29.2 C
Patiāla
Saturday, April 27, 2024

ਸ਼ੇਅਰਾਂ ’ਚ ਗਿਰਾਵਟ ਸਿਰਫ ਇਕ ਕੰਪਨੀ ਨਾਲ ਜੁੜਿਆ ਮਸਲਾ: ਸੀਤਾਰਾਮਨ

Must read


ਨਵੀਂ ਦਿੱਲੀ, 5 ਫਰਵਰੀ 

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਸੇਬੀ ਤੇ ਆਰਬੀਆਈ ਵਰਗੇ ਰੈਗੂਲੇਟਰਾਂ ਨੂੰ ਸ਼ੇਅਰ ਬਾਜ਼ਾਰ ਨੂੰ ਸਥਿਰ ਰੱਖਣ ਲਈ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ। ਸੀਤਾਰਾਮਨ ਨੇ ਨਾਲ ਹੀ ਕਿਹਾ ਕਿ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਡਿੱਗਣਾ ਇਕ ਕੰਪਨੀ ਨਾਲ ਜੁੜਿਆ ਮਸਲਾ ਹੈ। ਬੈਂਕ ਤੇ ਬੀਮਾ ਕੰਪਨੀਆਂ ਕਿਸੇ ਇਕ ਕੰਪਨੀ ਨਾਲ ‘ਲੋੜੋਂ ਵੱਧ’ ਨਹੀਂ ਜੁੜੀਆਂ ਹੋਈਆਂ। ਉਨ੍ਹਾਂ ਕਿਹਾ ਕਿ ਭਾਰਤੀ ਰੈਗੂਲੇਟਰ ਸ਼ੇਅਰ ਬਾਜ਼ਾਰਾਂ ਨੂੰ ਕਾਰਗਰ ਢੰਗ ਨਾਲ ਚਲਾ ਰਹੇ ਹਨ। ਮੰਤਰੀ ਨੇ ਕਿਹਾ ਕਿ ਬੈਂਕ ਤੇ ਬੀਮਾ ਕੰਪਨੀਆਂ ਖੁਦ ਹੀ ਅੱਗੇ ਆ ਕੇ ਅਡਾਨੀ ਸਮੂਹ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰ ਰਹੀਆਂ ਹਨ। ਉਨ੍ਹਾਂ ਕਿਹਾ,‘ ਇਨ੍ਹਾਂ ਦਾ ਕਿਸੇ ਵੀ ਇਕ ਕੰਪਨੀ ਵਿੱਚ ਜ਼ਿਆਦਾ ਪੈਸਾ ਨਹੀਂ ਲੱਗਿਆ ਹੋਇਆ, ਇਹ ਗੱਲ ਇਹ ਖੁਦ ਕਹਿ ਰਹੀਆਂ ਹਨ।’ 

ਉਨ੍ਹਾਂ ਇਕ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਕਿਹਾ ਕਿ ਅਡਾਨੀ ਮੁੱਦੇ ਦਾ ਦੇਸ਼ ਵਿੱਚ ਨਿਵੇਸ਼ ਉੱਤੇ ਕੋਈ ਅਸਰ ਨਹੀਂ ਪਏਗਾ। ਪਿਛਲੇ ਕੁਝ ਦਿਨਾਂ ਵਿੱਚ 8 ਅਰਬ ਡਾਲਰ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਦੇਸ਼ ਵਿੱਚ ਆਈ ਹੈ। ਇਸ ਮਾਮਲੇ ਵਿੱਚ ਰੈਗੂਲੇਟਰਾਂ ਦੀ ਭੂਮਿਕਾ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ,‘ਭਾਵੇਂ ਆਰਬੀਆਈ ਹੋਵੇ ਜਾਂ ਸੇਬੀ, ਇਨ੍ਹਾਂ ਨੂੰ ਸਮੇਂ ਸਿਰ ਕੰਮ ਕਰਨਾ ਚਾਹੀਦਾ ਹੈ ਅਤੇ ਬਾਜ਼ਾਰ ਨੂੰ ਸਥਿਰ ਰੱਖਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਹਿੰਡਨਬਰਗ ਰਿਚਰਸ ਦੀ ਇਕ ਰਿਪੋਰਟ ਵਿੱਚ ਸ਼ੇਅਰਾਂ ਦੀਆਂ ਕੀਮਤਾਂ ਵਧਾਉਣ ਲਈ ਗ਼ਲਤ ਢੰਗ ਅਪਣਾਉਣ ਦੇ ਦੋਸ਼ ਲੱਗਣ ਤੋਂ ਬਾਅਦ ਇਸ ਸਮੂਹ ਦਾ ਸੌ ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਸ ਦੀਆਂ ਕੰਪਨੀਆਂ ਸਾਰੇ ਨੇਮਾਂ ਦਾ ਪਾਲਣ ਕਰਦੀਆਂ ਹਨ। -ਪੀਟੀਆਈ        

‘ਅਡਾਨੀ ਬਾਰੇ ਸਵਾਲਾਂ ਤੋਂ ਬਚ ਨਹੀਂ ਸਕਦੀ ਮੋਦੀ ਸਰਕਾਰ’

ਨਵੀਂ ਦਿੱਲੀ: ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਆਪਣਾ ਹੱਲਾ ਤਿੱਖਾ ਕਰਦਿਆਂ ਕਿਹਾ ਕਿ ਇਸ ਮਾਮਲੇ ’ਤੇ ਮੋਦੀ ਸਰਕਾਰ ਦੀ ‘ਲੰਮੀ ਚੁੱਪ’ ਵਿਚੋਂ ‘ਮਿਲੀਭੁਗਤ ਦੀ ਬੂ’ ਆ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਹਿੰਡਨਬਰਗ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਵਿਚ ਗੌਤਮ ਅਡਾਨੀ ਦੀ ਅਗਵਾਈ ਵਾਲੇ ਗਰੁੱਪ ’ਤੇ ਧੋਖਾਧੜੀ ਨਾਲ ਲੈਣ-ਦੇਣ ਕਰਨ ਤੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਹੇਰ-ਫੇਰ ਦੇ ਦੋਸ਼ ਲਾਏ ਗਏ ਹਨ। ਕਾਂਗਰਸ ਜਰਨਲ ਸਕੱਤਰ ਜੈਰਾਮ ਰਮੇਸ਼ ਨੇ ਇਕ ਬਿਆਨ ਵਿਚ ਕਿਹਾ ਪਾਰਟੀ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਕਈ ਸਵਾਲ ਰੱਖੇਗੀ। ਰਮੇਸ਼ ਨੇ ਕਿਹਾ ਕਿ 2016 ਵਿਚ ਪਨਾਮਾ ਪੇਪਰਜ਼ ਦੇ ਖੁਲਾਸਿਆਂ ਤੋਂ ਬਾਅਦ ਵਿੱਤ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਮੋਦੀ ਨੇ ਨਿੱਜੀ ਤੌਰ ’ਤੇ ਕਈ ਏਜੰਸੀਆਂ ਦੇ ਇਕ ਜਾਂਚ ਗਰੁੱਪ ਨੂੰ ਵਿੱਤੀ ਲੈਣ-ਦੇਣ ਦੀ ਨਿਗਰਾਨੀ ਦੇ ਹੁਕਮ ਦਿੱਤੇ ਹਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਵਿਚ 2016 ’ਚ ਹੋਏ ਜੀ20 ਸਮਾਗਮ ਵਿਚ ਕਿਹਾ ਸੀ, ‘ਸਾਨੂੰ ਆਰਥਿਕ ਅਪਰਾਧ ਕਰਨ ਵਾਲੇ ਭਗੌੜਿਆਂ ਦੇ ਸੁਰੱਖਿਅਤ ਟਿਕਾਣੇ ਖ਼ਤਮ ਕਰਨ ਦੀ ਲੋੜ ਹੈ, ਕਾਲੇ ਧਨ ਨੂੰ ਸਫ਼ੈਦ ਕਰਨ ਵਾਲਿਆਂ ਨੂੰ ਲੱਭ ਕੇ ਮੁਲਕਾਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ।’ ਰਮੇਸ਼ ਨੇ ਕਿਹਾ ਕਿ ਮੋਦੀ ਨੇ ਗੁੰਝਲਦਾਰ ਕੌਮਾਂਤਰੀ ਨਿਯਮਾਂ ਤੇ ਬੈਂਕਿੰਗ ਜਾਣਕਾਰੀ ਗੁਪਤ ਰੱਖੇ ਜਾਣ ਦਾ ਮੁੱਦਾ ਵੀ ਉਭਾਰਿਆ ਸੀ। ਉਨ੍ਹਾਂ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਇਸ ਤੋਂ ਕਈ ਸਵਾਲ ਨਿਕਲਦੇ ਹਨ ਤੇ ਤੁਸੀਂ ਅਤੇ ਤੁਹਾਡੀ ਸਰਕਾਰ ‘ਹਮ ਅਡਾਨੀ ਕੇ ਹੈਂ ਕੌਨ’ ਕਹਿ ਕੇ ਸਵਾਲਾਂ ਤੋਂ ਬਚ ਨਹੀਂ ਸਕਦੀ।’ ਰਮੇਸ਼ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਗੌਤਮ ਅਡਾਨੀ ਦੇ ਭਰਾ ਵਿਨੋਦ ਅਡਾਨੀ ਦਾ ਨਾਂ ਪਨਾਮਾ ਪੇਪਰਜ਼ ਵਿਚ ਸੀ, ਜੋ ਕਿ ਬਾਹਮਾਸ ਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿਚ ਆਫਸ਼ੋਰ ਇਕਾਈਆਂ ਚਲਾ ਰਿਹਾ ਸੀ। ਉਸ ’ਤੇ ‘ਸਟਾਕ ਹੇਰ-ਫੇਰ’ ਦਾ ਦੋਸ਼ ਵੀ ਸੀ, ਤੇ ਕਈ ਫ਼ਰਜ਼ੀ ਇਕਾਈਆਂ ਚਲਾਉਣ ਦਾ ਇਲਜ਼ਾਮ ਵੀ ਸੀ। ਰਮੇਸ਼ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਈ ਵਾਰ ਭ੍ਰਿਸ਼ਟਾਚਾਰ ਖ਼ਿਲਾਫ਼ ਲੜਨ ਲਈ ਆਪਣੀ ‘ਨੀਅਤ’ ਬਾਰੇ ਗੱਲ ਕੀਤੀ ਹੈ, ਤੇ ਦੇਸ਼ ਨੂੰ ਨੋਟਬੰਦੀ ਦਾ ਸਮਾਂ ਵੀ ਦੇਖਣਾ ਪਿਆ ਹੈ। ਕਾਂਗਰਸ ਜਨਰਲ ਸਕੱਤਰ ਨੇ ਸਵਾਲ ਉਠਾਇਆ, ‘ਮੋਦੀ ਜਿਸ ਕਾਰੋਬਾਰੀ ਇਕਾਈ ਨਾਲ ਨੇੜਿਓਂ ਜੁੜੇ ਹਨ, ਉਹ ਹੁਣ ਗੰਭੀਰ ਇਲਜ਼ਾਮਾਂ ਦੇ ਘੇਰੇ ਵਿਚ ਹੈ, ਜਾਂਚ ਦੀ ਗੰਭੀਰਤਾ ਬਾਰੇ ਹੁਣ ਕੀ ਕਿਹਾ ਜਾ ਸਕਦਾ ਹੈ?’ ਰਮੇਸ਼ ਨੇ ਕਿਹਾ ਕਿ ਪਿਛਲੇ ਸਾਲਾਂ ’ਚ ਪ੍ਰਧਾਨ ਮੰਤਰੀ ਮੋਦੀ ਨੇ ਈਡੀ, ਸੀਬੀਆਈ ਤੇ ਡੀਆਰਆਈ ਜਿਹੀਆਂ ਏਜੰਸੀਆਂ ਦੀ ‘ਦੁਰਵਰਤੋਂ’ ਆਪਣੇ ਸਿਆਸੀ ਵਿਰੋਧੀਆਂ ਨੂੰ ‘ਧਮਕਾਉਣ’ ਲਈ ਕੀਤੀ ਹੈ, ਉਨ੍ਹਾਂ ਕਾਰੋਬਾਰੀ ਘਰਾਣਿਆਂ ਨੂੰ ‘ਸਜ਼ਾ’ ਦਿੱਤੀ ਗਈ ਹੈ ਜੋ ਉਨ੍ਹਾਂ ਦੇ ‘ਮਿੱਤਰਾਂ ਦੇ ਵਿੱਤੀ ਹਿੱਤਾਂ’ ਮੁਤਾਬਕ ਨਹੀਂ ਚੱਲੇ। ਕਾਂਗਰਸ ਨੇ ਸਵਾਲ ਉਠਾਇਆ ਕਿ ਕੀ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਿਰਪੱਖ ਜਾਂਚ ਕਰਾਉਣਗੇ। ਇਸੇ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਅਡਾਨੀ ਗਰੁੱਪ ਦਾ ਮਸਲਾ ਦੇਸ਼ ਦੇ ਅਰਥਚਾਰੇ ’ਤੇ ਲੰਮੇ ਸਮੇਂ ਲਈ ਮਾੜਾ ਅਸਰ ਪਾਏਗਾ। ਉਨ੍ਹਾਂ ਕਿਹਾ ਕਿ ਇਹ ‘ਮੰਦਭਾਗਾ’ ਹੈ ਕਿ ਸਰਕਾਰ ਇਸ ਮੁੱਦੇ ’ਤੇ ਦੇਸ਼ ਦੇ ਲੋਕਾਂ ਨੂੰ ਭਰੋਸੇ ਵਿਚ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਕਾਰਨ ਦੇਸ਼ ਦੀ ਸਾਖ਼ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਮੰਗ ਕੀਤੀ ਹੈ ਕਿ ਅਡਾਨੀ ਗਰੁੱਪ ਦੇ ‘ਘੁਟਾਲੇ’ ਦਾ ਮੁੱਦਾ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਵਿਚ ਵਿਚਾਰਿਆ ਜਾਣਾ ਚਾਹੀਦਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article