅਸੀਂ ਹੋਰ ਭਾਸ਼ਾ ਦੇ ਸ਼ਬਦ ਵਰਤਣਾ ਵਧੇਰੇ ਪਸੰਦ ਕਰਦੇ ਹਾਂ। ਆਪਣੀ ਭਾਸ਼ਾ ਦੇ ਸ਼ਬਦ ਬੋਲਦੇ ਸਮੇਂ ਸੰਗ ਸ਼ਰਮ ਮਹਿਸੂਸ ਕਰਨਾ, ਮੁਆਫ਼ੀ ਜਾਂ ਧੰਨਵਾਦ ਵਰਗੇ ਸ਼ਬਦ ਸਾਡੀ ਜ਼ੁਬਾਨ ਵਿੱਚ ਐਵੇਂ ਅੜਕਦੇ ਹਨ ਜਿਵੇਂ ਅਸੀਂ ਕੋਈ ਗੈਰ ਭਾਸ਼ਾ ਬੋਲ ਰਹੇ ਹੋਈਏ। ਹੁਣ ਸਾਨੂੰ ਇਨ੍ਹਾਂ ਦੀ ਜਗ੍ਹਾ ਅੰਗਰੇਜ਼ੀ ਸ਼ਬਦ ਹੀ ਜ਼ਿਆਦਾ ਰਾਸ ਆ ਰਹੇ ਹਨ। ਜਿਉਂ ਜਿਉਂ ਸੱਭਿਆਚਾਰਕ ਤਬਦੀਲੀਆਂ ਆਉਂਦੀਆਂ ਹਨ, ਸਾਡੇ ਕੋਲ ਸ਼ਬਦਾਵਲੀ ਵੀ ਵਧ ਜਾਂਦੀ ਹੈ। ਅੱਜ ਚਮਕਦੀਆਂ ਟਾਈਲਾਂ ਤੇ ਸ਼ਾਜੋ ਸਾਮਾਨ ਨਾਲ ਬਣੀ ਹੋਈ ਰਸੋਈ (ਝਲਾਨੀ) ਨੂੰ ਕੋਈ ਵੀ ਪੰਜਾਬੀ ਵਿੱਚ ਕਹਿਣਾ ਪਸੰਦ ਨਹੀਂ ਕਰੇਗਾ ਸਗੋਂ ਕਿਚਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਅੱਜਕੱਲ੍ਹ ਪੰਜਾਬੀਆਂ ਦੇ ਘਰਾਂ ਅੱਗੇ ਵੀ ਨਾਮ ਦੀਆਂ ਪਲੇਟਾਂ ਅੰਗਰੇਜ਼ੀ ਵਿੱਚ ਲਿਖੀਆਂ ਜਾਂਦੀਆਂ ਹਨ, ਜਦਕਿ ਆਉਣਾ ਤਾਂ ਉੱਥੇ ਪੰਜਾਬੀਆਂ ਨੇ ਹੀ ਹੁੰਦਾ ਹੈ। ਕੁਝ ਸੱਭਿਆਚਾਰਕ ਤਬਦੀਲੀਆਂ ਵੀ ਕੁਝ ਸ਼ਬਦਾਂ ਦੇ ਖਾਰਜ ਹੋਣ ਵਿੱਚ ਭੂਮਿਕਾ ਨਿਭਾਉਂਦੀਆਂ ਹਨ। ਕੂੰਡਾ, ਘੋਟਨਾ, ਫੌਹੜਾ, ਨੇਹੀ, ਮਧਾਣੀ ਆਦਿ ਵਸਤੂਆਂ ਦੀ ਜਿਉਂ ਜਿਉਂ ਵਰਤੋਂ ਘਟ ਰਹੀ ਹੈ, ਉਵੇਂ ਹੀ ਇਹ ਸ਼ਬਦ ਪੰਜਾਬੀ ਭਾਸ਼ਾ ਵਿੱਚੋਂ ਖਾਰਜ ਹੋ ਜਾਣਗੇ।

ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਤਾਂ ਜ਼ਿਆਦਾਤਰ ਰੁਝਾਨ ਘਰਾਂ ਵਿੱਚ ਵੀ ਹਿੰਦੀ ਬੋਲਣ ਦਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਤੇ ਤਬਦੀਲੀਆਂ ਵਿੱਚ ਸੋਸ਼ਲ ਮੀਡੀਆ ਵੀ ਆਪਣੀ ਭੂਮਿਕਾ ਨਿਭਾ ਰਿਹਾ ਹੈ। ਜਿੱਥੇ ਸੋਸ਼ਲ ਮੀਡੀਆ ਤੇ ਪੰਜਾਬੀ ਸਾਹਿਤ ਨੂੰ ਇੱਕ ਵੱਖਰਾ ਮੰਚ ਮਿਲਿਆ ਹੈ ਉੱਥੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵੀ ਹੋਈ ਹੈ। ਸੋਸ਼ਲ ਮੀਡੀਆ ’ਤੇ ਵਰਤੀ ਜਾਂਦੀ ਪੰਜਾਬੀ ਦਾ ਵਿਆਕਰਨ ਪੱਖੋਂ ਬਿੰਦੀ, ਟਿੱਪੀ, ਅੱਧਕ ਦਾ ਕੋਈ ਖਾਸ ਖਿਆਲ ਨਹੀਂ ਰੱਖਿਆ ਜਾਂਦਾ, ਬਲਕਿ ਇਨ੍ਹਾਂ ਚੀਜ਼ਾਂ ਨੂੰ ਦਰਕਿਨਾਰ ਹੀ ਕੀਤਾ ਜਾ ਰਿਹਾ ਹੈ। ਪੰਜਾਬੀ ਭਾਸ਼ਾ ’ਤੇ ਇੱਕ ਨਵਾਂ ਪ੍ਰਯੋਗ ਪੰਜਾਬੀ ਨੂੰ ਰੋਮਨ ਲਿਪੀ ਵਿੱਚ ਲਿਖਣ ਦਾ ਰੁਝਾਨ ਵੀ ਪੈਦਾ ਕੀਤਾ ਹੈ। ਵਟਸਐਪ ਜਾਂ ਫੇਸਬੁੱਕ ਦੇ ਮੈਸੇਂਜਰ ’ਤੇ ਗੱਲਬਾਤ ਕਰਨ ਲਈ ਵਰਤੀ ਤਾਂ ਪੰਜਾਬੀ ਭਾਸ਼ਾ ਜਾਂਦੀ ਹੈ, ਪਰ ਉਸ ਨੂੰ ਲਿਖਿਆ ਰੋਮਨ ਲਿਪੀ ਵਿੱਚ ਜਾ ਰਿਹਾ ਹੈ। ਜਦਕਿ ਰੋਮਨ ਲਿਪੀ ਪੰਜਾਬੀ ਭਾਸ਼ਾ ਲਈ ਬਿਲਕੁਲ ਵੀ ਢੁੱਕਵੀਂ ਨਹੀਂ ਹੈ। ਰੋਮਨ ਲਿਪੀ ਪੰਜਾਬੀ ਭਾਸ਼ਾ ਦੀਆਂ ਸਾਰੀਆਂ ਧੁਨੀਆਂ ਨੂੰ ਪ੍ਰਗਟਾਉਣ ਵਿੱਚ ਅਸਮਰੱਥ ਹੈ। ਪੰਜਾਬੀ ਭਾਸ਼ਾ ਦੇ ਵਿਸਥਾਰ ਵਿੱਚ ਕੁਝ ਕੁ ਸਮੱਸਿਆਵਾਂ ਇਸ ਦੇ ਕੰਪੀਊਟਰੀਕਰਨ ਨਾਲ ਵੀ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਦੇ ਤਕਨੀਕੀ ਕਾਰਨਾਂ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਦੀ ਸਭ ਤੋਂ ਵੱਡੀ ਸਮੱਸਿਆ ਫੌਟਾਂ ਦੀ ਰਹੀ ਹੈ। ਬੇਸ਼ੱਕ ਬਹੁਤ ਸਾਰੇ ਫੌਂਟ ਬਣਾ ਲਏ ਹਨ, ਪਰ ਸੰਤੁਸ਼ਟੀਜਨਕ ਕੋਈ ਵੀ ਨਹੀਂ ਕਿਹਾ ਜਾ ਸਕਦਾ, ਨਾ ਹੀ ਪੰਜਾਬੀ ਭਾਸ਼ਾ ਲਈ ਕੋਈ ਵੱਖਰਾ ਕੀ ਬੋਰਡ ਬਣਾਇਆ ਜਾ ਸਕਿਆ ਹੈ। ਸਾਨੂੰ ਰੋਮਨ ਲਿਪੀ ਦੇ ਕੀ ਬੋਰਡ ’ਤੇ ਹੀ ਕੰਮ ਸਾਰਨਾ ਪੈ ਰਿਹਾ ਹੈ। ਕਿਤੇ ਨਾ ਕਿਤੇ ਇਸ ਦਾ ਇੱਕ ਕਾਰਨ ਪੰਜਾਬੀ ਭਾਸ਼ਾ ਦੇ ਅੱਖਰਾਂ ਦੀ ਗਿਣਤੀ ਹੈ ਜੋ ਜ਼ਿਆਦਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀਆਂ ਲਗਾਂ ਮਾਤਰਾਵਾਂ ਬਹੁਤ ਹਨ, ਜਿਨ੍ਹਾਂ ਲਈ ਵੱਡੇ ਕੀ ਬੋਰਡ ਦੀ ਜ਼ਰੂਰਤ ਹੈ ਜਿਹੜਾ ਮੁਸ਼ਕਲ ਜਾਪਦਾ ਹੈ। ਜਦਕਿ ਰੋਮਨ ਲਿਪੀ ਵਿੱਚ ਬਣੇ ਕੀ ਬੋਰਡ ’ਤੇ ਟਾਈਪਿੰਗ ਆਸਾਨੀ ਨਾਲ ਹੋ ਜਾਂਦੀ ਹੈ।

ਪੰਜਾਬੀ ਭਾਸ਼ਾ ਵਿੱਚ ਹੋ ਰਹੇ ਅੰਗਰੇਜ਼ੀ ਸ਼ਬਦਾਵਲੀ ਦੇ ਮਿਲਗੋਭੇ ਲਈ ਕਿਤੇ ਨਾ ਕਿਤੇ ਪੰਜਾਬੀ ਗਾਇਕੀ ਵੀ ਵੱਡਾ ਰੋਲ ਨਿਭਾ ਰਹੀ ਹੈ। ਸੰਗੀਤ ਕਿਸੇ ਚੀਜ਼ ਨੂੰ ਸਿੱਖਣ ਦਾ ਸਭ ਤੋਂ ਕਾਰਗਰ ਸਾਧਨ ਹੈ। ਅਸੀਂ ਸੰਗੀਤ ਨਾਲ ਬਹੁਤ ਜਲਦੀ ਤੇ ਅਚੇਤ ਪ੍ਰਭਾਵ ਕਬੂਲਦੇ ਹਾਂ। ਅੱਜ ਚਰਚਾ ਵਿੱਚ ਚਲ ਰਹੇ ਗੀਤਾਂ ਵਿੱਚ ਅੱਧੇ ਤੋਂ ਜ਼ਿਆਦਾ ਸ਼ਬਦ ਅੰਗਰੇਜ਼ੀ ਦੇ ਵਰਤੇ ਜਾ ਰਹੇ ਹਨ। ਅੰਗਰੇਜ਼ੀ ਦੇ ਉਹ ਸ਼ਬਦ ਜਿਹੜੇ ਸਾਨੂੰ ਸ਼ਾਇਦ ਕਦੇ ਸਮਝ ਨਾ ਆਉਂਦੇ ਜਾਂ ਸਾਨੂੰ ਉਚਾਰਨੇ ਨਾ ਆਉਂਦੇ, ਪਰ ਗਾਇਕੀ ਵਿੱਚ ਉਨ੍ਹਾਂ ਸ਼ਬਦਾਂ ਦੇ ਆਉਣ ਨਾਲ ਅਸੀਂ ਉਨ੍ਹਾਂ ਨੂੰ ਆਸਾਨੀ ਨਾਲ ਬੋਲ ਰਹੇ ਹਾਂ।

ਇੱਕ ਹੋਰ ਰੁਝਾਨ ਅੰਗਰੇਜ਼ੀ ਭਾਸ਼ਾ ਨੂੰ ਪੰਜਾਬੀ ਲਹਿਜੇ ਵਿੱਚ ‘ਆ’ ਅੰਤਕ ਲਾ ਕੇ ਬੋਲਣ ਦਾ ਹੈ। ਜਿਵੇਂ ਬੁੱਕਾਂ, ਕਲਾਸਾਂ, ਡਰੈਸਾਂ, ਬੈਂਕਾਂ, ਸਕੂਲਾਂ ਆਦਿ। ਇਹ ਨਾ ਤਾਂ ਪੰਜਾਬੀ ਭਾਸ਼ਾ ਹੈ ਨਾ ਹੀ ਅੰਗਰੇਜ਼ੀ ਭਾਸ਼ਾ ਹੈ। ਸੱਚਾਈ ਤਾਂ ਇਹ ਹੈ ਕਿ ਅਸੀਂ ਭਾਸ਼ਾ ਦੀ ਵਰਤੋਂ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਰਹੇ, ਜੋ ਵੀ ਸਾਨੂੰ ਸਮੇਂ ਸਥਿਤੀ ਅਨੁਸਾਰ ਠੀਕ ਲੱਗਦਾ ਹੈ ਅਸੀਂ ਉਸ ਨੂੰ ਹੀ ਵਰਤ ਲੈਂਦੇ ਹਾਂ। ਭਾਸ਼ਾ ਕੋਈ ਵੀ ਮਾੜੀ ਨਹੀਂ ਹੈ ਤੇ ਨਾ ਹੀ ਵੱਖ ਵੱਖ ਭਾਸ਼ਾਵਾਂ ਸਿੱਖਣਾ ਬੁਰਾ ਹੈ, ਪਰ ਆਪਣੀ ਭਾਸ਼ਾ ਨੂੰ ਛੱਡ ਕੇ ਦੂਜੀ ਭਾਸ਼ਾ ਵਰਤਣਾ ਦਿਮਾਗ਼ੀ ਗ਼ੁਲਾਮੀ ਦਾ ਸਬੂਤ ਹੈ। ਭਾਸ਼ਾ ਵਿਗਿਆਨ ਵਿੱਚ ਹੋਈਆਂ ਖੋਜਾਂ ਵੀ ਸਾਬਤ ਕਰ ਚੁੱਕੀਆਂ ਹਨ ਕਿ ਹੋਰ ਕੋਈ ਵੀ ਭਾਸ਼ਾ ਸਿੱਖਣ ਲਈ ਆਪਣੀ ਮਾਤ ਭਾਸ਼ਾ ਨੂੰ ਸਿੱਖਣਾ ਜ਼ਰੂਰੀ ਹੈ। ਅਜਿਹਾ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਡਾ ਖ਼ਤਰਾ ਸਾਡੇ ਤੋਂ ਹੀ ਹੈ ਜੋ ਇੱਕ ਸੰਪੂਰਨ ਭਾਸ਼ਾ ਹੋਣ ਦੇ ਬਾਵਜੂਦ ਹੋਰ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ। ਜਿੱਥੇ ਇੱਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਪੈਰੋਕਾਰ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਹਨ, ਉੱਥੇ ਬਹੁਤ ਸਾਰੀਆਂ ਸੰਸਥਾਵਾਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਉੱਜਵਲ ਭਵਿੱਖ ਲਈ ਯਤਨਸ਼ੀਲ ਹਨ। ਉੱਥੇ ਨਾਲ ਹੀ ਪੰਜਾਬੀ ਭਾਸ਼ਾ ਦੇ ਬਿਹਤਰੀਨ ਭਵਿੱਖ ਲਈ ਠੋਸ ਕਦਮ ਚੁੱਕਣੇ ਜ਼ਰੂਰੀ ਹਨ।

*ਖੋਜਾਰਥੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 98888-70822



News Source link
#ਪਜਬ #ਭਸ਼ #ਵਰਤਮਨ #ਸਥਤ #ਤ #ਸਭਵਨਵ

- Advertisement -

More articles

- Advertisement -

Latest article