38 C
Patiāla
Friday, May 3, 2024

ਅਸੀਂ ਦੋਵੇਂ ਇੱਕ ਦੂਜੇ ਨੂੰ ਵਰਾਉਣ ਲੱਗੇ ਰੋਏ…

Must read


ਸੁਖਦੇਵ ਸਿੱਧੂ ਕੁਸਲਾ

ਮੇਰੇ ਉਹ ਦਿਨ ਅੱਜ ਵੀ ਯਾਦ ਹੈ ਜਦੋਂ ਮੈਂ ਪਿਛਲੇ ਸਾਲ ਭਾਰਤ ਵਿੱਚ ਛੁੱਟੀ ਕੱਟਣ ਗਿਆ ਸੀ। ਜਿਸ ਦਿਨ ਮੈਂ ਘਰ ਆਉਣਾ ਸੀ ਉਸ ਦਿਨ ਪਰਿਵਾਰ ਤੋਂ ਬਿਨਾਂ ਮੇਰੇ ਭਤੀਜੇ ਗੁਰਕੀਰਤ ਸਿੰਘ ਨੂੰ ਗੋਡੇ ਗੋਡੇ ਚਾਅ ਚੜ੍ਹਿਆ ਹੋਇਆ ਸੀ। ਉਹ ਮੇਰੇ ਆਉਣ ਦੀ ਖੁਸ਼ੀ ਵਿੱਚ ਸਕੂਲ ਵੀ ਨਹੀਂ ਸੀ ਗਿਆ। ਉਹ ਸਵੇਰ ਤੋਂ ਹੀ ਮੇਰੇ ਪਾਪਾ ਜੀ ਨੂੰ ਕਹਿ ਰਿਹਾ ਸੀ ਕਿ ਉਹ ਜਲਦੀ ਤਿਆਰ ਹੋ ਜਾਣ, ਆਪਾ ਅੱਜ ਚਾਚੇ ਨੂੰ ਲੈ ਕੇ ਆਉਣਾ ਹੈ। ਉਸ ਤੋਂ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾਂਦੀ। ਜਦੋਂ ਗੁਰਕੀਰਤ ਨੇ ਮੈਨੂੰ ਗੱਡੀ ’ਤੇ ਨੇੜੇ ਆਉਦੇ ਵੇਖਿਆ ਤਾਂ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਹ ਬਹੁਤ ਭਾਵੁਕ ਹੋ ਗਿਆ। ਅਜਿਹੇ ਮਾਹੌਲ ਵਿੱਚ ਅੰਦਰੋਂ ਅੰਦਰੀ ਮੇਰਾ ਵੀ ਦਿਲ ਰੋਣ ਲੱਗ ਪਿਆ ਤੇ ਮੈਂ ਇਹ ਵੀ ਸੋਚਣ ਲੱਗ ਪਿਆ ਕਿ ਹਰ ਰੋਜ਼ ਕਿੰਨੇ ਹੀ ਪਰਿਵਾਰ ਰੋਜ਼ੀ ਰੋਟੀ ਖਾਤਰ ਆਪਣੇ ਬੱਚਿਆਂ ਨੂੰ ਛੱਡ ਕੇ ਸੱਤ ਸਮੁੰਦਰੋਂ ਦੂਰ ਚਲੇ ਜਾਂਦੇ ਹਨ। ਉਨ੍ਹਾਂ ਦਾ ਜਿਗਰਾ ਵੀ ਕਿਹੋ ਜਿਹਾ ਹੋਵੇਗਾ ਤੇ ਉਹ ਬੱਚੇ ਵੀ ਆਪਣੇ ਮਾਪਿਆਂ ਦੀ ਘਾਟ ਨੂੰ ਕਿੰਨਾ ਮਹਿਸੂਸ ਕਰਦੇ ਹੋਣਗੇ। ਮਾਪਿਆਂ ਦੀ ਉਹ ਘਾਟ ਤਾਂ ਚਾਚੇ, ਮਾਸੀਆਂ ਵੀ ਪੂਰੀ ਨਹੀਂ ਕਰ ਸਕਦੇ, ਪਰ ਮਜਬੂਰੀ ਵੱਸ ਬਹੁਤੇ ਮਾਪਿਆਂ ਨੂੰ ਆਪਣੇ ਧੀਆਂ ਪੁੱਤਾਂ ਤੋਂ ਦੂਰ ਰਹਿਣਾ ਪੈਂਦਾ ਹੈ। ਵੇਖਿਆ ਜਾਵੇ ਤਾਂ ਸੱਚਮੁੱਚ ਇਹ ਹੈ ਬਹੁਤ ਔਖਾ, ਪਰ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈ। ਬੰਦਾ ਚਾਹੁਣ ’ਤੇ ਵੀ ਕੁਝ ਕਰ ਨਹੀਂ ਸਕਦਾ।

ਮੇਰੀ ਛੁੱਟੀ ਪੂਰੀ ਹੋਣ ਦੇ ਕੁਝ ਦਿਨ ਹੀ ਰਹਿ ਗਏ ਸਨ। ਇੱਕ ਦਿਨ ਸ਼ਾਮ ਨੂੰ ਮੇਰਾ ਭਤੀਜਾ ਮੈਨੂੰ ਆਹਦਾਂ ਚਾਚਾ ਤੁਹਾਨੂੰ ਇੱਕ ਗੱਲ ਕਹਾਂ, ਮੈਂ ਝੱਟ ਬੋਲਿਆਂ ਹਾਂ ਦੱਸ ਪੁੱਤਰ। ਆਹਦਾਂ ਚਾਚਾ ਤੁਸੀਂ ਇਸ ਵਾਰ ਵਿਦੇਸ਼ ਨਾ ਜਾਣਾ। ਤੁਸੀਂ ਘਰ ਹੀ ਰਹੋ ਮੇਰਾ ਤੁਹਾਡੇ ਬਿਨਾਂ ਦਿਲ ਨਹੀਂ ਲੱਗਣਾ। ਇਹ ਗੱਲ ਸੁਣ ਕੇ ਮੇਰਾ ਮਨ ਉਦਾਸ ਜਿਹਾ ਹੋ ਗਿਆ ਤੇ ਕੁਝ ਕੁ ਸਕਿੰਟਾਂ ਬਾਅਦ ਮੈਂ ਬੋਲਿਆਂ ਕਿ ਪੁੱਤ ਮੈਂ ਹੋਰ ਪੈਸਾ ਕਮਾ ਲਿਆਵਾਂ ਕਿਉਂਕਿ ਆਪਣੇ ਕੋਲ ਪੈਸੇ ਥੋੜ੍ਹੇ ਹਨ। ਫਿਰ ਉਹ ਕਹਿੰਦਾ ਕਿ ਚਾਚਾ ਆਪਣੇ ਕੋਲ ਜਿੰਨੇ ਪੈਸੇ ਹਨ, ਉਹ ਹੀ ਆਪਣੇ ਲਈ ਕਾਫ਼ੀ ਹਨ, ਪਰ ਤੁਸੀਂ ਨਾ ਜਾਓ। ਮੈਂ ਉਸ ਨੂੰ ਫਿਰ ਸਮਝਾਉਣ ਦੀ ਕੋਸ਼ਿਸ਼ ਆਪਣੇ ਵੱਲੋਂ ਕੀਤੀ, ਪਰ ਉਸ ਨੂੰ ਮੇਰੀਆਂ ਗੱਲਾਂ ਸਹੀ ਨਹੀਂ ਲੱਗੀਆਂ। ਮੈਂ ਇਹ ਵੀ ਸੋਚ ਰਿਹਾ ਸੀ ਕਿ ਇਸ ਛੇ ਸਾਲ ਦੀ ਬੱਚੇ ਨੂੰ ਪਤਾ ਹੈ ਕਿ ਚਾਚਾ ਪੈਸਿਆਂ ਲਈ ਮੇਰੇ ਕੋਲੋਂ ਬਹੁਤ ਦੂਰ ਚਲਾ ਜਾਵੇਗਾ। ਫੇਰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੈਨੂੰ ਮਿਲੇਗਾ। ਸੱਚਮੁੱਚ ਮੈਨੂੰ ਆਪਣੇ ਭਤੀਜੇ ਦੀਆਂ ਇਨ੍ਹਾਂ ਗੱਲਾਂ ਨੇ ਸੋਚੀਂ ਪਾ ਦਿੱਤਾ।

ਕੁਝ ਦਿਨਾਂ ਬਾਅਦ ਮੇਰਾ ਵਾਪਸ ਵਿਦੇਸ਼ ਜਾਣ ਦਾ ਦਿਨ ਆ ਗਿਆ ਤੇ ਮੇਰੀ ਬੀਬੀ ਜੀ ਉਸ ਦਿਨ ਸਵੇਰ ਤੋਂ ਹੀਂ ਮੈਥੋਂ ਲੁਕ ਲੁਕ ਕੇ ਰੋ ਰਹੇ ਸਨ। ਦੁਪਹਿਰ ਨੂੰ ਜਾਣ ਵੇਲੇ ਸਾਰਾ ਪਰਿਵਾਰ ਹੀ ਭਾਵੁਕ ਹੋ ਗਿਆ ਤੇ ਛੋਟੀ ਭੈਣ, ਬੀਬੀ ਜੀ ਤੇ ਵੱਡਾ ਭਰਾ ਰੋਣ ਲੱਗ ਪਏ। ਫਿਰ ਮੇਰੇ ਤੋਂ ਵੀ ਆਪਣੇ ਹੰਝੂ ਰੋਕੇ ਨਾ ਗਏ। ਆਪਣੇ ਮਨ ਨੂੰ ਕੰਟਰੋਲ ਕਰਕੇ ਮੈਂ ਗੱਡੀ ਵਿੱਚ ਬਹਿ ਗਿਆ ਤੇ ਮੇਰੀ ਪਤਨੀ ਵੀ ਰੋਂਦੀ ਰੋਂਦੀ ਗੱਡੀ ਵਿੱਚ ਬੈਠ ਗਈ। ਮੇਰੀ ਵੱਡੀ ਭੈਣ, ਪਾਪਾ ਜੀ ਤੇ ਭਤੀਜਾ ਗੁਰਕੀਰਤ ਵੀ ਭਾਵੁਕ ਜਿਹੇ ਹੋ ਕੇ ਗੱਡੀ ਵਿੱਚ ਬੈਠ ਗਏ ਤੇ ਸਾਨੂੰ ਦਿੱਲੀ ਏਅਰਪੋਰਟ ਚੜ੍ਹਾਉਣ ਲਈ ਘਰੋਂ ਤੁਰ ਪਏ। ਅਸੀਂ ਰਾਤ ਨੂੰ ਦਿੱਲੀ ਏਅਰਪੋਰਟ ਪਹੁੰਚ ਗਏ, ਪਰ ਜਦੋਂ ਮੈਂ ਤੇ ਮੇਰੀ ਪਤਨੀ ਏਅਰਪੋਰਟ ਪਹੁੰਚ ਕੇ ਕੁਝ ਸਮੇਂ ਬਾਅਦ ਆਪਣੇ ਬੈਗ ਵਗੈਰਾ ਏਅਰਪੋਰਟ ਦੇ ਅੰਦਰ ਦਾਖਲ ਹੋਣ ਲਈ ਤਿਆਰ ਕਰਨ ਲੱਗੇ ਤਾਂ ਬੱਚਾ ਫਿਰ ਭੁੱਬਾ ਮਾਰ ਕੇ ਰੋਣ ਲੱਗ ਪਿਆ। ਨਾਲ ਹੀ ਮੇਰੀ ਪਤਨੀ ਵੀ ਰੋਣ ਲੱਗ ਪਈ। ਮੈਂ ਕੁਝ ਕੁ ਮਿੰਟ ਤਾਂ ਆਪਣੇ ਮਨ ਨੂੰ ਕੰਟਰੋਲ ਰੱਖਿਆ, ਪਰ ਉਸ ਦੀਆਂ ਭੁੱਬਾਂ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਤੇ ਮੈਂ ਵੀ ਰੋਣ ਲੱਗ ਪਿਆ। ਫਿਰ ਸਥਿਤੀ ਅਜਿਹੀ ਬਣ ਗਈ ਕਿ ਭਤੀਜੇ ਦੀਆਂ ਭੁੱਬਾਂ ਨੇ ਮੇਰੇ ਪਿਤਾ ਜੀ ਸਮੇਤ ਸਾਨੂੰ ਸਾਰਿਆਂ ਨੂੰ ਰੁਆ ਦਿੱਤਾ। ਜਦੋਂ ਅਸੀਂ ਆਪਣੇ ਬੈਗ ਹੱਥਾਂ ਵਿੱਚ ਫੜ ਕੇ ਏਅਰਪੋਰਟ ਅੰਦਰ ਜਾਣ ਲੱਗੇ ਤਾਂ ਭਤੀਜੇ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਜਦੋਂ ਮੈਂ ਕਿਹਾ ਕਿ ਚੱਲ ਹੁਣ ਠੀਕ ਐ ਪੁੱਤ ਮੈਂ ਜਾਂਦਾ ਹਾਂ ਤਾਂ ਉਹ ਫਿਰ ਕਹਿੰਦਾ ਕਿ ਚਾਚਾ ਜੀ, ਤੁਸੀਂ ਨਾ ਜਾਓ। ਉਸ ਵੱਲੋਂ ਮੈਨੂੰ ਘੁੱਟ ਕੇ ਪਾਈ ਗਲਵੱਕੜੀ ਨੂੰ ਪਿਤਾ ਜੀ ਨੇ ਬਹੁਤ ਮੁਸ਼ਕਿਲ ਨਾਲ ਤੋੜਿਆ। ਪਿਤਾ ਜੀ ਦੀ ਗੋਦੀ ਵਿੱਚ ਉਸ ਦੀਆਂ ਭੁੱਬਾਂ ਪਹਿਲਾਂ ਨਾਲੋਂ ਵੀ ਤੇਜ਼ ਹੋ ਗਈਆਂ। ਜਿਵੇਂ ਅਸੀਂ ਲਾਈਨ ਵਿੱਚ ਖੜ੍ਹੇ ਏਅਰਪੋਰਟ ਦੇ ਅੰਦਰ ਦਾਖਲ ਹੁੰਦੇ ਗਏ ਤਾਂ ਉਸ ਤਰ੍ਹਾਂ ਭਤੀਜੇ ਦੀਆਂ ਚੀਕਾਂ ਮੈਨੂੰ ਸੁਣਾਈ ਦੇ ਰਹੀਆਂ ਸਨ। ਉੱਥੇ ਆਸ ਪਾਸ ਖੜ੍ਹੇ ਲੋਕ ਵੀ ਬੜੀ ਗੌਰ ਨਾਲ ਵੇਖ ਰਹੇ ਸਨ ਕਿ ਬੱਚਾ ਕਿਸ ਤਰ੍ਹਾਂ ਆਪਣੇ ਚਾਚੇ ਦੇ ਵਿਦੇਸ਼ ਜਾਣ ’ਤੇ ਰੋ ਰਿਹਾ ਹੈ।

ਮੈਂ ਜਹਾਜ਼ ਚੜ੍ਹਨ ਤੱਕ ਇਹੀ ਸੋਚ ਰਿਹਾ ਸਾਂ ਕਿ ਪਤਾ ਨਹੀਂ ਕਿੰਨੇ ਬੱਚੇ ਤੇ ਮਾਪੇ ਆਪਣਿਆਂ ਨੂੰ ਚੜ੍ਹਾਉਣ ਆਉਂਦੇ ਹੋਏ ਇਸ ਏਅਰਪੋਰਟ ਤੋਂ ਰੋਂਦੇ ਹੋਏ ਆਪਣੇ ਘਰ ਵਾਪਸ ਜਾਂਦੇ ਹੋਣਗੇ। ਕਿੰਨੇ ਹੀ ਬੱਚੇ ਆਪਣੇ ਮਾਪਿਆਂ ਦੇ ਵਿਛੋੜੇ ਦਾ ਦਰਦ ਸਹਿਣ ਕਰਦੇ ਹੋਣਗੇ, ਪਰ ਅਫ਼ਸੋਸ! ਜੇਕਰ ਸਾਡੇ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਦੇ ਸਾਧਨ ਹੁੰਦੇ ਤਾਂ ਕੋਈ ਵੀ ਧੀ-ਪੁੱਤ ਆਪਣਾ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾਂਦਾ ਸੀ। ਸਾਡੇ ਆਪਣੇ ਦੇਸ਼ ਵਿੱਚ ਰੁਜ਼ਗਾਰ ਨਾ ਹੋਣ ਕਾਰਨ ਦਿਨੋਂ ਦਿਨ ਸਾਡੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਵਧ ਰਿਹਾ ਹੈ। ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਮੁੰਡੇ ਕੁੜੀਆਂ ਆਪਣੇ ਪਰਿਵਾਰਾਂ ਤੋਂ ਕੋਹਾਂ ਦੂਰ ਹੋ ਰਹੇ ਹਨ। ਅੱਜ ਸਾਡੇ ਦੇਸ਼ ਵਿੱਚ ਇਹ ਤ੍ਰਾਸਦੀ ਬਣੀ ਹੋਈ ਹੈ ਕਿ ਨੌਜਵਾਨਾਂ ਕੋਲ ਵਿਦੇਸ਼ ਜਾਣ ਤੋਂ ਬਿਨਾਂ ਕੋਈ ਰਾਹ ਹੀ ਨਹੀਂ ਬਚਿਆ। ਸਾਡੀਆਂ ਸਰਕਾਰਾਂ ਨੇ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਦੇ ਅਜੇ ਤੱਕ ਠੋਸ ਉਪਰਾਲੇ ਨਹੀਂ ਕੀਤੇ ਜੋ ਕਿ ਕਰਨੇ ਚਾਹੀਦੇ ਸਨ। ਹਰੇਕ ਰਾਜਨੀਤਕ ਪਾਰਟੀ ਵੋਟਾਂ ਤੋਂ ਪਹਿਲਾਂ ਬੜੇ ਵੱਡੇ ਵੱਡੇ ਵਾਅਦੇ ਕਰਦੀ ਹੈ, ਪਰ ਸਰਕਾਰ ਬਣਨ ’ਤੇ ਆਪਣੇ ਕੀਤੇ ਸਾਰੇ ਵਾਅਦੇ ਭੁੱਲ ਜਾਂਦੀ ਹੈ। ਇਸ ਕਰਕੇ ਸਾਡੇ ਨੌਜਵਾਨਾਂ ਲਈ ਵਿਦੇਸ਼ ਜਾਣਾ ਹੁਣ ਇੱਕ ਮਜਬੂਰੀ ਬਣ ਗਈ ਹੈ। ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਉਸ ਦੇ ਧੀਆਂ ਪੁੱਤ ਉਨ੍ਹਾਂ ਤੋਂ ਦੂਰ ਹੋਣ, ਪਰ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦਾ ਭਵਿੱਖ ਆਪਣੇ ਦੇਸ਼ ਵਿੱਚ ਸੁਰੱਖਿਅਤ ਨਹੀਂ ਦਿਸਦਾ। ਇਸ ਕਰਕੇ ਮਾਪੇ ਵੀ ਔਖੇ ਹੋ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ। ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਕੋਈ ਵੀ ਬੱਚਾ ਤੇ ਨਾ ਹੀ ਕੋਈ ਮਾਪਾ ਆਪਣੇ ਬੱਚਿਆਂ ਤੋਂ ਦੂਰ ਹੋਵੇ ਤੇ ਇਸ ਤਰ੍ਹਾਂ ਏਅਰਪੋਰਟ ’ਤੇ ਸੋਗਮਈ ਮਾਹੌਲ ਬਣੇ।

ਸੰਪਰਕ: 00447709875751 



News Source link
#ਅਸ #ਦਵ #ਇਕ #ਦਜ #ਨ #ਵਰਉਣ #ਲਗ #ਰਏ

- Advertisement -

More articles

- Advertisement -

Latest article