30 C
Patiāla
Monday, April 29, 2024

ਸੰਸਦ ’ਚ ਅਡਾਨੀ ਮਸਲੇ ਨੂੰ ਲੈ ਕੇ ਹੰਗਾਮਾ

Must read


ਨਵੀਂ ਦਿੱਲੀ, 2 ਫਰਵਰੀ

ਮੁੱਖ ਅੰਸ਼

  • ਸੰਸਦੀ ਕੰਮਕਾਜ ਮੁਲਤਵੀ ਕਰਕੇ ਚਰਚਾ ਕਰਵਾਉਣ ਦੀ ਵਿਰੋਧੀ ਧਿਰਾਂ ਦੀ ਮੰਗ ਖਾਰਜ
  • ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਤੇ ਅਡਾਨੀ ਖਿਲਾਫ਼ ਕੀਤੀ ਨਾਅਰੇਬਾਜ਼ੀ

ਬਜਟ ਇਜਲਾਸ ਦੇ ਤੀਜੇ ਦਿਨ ਵਿਰੋਧੀ ਧਿਰਾਂ ਨੇ ਅਡਾਨੀ ਸਟਾਕਸ ਬਾਰੇ ਅਮਰੀਕੀ ਰਿਸਰਚ ਫ਼ਰਮ ਹਿੰਡਨਬਰਗ ਦੀ ਰਿਪੋਰਟ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਹੰਗਾਮਾ ਕੀਤਾ। ਵਿਰੋਧੀ ਪਾਰਟੀਆਂ ਨੇ ਸਦਨ ਵਿੱਚ ਇਸ ਮਸਲੇ ’ਤੇ ਚਰਚਾ ਦੀ ਮੰਗ ਕਰਦਿਆਂ ਅਡਾਨੀ ਗਰੁੱਪ ਕੰਪਨੀ ਸਟਾਕਸ ’ਤੇ ਲੱਗੇ ਕਥਿਤ ਧੋਖਾਧੜੀ ਦੇ ਦੋਸ਼ਾਂ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਸਣੇ 9 ਮੈਂਬਰਾਂ ਜਦੋਂਕਿ ਲੋਕ ਸਭਾ ਵਿੱਚ ਮਨੀਕਮ ਟੈਗੋਰ ਨੇ ਧਾਰਾ 267 ਤਹਿਤ ਨੋਟਿਸ ਦੇ ਕੇ ਸੰਸਦੀ ਕੰਮਕਾਜ ਮੁਲਤਵੀ ਕਰਕੇ ਅਡਾਨੀ ਮਸਲੇ ’ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰਾਂ ਦੇ ਹੰਗਾਮੇ ਕਰਕੇ ਲੋਕ ਸਭਾ ਤੇ ਰਾਜ ਸਭਾ ਵਿੱਚ ਸਦਨ ਦੀ ਕਾਰਵਾਈ ਨੂੰ ਪਹਿਲਾਂ ਦੋ ਵਜੇ ਤੱਕ ਤੇ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰਨਾ ਪਿਆ। ਅਡਾਨੀ ਗਰੁੱਪ ਸਟਾਕਸ ਵਿੱਚ ਪਈ ਭਾਜੜ ਨਾਲ ਜੀਵਨ ਬੀਮਾ ਨਿਗਮ (ਐੱਲਆੲਸੀ) ਤੇ ਸਰਕਾਰੀ ਬੈਂਕਾਂ ਵੱਲੋਂ ਕੀਤੇ ਨਿਵੇਸ਼ ਲਈ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ। ਦੱਸ ਦੇਈਏ ਕਿ ਐੱਲਆਈਸੀ ਦਾ ਕਾਫ਼ੀ ਪੈਸਾ ਅਡਾਨੀ ਗਰੁੱਪ ਦੇ ਸ਼ੇੇਅਰਾਂ ਵਿੱਚ ਲੱਗਾ ਹੈ, ਤੇ ਹਿੰਡਨਬਰਗ ਦੀ ਰਿਪੋਰਟ ਮਗਰੋੋਂ ਕੰਪਨੀ ਨੂੰ ਹੁਣ ਤੱਕ 100 ਅਰਬ ਅਮਰੀਕੀ ਡਾਲਰ ਦਾ ਚੂਨਾ ਲੱਗ ਚੁੱਕਾ ਹੈ। ਅਡਾਨੀ ਗਰੁੱਪ ਨੇ ਹਾਲਾਂਕਿ ਰਿਪੋਰਟ ਵਿੱਚ ਲਾਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਲੋਕ ਸਭਾ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਲਗਪਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਾਰਪੋਰੇਟ ਜਾਇੰਟ (ਅਡਾਨੀ) ਦੇ ਕਾਰੋਬਾਰੀ ਅਮਲਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਖਿਆਲੀ ਦਾਅਵਿਆਂ ਤੋਂ ਵਰਜਦਿਆਂ ਕਿਹਾ ਕਿ ਪ੍ਰਸ਼ਨ ਕਾਲ ਸੰਸਦੀ ਕਾਰਵਾਈ ਦਾ ਅਹਿਮ ਹਿੱਸਾ ਹੁੰਦਾ ਹੈ, ਜਿਸ ਵਿੱਚ ਅੜਿੱਕਾ ਨਹੀਂ ਪਾਇਆ ਜਾਣਾ ਚਾਹੀਦਾ। ਮੈਂਬਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਤਾਂ ਸਪੀਕਰ ਨੇ ਹੇਠਲੇ ਸਦਨ ਦੀ ਕਾਰਵਾਈ ਨੂੰ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਨੇ ਸਦਨ ਦੇ ਵਿਚਾਲੇ ਆ ਕੇ ਨਾਅਰੇਬਾਜ਼ੀ ਮੁੜ ਸ਼ੁਰੂ ਕਰ ਦਿੱਤੀ। ਉਨ੍ਹਾਂ ਨਰਿੰਦਰ ਮੋਦੀ ਸਰਕਾਰ ਤੇ ਅਡਾਨੀ ਗਰੁੱਪ ਖਿਲਾਫ਼ ਨਾਅਰੇ ਲਾਏ। ਇਸ ਦਰਮਿਆਨ ਰਾਜੇਂਦਰ ਅਗਰਵਾਲ, ਜੋ ਉਦੋਂ ਸਦਨ ਦੀ ਕਾਰਵਾਈ ਚਲਾ ਰਹੇ ਸਨ, ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਦਸਤਾਵੇਜ਼ ਸਦਨ ਦੀ ਮੇਜ਼ ’ਤੇ ਰੱਖਣ ਲਈ ਕਿਹਾ। ਸ੍ਰੀ ਜੋਸ਼ੀ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦੇ ਸੰਬੋਧਨ ’ਤੇ ਪੇਸ਼ ਧੰਨਵਾਦ ਮਤੇ ’ਤੇ ਵਿਚਾਰ ਚਰਚਾ ਕਰਵਾਉਣ ਦੇਣ। ਜੋਸ਼ੀ ਨੇ ਕਿਹਾ, ‘‘ਮੈਂ ਦੋਵੇਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਸੰਸਦੀ ਰਵਾਇਤਾਂ ਦਾ ਪਾਲਣ ਕਰਦੇ ਹੋਏ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਵਿਚਾਰ ਚਰਚਾ ਹੋਣ ਦਿੱਤੀ ਜਾਵੇ।’’ ਨਾਅਰੇਬਾਜ਼ੀ ਜਾਰੀ ਰਹਿੰਦੀ ਵੇਖ ਚੇਅਰ ਨੇ ਸਦਨ ਦੀ ਕਾਰਵਾਈ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ।

ਉਧਰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਤੇ ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਸਣੇ ਕੁੱਲ 9 ਸੰਸਦ ਮੈਂਬਰਾਂ ਨੇ ਸਦਨ ਵਿੱਚ ਧਾਰਾ 267 ਤਹਿਤ ਨੋਟਿਸ ਦਿੱਤੇ। ਉਨ੍ਹਾਂ ਸਦਨ ਦੇ ਨਿਯਮਤ ਕੰਮਕਾਜ ਨੂੰ ਮੁਲਤਵੀ ਕਰਕੇ ਅਡਾਨੀ ਗਰੁੱਪ ਸਟਾਕ ਮਸਲੇ ਅਤੇ ਇਸ ਦੇ ਲੱਖਾਂ ਛੋਟੇ ਨਿਵੇਸ਼ਕਾਂ ’ਤੇ ਪੈਣ ਵਾਲੇ ਅਸਰ ਬਾਰੇ ਚਰਚਾ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਐੱਲਆਈਸੀ ਵੱਲੋਂ ਨਿਵੇਸ਼ ਕੀਤਾ ਪੈਸਾ ਡੁੱਬਣ ਨਾਲ ਕਰੋੜਾਂ ਭਾਰਤੀਆਂ ਦੀ ਮਿਹਨਤ ਦੀ ਕਮਾਈ ਨੂੰ ਖਤਰੇ ਵਿਚ ਪਾਇਆ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਹਾਲਾਂਕਿ ਇਨ੍ਹਾਂ ਨੋਟਿਸਾਂ ਨੂੰ ਨੇਮਾਂ ਤੋਂ ਬਾਹਰੀ ਦੱਸ ਦੇ ਖਾਰਜ ਕਰ ਦਿੱਤਾ। ਗੁੱਸੇ ਵਿੱਚ ਆਏ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪੋ ਆਪਣੀਆਂ ਥਾਵਾਂ ’ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧਨਖੜ ਨੇ ਮੈਂਬਰਾਂ ਨੂੰ ਆਪੋ ਆਪਣੀਆਂ ਸੀਟਾਂ ’ਤੇ ਬੈਠਣ ਤੇ ਸਦਨ ਦੀ ਕਾਰਵਾਈ ਚਲਣ ਦੇਣ ਦੀ ਅਪੀਲ ਕੀਤੀ, ਪਰ ਵਿਰੋਧੀ ਧਿਰਾਂ ਇਸ ਪੂਰੇ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਵਾਉਣ ਦੀ ਆਪਣੀ ਮੰਗ ’ਤੇ ਅੜੀਆਂ ਰਹੀਆਂ। ਮੈਂਬਰਾਂ ਦਾ ਰੌਲਾ ਵਧਦਾ ਵੇਖ ਧਨਖੜ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਮੁੜ ਜੁੜਨ ’ਤੇ ਵੀ ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਜਾਰੀ ਰਹੀ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਉਪਰਲੇ ਸਦਨ ਦੀ ਕਾਰਵਾਈ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ।

ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ ਕਿ ਇਹ ਲੋਕਾਂ ਦੇ ਪੈਸੇ ਨਾਲ ਜੁੜਿਆ ਮਸਲਾ ਹੈ ਤੇ ਵਿਰੋਧੀ ਪਾਰਟੀਆਂ ਚਾਹੁੰਦੀਆਂ ਹਨ ਕਿ ਇਸ ਮਸਲੇ ਬਾਰੇ ਸਾਂਝੀ ਸੰਸਦੀ ਕਮੇਟੀ ਨੂੰ ਰੋਜ਼ਾਨਾ ਰਿਪੋਰਟਿੰਗ ਹੋਵੇ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਇਸ ਪੂਰੇ ਮਸਲੇ ਦੀ ਜਾਂਚ ਕਰਵਾਈ ਜਾਵੇ।’’

ਇਸ ਤੋਂ ਪਹਿਲਾਂ ਅੱਜ ਦਿਨੇਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਬਜਟ ਇਜਲਾਸ ਦੌਰਾਨ ਸਾਂਝੀ ਰਣਨੀਤੀ ਘੜਨ ਲਈ ਮੀਟਿੰਗ ਕੀਤੀ। ਵਿਰੋਧੀ ਧਿਰਾਂ ਨੇ ਅਡਾਨੀ ਸਟਾਕਸ ਮਸਲੇ ’ਤੇ ਜੇਪੀਸੀ ਜਾਂਚ ਤੇ ਸੰਸਦ ਦੇ ਦੋਵਾਂ ਸਦਨਾਂ ’ਚ ਚਰਚਾ ਦੀ ਮੰਗ ਨੂੰ ਲੈ ਕੇ ਦਬਾਅ ਪਾਉਣ ਦਾ ਫੈਸਲਾ ਕੀਤਾ। -ਪੀਟੀਆਈ

ਅਡਾਨੀ ਗਰੁੱਪ ਦੀਆਂ 10 ਕੰਪਨੀਆਂ ’ਚ ਐੱਲਆਈਸੀ ਦਾ ਮੋਟਾ ਪੈਸਾ ਲੱਗਾ

ਐੱਲਆਈਸੀ ਨੇ ਅਡਾਨੀ ਗਰੁੱਪ ਦੀਆਂ ਸਾਰੀਆਂ 10 ਸੂਚੀਬੰਦ ਕੰਪਨੀਆਂ ਵਿੱਚ ਮੋਟਾ ਪੈਸਾ ਨਿਵੇਸ਼ ਕੀਤਾ ਹੋਇਆ ਹੈ। ਇਨ੍ਹਾਂ ਵਿਚ ਅਡਾਨੀ ਪੋਰਟਸ ਤੇ ਸਪੈਸ਼ਲ ਇਕਨੌਮਿਕ ਜ਼ੋਨ ਵਿੱਚ 9 ਫੀਸਦ, ਅਡਾਨੀ ਟਰਾਂਸਮਿਸ਼ਨ ਵਿੱਚ 3.7 ਫੀਸਦ, ਅਡਾਨੀ ਗ੍ਰੀਨ ਐਨਰਜੀ ਵਿੱਚ 1.3 ਫੀਸਦ ਤੇ ਅਡਾਨੀ ਟੋਟਲ ਗੈਸ ਲਿਮਟਿਡ ’ਚ ਕੀਤਾ 6 ਫੀਸਦ ਦਾ ਨਿਵੇਸ਼ ਵੀ ਸ਼ਾਮਲ ਹੈ। ਐੱਲਆਈਸੀ, ਜੋ ਭਾਰਤ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਹੈ, ਨੇ ਅਡਾਨੀ ਐਂਟਰਪ੍ਰਾਈਜ਼ ਲਿਮਟਿਡ (ਏਈਐੱਲ) ਵੱਲੋਂ ਕੀਤੀ ਨਵੇਂ ਸ਼ੇਅਰਾਂ ਦੀ ਵਿਕਰੀ ਵਿੱਚ ਐਂਕਰ ਨਿਵੇਸ਼ਕ ਵਜੋਂ 9,15,748 ਸ਼ੇਅਰ ਖਰੀਦ ਕੇ ਕਰੀਬ 300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਈਐੱਲ ਨੇ ਬੁੱਧਵਾਰ ਰਾਤ ਨੂੰ ਸ਼ੇਅਰਾਂ ਦੀ ਵਿਕਰੀ ਨੂੰ ਰੱਦ ਕਰਦਿਆਂ ਪੈਸਾ ਨਿਵੇਸ਼ਕਾਂ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਸੀ।



News Source link

- Advertisement -

More articles

- Advertisement -

Latest article