41.5 C
Patiāla
Friday, May 10, 2024

ਸੁਪਨਿਆਂ ਦੀ ਵਿਲੱਖਣ ਦੁਨੀਆ

Must read


ਅਮਨਦੀਪ ਸਿੰਘ 

ਅਸੀਂ ਕਈ ਵਾਰ ਆਪਣੇ ਸਰੀਰ ਨੂੰ ਚੂੰਢੀ ਮਾਰ ਕੇ ਦੇਖਦੇ ਹਾਂ ਕਿ ਅਸੀਂ ਕਿਤੇ ਕੋਈ ਸੁਪਨਾ ਤਾਂ ਨਹੀਂ ਦੇਖ ਰਹੇ! ਕਿਉਂਕਿ ਸਾਨੂੰ ਯਕੀਨ ਨਹੀਂ ਹੁੰਦਾ ਕਿ ਅਸੀਂ ਸੱਚਮੁੱਚ ਵਿੱਚ ਹੀ ਸੁਪਨਾ ਦੇਖ ਰਹੇ ਹਾਂ ਕਿ ਨਹੀਂ? ਦਰਅਸਲ, ਸਪੱਸ਼ਟ ਸੁਪਨਾ (Lucid dream) ਉਹ ਹੁੰਦਾ ਹੈ ਜਦੋਂ ਤੁਹਾਨੂੰ ਅਹਿਸਾਸ ਹੋਵੇ ਕੇ ਤੁਸੀਂ ਸੁਪਨਾ ਵੇਖ ਰਹੇ ਹੋ। ਜਿੰਨੀ ਦੇਰ ਸੁਪਨਾ ਚੱਲਦਾ ਹੈ, ਤੁਸੀਂ ਆਪਣੇ ਅਹਿਸਾਸਾਂ ਤੇ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੇ ਹੋ। ਪਰ ਕਿੰਨਾ ਚੰਗਾ ਹੋਵੇ ਜੇ ਅਸੀਂ ਆਪਣੇ ਸੁਪਨੇ ਨੂੰ ਸਪੱਸ਼ਟ ਸੁਪਨਾ ਬਣਾ ਸਕੀਏ, ਮਤਲਬ ਅਸੀਂ ਚਾਹੀਏ ਤਾਂ ਸੁਪਨੇ ਨੂੰ ਆਪਣੇ ਮੁਤਾਬਿਕ ਢਾਲ ਸਕੀਏ। ਅਸੀਂ ਸੁਪਨੇ ਨੂੰ ਨਿਯੰਤਰਿਤ ਕਰ ਸਕੀਏ, ਉਸ ਵਿਚਲੇ ਪਾਤਰਾਂ, ਮਾਹੌਲ ਤੇ ਕਹਾਣੀ ਨੂੰ ਨਿਰਦੇਸ਼ਿਤ ਕਰ ਸਕੀਏ। ਉਸ ਤਰ੍ਹਾਂ ਦਾ ਸੁਪਨਾ ਫਿਰ ਤੁਹਾਡਾ ਡਰ ਤੇ ਬੇਚੈਨੀ ਘਟਾ ਸਕਦਾ ਹੈ। ਤੁਹਾਡੇ ਡਰਾਉਣੇ ਸੁਪਨੇ ਜਾਂ ਦਬਾਅ ਘਟ ਸਕਦੇ ਹਨ। ਇਸ ਤੋਂ ਪਹਿਲਾਂ ਅਸੀਂ ਇਹ ਜਾਣੀਏ ਕਿ ਅਸੀਂ ਸਪੱਸ਼ਟ ਸੁਪਨੇ ਕਿਵੇਂ ਵੇਖ ਸਕਦੇ ਹਾਂ।

ਸਪੱਸ਼ਟ ਸੁਪਨੇ ਅਕਸਰ ਆਰਈਐੱਮ (REM-Rapid Eye Movement) ਨੀਂਦ ਦੌਰਾਨ ਆਉਂਦੇ ਹਨ, ਜੋ ਕਿ ਬਹੁਤ ਗੂੜ੍ਹੀ ਨੀਂਦ ਦੀ ਅਵਸਥਾ ਹੁੰਦੀ ਹੈ, ਜਦੋਂ ਅੱਖਾਂ ਤੇਜ਼ੀ ਨਾਲ ਘੁੰਮਦੀਆਂ ਹਨ, ਸਾਹ ਦੀ ਗਤੀ ਵੀ ਤੇਜ਼ ਹੁੰਦੀ ਹੈ ਅਤੇ ਦਿਮਾਗ਼ੀ ਗਤੀਵਿਧੀ ਵੀ ਜ਼ਿਆਦਾ ਹੁੰਦੀ ਹੈ। ਆਰਈਐੱਮ ਗੂੜ੍ਹੀ ਨੀਂਦ ਦੀ ਅਵਸਥਾ ਸਾਡੇ ਸੌਣ ਤੋਂ ਤਕਰੀਬਨ 90 ਕੁ ਮਿੰਟਾਂ ਬਾਅਦ ਸ਼ੁਰੂ ਹੁੰਦੀ ਹੈ ਤੇ 10 ਕੁ ਮਿੰਟ ਰਹਿੰਦੀ ਹੈ। ਜਿਵੇਂ ਜਿਵੇਂ ਅਸੀਂ ਨੀਂਦ ਵਿੱਚ ਗਹਿਰੇ ਡੁੱਬਦੇ ਜਾਂਦੇ ਹਾਂ, ਇਹ ਨੀਂਦ ਹੋਰ ਲੰਮੀ ਹੁੰਦੀ ਜਾਂਦੀ ਹੈ ਜੋ ਕਿ ਵੱਧ ਤੋਂ ਵੱਧ ਇੱਕ ਘੰਟਾ ਰਹਿੰਦੀ ਹੈ। 

ਸਪੱਸ਼ਟ ਸੁਪਨੇ ਕਿਉਂ ਤੇ ਕਿਵੇਂ ਆਉਂਦੇ ਹਨ, ਇਸ ਬਾਰੇ ਵਿਗਿਆਨਕ ਬਹੁਤਾ ਨਹੀਂ ਜਾਣਦੇ, ਪਰ ਫੇਰ ਵੀ ਉਨ੍ਹਾਂ ਦੇ ਅੰਦਾਜ਼ੇ ਮੁਤਾਬਿਕ ਜਿਨ੍ਹਾਂ ਲੋਕਾਂ ਨੂੰ ਸਪੱਸ਼ਟ ਸੁਪਨੇ ਆਉਂਦੇ ਹਨ, ਉਨ੍ਹਾਂ ਦੇ ਦਿਮਾਗ਼ ਦਾ ਮੂਹਰਲਾ ਹਿੱਸਾ ਜਿਸ ਨੂੰ ਪ੍ਰੀਫਰੰਟਲ ਕੋਰਟੈਕਸ (Prefrontal Cortex) ਕਹਿੰਦੇ ਹਨ, ਵੱਡਾ ਹੁੰਦਾ ਹੈ। ਪ੍ਰੀਫੰਟਲ ਕੋਰਟੈਕਸ ਦਿਮਾਗ਼ ਦਾ ਉਹ ਭਾਗ ਹੈ ਜੋ ਕਿ ਉੱਚੇ ਪੱਧਰ ਦੇ ਨਿਰਣੇ ਜਿਵੇਂ ਕਿ ਫ਼ੈਸਲੇ ਲੈਣੇ, ਗੱਲਾਂ ਜਾਂ ਘਟਨਾਵਾਂ ਨੂੰ ਯਾਦ ਕਰਨਾ ਆਦਿ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਪੱਸ਼ਟ ਸੁਪਨੇ ਵੇਖਣ ਵਾਲੇ ਲੋਕ ਅੰਤਰਮੁਖੀ ਹੁੰਦੇ ਹਨ ਜੋ ਸਵੈ ਬਾਰੇ ਬਹੁਤਾ ਸੋਚਦੇ ਰਹਿੰਦੇ ਹਨ। ਜਰਮਨੀ ਵਿੱਚ ਇੱਕ ਖੋਜ ਅਧਿਐਨ ਦੇ ਮੁਤਾਬਿਕ ਸਪੱਸ਼ਟ ਸੁਪਨੇ ਵਿਚਕਾਰਲੀ ਅਵਸਥਾ ਹੋ ਸਕਦੀ ਹੈ ਜਦੋਂ ਅਸੀਂ ਪੂਰੀ ਤਰ੍ਹਾਂ ਸੁੱਤੇ ਨਹੀਂ ਹੁੰਦੇ, ਪਰ ਪੂਰੀ ਤਰ੍ਹਾਂ ਜਾਗਦੇ ਵੀ ਨਹੀਂ ਹੁੰਦੇ।

ਸਪੱਸ਼ਟ ਸੁਪਨੇ ਜਾਗਦੀ ਜ਼ਿੰਦਗੀ ਲਈ ਲਾਭਦਾਇਕ ਹੋ ਸਕਦੇ ਹਨ ਜਿਵੇਂ ਕਿ ਘੱਟ ਬੇਚੈਨੀ।  ਸਪੱਸ਼ਟ ਸੁਪਨੇ ਵੇਖਦੇ ਹੋਏ ਜਿਹੜਾ ਨਿਯੰਤਰਣ ਵਿਅਕਤੀ ਸਿੱਖਦਾ ਹੈ, ਉਹ ਆਪਣੇ ਜੀਵਨ ਵਿੱਚ ਵੀ ਆਪਣਾ ਸਕਦਾ ਹੈ। ਜਦੋਂ ਤੁਸੀਂ ਸਪੱਸ਼ਟ ਸੁਪਨੇ ਵੇਖਦੇ ਹੋ ਤੇ ਆਪਣੇ ਸੁਪਨੇ ’ਤੇ ਨਿਯੰਤਰਣ ਰੱਖ ਸਕਦੇ ਹੋ। ਉਸ ਨੂੰ ਦਿਸ਼ਾ ਨਿਰਦੇਸ਼ ਦੇ ਸਕਦੇ ਹੋ ਤਾਂ ਤੁਹਾਨੂੰ ਉਸ ਨਾਲ ਸੁਕੂਨ ਮਿਲ ਸਕਦਾ ਹੈ ਜੋ ਕਿ ਇੱਕ ਤਰ੍ਹਾਂ ਦੀ ਦਵਾਈ ਦਾ ਕੰਮ ਕਰਕੇ, ਤੁਹਾਨੂੰ ਡਰਾਉਣੇ ਸੁਪਨਿਆਂ ਤੋਂ ਬਚਾ ਸਕਦਾ ਹੈ ਤੇ ਤੁਹਾਡੇ ਰੋਜ਼ਾਨਾ ਦੇ ਜੀਵਨ ਨੂੰ ਸੌਖਾ ਬਣਾ ਸਕਦਾ ਹੈ। 

ਜੇ ਤੁਸੀਂ ਕਲਾਕਾਰ ਜਾਂ ਲੇਖਕ ਹੋ ਤਾਂ ਸਪੱਸ਼ਟ ਸੁਪਨੇ ਤੁਹਾਨੂੰ ਹੋਰ ਵੀ ਰਚਨਾਤਮਕ ਬਣਾ ਸਕਦੇ ਹਨ। ਸਪੱਸ਼ਟ ਸੁਪਨਿਆਂ ਵਿੱਚ ਆਉਣ ਵਾਲੇ ਪਾਤਰ ਤੁਹਾਡੇ ਪ੍ਰਗਟਾਵੇ ਦਾ ਹਿੱਸਾ ਬਣ ਕੇ ਉਸ ਨੂੰ ਹੋਰ ਵੀ ਗੂੜ੍ਹਾ ਕਰ ਸਕਦੇ ਹਨ। ਮਨੋਵਿਗਿਆਨੀਆਂ ਨੇ ਸਪੱਸ਼ਟ ਸੁਪਨੇ ਦੇਖ ਰਹੇ ਵਿਅਕਤੀਆਂ ਨਾਲ ਅਕਸਰ ਵਾਸਤਵਿਕ ਸਮੇਂ ਵਿੱਚ ਦੋ ਤਰਫ਼ਾ ਸੰਚਾਰ ਕਾਇਮ ਕੀਤਾ ਹੈ, ਜਿਸ ਨਾਲ ਉਹ ਸਪੱਸ਼ਟ ਸੁਪਨੇ ਦੇ ਦਰਮਿਆਨ ਵਿਅਕਤੀ ਨਾਲ ਅੱਖਾਂ, ਚਿਹਰੇ ਦੀਆਂ ਮਾਸਪੇਸ਼ੀਆਂ ਰਾਹੀਂ ਸਵਾਲ-ਜਵਾਬ ਕਰ ਸਕਦੇ ਹਨ। ਇਸ ਨਾਲ ਵਿਗਿਆਨੀਆਂ ਨੂੰ ਸੁਪਨਿਆਂ ਨੂੰ ਸਮਝਣ ਅਤੇ ਰਚਨਾਤਮਕ ਤੇ ਗਿਆਨ ਵਧਾਊ ਕਾਰਜਾਂ ਵਿੱਚ ਮਦਦ ਮਿਲ ਸਕਦੀ ਹੈ। 

ਜੇ ਸਪੱਸ਼ਟ ਸੁਪਨਿਆਂ ਦੇ ਫਾਇਦੇ ਹਨ ਤਾਂ ਕੁਝ ਨੁਕਸਾਨ ਵੀ ਹਨ ਜਿਵੇਂ ਕਿ ਨੀਂਦ ਨਾ ਪੂਰੀ ਹੋਣੀ। ਸਪੱਸ਼ਟ ਸੁਪਨੇ ਵੇਖਦੇ ਹੋਏ ਅਸੀਂ ਅੱਧੇ ਜਾਗਰੂਕ ਹੁੰਦੇ ਹਾਂ, ਜਿਸ ਨਾਲ ਚੰਗੀ ਨੀਂਦ ਨਹੀਂ ਆਉਂਦੀ ਤੇ ਜੇ ਇੱਕ ਵਾਰ ਜਾਗ ਖੁੱਲ੍ਹ ਜਾਵੇ ਤਾਂ ਦੁਬਾਰਾ ਸੌਣਾ ਮੁਸ਼ਕਿਲ ਹੋ ਸਕਦਾ ਹੈ। ਫਿਰ ਤੁਸੀਂ ਦਿਨ ਭਰ ਪਰੇਸ਼ਾਨ ਰਹਿ ਸਕਦੇ ਹੋ। ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਨੂੰ ਸਪੱਸ਼ਟ ਸੁਪਨੇ ਹੋਰ ਵੀ ਬੇਚੈਨ ਕਰ ਸਕਦੇ ਹਨ ਤੇ ਘਬਰਾਹਟ ਪੈਦਾ ਕਰ ਸਕਦੇ ਹਨ। ਕੁਝ ਵਿਅਕਤੀ ਨੀਂਦ ਦੇ ਦੌਰਾਨ ਅਧਰੰਗ ਦੀ ਅਵਸਥਾ ਵਿੱਚ ਵੀ ਜਾ ਸਕਦੇ ਹਨ, ਜੋ ਕਿ ਸਪੱਸ਼ਟ ਸੁਪਨੇ ਵਰਗੀ ਹੀ ਅਵਸਥਾ ਦਿਖਦੀ ਹੈ, ਪਰ ਹੁੰਦੀ ਨਹੀਂ। ਉਹ ਵਿਅਕਤੀ ਮਾਇਆ ਤੇ ਭਰਮ ਦੇ ਜਾਲ ਵਿੱਚ ਵੀ ਫਸਿਆ ਮਹਿਸੂਸ ਕਰ ਸਕਦੇ ਹਨ। ਇਸ ਅਧਰੰਗ ਦੀ ਅਵਸਥਾ ਵਿੱਚੋਂ ਸਰੀਰ ਦੇ ਹਿੱਸਿਆਂ ਜਿਵੇਂ ਕਿ ਉਂਗਲ ਨੂੰ ਲਗਾਤਾਰ ਹਿਲਾ ਕੇ ਤੇ ਫੇਰ ਹੱਥਾਂ-ਪੈਰਾਂ ਨੂੰ ਹਿਲਾ ਕੇ ਅਤੇ ਪੂਰੇ ਸਰੀਰ ਨੂੰ ਜਾਗ੍ਰਿਤ ਕਰਕੇ ਨਿਕਲਿਆ ਜਾ ਸਕਦਾ ਹੈ। 

ਕੁਝ ਖੋਜ ਕਾਰਜਾਂ ਅਨੁਸਾਰ ਤੁਸੀਂ ਸਪੱਸ਼ਟ ਸੁਪਨੇ ਵੇਖਣ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦੇ ਹੋ। ਇਸ ਦਾ ਇੱਕ ਤਰੀਕਾ ਆਪਣੇ ਸੁਪਨਿਆਂ ਦੀਆਂ ਛੋਟੀਆਂ ਛੋਟੀਆਂ ਬਾਰੀਕੀਆਂ ਨੋਟ ਕਰਨੀਆਂ ਤੇ ਸੁਪਨੇ ਵਿੱਚ ਆਪਣੇ ਮਨ-ਮਸਤਕ ਨੂੰ ਹਕੀਕਤ ਤੋਂ ਸੁਚੇਤ ਕਰਨਾ ਹੈ। ਵਿਗਿਆਨੀਆਂ ਨੇ ਕੁਝ ਤਰੀਕੇ ਅਜ਼ਮਾਏ ਵੀ ਹਨ। ਜਿਵੇਂ ਕਿ ਸੁਪਨੇ ਨੂੰ ਪਹਿਚਾਨਣਾ। ਇਸ ਤਰੀਕੇ ਵਿੱਚ ਤੁਸੀਂ ਜਾਗਦੇ ਹੋਏ ਆਪਣੇ ਆਪ ਨੂੰ ਇਹ ਅਹਿਸਾਸ ਦਿਵਾਉਂਦੇ ਹੋ ਕਿ ਕੀ ਤੁਸੀਂ ਸੁਪਨਾ ਤਾਂ ਨਹੀਂ ਦੇਖ ਰਹੇ? ਸਚਮੁੱਚ ਤੁਸੀਂ ਉਹੋ ਜਿਹੀਆਂ ਹਰਕਤਾਂ ਕਰਦੇ ਹੋ ਜੋ ਸੁਪਨੇ ਵਿੱਚ ਅਸੰਭਵ ਹਨ ਜਿਵੇਂ ਕਿ ਆਪਣੇ ਆਪ ਨੂੰ ਚੂੰਢੀ ਵੱਢ ਕੇ ਵੇਖਣਾ, ਬੰਦ ਮੂੰਹ ਰਾਹੀਂ ਸਾਹ ਲੈਣ ਦੀ ਕੋਸ਼ਿਸ਼ ਕਰਨਾ, ਕੋਈ ਕਿਤਾਬ ਪੜ੍ਹਨਾ ਆਦਿ। 

ਜੇ ਤੁਹਾਨੂੰ ‘ਸੁਪਨਿਆਂ ਨੂੰ ਪਹਿਚਾਨਣ’ ਦਾ ਤਰੀਕਾ ਅਸੰਭਵ ਜਾਂ ਬਚਕਾਨਾ ਲੱਗਦਾ ਹੈ  ਤਾਂ ਸੁਪਨਿਆਂ ਬਾਰੇ ਡਾਇਰੀ ਲਿਖਣਾ ਬਹੁਤ ਲਾਭਦਾਇਕ ਹੈ। ਜਿਹੜੇ ਲੋਕਾਂ ਨੇ ਸੁਪਨਿਆਂ ਵਾਰੇ ਲਿਖਿਆ ਹੈ ਉਨ੍ਹਾਂ ਨੂੰ ਜ਼ਿਆਦਾ ਸਪੱਸ਼ਟ ਸੁਪਨੇ ਆਏ ਹਨ, ਕਿਉਂਕਿ ਡਾਇਰੀ ਲਿਖਣ ਨਾਲ ਤੁਸੀਂ ਸੁਪਨਿਆਂ ’ਤੇ ਆਪਣਾ ਧਿਆਨ ਜ਼ਿਆਦਾ ਕੇਂਦਰਿਤ ਕਰਦੇ ਹੋ। ਕੁਝ ਖੋਜਕਾਰਾਂ ਨੇ ਇਹ ਸਮਝਿਆ ਹੈ ਕਿ ਇਕੱਲਾ ਸੁਪਨਿਆਂ ਬਾਰੇ ਡਾਇਰੀ ਲਿਖਣਾ ਹੀ ਸਪੱਸ਼ਟ ਸੁਪਨੇ ਆਉਣ ਦਾ ਤਰੀਕਾ ਨਹੀਂ ਹੈ, ਪਰ ਜਦੋਂ ਉਸ ਨਾਲ ਤੁਸੀਂ ਹੋਰ ਤਰੀਕੇ ਜੋੜਦੇ ਹੋ ਤਾਂ ਸਪੱਸ਼ਟ ਸੁਪਨੇ ਵੇਖਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। 

ਜੇ ਸੁਪਨੇ ਲੈਂਦੇ ਹੋਏ ਨੀਂਦ ਵਿੱਚੋਂ ਤੁਹਾਡੀ ਅੱਖ ਖੁੱਲ੍ਹ ਜਾਵੇ ਤਾਂ ਫੇਰ ਦੁਬਾਰਾ ਸੌਣ ਦੀ ਕੋਸ਼ਿਸ਼ ਕਰੋ। ਇਸ ਨਾਲ ਰੁਮਾਂਚਕ ਤੇ ਖੂਬਸੂਰਤ ਸੁਪਨੇ ਆਉਂਦੇ ਹਨ, ਜੋ ਸਾਨੂੰ ਅਕਸਰ ਯਾਦ ਵੀ ਰਹਿੰਦੇ ਹਨ ਤੇ ਪੂਰਾ-ਪੂਰਾ ਦਿਨ ਉਤਸ਼ਾਹਿਤ ਰੱਖਦੇ ਹਨ।

ਕੁਝ ਦਵਾਈਆਂ, ਸਪਲੀਮੈਂਟ ਜਾਂ ਜੜ੍ਹੀ-ਬੂਟੀਆਂ ਤੇ ਯੰਤਰ ਜਿਵੇਂ ਕਿ ਮਾਸਕ, ਰੌਸ਼ਨੀ ਜਾਂ ਆਵਾਜ਼ ਵਾਲੇ ਹੈੱਡਬੈਂਡ ਆਦਿ ਵੀ ਸਪੱਸ਼ਟ ਸੁਪਨੇ ਲਿਆਉਣ ਵਿੱਚ ਮਦਦ ਕਰ ਸਕਦੇ ਹਨ। ਜਿਵੇਂ ਕਿ ਜੇ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ ’ਤੇ ਕੁਝ ਦੇਖ ਕੇ ਜਾਂ ਸੁਣ ਕੇ ਸੌਂਈਏ। ਪਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ, ਟੀਵੀ, ਕੰਪਿਊਟਰ ਸਕਰੀਨ ਜਾਂ ਹੋਰ ਕੋਈ ਨੀਲੀ ਰੌਸ਼ਨੀ ਛੱਡਣ ਵਾਲੇ ਯੰਤਰ ਵਰਤਣ ਨਾਲ ਨੀਂਦ ਔਖੀ ਆਉਂਦੀ ਹੈ। 

ਸਪੱਸ਼ਟ ਸੁਪਨੇ ਦੇਖਣ ਨਾਲ ਸਾਨੂੰ ਅਨੇਕਾਂ ਫਾਇਦੇ ਹੋ ਸਕਦੇ ਹਨ, ਪਰ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਜਾਂ ਕੋਈ ਗੰਭੀਰ ਮਾਨਸਿਕ ਰੋਗ ਹੈ ਤਾਂ ਸਪੱਸ਼ਟ ਸੁਪਨੇ ਦੇਖਣ ਦੀ ਕੋਸ਼ਿਸ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰ ਲਵੋ।



News Source link
#ਸਪਨਆ #ਦ #ਵਲਖਣ #ਦਨਆ

- Advertisement -

More articles

- Advertisement -

Latest article