32.3 C
Patiāla
Sunday, April 28, 2024

ਪਰਵਾਸੀ ਕਾਵਿ

Must read


ਗ. ਸ. ਨਕਸ਼ਦੀਪ ਪੰਜਕੋਹਾ

ਕੱਲ੍ਹ ਤੇ ਹੁਣ

ਪੁੱਤਰ ਦੇ ਰੁਝੇਵਿਆਂ ਦੀ ਕੈਨਵਸ ‘ਤੇ

ਮੇਰੀ ਹੋਂਦ ਮੱਧਮ ਹੋ ਗਈ ਹੈ

ਜਿਵੇਂ ਢਲਦੀ ਸ਼ਾਮ ਰਾਤ ਵਿੱਚ ਘੁਲਦੀ ਹੋਵੇ !

ਯਾਦਾਂ ਹਨ ਜਿਨ੍ਹਾਂ ਦੀ ਹੋਂਦ ਅਪਾਹਜਾਂ ਵਰਗੀ ਲੱਗੇ!

ਮਨ ਜ਼ੋਰ ਪਾ ਕੇ ਅਤੀਤ ਵਿੱਚ ਬਸ ਡੁੱਬ ਜਾਵੇ

ਕਿਸੇ ਚੰਗੇ ਪਲ ਦੀ ਭਾਲ ਵਿੱਚ ਪਰ

ਸੁੱਕੇ ਤਿਣਕੇ ਵਾਂਗ ਉਹ ਉਸੇ ਵਿੱਚ ਜਲ ਜਾਵੇ|

ਬੜੀ ਭੀੜ ਹੈ ਆਲੇ ਦੁਆਲੇ ਪਰ ਉਹ ਨਹੀਂ !

ਹਾਂ ਉਹ ਜੋ ਬੱਤੀ ਬਣ ਜਗਦੀ ਸੀ ਮੇਰੇ ਕੋਲੇ !

ਤਨਹਾਈ ਦੇ ਹਨੇਰੇ ਨੂੰ ਭਾਫ਼ ਵਾਂਗ ਉਡਾਉਣ ਵਾਲੀ !

ਹੁਣ ਕੈਨਵਸ ‘ਤੇ ਰਹੇ ਇੱਕ ਬਿੰਦੂ ਤੱਕ ਕੇ

ਕਦੇ ਫੋਨ ਆਉਂਦਾ ਹੈ ‘ਕਿੰਝ ਹੋ’?

ਤਕੀਆ ਕਲਾਮ ਦਾ ਲੈ ਸਹਾਰਾ ਆਖ ਛੱਡੀਦਾ

‘ਠੀਕ ਠਾਕ’ ਭਲਾ ਕੀ ਠੀਕ ਤੇ ਕੀ ਠਾਕ ?

ਅਜਬ ਹਨ ਵਕਤ ਦੇ ਪਲਾਂ ਦੇ ਬਦਲੇ ਹੋਏ ਰੰਗ

ਜੋ ਇੱਕੋ ਕਾਲੇ ਰੰਗ ਵਿੱਚ ਸਿਮਟ ਹਨ ਜਾਂਦੇ !

‘ਜ਼ਮਾਨੇ ਬਦਲ ਗਏ’ ਵਰਗੇ ਫਿਕਰੇ ਪਤੰਗਾਂ ਵਾਂਗ

ਏਧਰ ਓਧਰ ਉੱਡਦੇ ਫਿਰਦੇ !

ਪਤਾ ਨਹੀਂ ਕਿਉਂ ਕੋਈ ਆਸ ਜੁਗਨੂੰ ਬਣ

ਫਿਰ ਮੇਰੇ ਵਿਹੜੇ ਵਿੱਚ ਚਮਕੀ ਜਾਵੇ !

ਉਹ ਤਾਂ ਹੈ ਬਸ ਉੱਡਦੀ ਹੀ ਚੰਗੀ ਲੱਗਦੀ!

ਉਸ ਨੂੰ ਮੈਂ ਬੜਾ ਫੜਨੋਂ ਤ੍ਰਭਕਾਂ

ਕਿਉਂਕਿ ਆਖਰ ਉਹ ਕਲਪਨਾ ਹੀ ਤਾਂ ਹੈ!

ਸਿੱਖ ਲੈ

ਜੇ ਸੱਜਣਾ ਸੱਚ ਦੇ ਨਾਲ ਖੜ੍ਹਨਾ ਏਂ

ਤਾਂ ਤੂੰ ਇਕੱਲੇ ਰਹਿਣਾ ਸਿੱਖ ਲੈ।

ਨਾਲ ਬੇਫਿਕਰੀ ਦੇ ਨਾਲ ਤੂੰ

ਲੋਕਾਂ ਨੂੰ ਫਿਰ ਸੱਚ ਕਹਿਣਾ ਸਿੱਖ ਲੈੇ।

ਜੰਗਲ ਵਰਗੀ ਫ਼ਿਜ਼ਾ ਹੋ ਗਈ ਹੈ

ਆਪੋ ਧਾਪੀ ਵਿੱਚ ਲੋਕ ਵਿਚਰਦੇ।

ਬਰਫ਼ ਦੀ ਸਿਲ੍ਹ ‘ਤੇ ਆਸਣ ਤੇਰਾ

ਇਸ ਉੱਤੇ ਤੂੰ ਬਹਿਣਾ ਸਿੱਖ ਲੈ।

ਮਾਰੂਥਲ ਦੇ ਰਸਤੇ ਚੁਣਕੇ

ਕਿਉਂ ਸ਼ਿਕਾਇਤਾਂ ਕਰੇਂ ਗਰਮੀ ਦੀਆਂ।

ਜੇ ਮੰਜ਼ਿਲ ਹੈ ਤੈਨੂੰ ਪਿਆਰੀ

ਸੂਰਜ ਦੀ ਤਪਸ਼ ਵੀ ਸਹਿਣਾ ਸਿੱਖ ਲੈ।

ਸਭ ਕੁਝ ਖੋਹ ਲੈਣ ਜੇ ਦੁਸ਼ਮਣ

ਦਿਲ ਫਿਰ ਵੀ ਨਹੀਂ ਕਦੇ ਹਾਰੀਦਾ।

ਆਪਣੀ ਮੰਜ਼ਿਲ ‘ਤੇ ਅੱਖਾਂ ਰੱਖ ਤੂੰ

ਗੈਰਾਂ ਦੇ ਵਿੱਚ ਰਹਿਣਾ ਸਿੱਖ ਲੈ।

ਫੂਕ ਦੇਂਦੀ ਇੱਕ ਚਿਣਗ ਜੰਗਲ ਨੂੰ

ਅੱਗ ਦੇ ਰਉਂ ਨੂੰ ਤੂੰ ਸਮਝ ਜ਼ਰਾ।

ਠੱਗ ਸ਼ਬਦਾਂ ਰਾਹੀਂ ਲੁੱਟ ਲੈਂਦੇ

ਬਣਾਉਣਾ ਸ਼ਬਦ ਨੂੰ ਗਹਿਣਾ ਸਿੱਖ ਲੈ।

ਖਿੜੇ ਫੁੱਲਾਂ ਨੂੰ ਹਰ ਵੇਲੇ ਤੱਕ ਤੂੰ

ਉੱਡਦੇ ਪਰਿੰਦਿਆਂ ਨੂੰ ਵੇਖੀਂ ਸੱਜਣਾ।

ਧਰਤੀ ਨਕਸ਼ਦੀਪ ਝੁਕ ਜਾਂਦੀ

ਤੂੰ ਦਰਿਆਵਾਂ ਵਾਂਗਰ ਵਹਿਣਾ ਸਿੱਖ ਲੈੇ।



News Source link
#ਪਰਵਸ #ਕਵ

- Advertisement -

More articles

- Advertisement -

Latest article