37.2 C
Patiāla
Friday, April 26, 2024

ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਦੇ ਘਰ ਦੀ ਜਾਂਚ

Must read


ਪੱਤਰ ਪ੍ਰੇਰਕ/ਟ੍ਰਿਬਿਊਨ ਨਿਊਜ਼ ਸਰਵਿਸ

ਸਮਾਣਾ/ਲੁਧਿਆਣਾ, 3 ਫਰਵਰੀ

ਇੱਥੋਂ ਦੀ ਪੁਲੀਸ ਨੇ ਪਟਿਆਲਾ ਜੇਲ੍ਹ ’ਚ ਬੰਦ ਗੈਂਗਸਟਰ ਨਵਪ੍ਰੀਤ ਸਿੰਘ ਦੇ ਜੱਟਾਂ ਪੱਤੀ ਸਥਿਤ ਘਰ ਦੀ ਜਾਂਚ ਕੀਤੀ। ਦੂਜੇ ਪਾਸੇ ਲੁਧਿਆਣਾ ਕਮਿਸ਼ਨਰੇਟ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨੇੜਲੇ ਸਾਥੀ ਰਵੀ ਰਾਜਗੜ੍ਹ ਨੂੰ ਘਰ ’ਚ ਪਨਾਹ ਦੇਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਪੁਲੀਸ ਟੀਮ ਨੇ ਘਰ ਦੀ ਲਗਪਗ ਪੰਜ ਘੰਟੇ ਛਾਣਬੀਣ ਕੀਤੀ। ਇਸ ਮੌਕੇ ਗੈਂਗਸਟਰ ਦੇ ਘਰ ਸਿਟੀ ਪੁਲੀਸ ਦੇ ਇੰਸਪੈਕਟਰ ਜੀਐੱਸ ਸਿਕੰਦ ਦੀ ਅਗਵਾਈ ’ਚ ਦਰਜਨਾਂ ਪੁਲੀਸ ਕਰਮੀ ਪੁੱਜੇ। ਪੁਲੀਸ ਨੇ ਜਾਂਚ-ਪੜਤਾਲ ਮਗਰੋਂ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਏ। ਡੀਐੱਸਪੀ ਸਮਾਣਾ ਸੌਰਵ ਜਿੰਦਲ ਨੇ ਜਾਂਚ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਚ-ਪੁਲੀਸ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਦੀਆਂ ਮੌਜੂਦਾ ਗਤੀਵਿਧੀਆਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਪੁਲੀਸ ਵੱਲੋਂ ਰੇਡ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਪ੍ਰੀਤ ਸਿੰਘ ਦੀ ਮਾਤਾ ਤੇ ਕਾਂਗਰਸੀ ਕੌਂਸਲਰ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਰੀਬ ਪੰਜ ਸਾਲ ਪਹਿਲਾਂ ਲੁੱਟ-ਖੋਹ, ਹੱਤਿਆ ਤੇ ਕੁਝ ਹੋਰ ਮਾਮਲਿਆਂ ਵਿਚ ਪਟਿਆਲਾ ਜੇਲ੍ਹ ’ਚ ਬੰਦ ਹੈ।

ਦੂਜੇ ਪਾਸੇ ਲੁਧਿਆਣਾ ਕਮਿਸ਼ਨਰੇਟ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਝੱਮਟ ਦੇ ਵਸਨੀਕ ਹਰਸ਼ਵੀਰ ਸਿੰਘ ਉਰਫ਼ ਹਰਸ਼ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ-2 ਦੀ ਟੀਮ ਨੇ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਝੱਮਟ ਕੋਲੋਂ ਗ੍ਰਿਫ਼ਤਾਰ ਕੀਤਾ ਤੇ ਮਗਰੋਂ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਏਡੀਸੀਪੀ-4 ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਤੋਂ ਕੀਤੀ ਪੁੱਛ-ਪੜਤਾਲ ’ਚ ਪਤਾ ਲੱਗਿਆ ਹੈ ਕਿ ਰਵੀ ਰਾਜਗੜ੍ਹ ਆਪਣੀ ਇੱਕ ਮਹਿਲਾ ਸਾਥੀ ਨਾਲ ਹਰਸ਼ਵੀਰ ਦੇ ਘਰ ਰਹਿਣ ਲਈ ਆਇਆ ਸੀ ਤੇ ਉਸ ਨੂੰ ਕੁਝ ਪੈਸੇ ਵੀ ਦੇ ਕੇ ਗਿਆ ਸੀ। ਇਹ ਵੀ ਪਤਾ ਲੱਗਿਆ ਹੈ ਕਿ ਗੈਂਗਸਟਰ ਰਵੀ ਰਾਜਗੜ੍ਹ ਕਈ ਵਾਰ ਹਰਸ਼ਵੀਰ ਤੋਂ ਮਦਦ ਲੈ ਚੁੱਕਿਆ ਹੈ।

ਜੱਗੂ ਭਗਵਾਨਪੁਰੀਆ ਦਾ ਪੁਲੀਸ ਰਿਮਾਂਡ ਵਧਿਆ

ਐਸਏਐਸ ਨਗਰ (ਖੇਤਰੀ ਪ੍ਰਤੀਨਿਧ): ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਟੀਮ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ। ਉਸ ’ਤੇ ਸੁਪਾਰੀਆਂ ਦੇਣ, ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਦੋਸ਼ ਹਨ। ਅਦਾਲਤ ਨੇ ਜੱਗੂ ਭਗਵਾਨਪੁਰੀਆ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਵਧਾ ਦਿੱਤਾ ਹੈ।

 





News Source link

- Advertisement -

More articles

- Advertisement -

Latest article