39 C
Patiāla
Saturday, April 27, 2024

ਕੰਟਰੈਕਟ ਮੈਰਿਜ

Must read


ਸੁਰਿੰਦਰ ਸਿੰਘ ਰਾਏ

“ਮੰਗਲ ਸਿਆਂ, ਅੱਜਕੱਲ੍ਹ ਕੁੜੀਆਂ ਤਾਂ ਪਿੰਡਾਂ ਦੀਆਂ ਵਥੇਰੀਆਂ ਸ਼ਹਿਰ ਪੜ੍ਹਨ ਜਾਂਦੀਐਂ। ਮੁੰਡੀਹਰ ਤਾਂ ਪੜ੍ਹਨ ਵਿੱਚ ਘੱਟ ਈ ਸ਼ੌਕ ਰੱਖਦੀ ਆ।”

“ਮਿਲਖ ਰਾਜ, ਤੈਨੂੰ ਊਈਂ ਲੱਗਦਾ। ਪੜ੍ਹਨ ਵਾਲੇ ਮੁੰਡੇ ਵਥੇਰਾ ਪੜ੍ਹਦੇ ਆ। ਆਹ ਪਿੱਛੇ ਜਏ ਸਾਲ ਕੁ ਦੀ ਗੱਲ ਆ, ਸਾਡਾ ਇੱਕ ਦੂਰ ਦਾ ਰਿਸ਼ਤੇਦਾਰ ਐ। ਉਹਦਾ ਮੁੰਡਾ ਵਕਾਲਤ ਕਰਕੇ ਜੱਜ ਲੱਗਾ ਐ ਜੱਜ।”

“ਵਾਹ! ਆਹ ਬਣੀ ਨਾ ਗੱਲ। ਉਹ ਤੇਰੇ ਰਿਸ਼ਤੇਦਾਰ ਹੈ ਕਿੱਥੋਂ ਦੇ?” ਮਿਲਖ ਰਾਜ ਨੇ ਉਤਸੁਕਤਾ ਨਾਲ ਪੁੱਛਿਆ।

“ਉਹ ਕਈ ਸਾਲਾਂ ਤੋਂ ਦਿੱਲੀ ਰਹਿੰਦੇ ਆ। ਤੀਹ-ਪੈਂਤੀ ਸਾਲ ਪਹਿਲਾਂ ਦੀ ਗੱਲ ਹਊ। ਮੁੰਡੇ ਦਾ ਬਾਪ ਉੱਥੇ ਜਾ ਕੇ ਕਿਸੇ ਵਕੀਲ ਦਾ ਪੀ.ਏ. ਲੱਗਿਆ ਸੀ।”

“ਬਸ-ਬਸ, ਤਾਂ ਹੀ। ਵਕੀਲਾਂ ਨਾਲ ਰਹਿਣ ਕਰਕੇ ਅੱਗੇ ਉਹਦਾ ਮੁੰਡਾ ਵੀ ਵਕੀਲ ਬਣ ਗਿਆ। ਇਹ ਸੋਹਬਤ ਦਾ ਅਸਰ ਪਿਆ ਨਾ ਫਿਰ।” ਮਿਲਖ ਰਾਜ ਵਿਚਾਲਿਉਂ ਝਟ ਬੋਲਿਆ।

“ਮੰਗਲ ਸਿਆਂ, ਮੈਂ ਗੱਲ ਕਰਨੀ ਹੋਰ ਚਾਹੁੰਦਾ ਸੀ, ਪਰ ਚਲੇ ਗਈ ਹੋਰ ਪਾਸੇ। ਮੈਂ ਤਾਂ ਉਹ ਬੱਸ ਦੀ ਗੱਲ ਕੀਤੀ ਸੀ, ਜਿਹੜੀ ਹੁਣੇ ਸਾਡੇ ਕੋਲੋਂ ਲੰਘ ਕੇ ਗਈ ਆ। ਤੂੰ ਵੇਖੀ ਨ੍ਹੀਂ! ਸਭ ਕੁੜੀਆਂ ਈ ਕੁੜੀਆਂ ਸੀ। ਮੁੰਡਾ ਤਾਂ ਵਿੱਚ ਕੋਈ ਵਿਰਲਾ-ਟਾਵਾਂ ਈ ਹਊ।” ਮਿਲਖ ਰਾਜ ਨੇ ਗੱਲ ਮੋੜ-ਘੇਰ ਕੇ ਆਪਣੇ ਸ਼ੁਰੂ ਕੀਤੇ ਵਿਸ਼ੇ ’ਤੇ ਹੀ ਲੈ ਆਂਦੀ।

“ਮਿਲਖ ਰਾਜ, ਉਸ ਬੱਸ ਵਿੱਚ ਤਾਂ ਕੁੜੀਆਂ ਆਇਲਟਸ ਕਰਨ ਸ਼ਹਿਰ ਜਾਂਦੀਆਂ ਨੇ। ਇਹ ਤਾਂ ਤੇਰੀ ਗੱਲ ਠੀਕ ਐ। ਮੁੰਡੇ ਉਹਦੇ ਵਿੱਚ ਘੱਟ ਈ ਹੁੰਦੇ ਆ। ਸਾਡੇ ਪਿੰਡਾਂ ਦੇ ਮੁੰਡੇ ਸਹੁਰੇ ਆਇਲਟਸ ਪਾਸ ਕਰਨ ਜੋਗੇ ਵੀ ਹੈਨੀਂ।”

“ਮੰਗਲ ਸਿਆਂ, ਬਸ ਆਹੀ ਗੱਲ ਤਾਂ ਮੈਂ ਕਹਿਣੀ ਚਾਹੁਨੈਂ। ਮੁੰਡੀਹਰ ਨਸ਼ਿਆਂ ਨਾਲ ਈ ਆਪਣੀ ਜ਼ਿੰਦਗੀ ਬਰਬਾਦ ਕਰੀ ਜਾਂਦੀ ਆ। ਆਪਣੇ ਭਵਿੱਖ ਬਾਰੇ ਤਾਂ ਕੋਈ ਚਿੰਤਾ ਈ ਨਹੀਂ ਐਂ। ਮੈਂ ਤਾਂ ਹੈਰਾਨ ਆਂ, ਇਹ ਨਸ਼ੇ ਲੈਂਦੇ ਕਿੱਥੋਂ ਆ।”

“ਮਿਲਖ ਰਾਜ, ਸਰਕਾਰਾਂ ਆਪੇ ਨ੍ਹੀਂ ਚਾਹੁੰਨੀਆਂ ਕਿ ਇਹ ਮੁੰਡੀਹਰ ਨਸ਼ਿਆਂ ਤੋਂ ਹਟ ਜਾਵੇ। ਜੇ ਇਹ ਪੜ੍ਹਨਗੇ ਤਾਂ ਨੌਕਰੀ ਲਈ ਸਰਕਾਰਾਂ ਦੁਆਲੇ ਹੋਣਗੇ। ਇਹ ਆਪਣੇ ਹੱਕ ਮੰਗਣਗੇ। ਸਰਕਾਰਾਂ ਤਾਂ ਇਹੀ ਚਾਹੁੰਦੀਆਂ ਹੁੰਦੀਆਂ ਕਿ ਇਹ ਨਸ਼ੇ-ਨੁਸ਼ੇ ਖਾਈ ਜਾਣ ਤੇ ਆਪਸ ਵਿੱਚ ਲੜ-ਘੁਲ ਕੇ ਮਰੀ ਜਾਣ। ਇਹ ਗੱਲ ਸਰਕਾਰਾਂ ਨੂੰ ਸੂਤ ਬੈਠਦੀ ਐ।”

“ਮੰਗਲ ਸਿਆਂ ਗੱਲ ਤਾਂ ਤੇਰੀ ਠੀਕ ਆ। ਮੇਰੇ ਮਨ ਨੂੰ ਵੀ ਜਚਦੀ ਆ, ਪਰ ਇੱਥੇ ਸੁਧਾਰ ਕਿਵੇਂ ਹਊ?” ਮਿਲਖ ਰਾਜ ਗੰਭੀਰ ਜਿਹਾ ਹੋ ਕੇ ਬੋਲਿਆ।

“ਮਿਲਖ ਰਾਜ, ਅਹਿ ਜਿਹੜੀ ਸਾਡੀ ਜੁਆਨੀ ਗਲਤ ਰਸਤੇ ਪਈਓ ਐ ਜਾਂ ਬਦੇਸ਼ਾਂ ਨੂੰ ਭੱਜੀ ਓ ਐ, ਸੁਧਾਰ ਤਾਂ ਇਨ੍ਹਾਂ ਨੇ ਈ ਲਿਆਉਣਾ ਐਂ। ਹੋਰ ਕੌਣ ਲਿਆਊ?”

“ਮੰਗਲ ਸਿਆਂ, ਸਾਡੇ ਸਿਸਟਮ ਦਾ ਈ ਆਵਾ ਊਤਿਆ ਪਿਆ। ਇੱਥੇ ਕੋਈ ਕੀ ਸੁਧਾਰ ਕਰ ਲਊ? ਜਦੋਂ ਬੱਚਿਆਂ ਨੂੰ ਪੜ੍ਹ ਲਿਖ ਕੇ ਕੰਮ ਨ੍ਹੀਂ ਮਿਲਣਾ ਤੇ ਬਰਾਬਰ ਦੇ ਰਿਸ਼ਤੇ ਨ੍ਹੀਂ ਮਿਲਣੇ, ਫਿਰ ਬੱਚਿਆਂ ਨੇ ਬਾਹਰਲੇ ਮੁਲਕਾਂ ਨੂੰ ਈ ਜਾਣੈ। ਹੋਰ ਬੱਚੇ ਕਰਨ ਵੀ ਕੀ?”

“ਮਿਲਖ ਰਾਜ, ਮੈਂ ਤਾਂ ਨਿੱਜੀ ਤੌਰ ’ਤੇ ਇਸ ਗੱਲ ਦੇ ਹੱਕ ਵਿੱਚ ਨਹੀਂ ਆਂ। ਕਈ ਵਾਰ ਬੱਚਿਆਂ ’ਤੇ ਪੱਛਮੀ ਸੱਭਿਆਚਾਰ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਐ। ਉੱਧਰ ਜਾ ਕੇ ਕਈ ਚੰਗੇ-ਚੰਗੇ ਘਰਾਂ ਦੇ ਬੱਚੇ ਵੀ ਗ਼ਲਤ ਰਾਹ ਪੈ ਜਾਂਦੇ ਨੇ।” ਮੰਗਲ ਸਿੰਘ ਥੋੜ੍ਹਾ ਜਿਹਾ ਗਰਮੀ ’ਚ ਬੋਲਿਆ।

“ਮੰਗਲ ਸਿਆਂ, ਸਾਡੇ ਬੱਚੇ ਵੀ ਉੱਧਰ ਨੂੰ ਆਪਣਾ ਕਲਚਰ ਲੈ ਕੇ ਜਾਂਦੇ ਈ ਆ। ਕਿੰਨਾ ਪ੍ਰਚਾਰ ਹੁੰਦਾ ਆਪਣੇ ਕਲਚਰ ਦਾ। ਜਿਨ੍ਹਾਂ ਬੱਚਿਆਂ ਨੇ ਵਿਗੜਨਾ ਐਂ, ਉਨ੍ਹਾਂ ਨੇ ਐਧਰ ਵੀ ਵਿਗੜ ਈ ਜਾਣੈਂ। ਬੱਚਿਆਂ ਨੇ ਭੁੱਖੇ ਥੋੜ੍ਹੇ ਮਰਨਾ ਐਂ। ਉਨ੍ਹਾਂ ਆਪਣੇ ਪੇਟ ਨੂੰ ਤਾਂ ਝੁਲਸਾ ਦੇਣਾ ਈ ਐਂ।”

“ਮਿਲਖ ਰਾਜ, ’ਕੱਲੇ ਕਲਚਰ ਦੀ ਗੱਲ ਨ੍ਹੀਂ ਐਂ। ਕਈ ਵਾਰ ਸਾਡੇ ਬੱਚੇ ਉੱਧਰ ਜਾ ਕੇ ਨਸਲਵਾਦ ਦਾ ਵੀ ਸ਼ਿਕਾਰ ਹੁੰਦੇ ਨੇ।”

“ਥੋੜ੍ਹਾ ਬਹੁਤਾ ਨਸਲਵਾਦ ਤਾਂ ਹਰ ਮੁਲਕ ਵਿੱਚ ਈ ਹੁੰਦਾ ਐ। ਸਾਡੇ ਮੁਲਕ ਵਿੱਚ ਕਿਹੜੇ ਹੈ ਨਹੀਂ।” ਮਿਲਖ ਰਾਜ ਵੀ ਕੁਝ ਤੈਸ਼ ਵਿੱਚ ਆ ਕੇ ਬੋਲਿਆ।

“ਮਿਲਖ ਰਾਜ, ਜਿਹੜੀ ਮਿਹਨਤ ਸਾਡੇ ਬੱਚੇ ਉੱਧਰਲੇ ਮੁਲਕਾਂ ’ਚ ਜਾ ਕੇ ਕਰਦੇ ਨੇ, ਉਹ ਮਿਹਨਤ ਐਧਰ ਈ ਕਰ ਲੈਣ। ਬਥੇਰੇ ਐਧਰ ਬਿਜ਼ਨਸ ਐ। ਆਪੇ ਸਾਡਾ ਮੁਲਕ ਅਮੀਰ ਹੋ ਜਾਣਾ ਐਂ।”

“ਮੰਗਲ ਸਿਆਂ, ਮੇਰੀ ਗੱਲ ਸੁਣ। ਹੁਣ ਅਸੀਂ ਤਾਂ ਆਪਣੀ ਜ਼ਿੰਦਗੀ ਗੁਜ਼ਾਰ ਲਈ ਐ, ਪਰ ਤੂੰ ਆਪਣੀ ਨੌਜੁਆਨ ਪੀੜ੍ਹੀ ਬਾਰੇ ਸੋਚ ਨਾ, ਜਿਨ੍ਹਾਂ ਅਜੇ ਲੰਬੀ ਜ਼ਿੰਦਗੀ ਗੁਜ਼ਾਰਨੀ ਆਂ। ਤੇ ਮੂਹਰੇ ਬੇਰੁਜ਼ਗਾਰੀ ਦਾ ਦੈਂਤ ਖੜ੍ਹਾ ਹੋਵੇ, ਫਿਰ ਨੌਜੁਆਨਾਂ ਨੇ ਬਦੇਸ਼ਾਂ ਨੂੰ ਈ ਜਾਣੈ। ਹੋਰ ਕਰਨ ਵੀ ਕੀ?”

“ਬਦੇਸ਼ਾਂ ਵਿੱਚ ਕਿਹੜੇ ਡਾਲਰ ਊਂਈ ਕਮਾ ਹੋ ਜਾਂਦੇ ਐ। ਖ਼ੂਨ ਜਾਲਣਾ ਪੈਂਦਾ, ਖ਼ੂਨ।” ਮੰਗਲ ਸਿੰਘ ਆਪਣੀ ਦਲੀਲ ’ਤੇ ਬਜ਼ਿੱਦ ਸੀ।

“ਮੰਗਲ ਸਿਆਂ, ਸਾਡਾ ਇੱਕ ਰਿਸ਼ਤੇਦਾਰ ਐ। ਉਹ ਤੀਹ ਸਾਲਾਂ ਦਾ ਇੰਗਲੈਂਡ ਗਿਆ ਹੋਇਆ। ਹੁਣ ਉਹਦੇ ਕੋਲ ਇੱਕ ਤਾਂ ਆਪਣੀ ਫੈਕਟਰੀ ਆ। ਦੋ-ਤਿੰਨ ਘਰ ਆ। ਉੱਥੇ ਬੰਦੇ ਦੀ ਮਿਹਨਤ ਦਾ ਫ਼ਲ ਤਾਂ ਮਿਲਦਾ ਈ ਐ। ਸਾਡੇ ਮੁਲਕ ਵਿੱਚ ਤਾਂ ਮਿਹਨਤ ਕਰਨ ਵਾਲੇ ਈ ਭੁੱਖੇ ਮਰਦੇ ਐ।”

“ਮੰਗਲ ਸਿਆਂ, ਤੂੰ ਤੇ ਮਿਲਖ ਰਾਜ ਦੋਵੇਂ ਪੜ੍ਹੇ-ਲਿਖੇ ਤੇ ਸਿਆਣੇ ਐਂ। ਮੈਨੂੰ ਇੱਕ ਸਲਾਹ ਤਾਂ ਦਿਉ।” ਸ਼ਹਿਰ ਵੱਲ ਜਾਂਦੇ ਹੋਏ ਲਾਲ ਸਿੰਘ ਨੇ ਦੋਵਾਂ ਨੂੰ ’ਕੱਠੇ ਬੈਠੇ ਵੇਖ ਕੇ ਆਖਿਆ। ਲਾਲ ਸਿੰਘ ਦੀ ਇਹ ਗੱਲ ਸੁਣ ਕੇ ਉਹ ਦੋਵੇਂ ਉਸ ਵੱਲ ਗਹੁ ਨਾਲ ਵੇਖਣ ਲੱਗੇ।

“ਲਾਲ ਸਿਆਂ, ਪੁੱਛ ਜੋ ਪੁੱਛਣਾਂ। ਸਲਾਹ ਦੇਣ ਲਈ ਕਿਹੜਾ ਕੋਈ ਮੁੱਲ ਲੱਗਦੈ। ਜੇ ਸਾਡੀ ਅਕਲ ’ਚ ਗੱਲ ਆਊਗੀ ਤਾਂ ਜ਼ਰੂਰ ਸਲਾਹ ਦੇਵਾਂਗੇ।” ਲਾਲ ਸਿੰਘ ਦੀ ਗੱਲ ਸੁਣ ਕੇ ਮੰਗਲ ਸਿੰਘ ਝਬਦੇ ਬੋਲਿਆ।

“ਥੋਨੂੰ ਪਤਾ ਈ ਹੋਣਾ ਐਂ, ਮੇਰੀ ਲੜਕੀ ਨੇ ਬੀ.ਏ. ਚੰਗੇ ਨੰਬਰਾਂ ’ਚ ਪਾਸ ਕੀਤੀ ਆ। ਦੋ-ਤਿੰਨ ਸਾਲ ਮੈਨੂੰ ਘੁੰਮਦੇ ਨੂੰ ਹੋ ਗਏ ਆ। ਕੋਈ ਚੱਜ ਦਾ ਮੁੰਡਾ ਮਿਲਦਾ ਈ ਨ੍ਹੀਂ ਐਂ। ਅੱਗੇ ਪੜ੍ਹਾਉਣ ਜੋਗੀ ਮੇਰੇ ਵਿੱਚ ਵੁੱਕਤ ਹੈ ਨ੍ਹੀਂ। ਤੁਸੀਂ ਮੈਨੂੰ ਕੋਈ ਸਲਾਹ ਦੱਸੋ। ਇਹਨੂੰ ਕਿਹੜਾ ਕੋਰਸ ਕਰਾਵਾਂ ਤਾਂ ਕਿ ਲੜਕੀ ਆਪਣੇ ਪੈਰਾਂ ਸਿਰ ਤਾਂ ਹੋਵੇ।” ਲਾਲ ਸਿੰਘ ਨੇ ਦੁਖੀ ਜਏ ਮਨ ਨਾਲ ਆਪਣੀ ਵਿਥਿਆ ਸੁਣਾਈ।

“ਲਾਲ ਸਿੰਘ, ਤੂੰ ਲੜਕੀ ਨੂੰ ਆਇਲਟਸ ਕਰਾਦੇ ਤਾਂ। ਬੜਾ ਸੌਖਾ ਢੰਗ ਐ ਲੜਕੀਆਂ ਦੇ ਸੈੱਟ ਹੋਣ ਲਈ। ਤੇਰੀ ਕੁੜੀ ਪੜ੍ਹਨੇ ਨੂੰ ਹੁਸ਼ਿਆਰ ਐ। ਉਹਨੇ ਤਾਂ ਆਇਲਟਸ ਪਹਿਲੀ ਵਾਰ ਈ ਪਾਸ ਕਰ ਲੈਣੀ ਐਂ।” ਮੰਗਲ ਸਿੰਘ, ਲਾਲ ਸਿੰਘ ਦੀ ਗੱਲ ਸੁਣਦੇ ਸਾਰ ਹੀ ਬੋਲਿਆ।

“ਮੰਗਲ ਸਿਆਂ, ਪਹਿਲਾਂ ਤੂੰ ਮੇਰੀਆਂ ਗੱਲਾਂ ਦਾ ਵਿਰੋਧ ਕਰੀ ਗਿਆ। ਤੂੰ ਆਂਹਦਾ ਪਿਆ ਸੀ, ਆਪਣਾ ਮੁਲਕ ਛੱਡਣਾ ਕੋਈ ਚੰਗੀ ਗੱਲ ਥੋੜ੍ਹੇ ਆ। ਹੁਣ ਆਪੇ ਤੂੰ ਲਾਲ ਸਿੰਘ ਨੂੰ ਲੜਕੀ ਬਾਹਰ ਭੇਜਣ ਦੀ ਸਲਾਹ ਦੇਈ ਜਾਨੈਂ। ਮੈਨੂੰ ਤਾਂ ਤੇਰਾ ਈ ਕੁਛ ਪਤਾ ਨ੍ਹੀਂ ਲੱਗਦਾ।” ਚੁੱਪ ਬੈਠਾ ਮਿਲਖ ਰਾਜ ਵਿਚਾਲਿਉਂ ਬੋਲਿਆ।

“ਮਿਲਖ ਰਾਜ, ਇਹ ਤਾਂ ਆਪਾਂ ਦੋਵੇਂ ਬੈਠੇ ਊਂ ਈਂ ਵਿਚਾਰ ਕਰਦੇ ਸੀ। ਕੋਈ ਗੱਲ ਸਮਝ ਵਿੱਚ ਈ ਨਹੀਂ ਆਉਂਦੀ। ਭਰਾਵਾ ਮੇਰੇ ਤਾਂ ਆਪ ਦੋਵੇਂ ਬੱਚੇ ਸਟੱਡੀ ਬੇਸ ’ਤੇ ਕਨੇਡਾ ਗਏ ਐ। ਬੱਚੇ ਇੱਥੇ ਰਹਿਣਾ ਮੰਨਦੇ ਈ ਨਹੀਂ ਐ।”

“ਮੰਗਲ ਸਿਆਂ, ਆਹੀ ਗੱਲ ਤਾਂ ਮੈਂ ਆਹਨਾਂ ਐਂ। ਬੱਚੇ ਨਸ਼ੇ ਪੱਤਿਆਂ ਤੋਂ ਤਾਂ ਬਚੇ ਰਹੂੰਗੇ।” ਮਿਲਖ ਰਾਜ ਨੇ ਵੀ ਫ਼ਿਕਰ ਨਾਲ ਆਖਿਆ।

ਲਾਲ ਸਿੰਘ ਦੋਵਾਂ ਦੀਆਂ ਗੱਲਾਂ ਤੋਂ ਐਸਾ ਪ੍ਰਭਾਵਿਤ ਹੋਇਆ, ਉਸ ਨੇ ਮਨੋਂ-ਮਨੀਂ ਆਪਣੀ ਲੜਕੀ ਨੂੰ ਆਇਲਟਸ ਕਰਾਉਣ ਦਾ ਪੱਕਾ ਫ਼ੈਸਲਾ ਕਰ ਲਿਆ।

“ਜੀ, ਮੇਰੀ ਲੜਕੀ ਬੀ.ਏ. ਪਾਸ ਆ। ਆਇਲਟਸ ਕਰਾਉਣ ’ਤੇ ਕਿੰਨਾ ਕੁ ਖ਼ਰਚ ਆਏਗਾ?” ਦੂਸਰੇ ਦਿਨ ਹੀ ਲਾਲ ਸਿੰਘ ਨੇ ਆਪਣੇ ਨਜ਼ਦੀਕ ਸ਼ਹਿਰ ਦੇ ਇੱਕ ਆਇਲਟਸ ਸੈਂਟਰ ਵਿੱਚ ਖ਼ਰਚ ਸਬੰਧੀ ਜਾ ਪੁੱਛਿਆ।

“ਭਾਈ ਸਾਬ੍ਹ, ਪੰਜਾਹ ਹਜ਼ਾਰ ਰੁਪਏ।” ਮੈਨੇਜਰ ਬੋਲਿਆ।

“ਜੀ, ਇਸ ਤੋਂ ਬਿਨਾਂ ਲੜਕੀ ਨੂੰ ਬਾਹਰ ਭੇਜਣ ’ਤੇ ਹੋਰ ਕਿੰਨਾ ਕੁ ਖਰਚ ਆਏਗਾ?”

“ਭਾਈ ਸਾਬ੍ਹ, ਕੁੱਲ ਬਾਹਰ ਭੇਜਣ ਦਾ ਖ਼ਰਚਾ ਸਤਾਰਾਂ-ਅਠਾਰਾਂ ਲੱਖ ਤਾਂ ਆਈ ਜਾਣੈ।” ਸਤਾਰਾਂ-ਅਠਾਰਾਂ ਲੱਖ ਖ਼ਰਚਾ ਸੁਣ ਕੇ ਲਾਲ ਸਿੰਘ ਨੂੰ ਇੱਕ ਚੱਕਰ ਜਿਹਾ ਆਇਆ, ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ।

“ਭਾਈ ਸਾਬ੍ਹ, ਤੁਸੀਂ ਘਾਬਰ ਕਿਉਂ ਗਏ ਓਂ? ਹਰ ਇੱਕ ਗੱਲ ਦਾ ਹੱਲ ਹੁੰਦੈ।” ਮੈਨੇਜਰ ਦੀ ਇਹ ਗੱਲ ਸੁਣਦੇ ਹੀ ਘਾਬਰੇ ਜਏ ਬੈਠੇ ਲਾਲ ਸਿੰਘ ਦੀਆਂ ਸੁਸਤਾਈਆਂ ਅੱਖਾਂ ਇਕਦਮ ਚਮਕੀਆਂ।

“ਜੀ, ਕਿਹੜਾ ਹੱਲ?” ਲਾਲ ਸਿੰਘ ਝਬਦੇ ਹੀ ਬੋਲਿਆ।

“ਇਸ ਵਿੱਚ ਤਾਂ ਤੁਹਾਡਾ ਮੁਫ਼ਤ ਵਿੱਚ ਈ ਸਰ ਜਾਣਾ ਏਂ। ਕਾਗਜ਼ੀ ਵਿਆਹ ਕਰਨੈ, ਪਰ ਅਸਲੀ ਨਹੀਂ।”

“ਜੀ ਉਹ ਕਿਵੇਂ?” ਲਾਲ ਸਿੰਘ ਨੇ ਹੋਰ ਤੇਜ਼ੀ ਫੜੀ।

“ਇਹ ਕੰਟਰੈਕਟ ਮੈਰਿਜ ਹੁੰਦੀ ਐ। ਇਹਦੇ ਵਿੱਚ ਸਾਰੇ ਪੈਸੇ ਮੁੰਡੇ ਵਾਲਿਆਂ ਈ ਲਾਉਣੇ ਹੁੰਦੇ ਆ। ਤੁਹਾਡਾ ਕੋਈ ਖ਼ਰਚ ਨ੍ਹੀਂ ਹੋਣੈ। ਜਦੋਂ ਮੁੰਡਾ-ਕੁੜੀ ਪੱਕੇ ਹੋ ਜਾਣ ਤਾਂ ਕਾਗਜ਼ੀ ਹੀ ਤਲਾਕ ਕਰ ਲੈਣਾ। ਇਹਦੇ ਲਈ ਤਾਂ ਮੁੰਡਾ ਵੀ ਤੁਹਾਨੂੰ ਅਸੀਂ ਹੀ ਲੱਭ ਕੇ ਦੇ ਸਕਦੇ ਆਂ।”

“ਜੀ, ਮੁੰਡਾ ਤਾਂ ਅਸੀਂ ਆਪ ਈ ਲੱਭਾਂਗੇ। ਤੁਸੀਂ ਲੜਕੀ ਨੂੰ ਆਇਲਟਸ ਪਾਸ ਕਰਾ ਦਿਓ।” ਲਾਲ ਸਿੰਘ ਖ਼ੁਸ਼ ਹੋ ਕੇ ਬੋਲਿਆ। ਸਵੇਰ ਦਾ ਉਦਾਸ ਜਿਹਾ ਘਰੋਂ ਨਿਕਲਿਆ ਲਾਲ ਸਿੰਘ ਸ਼ਾਮ ਨੂੰ ਖ਼ੁਸ਼ੀ-ਖ਼ੁਸ਼ੀ ਘਰ ਮੁੜਿਆ। ਸਮਾਂ ਪੁਲਾਂਘਾਂ ਪੁੱਟਦਾ ਗਿਆ।

“ਭਾਈ ਸਾਬ੍ਹ, ਲਾਲ ਸਿੰਘ ਦਾ ਘਰ ਇਹੀ ਏ?” ਅਖ਼ਬਾਰ ਵਿੱਚ ਮੈਟਰੀਮੋਨੀਅਲ ਛਪਣ ਤੋਂ ਦੂਸਰੇ ਦਿਨ ਸੁਵਖਤੇ ਹੀ ਲਾਲ ਸਿੰਘ ਦੇ ਘਰ ਦਾ ਗੇਟ ਖੜਕਾਉਂਦਿਆਂ ਇੱਕ ਵਿਅਕਤੀ ਬੋਲਿਆ।

“ਹਾਂ ਜੀ, ਤੁਸੀਂ ਕੌਣ?” ਲਾਲ ਸਿੰਘ ਦੀ ਪਤਨੀ ਨੇ ਪੁੱਛਿਆ।

“ਜੀ, ਮੈਂ ਅਖ਼ਬਾਰ ਵਿੱਚ ਤੁਹਾਡੀ ਲੜਕੀ ਦਾ ਮੈਟਰੀਮੋਨੀਅਲ ਪੜ੍ਹਿਆ ਸੀ। ਉਹਦੇ ਬਾਰੇ ਆਇਐਂ।” ਉਸ ਵਿਅਕਤੀ ਨੇ ਆਖਿਆ।

“ਜੀ, ਲੰਘ ਆਓ, ਲੰਘ ਆਓ। ਉਹ ਅਸੀਂ ਹੀ ਦਿੱਤਾ ਸੀ।” ਪਿੱਛੇ ਖੜ੍ਹਾ ਲਾਲ ਸਿੰਘ ਝੱਟ ਬੋਲਿਆ।

“ਤੁਹਾਡਾ ਕਿਹੜਾ ਇਲਾਕਾ ਐ ਜੀ?” ਡਰਾਇੰਗ ਰੂਮ ਵਿੱਚ ਬੈਠਦਿਆਂ ਹੀ ਲਾਲ ਸਿੰਘ ਨੇ ਪੁੱਛਿਆ।

“ਜੀ, ਮੈਂ ਜਲੰਧਰ ਤੋਂ ਆਂ। ਮੇਰਾ ਨਾਮ ਸੂਬੇਦਾਰ ਹਰੀ ਸਿੰਘ ਐ।” ਉਸ ਵਿਅਕਤੀ ਨੇ ਆਪਣੇ ਬਾਰੇ ਦੱਸਿਆ।

“ਸਾਡੀ ਲੜਕੀ ਬੀ.ਏ. ਪਾਸ ਐ ਜੀ ਤੇ ਆਇਲਟਸ ਵੀ ਕੀਤਾ ਹੋਇਐ। ਲੜਕੀ ਦੇ ਛੇ ਬੈਂਡ ਨੇ ਜੀ।” ਲਾਲ ਸਿੰਘ ਨੇ ਮੁੰਡੇ ਵਾਲਿਆਂ ਨਾਲ ਗੱਲ ਤੋਰਦਿਆਂ ਆਖਿਆ।

“ਲਾਲ ਸਿੰਘ ਜੀ, ਤਾਂ ਹੀ ਤੇ ਅਸੀਂ ਤੁਹਾਡੇ ਕੋਲ ਆਏ ਆਂ। ਤੁਸੀਂ ਇਹ ਸਭ ਕੁਝ ਇਸ਼ਤਿਹਾਰ ਵਿੱਚ ਲਿਖ ਦਿੱਤਾ ਸੀ।” ਮੁੰਡੇ ਦਾ ਬਾਪ ਹਰੀ ਸਿੰਘ ਬੋਲਿਆ।

“ਮੁੰਡਾ ਕੀ ਕਰਦੈ?” ਲਾਲ ਸਿੰਘ ਨੇ ਪੁੱਛਿਆ।

“ਮੁੰਡੇ ਨੇ ਪਲੱਸ ਟੂ ਕੀਤੀ ਹੋਈ ਆ ਜੀ। ਬਸ ਬਾਹਰ ਜਾਣ ਦੇ ਚੱਕਰ ਵਿੱਚ ਆ। ਹੁਣ ਆਪੇ ਵਿਦੇਸ਼ ਜਾ ਕੇ ਕੋਈ ਕੰਮ ਕਰ ਲਏਗਾ।” ਮੁੰਡੇ ਦੇ ਬਾਪ ਨੇ ਜਵਾਬ ਦਿੱਤਾ।

“ਇਹ ਸਾਡੀ ਕੰਟਰੈਕਟ ਮੈਰਿਜ ਆ ਜੀ। ਵਿਆਹ ਦਾ ਸਾਰਾ ਖ਼ਰਚਾ, ਲੜਕੀ ਦੀਆਂ ਫੀਸਾਂ ਤੇ ਟਿਕਟਾਂ ਵਗੈਰਾ ਸਭ ਕੁਝ ਤੁਸੀਂ ਈ ਕਰਨੈ।” ਲਾਲ ਸਿੰਘ ਨੇ ਮੁੰਡੇ ਦੇ ਬਾਪ ਨੂੰ ਆਪਣੇ ਮਨ ਦੀ ਗੱਲ ਆਖੀ।

“ਹਾਂ-ਹਾਂ। ਲਾਲ ਸਿੰਘ ਜੀ, ਸਾਨੂੰ ਸਭ ਪਤੈ। ਸਾਰਾ ਖ਼ਰਚਾ ਅਸੀਂ ਈ ਕਰਾਂਗੇ। ਤੁਸੀਂ ਖ਼ਰਚ ਬਾਰੇ ਭੋਰਾ ਵੀ ਚਿੰਤਾ ਨਾ ਕਰੋ। ਇਹ ਲੜਕੀ ਸਾਡੇ ਬੱਚਿਆਂ ਵਾਂਗ ਈ ਆ। ਵਿਦੇਸ਼ ਜਾ ਕੇ ਦੋਵਾਂ ਦੀ ਜ਼ਿੰਦਗੀ ਬਣ ਜਾਊਗੀ। ਪੈਸਾ ਤਾਂ ਹੱਥਾਂ ਦੀ ਮੈਲ ਆ। ਇਹ ਤਾਂ ਕੁਝ ਸਮੇਂ ਬਾਅਦ ਆਪੇ ਭੁੱਲ-ਭੁਲਾ ਜਾਂਦੈ।” ਮੁੰਡੇ ਦੇ ਬਾਪ ਨੇ ਲਾਲ ਸਿੰਘ ਨੂੰ ਤਸੱਲੀ ਦਿੱਤੀ।

“ਬੇਸ਼ੱਕ ਇਹ ਕੰਟਰੈਕਟ ਮੈਰਿਜ ਆ, ਪਰ ਅੰਬੈਸੀ ਨੂੰ ਕਾਗਜ਼-ਪੱਤਰ ਦਿਖਾਉਣ ਲਈ ਸਾਨੂੰ ਅਸਲੀ ਵਿਆਹ ਦਾ ਢੌਂਗ ਤਾਂ ਕਰਨਾ ਈ ਪੈਣਾ ਐਂ ਜੀ।”

“ਲਾਲ ਸਿੰਘ ਜੀ, ਅਜਿਹੀਆਂ ਰਸਮਾਂ ਤਾਂ ਏਜੰਟ ਆਪੇ ਪੂਰੀਆਂ ਕਰਾ ਦਿੰਦੇ ਨੇ। ਵਿਦੇਸ਼ ਜਾਣ ਲਈ ਬੰਦੇ ਨੂੰ ਸੌ ਪਾਪੜ ਵੇਲਣੇ ਪੈਂਦੇ ਆ। ਇਨ੍ਹਾਂ ਗੱਲਾਂ ਨੂੰ ਕੌਣ ਪੁੱਛਦੈ। ਗੱਲ ਤਾਂ ਮੁੰਡੇ-ਕੁੜੀ ਨੂੰ ਪੀ.ਆਰ. ਮਿਲਣ ਦੀ ਆ।”

“ਭਾਈ ਸਾਹਿਬ! ਸਾਡੀ ਕੁੜੀ ਨੇ ਤਾਂ ਉੱਥੇ ਜਾ ਕੇ ਬਸ ਪੜ੍ਹਨਾ ਈ ਆ। ਐਦਾਂ ਨਾ ਹੋਵੇ, ਉੱਥੇ ਜਾ ਕੇ ਮੁੰਡਾ, ਲੜਕੀ ਨੂੰ ਆਖੇ ਕਿ ਤੂੰ ਆਪਣੀ ਫੀਸ ਆਪ ਪੂਰੀ ਕਰ। ਇਹ ਗੱਲ ਤੁਸੀਂ ਹੁਣ ਵਿਚਾਰ ਲਓ।” ਲਾਲ ਸਿੰਘ ਨੇ ਆਪਣੇ ਮਨ ਦਾ ਤੌਖ਼ਲਾ ਦੱਸਿਆ।

“ਲਾਲ ਸਿੰਘ ਜੀ, ਤੁਸੀਂ ਫ਼ਿਕਰ ਕਾਹਦਾ ਕਰਦੇ ਓਂ। ਵਿਸ਼ਵਾਸ ਵੀ ਕੋਈ ਚੀਜ਼ ਹੁੰਦੀ ਐ। ਇਹ ਭਰਮ ਆਪਣੇ ਮਨ ’ਚੋਂ ਕੱਢ ਦਿਓ। ਬਸ ਤੁਸੀਂ ਦੋਵਾਂ ਨੂੰ ਭੇਜਣ ਦੀ ਤਿਆਰੀ ਕਰੋ।” ਮੁੰਡੇ ਦਾ ਬਾਪ ਹਰੀ ਸਿੰਘ, ਲਾਲ ਸਿੰਘ ਨੂੰ ਵਿਸ਼ਵਾਸ ਦੁਆਉਂਦਾ ਹੋਇਆ ਬੋਲਿਆ।

“ਭਾਈ ਸਾਹਿਬ, ਇੱਕ ਗੱਲ ਹੋਰ ਆ। ਇਹ ਕੰਟਰੈਕਟ ਮੈਰਿਜ ਕਰਨ ਲਈ ਵੀ ਸਾਨੂੰ ਬੰਦਿਆਂ ਦੀ ਲੋੜ ਪੈਣੀ ਆਂ। ਮੁੰਡੇ ਦੇ ਮਾਮੇ, ਮਾਸੜ ਤੇ ਚਾਚੇ-ਤਾਏ ਸਭ ਤੁਸੀਂ ਈ ਪ੍ਰਬੰਧ ਕਰਨਾ ਏਂ।”

“ਲਾਲ ਸਿੰਘ ਜੀ, ਇਹ ਸਾਰੀ ਸਾਡੀ ਜ਼ਿੰਮੇਵਾਰੀ ਆ। ਤੁਸੀਂ ਕਿਉਂ ਚਿੰਤਾ ਕਰਦੇ ਓਂ? ਬਸ ਉੱਥੇ ਤਾਂ ਮੁੰਡੇ-ਕੁੜੀ ਨੇ ਹੀ ਜਾਣੈ।” ਮੁੰਡੇ ਦੇ ਬਾਪ ਨੇ ਝੱਟ ਆਖਿਆ।

ਦੋਵਾਂ ਧਿਰਾਂ ਨੇ ਜਲਦੀ-ਜਲਦੀ ਇਹ ਰਸਮੀ ਕਾਰਵਾਈ ਪੂਰੀ ਕੀਤੀ ਤੇ ਕਾਗਜ਼-ਪੱਤਰ ਤਿਆਰ ਕਰ ਕੇ ਵੀਜ਼ੇ ਲਈ ਅਪਲਾਈ ਕਰ ਦਿੱਤਾ।

“ਲਾਲ ਸਿਆਂ, ਮੈਂ ਸੁਣਿਆਂ, ਤੂੰ ਆਪਣੀ ਲੜਕੀ ਦਾ ਵਿਆਹ ਵੀ ਕਰ ਦਿੱਤੈ।” ਪਤਾ ਲੱਗਣ ’ਤੇ ਇੱਕ ਦਿਨ ਮੰਗਲ ਸਿੰਘ ਨੇ ਉਸ ਨੂੰ ਪੁੱਛਿਆ।

“ਜੀ, ਲੜਕੀ ਤੇ ਲੜਕਾ ਤਾਂ ਕੈਨੇਡਾ ਪੁੱਜ ਵੀ ਗਏ ਆ।”

“ਅੱਛਾ! ਐਨੀ ਛੇਤੀ।” ਮੰਗਲ ਸਿੰਘ ਹੈਰਾਨੀ ਵਿੱਚ ਬੋਲਿਆ।

“ਮੰਗਲ ਸਿਆਂ, ਕਾਗਜ਼ ਭਰਨ ਤੋਂ ਬਾਅਦ ਮਹੀਨੇ ਕੁ ਵਿੱਚ ਈ ਵੀਜ਼ਾ ਲੱਗ ਗਿਆ। ਬਸ ਫਿਰ ਕੀ ਸੀ। ਮੁੰਡਾ ਕੁੜੀ ਹਫ਼ਤੇ ਬਾਅਦ ਜਹਾਜ਼ ਚੜ੍ਹ ਗਏ। ਕੁੜੀ ਤਾਂ ਉੱਥੇ ਜਾ ਕੇ ਪੜ੍ਹਨ ਵੀ ਲੱਗ ਪਈ ਆ।” ਲਾਲ ਸਿੰਘ ਹੁੱਬ ਹੁੱਬ ਦੱਸ ਰਿਹਾ ਸੀ।

“ਲਾਲ ਸਿਆਂ, ਫਿਰ ਤੇ ਮੌਜਾਂ ਲੱਗ ਗਈਆਂ ਬਈ। ਤੇਰਾ ਸਿਰ ਤੋਂ ਭਾਰ ਉਤਰ ਗਿਐ।”

“ਮੰਗਲ ਸਿਆਂ, ਮੈਂ ਤਾਂ ਹੀ ਤੇ ਤੇਰੀ ਸਲਾਹ ਲਈ ਸੀ। ਤੇਰੀ ਸਲਾਹ ਨਾਲ ਮੇਰਾ ਵੀ ਹੌਸਲਾ ਵਧ ਗਿਆ।”

“ਲਾਲ ਸਿਆਂ, ਕਦੇ-ਕਦੇ ਲੜਕੀ ਨੂੰ ਫੋਨ ਕਰ ਲਿਆ ਕਰ। ਕਈ ਵਾਰ ਨਿਆਣੇ ਪਹਿਲਾਂ-ਪਹਿਲਾਂ ਜਾ ਕੇ ਉਦਾਸ ਹੋ ਜਾਂਦੇ ਆ। ਬਾਅਦ ਵਿੱਚ ਫਿਰ ਆਪੇ ਗੱਡੀ ਲੀਹ ਸਿਰ ਆ ਜਾਂਦੀ ਐ।” ਲਾਲ ਸਿੰਘ ਨੇ ਮੰਗਲ ਸਿੰਘ ਦਾ ਦਿੱਤਾ ਇਹ ਮਸ਼ਵਰਾ ਬੜੇ ਧਿਆਨ ਨਾਲ ਸੁਣਿਆ।

“ਬੇਟਾ ਕਿਰਨਦੀਪ, ਤੇਰੀ ਪੜ੍ਹਾਈ ਠੀਕ ਆ। ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ?” ਲਾਲ ਸਿੰਘ ਨੇ ਇੱਕ ਦਿਨ ਟੈਲੀਫੋਨ ’ਤੇ ਆਪਣੀ ਲੜਕੀ ਦਾ ਹਾਲ-ਚਾਲ ਪੁੱਛਿਆ। “ਹਾਂ, ਡੈਡੀ ਜੀ! ਪੜ੍ਹਾਈ ਤਾਂ ਠੀਕ ਆ, ਪਰ ਨਾਲ ਮੈਨੂੰ ਕੰਮ ’ਤੇ ਵੀ ਜਾਣਾ ਪੈਂਦਾ ਐ। ਪੜ੍ਹਨ ਲਈ ਤਾਂ ਮਸਾਂ ਹੀ ਟਾਈਮ ਮਿਲਦੈ।”

“ਚਲੋ ਕੋਈ ਨ੍ਹੀਂ ਬੇਟਾ, ਥੋੜ੍ਹਾ ਸਮਾਂ ਔਖੇ-ਸੌਖੇ ਕੱਟ ਲਓ। ਫਿਰ ਆਪੇ ਠੀਕ ਹੋ ਜਾਏਗਾ। ਆਪਣੇ ਪਿੰਡ ਵਾਲਾ ਮੰਗਲ ਸਿੰਘ ਐਂ ਨਾ, ਉਹ ਵੀ ਮੈਨੂੰ ਇਵੇਂ ਈ ਦੱਸਦਾ ਸੀ ਕਿ ਬੱਚੇ ਪਹਿਲਾਂ-ਪਹਿਲਾਂ ਕੁਝ ਔਖੇ ਹੁੰਦੇ ਆ, ਫਿਰ ਆਪੇ ਠੀਕ ਹੋ ਜਾਂਦੇ ਆ।”

“ਡੈਡੀ! ਕੰਮ ਕਿਹੜਾ ਇੱਕ ਥਾਂ ਮਿਲਦੈ। ਚਾਰ ਘੰਟੇ ਕਿਤੇ ਆ ਤੇ ਦੋ ਘੰਟੇ ਕਿਤੇ। ਇਹ ਵੀ ਕਿਹੜੇ ਪੱਕਾ ਆ। ਪਤਾ ਨਹੀਂ ਕਦੋਂ ਮਾਲਕ ਜਵਾਬ ਦੇ ਦੇਵੇ। ਬਸ ਨੱਠ-ਭੱਜ ਕੇ ਟਾਈਮ ਪਾਸ ਕਰੀਦੈ।”

“ਬੇਟਾ! ਤੰਗੀਆਂ ਵੀ ਤਾਂ ਇਨਸਾਨਾਂ ਨੂੰ ਹੀ ਜ਼ਿੰਦਗੀ ’ਚ ਆਉਂਦੀਆਂ ਐਂ। ਬਾਅਦ ਵਿੱਚ ਫ਼ਲ ਵੀ ਤਾਂ ਤੂੰ ਹੀ ਖਾਣਾ ਐਂ।” ਲਾਲ ਸਿੰਘ ਨੇ ਲੜਕੀ ਨੂੰ ਦਿਲਾਸਾ ਦਿੱਤਾ। “ਡੈਡੀ ਜੀ, ਉਹ ਤਾਂ ਠੀਕ ਆ, ਪਰ…।” ਕਿਰਨਦੀਪ ਦੱਬਵੀਂ ਜਈ ਆਵਾਜ਼ ਵਿੱਚ ਬੋਲੀ।

“ਬੇਟਾ, ਪਰ ਕੀ? ਜੇ ਜ਼ਿਆਦੇ ਈ ਤੰਗੀ ਆ ਤਾਂ ਤੂੰ ਮੁੰਡੇ ਨੂੰ ਆਖ ਨਾ ਕਿ ਉਹ ਆਪਣੇ ਬਾਪ ਤੋਂ ਪੈਸੇ ਮੰਗਾਵੇ। ਇਹ ਗੱਲ ਤਾਂ ਸਾਡੀ ਉਨ੍ਹਾਂ ਨਾਲ ਪਹਿਲਾਂ ਹੋਈ ਸੀ।”

“ਡੈਡੀ ਜੀ, ਇਵੇਂ ਕੌਣ ਕਰਦੈ? ਸਭ ਆਖਣ ਦੀਆਂ ਈ ਗੱਲਾਂ ਨੇ। ਇੱਥੇ ਆ ਕੇ ਸਭ ਬਦਲ ਜਾਂਦੇ ਨੇ। ਜੇ ਮੈਂ ਕੁਲਵੀਰ ਤੋਂ ਪੜ੍ਹਾਈ ਦਾ ਖ਼ਰਚਾ ਮੰਗਦੀ ਆਂ ਤਾਂ ਉਹ ਮੈਨੂੰ ਡਰਾਉਂਦਾ ਐ। ਇਮੀਗ੍ਰੇਸ਼ਨ ਕੋਲ ਸ਼ਿਕਾਇਤ ਕਰਨ ਦੀਆਂ ਧਮਕੀਆਂ ਦਿੰਦਾ ਐ।”

“ਬੇਟਾ ਕੋਈ ਗੱਲ ਨ੍ਹੀਂ। ਤੇਰਾ ਇੱਕ ਸਾਲ ਤਾਂ ਪੂਰਾ ਹੋਣੇ ਵਾਲਾ ਐ। ਇੱਕ ਸਾਲ ਹੋਰ ਰਹਿ ਗਿਐ। ਉਹ ਵੀ ਔਖੇ-ਸੌਖੇ ਲੰਘ ਜਾਣਾ ਐਂ। ਫਿਰ ਮੌਜਾਂ ਕਰੀਂ।”

“ਡੈਡੀ ਜੀ, ਮੌਜਾਂ-ਮੂਜਾਂ ਤਾਂ ਕਾਹਦੀਆਂ। ਬੰਦੇ ਨੂੰ ਐਧਰ ਸੰਘਰਸ਼ ਤਾਂ ਸਾਰੀ ਜ਼ਿੰਦਗੀ ਈ ਕਰਨਾ ਪੈਂਦਾ ਐ।”

“ਪੁੱਤ, ਫਿਰ ਵੀ ਐਧਰ ਦੇ ਸਿਸਟਮ ਨਾਲੋਂ ਤਾਂ ਚੰਗਾ ਈ ਐ। ਤੂੰ ਵੇਖਿਆ ਈ ਐ।”

“ਡੈਡੀ ਜੀ, ਫਿਰ ਇਵੇਂ ਈ ਸੋਚੀਦੈ। ਔਖੇ-ਸੌਖੇ ਟੈਮ ਕੱਢ ਲਓ।”

“ਪੁੱਤ, ਜੇ ਮੈਂ ਤੇਰੇ ਕੋਲ ਮਹੀਨੇ-ਦੋ ਮਹੀਨੇ ਲਈ ਘੁੰਮਣ ਆਉਣਾ ਹੋਵੇ ਤਾਂ ਆ ਸਕਦੈਂ?” ਚਲਦੀ ਗੱਲ ਵਿੱਚ ਲਾਲ ਸਿੰਘ ਨੇ ਆਪਣੀ ਲੜਕੀ ਨੂੰ ਪੁੱਛਿਆ।

“ਡੈਡੀ ਜੀ, ਅਜੇ ਥੋੜ੍ਹਾ ਚਿਰ ਰੁਕ ਲਓ। ਸਾਲ ਕੁ ਬਾਅਦ ਜਦੋਂ ਅਸੀਂ ਟੀ.ਆਰ. ਪਾਵਾਂਗੇ, ਫਿਰ ਅਸੀਂ ਕੋਈ ਘਰ ਕਿਰਾਏ ’ਤੇ ਲੈ ਲਵਾਂਗੇ। ਉਸ ਵੇਲੇ ਮੈਂ ਤੁਹਾਨੂੰ ਬੁਲਾ ਲਊਂਗੀ।”

“ਬੇਟਾ, ਅਜੇ ਤੁਸੀਂ ਕੋਈ ਘਰ ਕਿਰਾਏ ’ਤੇ ਨ੍ਹੀਂ ਲਿਆ?” ਲਾਲ ਸਿੰਘ ਨੇ ਗੰਭੀਰ ਜਿਹਾ ਹੋ ਕੇ ਪੁੱਛਿਆ।

“ਡੈਡੀ ਜੀ, ਅਜੇ ਤਾਂ ਅਸੀਂ ਕਈ ਜਣੇ ਇੱਕ ਘਰ ਵਿੱਚ ਰਹਿੰਨੇ ਆਂ। ਪਹਿਲਾਂ-ਪਹਿਲਾਂ ’ਕੱਲਿਆਂ ਲਈ ਮਕਾਨ ਕਿਰਾਏ ’ਤੇ ਲੈਣਾ ਬੜਾ ਮੁਸ਼ਕਿਲ ਐ। ਐਧਰ ਮਕਾਨਾਂ ਦੇ ਕਿਰਾਏ ਬਹੁਤ ਨੇ।” ਆਪਣੀ ਲੜਕੀ ਦੀ ਇਹ ਗੱਲ ਸੁਣ ਕੇ ਲਾਲ ਸਿੰਘ ਚੁੱਪ ਕਰ ਗਿਆ, ਜਿਵੇਂ ਉਸ ਦੇ ਅਰਮਾਨ, ਪੈਦਾ ਹੁੰਦੇ ਹੀ ਮਰ ਗਏ ਹੋਣ।

“ਲਾਲ ਸਿਆਂ, ਤੇਰੀ ਲੜਕੀ ਦਾ ਕੀ ਹਾਲ ਐ? ਅਜੇ ਪੀ.ਆਰ. ਮਿਲੀ ਕਿ ਨਹੀਂ?” ਇੱਕ ਦਿਨ ਹੌਲਦਾਰ ਬਚਿੰਤ ਸਿੰਘ ਨੇ ਰਸਤੇ ’ਚ ਮਿਲੇ ਲਾਲ ਸਿੰਘ ਨੂੰ ਪੁੱਛਿਆ।

“ਹੌਲਦਾਰਾ, ਲੜਕੀ ਦੀ ਪੜ੍ਹਾਈ ਬਸ ਪੂਰੀ ਹੋਣ ਵਾਲੀ ਆ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੀ.ਆਰ. ਪਾਊਗੀ। ਬਸ ਫਿਰ ਕੀ? ਥੋੜ੍ਹਾ ਟੈਮ ਹੋਰ ਲੱਗ ਜਾਊ।”

“ਲੜਕੀ ਕਾਹਦਾ ਕੋਰਸ ਕਰਦੀ ਆ, ਉੱਥੇ?” ਬਚਿੰਤ ਸਿੰਘ ਨੇ ਫਿਰ ਪੁੱਛਿਆ।

“ਲੜਕੀ, ਹੋਟਲ ਮੈਨੇਜਮੈਂਟ ਦਾ ਕੋਰਸ ਕਰਦੀ ਆ। ਇਸ ਕੋਰਸ ਵਿੱਚ ਨਿਆਣੇ ਛੇਤੀ ਪੱਕੇ ਹੋ ਜਾਂਦੇ ਆ। ਹੌਲਦਾਰਾ, ਗੱਲ ਤਾਂ ਸਾਰੀ ਪੀ.ਆਰ. ਮਿਲਣ ਦੀ ਆ। ਫਿਰ ਮੌਜਾਂ ਈ ਮੌਜਾਂ। ਬਾਅਦ ਵਿੱਚ ਬੰਦਾ ਜਿਹੜਾ ਮਰਜ਼ੀ ਕੰਮ ਕਰ ਲਵੇ।” ਲਾਲ ਸਿੰਘ ਜੋਸ਼ ਨਾਲ ਦੱਸ ਰਿਹਾ ਸੀ।

“ਬਿਸ਼ਨ ਕੌਰੇ, ਅਸੀਂ ਵੀ ਆਪਣੇ ਮੁੰਡੇ ਲਈ ਕੋਈ ਆਇਲਟਸ ਵਾਲੀ ਕੁੜੀ ਨਾ ਭਾਲ ਲਈਏ? ਖ਼ਰਚ ਸਾਰਾ ਅਸੀਂ ਕਰ ਦੇਵਾਂਗੇ। ਔਹ ਵੇਖ ਨਾ, ਲਾਲ ਸਿੰਘ ਨੇ ਆਪਣੀ ਕੁੜੀ ਲਈ ਕਿੰਨਾ ਚੰਗਾ ਮੁੰਡਾ ਲੱਭ ਲਿਆ। ਕੁੜੀ ਹੁਣ ਕੈਨੇਡਾ ਵਿੱਚ ਪੱਕੀ ਹੋਣ ਵਾਲੀ ਆ।” ਲਾਲ ਸਿੰਘ ਦੀ ਗੱਲ ਸੁਣ ਕੇ ਬਚਿੰਤ ਸਿੰਘ ਨੇ ਘਰ ਜਾਂਦਿਆਂ ਹੀ ਆਪਣੀ ਘਰਵਾਲੀ ਨਾਲ ਗੱਲ ਛੇੜੀ।

“ਜੀ, ਹੋਰ ਸਾਨੂੰ ਕੀ ਚਾਹੀਦੈ। ਜਦੋਂ ਮੁੰਡਾ ਪੱਕਾ ਹੋ ਜਾਊਗਾ। ਇਹਦੇ ਮਗਰ ਈ ਫਿਰ ਅਸੀਂ ਵਗ ਜਾਵਾਂਗੇ। ਭਾਲੋ ਕਿਧਰੇ, ਜੇ ਮੁੰਡੇ ਲਈ ਕੋਈ ਲਾਲ ਸਿੰਘ ਦੀ ਲੜਕੀ ਵਰਗੀ ਲੜਕੀ ਲੱਭ ਜਾਵੇ।” ਬਿਸ਼ਨ ਕੌਰ ਖ਼ੁਸ਼ ਹੋ ਕੇ ਬੋਲੀ।

“ਬਿਸ਼ਨ ਕੌਰੇ, ਪਰ ਐਨੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹਊ?”

“ਜੀ ਮੈਂ ਸੁਣਿਐਂ, ਲਾਲ ਸਿੰਘ ਦਾ ਚੌਲ੍ਹੀਂ ਸਰ ਗਿਆ। ਤੁਸੀਂ ਵੀ ਮੁੰਡੇ ਲਈ ਕੋਈ ਇੱਦਾਂ ਦਾ ਰਿਸ਼ਤਾ ਭਾਲ ਲਓ।”

“ਬਿਸ਼ਨ ਕੌਰੇ, ਲਾਲ ਸਿੰਘ ਦੀ ਕੁੜੀ ਤਾਂ ਪੜ੍ਹਨ ਨੂੰ ਹੁਸ਼ਿਆਰ ਐ, ਪਰ ਸਾਡੇ ਮੁੰਡੇ ਤੋਂ ਤਾਂ ਆਇਲਟਸ ਪਾਸ ਨ੍ਹੀਂ ਹੋਣੀਂ। ਮਸਾਂ ਮਰ ਕੇ ਤਾਂ ਇਹਨੇ ਦਸਵੀਂ ਕੀਤੀ ਆ।”

ਬਚਿੰਤ ਸਿੰਘ ਦੀ ਗੱਲ ਸੁਣ ਕੇ ਬਿਸ਼ਨ ਕੌਰ ਸੋਚੀ  ਪੈ ਗਈ।

“ਮੰਮਾ, ਐਧਰ ਆਈਂ। ਮੱਝ ਨੇ ਲੱਤ ਮਾਰ ਕੇ ਸਾਰਾ ਦੁੱਧ ਡੁਲ੍ਹਾ ਦਿੱਤੈ।” ਇੰਨੇ ਨੂੰ ਪਸ਼ੂਆਂ ਵਾਲੇ ਵਰਾਂਡੇ ’ਚੋਂ ਬਿਸ਼ਨ ਕੌਰ ਦੀ ਨੂੰਹ ਦੀ ਚੀਕਵੀਂ ਜਈ ਆਵਾਜ਼ ਆਈ।

“ਕੁੜੇ ਸ਼ਿੰਦੋ, ਕਿਆ ਹੋਇਐ?” ਬਿਸ਼ਨ ਕੌਰ ਨੇ ਜਾਂਦਿਆਂ ਹੀ ਆਪਣੀ ਬਹੂ ਨੂੰ ਪੁੱਛਿਆ।

“ਹੋਣਾਂ ਕੀ ਸੀ? ਦੁੱਧ ਚੋਅ ਕੇ ਉੱਠਣ ਲੱਗੀ ਸੀ, ਮੱਝ ਟੱਕ ਕੇ ਔਹ ਗਈ। ਪੂਛ ਮਾਰ ਕੇ ਸਾਰਾ ਦੁੱਧ ਡੁਲ੍ਹਾ ਦਿੱਤਾ।”

“ਮੈਂ ਕਿਹਾ ਜੀ, ਹੁਣ ਨ੍ਹੀਂ ਕੰਮ ਬਣਨਾ। ਚੰਦਰੀ ਨੇ ਪਹਿਲਾਂ ਈ ਕੁਸ਼ਗਨ ਕਰ ਦਿੱਤਾ।” ਬਿਸ਼ਨ ਕੌਰ ਨੇ ਗੁੱਸੇ ’ਚ ਆਪਣੇ ਘਰ ਵਾਲੇ ਨੂੰ ਆਖਿਆ।

“ਬੁੱਢੀ ਨੇ ਚੰਦਰੀ ਮੈਨੂੰ ਆਖਿਆ ਜਾਂ ਮੱਝ ਨੂੰ?” ਬਿਸ਼ਨ ਕੌਰ ਦੀ ਨੂੰਹ ਨੇ ਮਨੋਂ-ਮਨੀਂ ਸੋਚਿਆ, ਪਰ ਉਹ ਆਇਆ ਗੁੱਸਾ ਅੰਦਰੇ-ਅੰਦਰ ਪੀ ਗਈ।

“ਬਿਸ਼ਨ ਕੌਰੇ, ਛੱਡ ਪਰ੍ਹਾਂ ਬਾਹਰ ਭੇਜਣ ਨੂੰ।

ਢਾਈਆਂ ਕਿੱਲਿਆਂ ’ਚੋਂ ਜੇ ਇੱਕ ਕਿੱਲਾ ਵੇਚ ਕੇ ਮੁੰਡਾ ਬਾਹਰ ਭੇਜ ਵੀ ਦਈਏ ਤਾਂ ਨਖੱਟੂ ਦਾ ਕੀ ਪਤਾ, ਉੱਧਰ ਜਾ ਕੇ ਕੰਮ ਕਰੂਗਾ ਵੀ ਜਾਂ ਐਧਰ ਵਾਂਗ ਸੜਕਾਂ ਈ ਛੇਤੜੂ।” ਸੋਚੀਂ ਪਿਆ ਬਚਿੰਤ ਸਿੰਘ ਵੀ ਫ਼ਿਕਰ ਨਾਲ ਬੋਲਿਆ। ਆਪਣੇ ਘਰਵਾਲੇ ਦੀ ਇਹ ਗੱਲ ਸੁਣ ਕੇ ਮੰਜੇ ’ਤੇ ਬੈਠੀ ਬਿਸ਼ਨ ਕੌਰ ’ਕੱਠੀ ਜਈ ਹੋ ਗਈ, ਜਿਵੇਂ ਉਸ ਦੇ ਸਿਰ ’ਤੇ ਸਵਾਰ ਹੋਇਆ ਕੈਨੇਡਾ ਦਾ ਭੂਤ ਹੇਠਾਂ ਲੱਥ ਗਿਆ ਹੋਵੇ। “ਇਹ ਤਾਂ ਸੱਚੀਂ ਕੁਸ਼ਗਨ ਹੋ ਗਿਆ।” ਬਿਸ਼ਨ ਕੌਰ ਨੇ ਮੂੰਹ ’ਚ ਬੁੜਬੁੜ ਕੀਤੀ।

“ਬਿਸ਼ਨ ਕੌਰੇ, ਪਰਸੋਂ ਜਏ ਮੈਨੂੰ ਕਿਸੇ ਆਹ ਗੱਲ ਸੁਣਾਈ ਸੀ ਕਿ ਐਧਰੋਂ ਕਿਸੇ ਮੁੰਡੇ ਵਾਲਿਆਂ ਕੋਈ ਪੜ੍ਹੀ-ਲਿਖੀ ਕੁੜੀ ਭਾਲ ਲਈ। ਕੁੜੀ ਨੇ ਆਇਲਟਸ ਪਾਸ ਕੀਤੀ ਹੋਈ ਸੀ। ਕੈਨੇਡਾ ਜਾ ਕੇ ਕੁੜੀ ਮੁੱਕਰ ਗਈ, ਅਖੇ ਮੈਨੂੰ ਮੁੰਡਾ ਨ੍ਹੀਂ ਪਸੰਦ। ਮੁੰਡੇ ਵਾਲਿਆਂ ਦਾ ਸਤਾਈ-ਅਠਾਈ ਲੱਖ ਰੁਪਈਆ ਵੀ ਗਿਆ ਤੇ ਵਿਆਹ ਵੀ ਟੁੱਟ ਗਿਆ। ਹੁਣ ਦੋਵੇਂ ਧਿਰਾਂ ਠਾਣਿਆਂ ਦੇ ਚੱਕਰ ਲਾਈ ਜਾਨੀਆਂ।”

“ਵਾਹ ਗੁਰੂ-ਵਾਹ ਗੁਰੂ, ਵਾਹ ਗੁਰੂ। ਕੁੜੇ ਸਮੇਂ ਨੂੰ ਕਿਆ ਅੱਗ ਲੱਗ ਗਈ ਆ। ਭਾਈ ਹੁਣ ਨ੍ਹੀਂ ਕਿਸੇ ’ਤੇ ਭਰੋਸਾ। ਅੱਜਕੱਲ੍ਹ ਦੀਆਂ ਕੁੜੀਆਂ ਕਿਹੜੇ ਮੁੰਡਿਆਂ ਨਾਲੋਂ ਘੱਟ ਆ। ਭਈ ਤੁਸੀਂ ਕਿਸੇ ਦਾ ਨਿਆਣਾ ਕਾਹਨੂੰ ਖ਼ਰਾਬ ਕਰਦੀਆਂ ਓ। ਪਹਿਲਾਂ ਈ ਸੋਚ ਸਮਝ ਕੇ ਵਿਆਹ ਕਰਾਓ।” ਪਹਿਲਾਂ ਹੀ ਦੁਖੀ ਹੋਈ ਬਿਸ਼ਨ ਕੌਰ ਖਿਝ ਕੇ ਬੋਲੀ।

“ਪਾਲੀ, ਤੂੰ ਸਵੇਰ ਦਾ ਘਰੋਂ ਨਿਕਲਿਆ ਹੋਇਆਂ, ਉੱਪਰੋਂ ਸ਼ਾਮ ਢਲਣ ਵਾਲੀ ਆ। ਸਾਰੀ ਦਿਹਾੜੀ ਤੂੰ ਸ਼ਹਿਰ ਕੀ ਕਰਦਾ ਰਿਹਾਂ। ਕੋਈ ਘਰ ਦਾ ਕੰਮ ਈ ਕਰ ਲਈਦੈ।” ਸ਼ਾਮ ਵਕਤ ਘਰ ਆਏ ਆਪਣੇ ਮੁੰਡੇ ਨੂੰ ਬਚਿੰਤ ਸਿੰਘ ਨੇ ਟੋਕਿਆ।

“ਡੈਡੀ, ਮੈਂ ਸ਼ਹਿਰ ਆਪਣੇ ਕੰਮ ਈ ਗਿਆ ਸੀ।”

“ਕਾਕਾ, ਤੈਨੂੰ ਰੋਜ਼ ਈ ਸ਼ਹਿਰ ਕਿਹੜਾ ਕੰਮ ਪਿਆ ਰਹਿੰਦੈ?”

“ਡੈਡੀ, ਤੈਨੂੰ ਮੈਂ ਕਿਹੜੇ-ਕਿਹੜੇ ਕੰਮ ਗਿਣਾ ਦੇਵਾਂ। ਤੂੰ ਤਾਂ ਘਰ ਆਏ ਨੂੰ ਊਂ ਈ ਟੋਕਦਾ ਰਹਿੰਨਾ ਐਂ।” ਪਾਲੀ ਗੁੱਸੇ ਵਿੱਚ ਬੋਲਿਆ।

“ਵੱਡਾ ਮੁੰਡਾ ਐ, ਬੜਾ ਵਧੀਆ ਫ਼ੌਜ ਵਿੱਚ ਭਰਤੀ ਹੋ ਕੇ ਆਪਣੇ ਆਹਰੇ ਲੱਗਿਆ ਹੋਇਆ। ਇਹ ਪਤਾ ਨ੍ਹੀਂ ਕਿਹੜੇ ਕੰਮਾਂ ’ਚ ਪਿਆ ਰਹਿੰਦਾ ਐ।” ਬਚਿੰਤ ਸਿੰਘ ਨੇ ਵੀ ਮੂੰਹ ’ਚ ਘੁਰ-ਘੁਰ ਕੀਤੀ।

“ਤੁਸੀਂ ਕਾਹਨੂੰ ਬਾਹਲਾ ਮੁੰਡੇ ਨੂੰ ਔਖੇ-ਭਾਰੇ ਹੋਈ ਜਾਨੇ ਐਂ। ਜਦੋਂ ਮੁੰਡਾ ਬਰਾਬਰ ਦਾ ਹੋ ਜਾਵੇ ਤਾਂ ਬਾਹਲੀ ਟੋਕਾ-ਟਾਕੀ ਨ੍ਹੀਂ ਕਰੀ ਦੀ। ਕੱਲ੍ਹ ਨੂੰ ਕੋਈ ਪੁੱਠਾ-ਸਿੱਧਾ ਕੰਮ ਕਰ ਲਵੇ, ਫਿਰ? ਭਾਈ ਮੈਨੂੰ ਤਾਂ ਡਰ ਲੱਗਦਾ ਲੋਕਾਂ ਵੱਲ ਦੇਖ ਕੇ।” ਪਾਲੀ ਦੇ ਜਾਣ ਤੋਂ ਬਾਅਦ ਬਿਸ਼ਨ ਕੌਰ ਨੇ ਆਪਣੇ ਘਰਵਾਲੇ ਨੂੰ ਸਮਝਾਇਆ।

“ਬਚਿੰਤ ਸਿਆਂ, ਘਰ ਈ ਆਂ?” ਇੱਕ ਦਿਨ ਸੁਵਖਤੇ ਹੀ ਲਾਲ ਸਿੰਘ ਨੇ ਗੇਟ ਉੱਪਰੋਂ ਝਾਕਦਿਆਂ ਉੱਚੀ ਆਵਾਜ਼ ਮਾਰੀ।

“ਲੰਘ ਆ-ਲੰਘ ਆ ਲਾਲ ਸਿਆਂ। ਸੁੱਖ-ਸਾਂਦ ਤਾਂ ਹੈ?”

“ਸਭ ਕੁਝ ਸੁੱਖ-ਸਾਂਦ ਐ। ਆਪਣੀ ਕਿਰਨ ਕੈਨੇਡਾ ’ਚ ਪੱਕੀ ਹੋਈ ਆ। ਮੈਂ ਸੋਚਿਆ, ਭਈ ਸਭ ਤੋਂ ਪਹਿਲਾਂ ਮੈਂ ਆਪਣੇ ਮਿੱਤਰ ਦਾ ਈ ਮੂੰਹ ਮਿੱਠਾ ਕਰਾ ਆਵਾਂ।” ਲੱਡੂ ਲੈ ਕੇ ਆਏ ਲਾਲ ਸਿੰਘ ਨੇ ਘਰ ਅੰਦਰ ਵੜਦਿਆਂ ਹੀ ਖ਼ੁਸ਼ੀ ਦੀ ਖ਼ਬਰ ਦਿੱਤੀ।

“ਲਾਲ ਸਿਆਂ, ਫਿਰ ਤਾਂ ਤੈਨੂੰ ਵਧਾਈਆਂ ਹੋਣ ਬਈ। ਅਹਿ ਹੁੰਦੀ ਐ ਲੈਕ ਨਿਆਣਿਆਂ ਦੀ ਗੱਲ।” ਬਚਿੰਤ ਸਿੰਘ ਨੇ ਲਾਲ ਸਿੰਘ ਨੂੰ ਵਧਾਈਆਂ ਦਿੰਦਿਆਂ ਬਾਹਰ ਮੰਜੇ ’ਤੇ ਬੈਠੇ ਪਾਲੀ ਵੱਲ ਟੇਢਾ ਜਿਹਾ ਝਾਕਿਆ, ਜਿਵੇਂ ਉਸ ਨੂੰ ਨਿਖੱਟੂ ਸਮਝ ਰਿਹਾ ਹੋਵੇ।

“ਊਂ ਤਾਂ ਇਹਦੇ ਵਿੱਚ ਵਧਾਈਆਂ ਦੇਣ ਵਾਲੀ ਕਿਹੜੀ ਗੱਲ ਆ। ਇੱਦਾਂ ਦੇ ਕੰਟਰੈਕਟ ਮੈਰਿਜ ਸਾਡਾ ਸੱਭਿਆਚਾਰ ਥੋੜ੍ਹੇ ਆ।” ਲਾਲ ਸਿੰਘ ਦੇ ਜਾਣ ਤੋਂ ਬਾਅਦ ਬਚਿੰਤ ਸਿੰਘ ਦੇ ਮਨ ਵਿੱਚ ਸ਼ਰੀਕੇਬਾਜ਼ੀ ਜਾਗੀ।

“ਉਹ ਕਿੱਦਾਂ?” ਇਹ ਗੱਲ ਸੁਣਦੇ ਸਾਰ ਹੀ ਬਿਸ਼ਨ ਕੌਰ ਝੱਟ ਬੋਲੀ।

“ਨਕਲੀ ਵਿਆਹ ਕਰਾ ਕੇ ਬਾਅਦ ਵਿੱਚ ਤੋੜ ਲੈਣਾ, ਇਹ ਸਾਡੇ ਸੱਭਿਆਚਾਰ ਨਾਲ ਤਾਂ ਫਿਰ ਧੋਖਾ ਈ ਹੋਇਆ ਨ੍ਹਾ।” ਬਚਿੰਤ ਸਿੰਘ ਉੱਚੀ ਦੇਣੀ ਬੋਲਿਆ, ਜਿਵੇਂ ਆਪਣੇ ਅੰਦਰ ਪੈਦਾ ਹੋਏ ਸੜੇਵੇਂ ਨੂੰ ਸਵੈਮਾਣ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

“ਜਿਹੜੇ ਐਧਰ ਪੱਕੇ ਵਿਆਹ ਕਰਾ ਕੇ ਜਾਂਦੇ ਐ, ਉੱਧਰ ਜਾ ਕੇ ਮੁੱਕਰ ਜਾਂਦੇ ਐ। ਉਨ੍ਹਾਂ ਨਾਲੋਂ ਤਾਂ ਚੰਗਾ ਈ ਐ। ਇੱਕ ਦਿਨ ਤੁਸੀਂ ਮੈਨੂੰ ਆਪੇ ਦੱਸਦੇ ਸੀ, ਭਈ ਇੱਕ ਐਲਟ ਵਾਲੀ ਕੁੜੀ ਨੇ ਵਿਆਹ ਕਰਕੇ ਮੁੰਡੇ ਵਾਲਿਆਂ ਦਾ ਸਤਾਈ-ਅਠਾਈ ਲੱਖ ਰੁਪਈਆ ਖ਼ਰਚ ਕਰਾ ਦਿੱਤਾ। ਉੱਧਰ ਜਾ ਕੇ ਮੁੰਡੇ ਨੂੰ ਟੈਲੀਫੂਨ ਵੀ ਨਹੀਂ ਕਰਦੀ, ਅਖੇ ਮੈਨੂੰ ਮੁੰਡਾ ਨ੍ਹੀਂ ਪਸੰਦ। ਇਹ ਤਾਂ ਲੋਕਾਂ ਦੀ ਜਮਾਂ ਈ ਬੇਈਮਾਨੀ ਆਂ।”

ਬਿਸ਼ਨ ਕੌਰ ਦੀ ਇਹ ਗੱਲ ਸੁਣ ਕੇ ਬਚਿੰਤ ਸਿੰਘ ਚੁੱਪ ਜਿਹਾ ਹੋ ਗਿਆ। ਇੰਨੇ ਨੂੰ ਬਾਹਰੋਂ ਬੱਦਲਾਂ ਦੀ ਗੜਗੜਾਹਟ ਦੀ ਆਵਾਜ਼ ਆਈ। ਬਿਸ਼ਨ ਕੌਰ ਨੇ ਬਾਹਰ ਨਿਕਲ ਕੇ ਵੇਖਿਆ ਤਾਂ ਅਸਮਾਨ ’ਤੇ ਕਾਲੀ ਘਟਾ ਛਾਈ ਪਈ ਸੀ।

“ਸ਼ਿੰਦੋ ਕੁੜੇ, ਅਹਿ ਡੰਗਰਾਂ ਨੂੰ ਅੰਦਰ ਕਰ ਦੇ। ਬਾਹਰ ਤਾਂ ਕਾਲੀ ਘਟ ਚੜ੍ਹੀ ਪਈ ਆ।” ਬਿਸ਼ਨ ਕੌਰ ਨੇ ਕਾਲੀ ਘਟਾ ਚੜ੍ਹੀ ਵੇਖ ਆਪਣੀ ਨੂੰਹ ਨੂੰ ਆਵਾਜ਼ ਮਾਰੀ।

ਕੁਝ ਸਮੇਂ ਬਾਅਦ ਹੀ ਮੀਂਹ ਤੇ ਝੱਖੜ ਨਾਲ ਗੜੇ ਬਰਸਣੇ ਸ਼ੁਰੂ ਹੋ ਗਏ।

“ਬਿਸ਼ਨ ਕੌਰੇ, ਅਹਿ ਗੜਿਆਂ ਨਾਲ ਤਾਂ ਲੋਕਾਂ ਦਾ ਬਹੁਤ ਨੁਕਸਾਨ ਹਊਗਾ।” ਮੋਟੇ-ਮੋਟੇ ਗੜੇ ਵਰਸਦੇ ਵੇਖ ਬਚਿੰਤ ਸਿੰਘ ਬੋਲਿਆ।

“ਜੀ, ਰੋਹੀ ਦੇ ਤੱਪੜ ਨਾਲੋਂ ਤਾਂ ਚੰਗਾ ਈ ਆ। ਅੱਗ ਲੱਗੀ ਪਈ ਸੀ ਬਾਹਰ। ਆਹਾਂ ਹੁਣ, ਜੀਵ-ਜੰਤੂਆਂ ਦੇ ਖਾਣ ਲਈ ਕੁਛ ਹਰਿਆਵਲ ਤਾਂ ਹਊਗੀ। ਨਿਰਦੋਸ਼ਿਆਂ ਦੀ ਗਰਮੀ ਨੇ ਤ੍ਰਾਹ ਕੱਢੀ ਪਈ ਸੀ।”

“ਵਾਹ ਬਈ ਵਾਹ! ਸੁਆਦ ਆ ਗਿਆ ਸੁਆਦ।” ਲਾਲ ਸਿੰਘ ਦੇ ਦਿੱਤੇ ਲੱਡੂਆਂ ਦੇ ਡੱਬੇ ਵਿੱਚੋਂ ਇੱਕ ਲੱਡੂ ਦਾ ਸਵਾਦ ਚਖਦਿਆਂ ਬਚਿੰਤ ਸਿੰਘ ਦੇ ਮੂੰਹੋਂ ਸਹਿਜ-ਸੁਭਾਅ ਨਿਕਲਿਆ, ਜਿਵੇਂ ਅਚੇਤ ਮਨ ਦੀ ਭਾਵਨਾ ਆਪ-ਮੁਹਾਰੇ ਪ੍ਰਗਟ ਹੋ ਗਈ ਹੋਵੇ।



News Source link
#ਕਟਰਕਟ #ਮਰਜ

- Advertisement -

More articles

- Advertisement -

Latest article