30 C
Patiāla
Monday, April 29, 2024

ਰਾਜ ਭਾਸ਼ਾ ਸਲਾਹਕਾਰ ਬੋਰਡ ਵਿੱਚ ਤਬਦੀਲੀ ਕਰਾਂਗੇ: ਹਰਜੋਤ ਬੈਂਸ

Must read


ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜਨਵਰੀ

ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਕਰਨ ਵਾਲੇ ਰਾਜ ਭਾਸ਼ਾ ਸਲਾਹਕਾਰ ਬੋਰਡ ਵਿੱਚ ਵੱਡੀ ਤਬਦੀਲੀ ਕੀਤੀ ਜਾਵੇਗੀ, ਕਿਉਂਕਿ ਪਹਿਲਾਂ ਮਿਲੇ ਪੁਰਸਕਾਰਾਂ ਬਾਰੇ ਸਰਕਾਰ ਕੋਲ ਕਈ ਸ਼ਿਕਾਇਤਾਂ ਪੁੱਜੀਆਂ ਹਨ। ਹਰਜੋਤ ਬੈਂਸ ਇੱਥੇ ਪਟਿਆਲਾ ਵਿਰਾਸਤੀ ਮੇਲੇ ਤਹਿਤ ਭਾਸ਼ਾ ਵਿਭਾਗ ਵੱਲੋਂ ਕਰਵਾਏ ਕਵੀ ਦਰਬਾਰ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪੁਰਸਕਾਰ ਦੇਣ ਲਈ ਉਹ ਮੁੱਖ ਮੰਤਰੀ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ’ਚ ਆਧੁਨਿਕ ਸਹੂਲਤਾਂ ਨਾਲ ਲੈਸ ਸਟੂਡੀਓ ਤੇ ਯੂ-ਟਿਊਬ ਚੈਨਲ ਤਿਆਰ ਕਰਨ ਦਾ ਵੀ ਐਲਾਨ ਕੀਤਾ।

ਭਾਸ਼ਾ ਵਿਭਾਗ ਵੱਲੋਂ ਕਰਵਾਏ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕੀਤੀ ਜਦਕਿ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸੁਰਜੀਤ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਹੋਰਨਾਂ ਖੇਤਰਾਂ ਵਾਂਗ ਪੰਜਾਬੀ ਨੂੰ ਵੀ ਪ੍ਰਫੁੱਲਤ ਕਰਨ ਲਈ ਸੁਹਿਰਦ ਨਜ਼ਰ ਆ ਰਹੀ ਹੈ। ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਕੌਮੀ ਪੱਧਰ ’ਤੇ ਪ੍ਰਚਾਰਨ ਲਈ ਭਾਸ਼ਾ ਵਿਭਾਗ ਦੀ ਅਹਿਮ ਭੂਮਿਕਾ ਹੈ, ਕਿਉਂਕਿ ਜੋ ਪੁਰਾਤਨ ਸਾਹਿਤ ਭਾਸ਼ਾ ਵਿਭਾਗ ਕੋਲ ਹੈ ਉਹ ਹੋਰ ਕਿਸੇ ਸੰਸਥਾ ਕੋਲ ਨਹੀਂ ਹੈ। ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕ ਡਾ. ਵੀਰਪਾਲ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਰੇ ਕਵੀਆਂ ਤੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਪਟਿਆਲੀ ਵਿਰਾਸਤੀ ਕਵੀ ਦਰਬਾਰ ਮੌਕੇ ਕੁਲਵੰਤ ਸਿੰਘ ਸੈਦੋਕੇ, ਅੰਮ੍ਰਿਤਪਾਲ ਸ਼ੈਦਾ, ਸਾਗਰ ਸੂਦ, ਡਾ. ਹਰਵਿੰਦਰ ਕੌਰ, ਚਰਨ ਪੁਆਧੀ, ਚੰਨ ਪਟਿਆਲਵੀ, ਸਰਬਜੀਤ ਕੌਰ ਜੱਸ, ਗੁਰਦਰਸ਼ਨ ਗੁਸੀਲ, ਪਰਵਿੰਦਰ ਸ਼ੋਖ, ਸੰਤੋਖ ਸੁੱਖੀ, ਕਿਰਨ ਸਿੰਗਲਾ ਤੇ ਤੇਜਿੰਦਰ ਅਣਜਾਣ ਆਦਿ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਕਵੀ ਧਰਮ ਕੰਮੇਆਣਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਭਾਸ਼ਾ ਵਿਭਾਗ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਤਿੰਨ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ। ਭਾਸ਼ਾ ਵਿਭਾਗ ਵੱਲੋਂ ਇਸ ਮੌਕੇ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਵਿੱਚ ਫਿਲਹਾਲ ਘੱਟ ਗਿਣਤੀ ’ਚ ਪਾਠਕ ਪਹੁੰਚੇ ਹਨ।





News Source link

- Advertisement -

More articles

- Advertisement -

Latest article