31.9 C
Patiāla
Monday, May 13, 2024

ਇੱਕ ਟੱਕ ਹੋਰ

Must read


ਸੁਰਿੰਦਰ ਸਿੰਘ ਰਾਏ

ਇੱਕ ਦਿਨ ਸੁਵਖਤੇ ਹੀ ਚਾਚਾ ਜੀ ਦੀ ਹਵੇਲੀ ਬੈਠਿਆਂ ਗੇਟ ਦੇ ਬਾਹਰ ਸਾਈਕਲ ਦੀ ਟੱਲੀ ਟਣਕਣ ਦੀ ਆਵਾਜ਼ ਆਈ। ਚਾਚਾ ਜੀ ਨੇ ਕੰਨ ਚੁੱਕੇ ਤੇ ਵਾਹੋ-ਦਾਹੀ ਗੇਟ ਖੋਲ੍ਹਿਆ। ਇੱਕ ਮਸੋਸੇ ਜਿਹੇ ਚਿਹਰੇ ਵਾਲਾ ਵਿਅਕਤੀ ਬਾਹਰ ਖੜ੍ਹਾ ਸੀ, ਜਿਵੇਂ ਹੁਣੇ-ਹੁਣੇ ਜ਼ਮਾਨਤ ’ਤੇ ਬਾਹਰ ਆਇਆ ਹੋਵੇ। ਉਹ ਚਾਚਾ ਜੀ ਨਾਲ ਕੋਈ ਗੁਫ਼ਤਗੂ ਕਰਦਾ ਹੌਲੀ-ਹੌਲੀ ਅੰਦਰ ਆ ਵੜਿਆ। ਫਿਰ ਉਹ ਚਾਚਾ ਜੀ ਨੂੰ ਇੱਕ ਪਾਸੇ ਲੈ ਗਿਆ। ਕੁਝ ਚਿਰ ਕੰਨ ਵਿੱਚ ਘੁਸਰ-ਫੁਸਰ ਕੀਤੀ। ਚਾਚਾ ਜੀ ਚੁੱਪ-ਚਾਪ ਕਮਰੇ ਅੰਦਰ ਗਏ ਤੇ ਬਾਹਰ ਆ ਕੇ ਆਪਣੀ ਬੰਦ ਮੁੱਠੀ ਉਸ ਦੇ ਹੱਥ ਵਿੱਚ ਖੋਲ੍ਹ ਦਿੱਤੀ ਤੇ ਉਹ ਵਿਅਕਤੀ ਛੇਤੀ ਹੀ ਵਾਪਸ ਚਲਾ ਗਿਆ।

“ਚਾਚਾ ਜੀ, ਇਹ ਵਿਅਕਤੀ ਕੌਣ ਸੀ?” ਉਸ ਵਿਅਕਤੀ ਦੇ ਜਾਣ ਤੋਂ ਬਾਅਦ ਮੈਂ ਸਰਸਰੀ ਜਿਹੇ ਚਾਚਾ ਜੀ ਨੂੰ ਪੁੱਛਿਆ।

“ਹਰਮੀਤ, ਤੂੰ ਨਹੀਂ ਜਾਣਦਾ ਇਹਨੂੰ। ਇਹ ਸਾਡੇ ਪਿੰਡ ਦੀ ਉੱਪਰਲੀ ਪੱਟੀ ’ਚੋਂ ਬਾਬੂ ਕਮਲ ਕਿਸ਼ੋਰ ਐ।”

“ਚਾਚਾ ਜੀ, ਇਸ ਨੂੰ ਸੁਵਖਤੇ ਹੀ ਐਨਾ ਜ਼ਰੂਰੀ ਕਿਹੜਾ ਕੰਮ ਪੈ ਗਿਆ ਸੀ?”

“ਆਹੋ ਹਰਮੀਤ, ਕਦੇ-ਕਦੇ ਇਹ ਵੀ ਆ ਜਾਂਦਾ ਵਿਚਾਰਾ। ਡਾਕਖਾਨੇ ’ਚ ਕੰਮ ਕਰਦਾ ਐ। ਕਬੀਲਦਾਰ ਬੰਦਾ ਐ। ਨਿਆਣੇ ਇਹਦੇ ਕਾਲਜ ਵਿੱਚ ਪੜ੍ਹਦੇ ਐ। ਤੈਨੂੰ ਪਤਾ ਈ ਆ, ਅੱਜਕੱਲ੍ਹ ’ਕੱਲੀ ਤਨਖਾਹ ਨਾਲ ਮੁਲਾਜ਼ਮ ਦਾ ਕਿਆ ਬਣਦਾ ਐ। ਔਖੇ ਵੇਲੇ ਵਕਤ ਸਾਰ ਲੈਂਦਾ ਇਹ ਵੀ, ਪਰ ਵਿਹਾਰ ਦਾ ਨ੍ਹੀਂ ਮਾੜਾ। ਪਹਿਲੀ ਦੀ ਪਹਿਲੀ ਆਪੇ ਮੋੜ ਜਾਂਦਾ ਐ।” ਚਾਚਾ ਜੀ ਨੇ ਕੋਲੋਂ ਪੈਸੇ ਦੇ ਕੇ ਵੀ ਉਸ ਦੀ ਸਿਫ਼ਤ ਕੀਤੀ।

“ਚਾਚਾ ਜੀ, ਤੁਸੀਂ ਆਪਣੇ ਘਰੇਲੂ ਖ਼ਰਚੇ ਵੀ ਪੂਰੇ ਕਰਨੇ ਹੁੰਦੇ ਨੇ। ਲੋਕਾਂ ਨੂੰ ਉਧਾਰ ਵੀ ਦੇਈ ਜਾਨੇ ਓਂ। ਅੱਠਾਂ-ਦਸਾਂ ਏਕੜਾਂ ’ਤੇ ਇਹ ਸਭ ਕੁਝ ਕਿਵੇਂ ਚੱਲੀ ਜਾਂਦੈ?” ਵੱਧ ਰਹੀ ਮਹਿੰਗਾਈ ਦੀਆਂ ਜ਼ਰਬਾਂ ਤਕਸੀਮਾਂ ਕਰਨ ਤੋਂ ਬਾਅਦ ਮੈਂ ਚਾਚਾ ਜੀ ਨੂੰ ਸਵਾਲ ਕੀਤਾ।

“ਵੇਖ ਹਰਮੀਤ, ਹੱਥੀਂ ਮਿਹਨਤ ਕਰੀਦੀ ਐ। ਕੋਈ ਐਬ ਨ੍ਹੀਂ ਐ। ਇਮਾਨਦਾਰੀ ਤੇ ਨੇਕ-ਨੀਅਤ ਹੋਵੇ ਤਾਂ ਸਭ ਕੁਝ ਹੋ ਜਾਂਦਾ ਐ। ਨਾਲੇ ਸਿਆਣਿਆਂ ਨੇ ਐਵੀਂ ਨ੍ਹੀਂ ਖੇਤੀ ਨੂੰ ਉੱਤਮ ਦਰਜਾ ਦਿੱਤੈ। ਕੁਝ ਸੋਚ-ਸਮਝ ਕੇ ਈ ਦਿੱਤਾ ਹਊ।” ਚਾਚਾ ਜੀ ਨੇ ਬੜੇ ਹੌਸਲੇ ਨਾਲ ਜਵਾਬ ਦਿੱਤਾ।

“ਇਹ ਬੰਦੇ ਕੁਝ ਦੇ ਵੀ ਜਾਂਦੇ ਆ, ਜਾਂ ਫਰੀ ਸੇਵਾ ਈ ਐ?”

“ਹਰਮੀਤ, ਦੇ ਵੀ ਜਾਂਦੇ ਐ। ਇਹ ਸਭ ਜਾਣੂ ਈ ਹੁੰਦੇ ਆ। ਥੋੜ੍ਹਾ-ਬਹੁਤ ਘੱਟ-ਵੱਧ ਕਰਕੇ ਆਪੇ ਫੜਾ ਜਾਂਦੇ ਆ। ਐਨਾ ਥੋੜ੍ਹਾ ਅਗਲੇ ਦਾ ਔਖਾਂ ਸਮਾਂ ਸਰ ਜਾਂਦਾ। ਕਦੇ ਕਦਾਈਂ ਕੋਈ ਵਿਰਲਾ-ਟਾਵਾਂ ਮਾਰ ਵੀ ਲੈਂਦਾ। ਫਿਰ ਸਬਰ ਵੀ ਕਰਨਾ ਪੈਂਦਾ ਐ।”

ਸਾਡੀਆਂ ਗੱਲਾਂ ਚੱਲਦੇ ਹੀ ਸਾਡੇ ਪਿੰਡ ਦੇ ਝਿਊਰਾਂ ’ਚੋਂ ਇੱਕ ਬਜ਼ੁਰਗ ਔਰਤ ਚੁੱਪ-ਚਾਪ ਆ ਕੇ ਚਾਚਾ ਜੀ ਦੇ ਮੰਜੇ ’ਤੇ ਪੈਂਦ ਵਾਲੇ ਪਾਸੇ ਬੈਠ ਗਈ। ਸਾਡੇ ਗੱਲਾਂ-ਬਾਤਾਂ ਵਿੱਚ ਵਿਅਸਤ ਹੋਣ ਕਾਰਨ ਉਹ ਖ਼ਾਮੋਸ਼ ਬੈਠੀ ਸਾਡੇ ਕੰਨੀਂ ਸਵਾਲੀਆ ਨਜ਼ਰਾਂ ਨਾਲ ਤੱਕ ਰਹੀ ਸੀ। ਉਸ ਦੇ ਚਿਹਰੇ ਦੇ ਹਾਵ-ਭਾਵ ਤੋਂ ਇੰਜ ਜਾਪਦਾ ਸੀ ਜਿਵੇਂ ਉਹ ਸਾਡੀ ਗੱਲਬਾਤ ਖ਼ਤਮ ਹੋਣ ਲਈ ਬੇਸਬਰੀ ਨਾਲ ਉਡੀਕ ਰਹੀ ਹੋਵੇ।

“ਹਾਂ ਗੁਰਮੇਲੋ, ਤੂੰ ਕਿੱਦਾਂ ਆਈ?” ਗੱਲਬਾਤ ਵਿਚਾਲੇ ਛੱਡ ਕੇ ਚਾਚਾ ਜੀ ਨੇ ਉਦਾਸ ਬੈਠੀ ਗੁਰਮੇਲੋ ਨੂੰ ਪੁੱਛਿਆ। ਚਾਚਾ ਜੀ ਦੇ ਪੁੱਛਣ ’ਤੇ ਵੀ ਉਹ ਖ਼ਾਸਾ ਸਮਾਂ ਖ਼ਾਮੋਸ਼ ਬੈਠੀ ਰਹੀ, ਜਿਵੇਂ ਖ਼ਾਮੋਸ਼ ਬੈਠੀ ਵੀ ਉਹ ਆਪਣੇ ਦੁੱਖਾਂ, ਕਲੇਸ਼ਾਂ ਤੇ ਥੁੜ੍ਹਾਂ ਦੀ ਲੰਮੀ ਬਾਤ ਪਾ ਰਹੀ ਹੋਵੇ।

“ਸਰਦਾਰਾ, ਕਿਆ ਦੱਸਾਂ ਤੈਨੂੰ ਮੈਂ। ਪੋਤਾ ਆਂਹਦਾ ਐ ਮੈਂ ਕਿਸੇ ਬਾਹਰਲੇ ਮੁਲਕ ਜਾਣਾ। ਮਾਤ੍ਵੜਾਂ ਕੋਲ ਐਨੀ ਪੁੱਗਤ ਹੈਨੀ, ਆਪਣੇ ਸਿਰ-ਖ਼ੁਦ ਹੋ ਕੇ ਤੋਰ ਦਈਏ। ਤੇਤੋਂ ਕਾਹਦਾ ਲਕੋ ਆ। ਰਿਸ਼ਤੇਦਾਰ ਵੀ ਅੱਜਕੱਲ੍ਹ, ਤਕੜੇ ਦੇ ਈ ਆ। ਮਾੜੇ ਨਾਲ ਕੋਈ ਨ੍ਹੀਂ ਖੜ੍ਹਦਾ। ਬਸ ਸਾਡੀਆਂ ਤਾਂ ਹੁਣ ਤੇਰੇ ਸਿਰ ’ਤੇ ਈ ਛਾਲ੍ਹਾਂ ਐਂ ਸਰਦਾਰਾ। ਔਖੇ-ਸੌਖੇ ਸਾਡਾ ਟੈਮ ਸਾਰ ਦੇ।” ਗੁਰਮੇਲੋ ਨੇ ਚਾਚਾ ਜੀ ਅੱਗੇ ਦੁਖੜੇ ਫਰੋਲਦਿਆਂ ਆਪਣੀ ਵਿਥਿਆ ਸੁਣਾਈ ਤੇ ਫਿਰ ਇੱਕ ਲੰਮਾ ਹਉਕਾ ਲੈ ਕੇ ਅੱਖਾਂ ਭਰ ਲਈਆਂ, ਜਿਵੇਂ ਆਪਣੀ ਗਰਜ਼ ਪੂਰੀ ਕਰਾਉਣ ਲਈ ਚਾਚਾ ਜੀ ’ਤੇ ਦਬਾਅ ਬਣਾ ਰਹੀ ਹੋਵੇ। ਪਰ ਚਾਚਾ ਜੀ ਤਾਂ ਨੀਵੀਂ ਪਾਈ ਚੁੱਪ ਬੈਠੇ ਸਨ। ਉਨ੍ਹਾਂ ਦੀ ਚੁੱਪ, ਹਾਂ ਜਾਂ ਨਾਂਹ ਦਾ ਕੋਈ ਵੀ ਸੰਕੇਤ ਨਹੀਂ ਸੀ ਦੇ ਰਹੀ।

“ਸਰਦਾਰਾ, ਤੈਨੂੰ ਸਾਡਾ ਪਤਾ ਈ ਆ। ਕਿੰਨੀ ਦੇਰ ਤੇਰੇ ਨਾਲ ਵਰਤਦਿਆਂ ਨੂੰ ਹੋ ਗਈ ਆ। ਤੇਰਾ ਹੱਕ ਨ੍ਹੀਂ ਰੱਖਦੇ। ਜਿੱਦਾਂ ਪੈਸੇ ਲੈਣੇ ਆਂ ਉਸੇ ਹੱਥੀਂ ਬੰਨ੍ਹੀ ਮੋੜ ਕੇ ਜਾਊਂ।” ਚਾਚਾ ਜੀ ਦੀ ਚੁੱਪ ਤੋਂ ਘਬਰਾਈ ਗੁਰਮੇਲੋ ਹੱਫਲ ਕੇ ਬੋਲੀ।

“ਗੁਰਮੇਲੋ, ਕਿੰਨਿਆਂ ਕੁ ਨਾਲ ਸਰ ਜਾਊ?” ਚਾਚਾ ਜੀ ਨੇ ਕਸੀਸ ਜਿਹੀ ਵੱਟ ਕੇ ਆਪਣੀ ਇੱਕ ਉਂਗਲ ਨਾਲ ਦਾੜ੍ਹੀ ਖੁਰਕਦਿਆਂ ਝੀਣੀਂ ਜਿਹੀ ਆਖਿਆ। “ਸਰਦਾਰਾ, ਤੂੰ ਬਸ ਪੰਜਾਹ ਕੁ ਹਜ਼ਾਰ ਕਰ ਦੇ। ਪੰਜਾਹ ਹਜ਼ਾਰ ਬੈਂਕ ਦੇ ਲੋਨ ਲਈ ਆਪਣੀ ਗਵਾਹੀ ਭਰ ਦੇ। ਲੱਖ ਕੁ ਇਹ ਹੋ ਜਾਣੈਂ। ਕੁਝ ਅਸੀਂ ਆਪਣੇ ਕੋਲੋਂ ਕਰਾਂਗੇ। ਫਿਰ ਸਾਡਾ ਸਰ ਜਾਣਾ! ਤੂੰ ਘਬਰਾ ਨਾ। ਮੁੰਡਾ ਗਰੀਸ ਪੁੱਜਣ ਦੀ ਦੇਰ ਆ। ਪਹਿਲਾਂ ਤੇਰਾ ਈ ਨਬੇੜੂੰਗੀ। ਹਿਸਾਬ-ਕਿਤਾਬ ਦਾ ਸਾਨੂੰ ਪਤਾ ਈ ਆ। ਉਹ ਮੈਂ ਆਪੇ ਤੇਰੇ ਨਾਲ ਸਮਝ ਲੈਣਾ।”

“ਗੁਰਮੇਲੋ, ਹਫ਼ਤੇ ਕੁ ਤਾਈਂ ਲੈ ਜਾਈਂ ਆ ਕੇ। ਹੋ ਜਾਊ ਪ੍ਰਬੰਧ।” ਚਾਚਾ ਜੀ ਦੇ ਇੰਨਾ ਕਹਿਣ ਦੀ ਦੇਰ ਸੀ, ਗੁਰਮੇਲੋ ਖ਼ੁਸ਼ ਹੋ ਗਈ। ਉੱਠ ਕੇ ਘਰ ਵਾਪਸ ਜਾਣ ਵੇਲੇ ਉਸ ਨੇ ਚਾਚਾ ਜੀ ਲਈ ਅਸੀਸਾਂ ਦੀ ਝੜੀ ਹੀ ਲਾ ਦਿੱਤੀ। ਚਾਚਾ ਜੀ ਦੇ ਚਿਹਰੇ ’ਤੇ ਵੀ ਇੱਕ ਨਿੱਕੀ ਜਿਹੀ ਮੁਸਕਾਨ ਤੈਰ ਰਹੀ ਸੀ, ਜਿਵੇਂ ਉਸ ਦੀਆਂ ਅਸੀਸਾਂ ਨੇ ਚਾਚਾ ਜੀ ਨੂੰ ਗੁਰਮੇਲੋ ਦੀ ਖ਼ੁਸ਼ੀ ਨਾਲੋਂ ਵੀ ਵਧੇਰੇ ਸਕੂਨ ਦੇ ਦਿੱਤਾ ਹੋਵੇ।

“ਪਿੰਡ ਵਿੱਚ ਹੋਰ ਬਥੇਰੇ ਗੁੰਜਾਇਸ਼ੀ ਬੰਦੇ ਨੇ, ਜੋ ਅਜਿਹੇ ਲੋਕਾਂ ਦੀਆਂ ਸੌਖਿਆਂ ਹੀ ਗਰਜ਼ਾਂ ਪੂਰੀਆਂ ਕਰ ਸਕਦੇ ਨੇ, ਪਰ ਕੋਈ ਕਿਸੇ ’ਤੇ ਵਿਸ਼ਵਾਸ ਕਰਨ ਨੂੰ ਤਿਆਰ ਈ ਨਹੀਂ ਐ। ਚਾਚਾ ਜੀ ਤਾਂ ਅਜੀਬ ਹੀ ਕਿਸਮ ਦੇ ਵਿਅਕਤੀ ਨੇ, ਜੋ ਅੱਜਕੱਲ੍ਹ ਦੇ ਮਹਿੰਗਾਈ ਦੇ ਯੁੱਗ ਵਿੱਚ ਵੀ ਲੋਕਾਂ ਨੂੰ ਪੈਸੇ ਉਧਾਰ ਫੜਾਈ ਜਾਂਦੇ ਨੇ। ਤੌਬਾ…ਤੌਬਾ…ਤੌਬਾ।” ਸੋਚਾਂ ਵਿੱਚ ਡੁੱਬਾ ਮੈਂ ਇਸ ਗੱਲ ਨੂੰ ਕੁਝ ਵਧੇਰੇ ਹੀ ਗੰਭੀਰਤਾ ਵਿੱਚ ਲੈ ਗਿਆ ਸੀ।

“ਭਾਅ ਜੀ, ਤੁਸੀਂ ਕਾਹਨੂੰ ਐਨੀਆਂ ਲੰਮੀਆਂ ਚੌੜੀਆਂ ਸੋਚਾਂ ’ਚ ਪਏ ਹੋਏ ਓ। ਇੱਥੇ ਤਾਂ ਕੋਈ ਨਾ ਕੋਈ ਤੁਰਿਆ ਈ ਰਹਿੰਦਾ ਐ।” ਮੈਨੂੰ ਗੰਭੀਰ ਜਿਹਾ ਬੈਠਾ ਵੇਖ ਅਮਨ ਬੋਲਿਆ।

“ਅਜੇ ਛੇ-ਸੱਤ ਮਹੀਨੇ ਦੀ ਗੱਲ ਐ। ਉੱਪਰਲੀ ਪੱਟੀ ਵਾਲੇ ਚੰਨਣ ਡਰਾਈਵਰ ਨੇ ਟੈਕਸੀ ਪਾਉਣ ਲਈ ਇੱਕ ਕਾਰ ਖ਼ਰੀਦ ਲਈ। ਅੱਧਾ ਹਿੱਸਾ ਬਾਪੂ ਦਾ ਪੁਆ ਲਿਆ, ਅਖੇ ਤੈਨੂੰ ਘਰ ਬੈਠੇ ਨੂੰ ਅੱਧਾ ਪ੍ਰੌਫਿਟ ਮਿਲ ਜਾਇਆ ਕਰੂ। ਬਾਪੂ ਨੇ ਦੋ ਲੱਖ ਕੋਲੋਂ ਦੇ ਦਿੱਤਾ ਤੇ ਦੋ ਲੱਖ ਆਪਣੀ ਲਿਮਟ ਵਿੱਚੋਂ ਕਢਾਇਆ। ਆਪਣੇ ਅੱਧੇ ਹਿੱਸੇ ਦੇ ਪੈਸੇ ਪੂਰੇ ਕਰ ਦਿੱਤੇ। ਆਪ ਕਦੇ ਸਕੂਟਰ ਨੂੰ ਹੱਥ ਨ੍ਹੀਂ ਲਾਇਆ। ਉਹਦੇ ਨਾਲ ਟੈਕਸੀ ’ਚ ਆਪਣਾ ਹਿੱਸਾ ਪਾ ਲਿਆ। ਸੱਤ ਮਹੀਨੇ ਲੰਘ ਗਏ ਐ। ਪ੍ਰੌਫਿਟ ਤਾਂ ਕਿਆ ਮਿਲਣਾ ਸੀ, ਟੈਕਸੀ ਦੇ ਤਾਂ ਖ਼ਰਚ ਈ ਪੂਰੇ ਨ੍ਹੀਂ ਹੁੰਦੇ। ਕਈ ਵਾਰ ਤਾਂ ਚੰਨਣ ਦੇ ਹਿੱਸੇ ਦੀ ਕਿਸ਼ਤ ਵੀ ਬਾਪੂ ਨੂੰ ਈ ਕੋਲੋਂ ਮੋੜਨੀ ਪੈਂਦੀ ਐ। ਐਦਾਂ ਦੇ ਤਾਂ ਕੰਮ ਐ ਬਾਪੂ ਦੇ।” ਅਮਨ ਨੇ ਬੜੇ ਹੀ ਦੁਖੀ ਲਹਿਜੇ ਵਿੱਚ ਇਹ ਵਿਥਿਆ ਸੁਣਾਈ।

“ਚਾਚਾ ਜੀ, ਹੁਣ ਨਾ ਤੁਸੀਂ ਲੋਕਾਂ ਨੂੰ ਪੈਸੇ ਉਧਾਰ ਦਿਆ ਕਰੋ। ਅੱਜਕੱਲ੍ਹ ਜ਼ਮਾਨਾ ਬੜਾ ਖਚਰਾ ਐ। ਇੱਕ ਲੋਕਾਂ ਨੂੰ ਕੋਲੋਂ ਪੈਸੇ ਦਿਓ ਤੇ ਨਾਲੇ ਐਵੇਂ ਦੇ ਪੰਗਿਆਂ ’ਚ ਪਵੋ।” ਅਮਨ ਦੀ ਵਿਥਿਆ ਸੁਣ ਕੇ ਗੱਲਾਂ-ਗੱਲਾਂ ਵਿੱਚ ਹੀ ਮੈਂ ਚਾਚਾ ਜੀ ਨੂੰ ਮਸ਼ਵਰਾ ਦਿੱਤਾ।

“ਲੈ ਹਾਂ, ਹੁਣ ਨ੍ਹੀਂ ਦਿੰਦਾ ਮੈਂ। ਇਹਨੂੰ ਕਿਆ ਪਤਾ। ਇਹਨੂੰ ਪੁੱਛ, ਘਰਦੇ ਖਰਚੇ ਤੂੰ ਚਲਾਉਂਦਾ?” ਚਾਚਾ ਜੀ ਲਾਪਰਵਾਹੀ ਜਿਹੀ ’ਚ ਬੋਲੇ, ਜਿਵੇਂ ਅਜੇ ਵੀ ਉਨ੍ਹਾਂ ਨੂੰ ਉਧਾਰ ਦਿੱਤੇ ਪੈਸਿਆਂ ਦੀ ਕੋਈ ਚਿੰਤਾ ਨਾ ਹੋਵੇ।

“ਹੁਣ ਤਾਂ ਤੁਸੀਂ ਅਮਨ ਦਾ ਵਿਆਹ ਵੀ ਕਰਨੈ। ਤੁਹਾਨੂੰ ਵੀ ਪੈਸੇ ਦੀ ਲੋੜ ਏ। ਅੱਜਕੱਲ੍ਹ ਵਿਆਹਾਂ ’ਤੇ ਖਰਚ ਬੜੇ ਆਉਂਦੇ ਨੇ।” ਮੈਂ ਆਖਿਆ।

“ਹਰਮੀਤ, ਕੋਈ ਨ੍ਹੀਂ, ਸਰ ਜਾਣਾ।” ਮੇਰੀ ਗੱਲ ਸੁਣ ਕੇ ਉਹ ਹਿੜਹਿੜਾਏ।

“ਚਾਚਾ ਜੀ, ਚੱਲੋ ਥੋਨੂੰ ਮੈਂ ਇੰਗਲੈਂਡ ਘੁੰਮਾ ਕੇ ਲਿਆਉਂਦਾ। ਨਾਲੇ ਘੁੰਮ ਫਿਰ ਆਇਓ, ਨਾਲੇ ਚਾਰ ਪੈਸੇ ਕਮਾ ਲਿਆਇਓ। ਉੱਥੇ ਜਾ ਕੇ ਵੇਖਿਓ, ਪੈਸੇ ਕਿਵੇਂ ਕਮਾ ਹੁੰਦੇ ਨੇ। ਫਿਰ ਤੁਸੀਂ ਆਪੇ ਲੋਕਾਂ ਨੂੰ ਉਧਾਰ ਦੇਣ ਤੋਂ ਹਟ ਜਾਣੈ।”

“ਅੱਛਾ! ਤੂੰ ਚਾਹੁੰਨਾ, ਮੈਂ ਹੁਣ ਗੋਰਿਆਂ ਦੀ ਗੁਲਾਮੀਂ ਕਰਾਂ ਜਾ ਕੇ। ਮੈਥੋਂ ਨ੍ਹੀਂ ਉਨ੍ਹਾਂ ਦੀਆਂ ਬੁੱਤੀਆਂ ਹੁੰਦੀਆਂ। ਐਥੇ ਆਪਣੀ ਸਰਦਾਰੀ ਆ। ਤੇਰੇ ਸਾਮ੍ਹਣੇ ਲੋਕ ਸਰਦਾਰ ਜੀ-ਸਰਦਾਰ ਜੀ ਕਰਦੇ ਮਗਰ-ਮਗਰ ਘੁੰਮਦੇ ਐ।” ਚਾਚਾ ਜੀ ਬੜੇ ਰੋਅ੍ਹਬ ਨਾਲ ਬੋਲੇ। ਚਾਚਾ ਜੀ ਦਾ ਇਹ ਜਵਾਬ ਸੁਣ ਕੇ ਮੈਂ ਨਿਰਉੱਤਰ ਹੋ ਗਿਆ।

“ਕਾਲਾ ਸ਼ਾਹ ਕਾਲਾ, ਮੇਰਾ ਕਾਲਾ ਈ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ। ਬਈ ਗੋਰਿਆਂ ਨੂੰ ਦਫ਼ਾ ਕਰੋ।” ਮੂੰਹ ਵਿੱਚ ਇੰਜ ਗੁਣਗੁਣਾਉਂਦੇ ਹੋਏ ਉਹ ਮੰਜੇ ਤੋਂ ਉੱਠੇ ਤੇ ਡੰਗਰਾਂ ਨੂੰ ਪੱਠੇ ਪਾਉਣ ਦੇ ਆਹਰ ਵਿੱਚ ਜੁਟ ਗਏ।

“ਭਾਅ ਜੀ, ਮੈਂ ਤਾਂ ਸਮਝਾ-ਸਮਝਾ ਕੇ ਅੱਕ ਗਿਐਂ। ਬਾਪੂ ’ਤੇ ਕੋਈ ਅਸਰ ਈ ਨਹੀਂ ਹੁੰਦਾ। ਤੁਹਾਡੀ ਗੱਲ ਦਾ ਕਿਹੜੇ ਕੋਈ ਅਸਰ ਕੀਤਾ, ਉਲਟਾ ਗੀਤ ਗਾ-ਗਾ ਕੇ ਬੰਦੇ ਨੂੰ ਹੋਰ ਦੁਖੀ ਕਰਦੇ ਆ।” ਅਮਨ ਗੁੱਸੇ ਵਿੱਚ ਬੋਲਿਆ।

“ਅਮਨ, ਚਾਚਾ ਜੀ ਨੇ ਲੋਕਾਂ ਨੂੰ ਕਿੰਨੇ ਕੁ ਪੈਸੇ ਉਧਾਰ ਦਿੱਤੇ ਹੋਏ ਨੇ?”

“ਭਾਅ ਜੀ, ਮੈਨੂੰ ਕਿਹੜੇ ਸੱਚ ਦੱਸਦੇ ਐ। ਜੇ ਪੁੱਛਦਾਂ ਤਾਂ ਲੜਨ ਨੂੰ ਪੈਂਦੇ ਐ। ਮੈਨੂੰ ਲੱਗਦੈ, ਲੱਖਾਂ ’ਚ ਨੇ। ਪਾਪੂਲਰਾਂ ਦੇ ਸਾਰੇ ਪੈਸੇ ਲੋਕਾਂ ਜੋਗੇ ਈ ਹੁੰਦੇ ਐ।”

“ਅਮਨ, ਇਹ ਕੁਝ ਲਿਖਤ-ਪੜ੍ਹਤ ਵੀ ਕਰ ਲੈਂਦੇ ਨੇ ਜਾਂ ਐਵੇਂ ਫੜਾ ਦਿੰਦੇ ਨੇ?”

“ਭਾਅ ਜੀ, ਕਿਸੇ ਓਪਰੇ ਬੰਦੇ ਨਾਲ ਲਿਖ-ਲਿਖਾਈ ਕਰ ਲੈਂਦੇ ਐ, ਪਰ ਬਹੁਤਾ ਕੰਮ ਤਾਂ ਰੱਬ ਆਸਰੇ ਈ ਚੱਲਦੈ।”

“ਅਮਨ, ਬਿਨਾਂ ਕਿਸੇ ਲਿਖਤ-ਪੜ੍ਹਤ ਦੇ ਊਂਈ ਪੈਸੇ ਫੜਾ ਦੇਣ ਨਾਲ ਚਾਚੇ ਨੂੰ ਨੀਂਦ ਕਿਵੇਂ ਆਉਂਦੀ ਏ?” ਮੈਂ ਗੰਭੀਰਤਾ ਨਾਲ ਪੁੱਛਿਆ।

“ਭਾਅ ਜੀ, ਇੱਦਾਂ ਦੀ ਚਿੰਤਾ ਨ੍ਹੀਂ ਹੈ ਇਨ੍ਹਾਂ ਨੂੰ। ਇਹ ਤਾਂ ਰਾਤ ਨੂੰ ਪੂਰੇ ਘਰਾੜੇ ਮਾਰਦੇ ਨੇ।” ਅਮਨ ਹੱਸਦਿਆਂ ਬੋਲਿਆ।

“ਅਮਨ, ਪਰ ਲੋੜ ਵੇਲੇ ਕਿਸੇ ਦੇ ਕੰਮ ਆਉਣਾ ਵੀ ਕੋਈ ਛੋਟੀ ਜਿਹੀ ਗੱਲ ਨ੍ਹੀਂ ਹੁੰਦੀ। ਇਹਦੇ ਲਈ ਵੀ ਜਿਗਰਾ ਚਾਹੀਦੈ। ਕਈ ਬੰਦੇ ਤਾਂ ਫੁੱਟੀ ਕੌਡੀ ਨ੍ਹੀਂ ਹੱਥੋਂ ਛੱਡਦੇ।”

“ਭਾਅ ਜੀ, ਇਹ ਗੱਲ ਤਾਂ ਠੀਕ ਐ, ਪਰ ਇਨ੍ਹਾਂ ਗੱਲਾਂ ਨੂੰ ਜਾਣਦਾ ਕੌਣ ਐਂ ਅੱਜਕੱਲ੍ਹ।” ਅਮਨ ਝਬਦੇ ਬੋਲਿਆ।

“ਅਮਨ, ਜੇ ਚਾਚੇ ਨੂੰ ਆਮਦਨ ਹੁੰਦੀ ਐ ਤਾਂ ਹੀ ਇਹ ਲੋਕਾਂ ਨੂੰ ਪੈਸੇ ਉਧਾਰ ਦਿੰਦੇ ਨੇ। ਜੇ ਆਮਦਨ ਨਾ ਹੋਵੇ ਤਾਂ ਕਿੱਥੋਂ ਦੇਣੇ ਨੇ?” ਮੈਂ ਆਖਿਆ।

“ਭਾਅ ਜੀ, ਪਹਿਲਾਂ ਖ਼ਰਚੇ ਘੱਟ ਸੀ। ਜ਼ਿਮੀਂਦਾਰਾਂ ਨੂੰ ਚਾਰ ਪੈਸੇ ਬਚ ਜਾਂਦੇ ਸਨ, ਪਰ ਹੁਣ ਤੁਸੀਂ ਮਹਿੰਗਾਈ ਤਾਂ ਵੇਖੋ ਕਿੰਨੀ ਐ। ਉਧਾਰ ਦੇ ਕੇ ਪੈਸੇ ਲੈਣੇ ਕਿਹਤੋਂ ਐ। ਲੋਕਾਂ ਦਾ ਬੁਰਾ ਹਾਲ ਤਾਂ ਹੋਇਆ ਪਿਐ।” ਅਮਨ ਨੇ ਮੇਰੀ ਗੱਲ ਦਾ ਦਲੀਲ ਨਾਲ ਜਵਾਬ ਦਿੱਤਾ। ਇਸ ਵਿਸ਼ੇੇ ’ਤੇ ਖਾਸਾ ਸਮਾਂ ਸਾਡੀਆਂ ਗੱਲਾਂਬਾਤਾਂ ਚੱਲਦੀਆਂ ਰਹੀਆਂ। ਕੁਝ ਕੁ ਦਿਨਾਂ ਬਾਅਦ ਮੈਂ ਇੰਗਲੈਂਡ ਵਾਪਸ ਚਲੇ ਗਿਆ ਸੀ।

ਇੰਗਲੈਂਡ ਵਾਪਸ ਜਾ ਕੇ ਇਸ ਵਾਰ ਮੈਂ ਕੁਝ ਘਰੇਲੂ ਜ਼ਿੰਮੇਵਾਰੀਆਂ ਵਿੱਚ ਅਜਿਹਾ ਉਲਝਿਆ ਕਿ ਲੰਮਾ ਸਮਾਂ ਮੈਥੋਂ ਇੰਡੀਆ ਨੂੰ ਫੋਨ ਨਾ ਹੋ ਸਕਿਆ। ਤਿੰਨ-ਚਾਰ ਮਹੀਨੇ ਇਵੇਂ ਈ ਬੀਤ ਗਏ।

“ਅਮਨ, ਠੀਕ-ਠਾਕ ਹੈਂ।” ਇੱਕ ਦਿਨ ਸਮਾਂ ਕੱਢ ਕੇ ਮੈਂ ਅਮਨ ਨੂੰ ਹਾਲ-ਚਾਲ ਪੁੱਛਿਆ।

“ਭਾਅ ਜੀ, ਠੀਕ ਠਾਕ ਤਾਂ ਹੈ, ਪਰ ਐਧਰ ਇੱਕ ਨਵੀਂ ਭਸੂੜੀ ਪੈ ਗਈ ਆ।”

“ਕੀ ਗੱਲ ਹੋ ਗਈ?” ਮਨ ਦਾ ਡਰ ਦੂਰ ਕਰਨ ਲਈ ਮੈਂ ਅਹੁਲ ਕੇ ਪੁੱਛਿਆ।

“ਕੁਝ ਦਿਨ ਹੋਏ ਚੰਨਣ ਡਰਾਈਵਰ ਨੇ ਸ਼ਰਾਬ ਪੀ ਕੇ ਕਾਰ ਦਾ ਐਕਸੀਡੈਂਟ ਕਰ ਦਿੱਤੈ। ਸੜਕ ’ਤੇ ਤੁਰੇ ਜਾਂਦੇ ਇੱਕ ਬੰਦੇ ਵਿੱਚ ਕਾਰ ਮਾਰ ਦਿੱਤੀ। ਉਹ ਬੰਦਾ ਹਸਪਤਾਲ ਦਾਖਲ ਐ। ਹੁਣ ਉਹ ਸਮਝੌਤਾ ਕਰਨ ਲਈ ਨ੍ਹੀਂ ਮੰਨਦਾ।” ਅਮਨ ਘਾਬਰਿਆ ਹੋਇਆ ਬੋਲਿਆ।

“ਫਿਰ ਹੁਣ ਕੀ ਕੀਤਾ ਜਾਵੇ?” ਮੈਂ ਪੁੱਛਿਆ।

“ਭਾਅ ਜੀ, ਚੰਗਾ ਹੋਇਆ ਤੁਸੀਂ ਮੈਨੂੰ ਫੋਨ ਕਰ ਲਿਆ। ਮੈਂ ਤੁਹਾਨੂੰ ਫੋਨ ਕਰਨ ਲਈ ਸੋਚ ਈ ਰਿਹਾ ਸੀ। ਤੁਸੀਂ ਛੇਤੀ ਇੰਡੀਆ ਆ ਜਾਓ। ਬੇਸ਼ੱਕ ਦੋ ਕੁ ਹਫ਼ਤਿਆਂ ਲਈ ਆਓ। ਕੁਝ ਲੈ ਦੇ ਕੇ ਸਮਝੌਤਾ ਕਰਾਈਏ। ਮੈਂ ਤਾਂ ਕਸੂਤਾ ਫਸਿਆ ਪਿਐਂ।” ਇੰਨਾ ਆਖ ਅਮਨ ਨੇ ਛੇਤੀ ਹੀ ਫੋਨ ਕੱਟ ਦਿੱਤਾ। ਇਸ ਵਾਰ ਉਸ ਨੇ ਬਾਹਲੀ ਲੰਬੀ-ਚੌੜੀ ਗੱਲਬਾਤ ਵੀ ਨਹੀਂ ਸੀ ਕੀਤੀ। ਉਸ ਦੀ ਮਜਬੂਰੀ ਵੇਖ ਮੈਂ ਵੀ ਇਸ ਵਾਰ ਛੇਤੀ ਹੀ ਇੰਡੀਆ ਆਉਣ ਦਾ ਪ੍ਰੋਗਰਾਮ ਬਣਾ ਲਿਆ। ਮੈਂ ਉਸੇ ਦਿਨ ਟਿਕਟ ਬੁੱਕ ਕਰਾਈ ਤੇ ਹਫ਼ਤੇ ਕੁ ਬਾਅਦ ਹੀ ਇੰਡੀਆ ਨੂੰ ਉਡਾਰੀ ਭਰ ਲਈ।

“ਹਰਮੀਤ! ਅੱਜ ਘਰ ਹੀ ਰਹਿਣੈਂ। ਕਿਤੇ ਬਾਹਰ ਤਾਂ ਨ੍ਹੀਂ ਜਾਣਾ?” ਮੇਰੇ ਇੰਡੀਆ ਆਉਣ ’ਤੇ ਦੂਸਰੇ ਦਿਨ ਮੂੰਹ-ਨ੍ਹੇਰੇ ਹੀ ਚਾਚਾ ਜੀ ਨੇ ਚੁਬਾਰੇ ’ਤੇ ਆ ਬੜੇ ਉਚੇਚ ਨਾਲ ਮੈਨੂੰ ਪੁੱਛਿਆ।

“ਚਾਚਾ ਜੀ, ਦੱਸੋ ਤੁਸੀਂ। ਅੱਜ ਮੈਂ ਘਰ ਈ ਆਂ।” ਚਾਚਾ ਜੀ ਦੀ ਉਤਸੁਕਤਾ ਵੇਖ ਕੇ ਮੈਂ ਝੱਟ ਆਖਿਆ।

“ਸ਼ਾਮ ਨੂੰ ਪੰਜ ਕੁ ਵਜੇ ਨਾਲ ਦੇ ਪਿੰਡ ਜਾਣੈ। ਮਾੜਾ ਜਿਹਾ ਕੰਮ ਐ।”

ਉਹ ਸੰਖੇਪ ਵਿੱਚ ਇੰਨਾ ਆਖ ਕੇ ਛੇਤੀ ਵਾਪਸ ਚਲੇ ਗਏ। ਸ਼ਾਮ ਠੀਕ ਪੰਜ ਵਜੇ ਉਹ ਪਿੰਡ ਦੇ ਦੋ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਮੇਰੇ ਕੋਲ ਆ ਪਹੁੰਚੇ। ਮੈਂ ਕਾਰ ਸਟਾਰਟ ਕੀਤੀ ਤੇ ਚਾਚਾ ਜੀ ਦੇ ਦੱਸੇ ਅਨੁਸਾਰ ਘਰੋਂ ਨਿਕਲ ਪਏ।

“ਇਸ ਬੰਦੇ ਵੱਲ ਬਹੁਤ ਦੇਰ ਦਾ ਦੋ-ਤਿੰਨ ਲੱਖ ਰੁਪਈਆ ਫਸਿਆ ਹੋਇਐ। ਪਹਿਲਾਂ ਤਾਂ ਉਧਾਰ ਫੜੀ ਗਿਆ, ਹੁਣ ਕੋਈ ਹੱਥ-ਪੱਲਾ ਨ੍ਹੀਂ ਫੜਾਉਂਦਾ। ਚੌਂਹ ਬੰਦਿਆਂ ਵਿੱਚ ਝੂਠਾ ਜਿਹਾ ਕਰਨਾ। ਫਿਰ ਤਾਂ ਕੁਝ ਸ਼ਰਮ ਕਰੂਗਾ ਈ।” ਰਸਤੇ ਵਿੱਚ ਜਾਂਦਿਆਂ ਚਾਚਾ ਜੀ ਨੇ ਮੈਨੂੰ ਵਿਚਲੀ ਗੱਲ ਦੱਸੀ।

“ਭਾਈ ਸਾਹਿਬ, ਜਿਵੇਂ ਤੁਸੀਂ ਅੰਦਰ ਵੜ ਕੇ ਪੈਸੇ ਫੜੇ ਸੀ, ਉਵੇਂ ਈ ਹੁਣ ਵਾਪਸ ਕਰ ਦਿਓ। ਇਹ ਕਿਹੜਾ ਕੋਈ ਦੋ ਨੰਬਰ ਦੀ ਕਮਾਈ ਕਰਦੇ ਨੇ। ਇਨ੍ਹਾਂ ਦੀ ਵੀ ਤਾਂ ਮਿਹਨਤ ਦੀ ਕਮਾਈ ਏ।” ਮੈਂ ਉਸ ਵਿਅਕਤੀ ਦੇ ਘਰ ਪਹੁੰਚ ਕੇ ਗੱਲ ਛੇੜੀ।

“ਬਾਈ ਜੀ, ਵੇਖੋ, ਇੱਕ ਤਾਂ ਸਰਦਾਰ ਨੇ ਔਖੇ ਵੇਲੇ ਤੁਹਾਡਾ ਟੈਮ ਸਾਰਿਆ। ਉਲਟਾ ਹੁਣ ਤੁਸੀਂ ਇਹਨੂੰ ਮਗਰ ਘੁਮਾਉਂਨੇ ਓ। ਇਹ ਕੋਈ ਸਾਊਆਂ ਵਾਲੀ ਗੱਲ ਨ੍ਹੀਂ ਨਾ ਹੋਈ। ਤੁਸੀਂ ਇਹਦੀ ਸ਼ਰਾਫ਼ਤ ਵੀ ਵੇਖੋ ਨਾ।” ਸਾਡੇ ਨਾਲ ਗਏ ਹੌਲਦਾਰ ਵਤਨ ਸਿੰਘ ਨੇ ਮੇਰੀ ਸ਼ੁਰੂ ਕੀਤੀ ਗੱਲ ਨੂੰ ਅੱਗੇ ਤੋਰਿਆ। “ਵੀਰਾ, ਅਸੀਂ ਕਿਹੜੇ ਮੁੱਕਰਦੇ ਆਂ। ਜਿੱਦਾਂ ਅਸੀਂ ਅੰਦਰ ਵੜ ਕੇ ਪੈਸੇ ਫੜੇ ਤੇ, ਉੱਦੇਂ ਹੱਥੀਂ ਬੰਨ੍ਹੀ ਮੋੜਨੇ ਆਂ। ਔਖੇ ਵੇਲੇ ਸਰਦਾਰ ਨੇ ਸਾਡਾ ਟੈਮ ਸਾਰਿਆ। ਇਹ ਸਾਨੂੰ ਭੁੱਲਦਾ ਨ੍ਹੀਂ। ਸਰਦਾਰ ਵਰਗਾ ਤਾਂ ਸਾਡੇ ਇਲਾਕੇ ’ਚ ਕੋਈ ਬੰਦਾ ਨ੍ਹੀਂ ਹੋਣਾ।” ਚੁੱਲ੍ਹੇ ਮੁੱਢ ਬੈਠੀ ਇੱਕ ਸਿੱਧ-ਪਧਰੀ ਜਿਹੀ ਤ੍ਰੀਮਤ ਨੇ ਲੰਮੀ ਚੁੱਪ ਤੋੜਦਿਆਂ ਬੜੇ ਢੰਗ ਨਾਲ ਸਾਡੇ ਸਵਾਲਾਂ ਦਾ ਜਵਾਬ ਮੋੜਿਆ।

“ਫਿਰ ਤੁਸੀਂ ਪੈਸੇ ਵਾਪਸ ਕਰੋ ਨਾ। ਹੁਣ ਤਾਂ ਇਨ੍ਹਾਂ ਨੂੰ ਪੈਸੇ ਦੀ ਲੋੜ ਏ। ਇਨ੍ਹਾਂ ਵੀ ਆਪਣੇ ਜੁਆਕਾਂ ਦੇ ਵਿਆਹ ਸ਼ਾਦੀਆਂ ਕਰਨੇ ਨੇ।” ਮੈਂ ਆਖਿਆ। “ਸਰਦਾਰ ਵਧੇ ਫੁੱਲੇ। ਸਾਨੂੰ ਕਿਹੜੇ ਇਸ ਗੱਲ ਦੀ ਖ਼ੁਸ਼ੀ ਨ੍ਹੀਂ ਐ। ਵੀਰਾ, ਸਮੇਂ ਦਾ ਗੇੜ ਹੁੰਦਾ। ਜੇ ਸਾਡੇ ਕੋਲ ਕੋਈ ਛੋਟਾ-ਮੋਟਾ ਵੀ ਸਿਆੜ ਸੁੱਗਾ ਹੁੰਦਾ ਤਾਂ ਅਸੀਂ ਝੱਟ ਗਹਿਣੇ ਧਰ ਕੇ ਸਰਦਾਰ ਦੇ ਪੈਸੇ ਲਾਹ ਦਿੰਦੇ। ਪਰ ਹੁਣ ਸਾਡੀ ਮਜਬੂਰੀ ਆ। ਸਾਡੀ ਮਾੜੀ ਜਿਹੀ ਵੇਂਤ ਸੂਤ ਆ ਲੈਣ ਦੇ, ਪੈਸੇ ਤਾਂ ਅਸੀਂ ਸਰਦਾਰ ਦੇ ਹੱਥੀਂ ਬੰਨ੍ਹੀ ਮੋੜਨੇ ਆਂ।” ਉਸ ਤ੍ਰੀਮਤ ਨੇ ਵਾਸਤਾ ਜਿਹਾ ਪਾਉਂਦਿਆਂ ਮੇਰੇ ਸਵਾਲ ਦਾ ਜਵਾਬ ਦਿੱਤਾ।

“ਈਦ ਲੰਘੀ ’ਤੇ ਤੰਬਾ ਫੂਕਣੈਂ। ਲੋੜ ਤਾਂ ਸਰਦਾਰ ਨੂੰ ਹੁਣ ਐ।” ਸਾਡੇ ਨਾਲ ਗਿਆ ਫ਼ੌਜੀ ਪਾਖਰ ਉਸ ਤ੍ਰੀਮਤ ਦੀ ਗੱਲ ਸੁਣ ਕੇ ਖਿਝ ਕੇ ਬੋਲਿਆ।

“ਜੀ ਐ ਦੋ ਝੋਟੀਆਂ ਖੁਰਲੀ ’ਤੇ ਖੜ੍ਹੀਆਂ। ਇੱਕ ਤਾਂ ਅੱਜਕੱਲ੍ਹ ’ਚ ਸੂਈ ਕਿ ਸੂਈ। ਦੂਜੀ ਦੋ ਕੁ ਮਹੀਨਿਆਂ ਤਾਈਂ ਤਿਆਰ ਖੜ੍ਹੀ ਐ। ਫਿਰ ਸਾਡਾ ਕੰਮ ਰੁੜ੍ਹ ਪੈਣਾ। ਦੁੱਧ ਵੇਚ ਕੇ ਅਸੀਂ ਨਾਲ ਦੀ ਨਾਲ ਸਰਦਾਰ ਦਾ ਉਧਾਰ ਲਾਹੀ ਜਾਣਾ।” ਚਾਦਰ ਦਾ ਝੁੰਮ ਮਾਰੀ ਦੁਬਕ ਕੇ ਬੈਠੇ ਉਸ ਤ੍ਰੀਮਤ ਦੇ ਘਰਵਾਲੇ ਨੇ ਫ਼ੌਜੀ ਦੇ ਮਾਰੇ ਦਬਕੇ ਤੋਂ ਸਹਿਮ ਕੇ ਝੀਣੀਂ ਜਿਹੀ ਜਵਾਬ ਦਿੱਤਾ।

“ਸਾਨੂੰ ਨ੍ਹੀਂ ਇਨ੍ਹਾਂ ਗੱਲਾਂ ਦਾ ਪਤਾ। ਸਾਨੂੰ ਤਾਂ ਹੁਣ ਈ ਪੈਸੇ ਚਾਹੀਦੇ ਐ। ਚੁੱਲ੍ਹੇ ਮੋਹਰੇ ਬੈਠਾ ਐਵੇਂ ਬਹਾਨੇ ਜਿਹੇ ਬਣਾਈ ਜਾਨਾ।” ਫ਼ੌਜੀ ਦੁਬਾਰਾ ਫਿਰ ਪੂਰੇ ਗੁੱਸੇ ਵਿੱਚ ਗਰਜਿਆ। ਮਾਹੌਲ ਕੁਝ ਅਸਹਿਜ ਬਣ ਗਿਆ ਸੀ। ਫ਼ੌਜੀ ਦੇ ਗੁੱਸੇ ਕਾਰਨ ਉਹ ਵਿਅਕਤੀ ਸਹਿਮ ਕੇ ’ਕੱਠਾ ਜਿਹਾ ਹੋ ਗਿਆ। ਚੁੱਲ੍ਹੇ ਕੋਲ ਕੰਮ ਕਰਦੀ ਉਸ ਦੀ ਤ੍ਰੀਮਤ ਨੇ ਅੱਖ ਬਚਾ ਕੇ ਫ਼ੌਜੀ ਵੱਲ ਝਾਕਦਿਆਂ ਇੱਕ ਨਿੰਮੀ ਜਿਹੀ ਮੁਸਕਾਨ ਬਿਖੇਰੀ। ਫ਼ੌਜੀ ਇੱਕਦਮ ਸ਼ਾਂਤ ਹੋ ਗਿਆ, ਜਿਵੇਂ ਸੀਲ ਗਊ ਹੋਵੇ। ਉਹ ਹੋਰ ਅੱਗੇ ਸਵਾਲ-ਜਵਾਬ ਕਰਨ ਤੋਂ ਹਟਕ ਗਿਆ। ਹੁਣ ਮਾਹੌਲ ਕੁਝ ਨਾਰਮਲ ਹੋ ਗਿਆ ਸੀ। ਹਾਲਾਤ ਦੇ ਮਿੱਧੇ ਹੋਏ ਉਸ ਭੋਲੇ-ਭਾਲੇ ਵਿਅਕਤੀ ਦਾ ਦਿੱਤਾ ਜਵਾਬ ਸੁਣ ਕੇ ਮੈਂ ਖ਼ਾਮੋਸ਼ ਬੈਠਾ ਆਪਣੇ ਆਪ ਵਿੱਚ ਹੀ ਉਲਝਿਆ ਪਿਆ ਸੀ। ਮੈਨੂੰ ਚਾਚਾ ਜੀ ਦੀ ਭਰੋਸੇ ਯੋਗਤਾ ਤੇ ਉਸ ਵਿਅਕਤੀ ਦੀ ਈਮਾਨਦਾਰੀ ਇੱਕੋ ਜਿਹੀ ਲੱਗ ਰਹੀ ਸੀ। ਕੋਈ ਗੱਲ ਨਾ ਬਣਦੀ ਵੇਖ ਅਸਾਂ ਜਿਵੇਂ ਗਏ ਸੀ, ਉਵੇਂ ਹੀ ਵਾਪਸ ਆ ਗਏ।

“ਹਰਮੀਤ, ਇੱਕ ਬੰਦਾ ਹੋਰ ਆ। ਹੁਣ ਆਇਓ ਤਾਂ ਹੈਗੇ ਈ ਆਂ, ਉਹਦੇ ਕੋਲ ਵੀ ਹੋ ਚੱਲਦੇ ਆਂ। ਉਹਨੇ ਕੁੜੀ ਦੇ ਵਿਆਹ ’ਤੇ ਪੰਜਾਹ ਕੁ ਹਜ਼ਾਰ ਫੜਿਆ ਸੀ, ਦੋ ਕੁ ਮਹੀਨੇ ਲਈ। ਛੇ ਮਹੀਨੇ ਹੋ ਗਏ ਆ, ਅਜੇ ਤਾਈਂ ਮੁੜ ਕੇ ਨ੍ਹੀਂ ਆਇਆ।” ਇੰਜ ਆਖ ਚਾਚਾ ਜੀ ਨੇ ਸਾਨੂੰ ਇੱਕ ਹੋਰ ਪਿੰਡ ਦੇ ਰਾਹ ਪਾ ਲਿਆ। ਇੱਕ ਛੋਟੇ ਜਿਹੇ ਮਕਾਨ ਮੂਹਰੇ ਲਿਜਾ ਕੇ ਚਾਚਾ ਜੀ ਨੇ ਕਾਰ ਰੁਕਵਾ ਲਈ। ਕਾਰ ਨੂੰ ਵੇਖ ਕੇ ਆਂਢ-ਗੁਆਂਢ ਦੇ ਕੁਝ ਲੋਕ ਉੱਥੇ ਇਕੱਠੇ ਹੋ ਗਏ।

“ਅਹਿ ਘਰ ਵਾਲਾ ਦਰਸ਼ਣ ਕਿਤੇ ਗਿਆ ਹੋਇਐ?” ਘਰ ਨੂੰ ਤਾਲਾ ਲੱਗਿਆ ਵੇਖ ਚਾਚਾ ਜੀ ਨੇ ਕਾਰ ਤੋਂ ਹੇਠਾਂ ਉਤਰ ਕੇ ਇੱਕ ਗੁਆਂਢੀ ਨੂੰ ਪੁੱਛਿਆ।

“ਦਰਸ਼ਣ ਨੂੰ ਤਾਂ ਜੀ ਘਰੋਂ ਗਿਆਂ ਦੋ-ਤਿੰਨ ਮਹੀਨੇ ਹੋ ਗਏ ਆ। ਮੁੜ ਕੇ ਆਇਆ ਈ ਨਹੀਂ। ਅਸਲ ਵਿੱਚ ਉਹਨੇ ਆਪਣੀ ਲੜਕੀ ਦਾ ਵਿਆਹ ਕੀਤਾ ਸੀ। ਉਧਾਰ ਕਈਆਂ ਤੋਂ ਫੜ ਲਿਆ। ਅਗਲੇ ਹੁਣ ਘਰ ਗੇੜੇ ਮਾਰਦੇ ਆ। ਇਹ ਘਰੇ ਈ ਨਹੀਂ ਵੜਦਾ। ਟੱਬਰ ਵੀ ਆਪਣਾ ਨਾਲ ਈ ਲੈ ਗਿਆ ਕਿਧਰੇ।” ਉਸ ਗੁਆਂਢੀ ਵਿਅਕਤੀ ਨੇ ਸਾਡੇ ਪੁੱਛੇ ਜਾਣ ਵਾਲੇ ਸਵਾਲ ਦਾ ਜਵਾਬ ਖ਼ੁਦ ਹੀ ਵਿਸਥਾਰ ਵਿੱਚ ਦੇ ਦਿੱਤਾ, ਜਿਵੇਂ ਸਾਡੇ ਆਉਣ ਦਾ ਕਾਰਨ ਉਸ ਨੂੰ ਪਹਿਲੋਂ ਹੀ ਪਤਾ ਹੋਵੇ।

“ਚਾਚਾ ਜੀ, ਕਿਤੇ ਹੋਦਰ ਤਾਂ ਨ੍ਹੀਂ ਜਾਣਾ?” ਮੈਂ ਚਾਚਾ ਜੀ ਨੂੰ ਪੁੱਛਿਆ।

“ਹਰਮੀਤ, ਹੁਣ ਕਿਤੇ ਫੇਰ ਸਈ। ਹੁਣ ਤਾਂ ਨ੍ਹੇਰਾ ਹੋ ਗਿਆ। ਹੁਣ ਘਰ ਚੱਲਦੇ ਆਂ।” ਚਾਚਾ ਜੀ ਦਾ ਜਵਾਬ ਸੁਣ ਕੇ ਮੈਂ ਕਾਰ ਵਾਪਸ ਆਪਣੇ ਪਿੰਡ ਵਾਲੇ ਪਾਸੇ ਮੋੜ ਲਈ।

“ਚਾਚਾ ਜੀ, ਉਸ ਸਾਂਝੀ ਕਾਰ ਦਾ ਕੀ ਬਣਿਆ, ਜਿਹਦਾ ਐਕਸੀਡੈਂਟ ਹੋ ਗਿਆ ਸੀ?” ਰਾਹ ਜਾਂਦਿਆਂ ਮੈਂ ਚਾਚਾ ਜੀ ਨਾਲ ਕਾਰ ਬਾਰੇ ਗੱਲ ਛੇੜੀ। ਮੇਰਾ ਸਵਾਲ ਸੁਣ ਕੇ ਚਾਚਾ ਜੀ ਚੁੱਪ ਬੈਠੇ ਰਹੇ।

“ਹਰਮੀਤ, ਉਹ ਦੋ ਲੱਖ ਦੇ ਕੇ ਸਮਝੌਤਾ ਹੋਇਆ। ਐਕਸੀਡੈਂਟ ਵਾਲਾ ਬੰਦਾ ਮਚਲਾ ਜਿਹਾ ਬਣ ਕੇ ਹਸਪਤਾਲ ਪਿਆ ਰਿਹਾ। ਕਹਿੰਦਾ ਮੇਰੇ ਗੁੱਝੀਆਂ ਸੱਟਾਂ ਲੱਗੀਆਂ। ਜਦੋਂ ਦੋ ਲੱਖ ਮਿਲ ਗਿਆ, ਫਿਰ ਉੱਠ ਕੇ ਤੋਤੇ ਵਾਂਗ ਗੱਲਾਂ ਮਾਰਨ ਲੱਗ ਪਿਆ।” ਚਾਚਾ ਜੀ ਨੂੰ ਚੁੱਪ ਬੈਠਾ ਵੇਖ ਹੌਲਦਾਰ ਵਤਨ ਸਿੰਘ ਨੇ ਮੇਰੇ ਸਵਾਲ ਦਾ ਜਵਾਬ ਮੋੜਿਆ।

“ਚੰਨਣ ਡਰਾਈਵਰ… ਕੋਲ ਦੋ ਲੱਖ ਸਿਗਾ?”

“ਹਰਮੀਤ ਕਾਹਨੂੰ, ਮੌਕੇ ’ਤੇ ਈ ਘਾਟਾ ਪਾ ਕੇ ਕਾਰ ਵੇਚਣੀ ਪਈ ਫਿਰ। ਮਸਾਂ ਚੰਨਣ ਦਾ ਦੋ ਲੱਖ ਪੂਰਾ ਕੀਤਾ। ਉਸ ਨੰਗ ਕੋਲ ਕੀ ਸਿਗਾ। ਘਾਟਾ ਤਾਂ ਤੇਰੇ ਚਾਚੇ ਨੂੰ ਪਿਐ। ਉਹਨੂੰ ਕਾਹਦਾ। ਉਹਤੋਂ ਤਾਂ ਕਈ ਵਾਰ ਆਪਣੀ ਬੈਂਕ ਦੀ ਕਿਸ਼ਤ ਵੀ ਪੂਰੀ ਨਹੀਂ ਸੀ ਹੁੰਦੀ।” ਹੌਲਦਾਰ ਵਤਨ ਸਿੰਘ ਨੇ ਮੈਨੂੰ ਸਾਰੀ ਵਿਚਲੀ ਗੱਲ ਦੱਸੀ। ਸਾਡੇ ਗੱਲਾਂਬਾਤਾਂ ਕਰਦਿਆਂ ਪਤਾ ਹੀ ਨਾ ਲੱਗਾ ਪਿੰਡ ਕਦੋਂ ਆ ਗਿਆ ਸੀ।

“ਸਰਦਾਰਾ ਸਿੰਘ ਤੁਸੀਂ ਹੀ ਹੋ?” ਇੱਕ ਦਿਨ ਸੁਵਖਤੇ ਹੀ ਪੁਲੀਸ ਦੇ ਇੱਕ ਹੌਲਦਾਰ ਨੇ ਗੇਟ ਵੜਦਿਆਂ ਚਾਚਾ ਜੀ ਨੂੰ ਪੁੱਛਿਆ।

“ਹਾਂ-ਹਾਂ, ਮੈਂ ਹੀ ਆਂ ਜੀ, ਦੱਸੋ?” ਚਾਚਾ ਜੀ ਸਹਿਜ ਸੁਭਾਅ ਬੋਲੇ।

“ਤੁਹਾਨੂੰ ਅੱਜ ਦੁਪਹਿਰ ਬਾਰ੍ਹਾਂ ਵਜੇ ਤੋਂ ਪਹਿਲਾਂ ਸਾਬ੍ਹ ਨੇ ਥਾਣੇ ਬੁਲਾਇਆ ਏ।”

“ਮੈਨੂੰ ਥਾਣੇ ਬੁਲਾਇਐ? ਕਦੇ ਅੱਗੇ ਨਾ ਪਿੱਛੇ। ਮੈਨੂੰ ਕਿਸੇ ਨੇ ਕਾਹਦੇ ਲਈ ਥਾਣੇ ਬੁਲਾਉਣਾ।”

“ਤੁਹਾਡੀ ਕਿਸੇ ਨੇ ਸ਼ਿਕਾਇਤ ਕੀਤੀ ਏ।” “ਮੇਰੀ ਸ਼ਿਕਾਇਤ ਕੀਤੀ ਏ! ਮੇਰੀ ਸ਼ਿਕਾਇਤ ਭਲਾ ਕਾਹਨੂੰ ਕਿਸੇ ਨੇ ਕਰਨੀ ਐ। ਮੇਰਾ ਤਾਂ ਕਦੇ ਕਿਸੇ ਨਾਲ ਕੋਈ ਲੜਾਈ-ਝਗੜਾ ਈ ਨਹੀਂ ਹੋਇਆ।”

“ਇਹ ਤਾਂ ਜੀ ਸਾਬ੍ਹ ਨੂੰ ਪਤਾ ਹਊ। ਮੈਂ ਤਾਂ ਉਨ੍ਹਾਂ ਦਾ ਹੁਕਮ ਵਜਾਇਆ ਏ।” ਇੰਨਾ ਆਖ ਹੌਲਦਾਰ ਨੇ ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਵਾਪਸ ਮੁੜ ਗਿਆ। ਅਸੀਂ ਸਾਰੇ ਸ਼ਸ਼ੋਪੰਜ ਵਿੱਚ ਪੈ ਗਏ। ਕਿਸੇ ਨੂੰ ਵੀ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਆ ਰਹੀ।

“ਕੱਲ੍ਹ ਰਾਤ ਇੱਕ ਵਾਰੂ ਨਾਂ ਦੇ ਵਿਅਕਤੀ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਏ। ਉਹ ਆਖਦਾ ਏ ਕਿ ਮੇਰੇ ਸਿਰ ਲੋਕਾਂ ਦਾ ਕੁਝ ਕਰਜ਼ਾ ਚੜ੍ਹਿਆ ਏ। ਮੈਥੋਂ ਲੋਕਾਂ ਦਾ ਪੈਸਾ ਮੋੜਨਾ ਮੁਸ਼ਕਿਲ ਏ, ਪਰ ਲੋਕ ਮੈਨੂੰ ਘਰ ਆ ਕੇ ਤੰਗ ਕਰਦੇ ਨੇ। ਉਹ ਸਰਦਾਰਾ ਸਿੰਘ ਦਾ ਵੀ ਨਾਮ ਲੈਂਦਾ ਏ। ਕੱਲ੍ਹ ਰਾਤ ਉਸ ਨੇ ਹਸਪਤਾਲ ਵਿੱਚ ਇਹ ਬਿਆਨ ਦਿੱਤਾ ਏ।” ਥਾਣੇ ਜਾਂਦਿਆਂ ਹੀ ਥਾਣੇਦਾਰ ਦੀ ਇਹ ਗੱਲ ਸੁਣ ਕੇ ਮੈਂ ਤੇ ਚਾਚਾ ਜੀ ਹੱਕੇ-ਬੱਕੇ ਰਹਿ ਗਏ।

“ਜੀ, ਚਾਚਾ ਜੀ ਨੇ ਕਾਹਨੂੰ ਕਿਸੇ ਨੂੰ ਤੰਗ ਕਰਨੈ। ਇਹ ਤਾਂ ਜੀ ਬੜੇ ਸਾਊ ਸੁਭਾਅ ਦੇ ਬੰਦੇ ਨੇ। ਉਹ ਤਾਂ ਜੀ ਅਸੀਂ ਉਂਜ ਈ ਦੋ-ਤਿੰਨ ਬੰਦੇ ਵਾਰੂ ਦੇ ਘਰ ਗਏ ਸੀ। ਅਸੀਂ ਤਾਂ ਉਹਨੂੰ ਇਹੀ ਆਖਿਆ ਸੀ ਭਾਈ ਜੇ ਤੂੰ ਮੋੜ ਸਕਦੈਂ ਤਾਂ ਮੋੜ ਦੇ। ਇਨ੍ਹਾਂ ਨੂੰ ਵੀ ਹੁਣ ਪੈਸੇ ਦੀ ਲੋੜ ਏ। ਹੋਰ ਤਾਂ ਅਸੀਂ ਕੁਝ ਨਹੀਂ ਆਖਿਐ।” ਮੈਂ ਬੜੀ ਨਿਮਰਤਾ ਨਾਲ ਸਾਰੀ ਕਹਾਣੀ ਥਾਣੇਦਾਰ ਨੂੰ ਦੱਸੀ।

ਮੇਰੀ ਗੱਲ ਸੁਣ ਕੇ ਥਾਣੇਦਾਰ ਘੁਮੰਡੀ ਜਿਹੀ ਚੁੱਪ ਸਾਧੀ ਨੀਵੀਂ ਪਾਈ ਬੈਠਾ ਰਿਹਾ, ਜਿਵੇਂ ਉਹ ਮੇਰੀ ਆਖੀ ਗੱਲ ਨੂੰ ਐਵੇਂ ਫਾਲਤੂ ਜਿਹੀ ਦਰਸਾ ਕੇ ਮੇਰੇ ’ਤੇ ਕੋਈ ਦਬਾਅ ਬਣਾ ਰਿਹਾ ਹੋਵੇ।

“ਜਾਓ, ਮੁਣਸ਼ੀ ਨੂੰ ਜਾ ਕੇ ਸਾਰੀ ਗੱਲ ਸਮਝਾ ਦਿਓ।” ਕੁਝ ਸਮੇਂ ਦੀ ਖਾਮੋਸ਼ੀ ਤੋਂ ਬਾਅਦ ਉਸ ਨੇ ਮੱਥੇ ’ਤੇ ਉੱਭਰੀਆਂ ਤਿਊੜੀਆਂ ਨਾਲ ਸਾਨੂੰ ਆਖਿਆ। ਖਾਮੋਸ਼ੀ ਦੇ ਅਰਥ ਸਮਝਦਿਆਂ ਅਸਾਂ ਮਸਾਂ ਹੀ ਥਾਣੇ ਤੋਂ ਚਾਚਾ ਜੀ ਦੀ ਖਲਾਸੀ ਕਰਾਈ।

“ਨਗਰ ਨਿਵਾਸੀਆਂ ਨੂੰ ਬੜੇ ਦੁੱਖ ਨਾਲ ਸੂਚਨਾ ਦਿੱਤੀ ਜਾਂਦੀ ਹੈ ਕਿ ਅੱਜ ਸ੍ਰੀਮਤੀ ਗੁਰਮੇਲੋ ਪਤਨੀ ਬਚਨਾ ਰਾਮ ਸਵਰਗ ਸਿਧਾਰ ਗਏ ਹਨ। ਉਨ੍ਹਾਂ ਦਾ ਸੰਸਕਾਰ ਹੋਣ ਵਾਲਾ ਹੈ। ਜਿਸ ਵੀ ਮਾਈ-ਭਾਈ ਨੇ ਲੱਕੜੀ ਪਾਉਣੀ ਹੋਵੇ, ਉਹ ਪਿੰਡ ਦੇ ਪੰਚਾਇਤ ਘਰ ਕੋਲ੍ਹ ਖੜ੍ਹੀ ਟਰਾਲੀ ਵਿੱਚ ਪਾ ਸਕਦਾ ਹੈ।” ਇੱਕ ਦਿਨ ਘਰ ਬੈਠੇ ਚਾਹ ਪੀਂਦਿਆਂ ਮੰਦਰ ਦੇ ਸਪੀਕਰ ਤੋਂ ਹੋਈ ਇਹ ਅਨਾਊਂਸਮੈਂਟ ਸਭ ਦੇ ਕੰਨੀਂ ਪਈ। ਇਹ ਖ਼ਬਰ ਸੁਣਦੇ ਹੀ ਸਾਰਾ ਮਾਹੌਲ ਸੋਗਮਈ ਹੋ ਗਿਆ।

“ਲਓ ਜੀ, ਇਹ ਉਧਾਰ ਵੀ ਮਰ ਗਿਆ ਹੁਣ।” ਅਮਨ ਇਕਦਮ ਭਾਵੁਕ ਹੋ ਕੇ ਬੋਲਿਆ।

“ਗੁਰਮੇਲੋ ਦਾ ਪੋਤਾ ਗਰੀਸ ਗਿਆ ਤਾਂ ਹੈ। ਉਹ ਆਪੇ ਪੈਸੇ ਵਾਪਸ ਕਰ ਦੇਵੇਗਾ।” ਮੈਂ ਆਖਿਆ।

“ਭਾਅ ਜੀ, ਉਹ ਤਾਂ ਰਸਤੇ ਵਿੱਚੋਂ ਹੀ ਫੜ ਹੋ ਕੇ ਵਾਪਸ ਮੁੜ ਆਇਆ ਸੀ। ਉਹਨੂੰ ਤਾਂ ਮੁੜੇ ਨੂੰ ਵੀ ਕਾਫ਼ੀ ਸਮਾਂ ਹੋ ਗਿਆ ਹੋਣਾ।” ਅਮਨ ਨੇ ਜਵਾਬ ਦਿੱਤਾ। ਪਹਿਲੋਂ ਹੀ ਉਦਾਸ ਬੈਠੇ ਅਮਨ ਨੂੰ ਇਸ ਘਟਨਾ ਨੇ ਹੋਰ ਵੀ ਉਦਾਸ ਕਰ ਦਿੱਤਾ। ਚਾਚਾ ਜੀ ਮਸੋਸੇ ਜਿਹੇ ਉੱਠੇ ਤੇ ਲੱਕੜ ਚੁੱਕ ਸ਼ਮਸ਼ਾਨ ਘਾਟ ਵੱਲ ਚਲੇ ਗਏ। ਅਸਾਂ ਵੀ ਉਨ੍ਹਾਂ ਦੇ ਮਗਰ ਹੀ ਹੋ ਤੁਰੇ।

“ਚਾਚਾ ਜੀ, ਹੁਣ ਨਾ ਤੁਸੀਂ ਇਸ ਤਰ੍ਹਾਂ ਦੇ ਚੱਕਰਾਂ ’ਚ ਪਿਆ ਕਰੋ। ਹੋਰ ਨਾ ਕਿਸੇ ਦਾ ਭਲਾ ਕਰਦੇ-ਕਰਦੇ ਆਪਣੇ ਗਲ਼ ਕੋਈ ਨਵੀਂ ਬਲਾ ਪਾ ਬੈਠਿਓ। ਇੱਥੇ ਤਾਂ ਸਾਰਾ ਤਾਣਾ-ਬਾਣਾ ਹੀ ਉਲਝਿਆ ਪਿਐ। ਇਹ ਨਹੀਂ ਠੀਕ ਹੋਣੈ। ਅਹਿ ਵੇਖੋ, ਕਰਜ਼ੇ ਦੇ ਬੋਝ ਕਾਰਨ ਅੱਜ ਫਿਰ ਦੋ ਕਿਸਾਨਾਂ ਨੇ ਆਤਮ-ਹੱਤਿਆ ਕਰ ਲਈ ਏ।” ਕੁਝ ਦਿਨਾਂ ਬਾਅਦ ਇੰਗਲੈਂਡ ਵਾਪਸ ਜਾਣ ਵਾਲੇ ਦਿਨ ਮੈਂ ਚਾਚਾ ਜੀ ਨੂੰ ਅਖ਼ਬਾਰ ਵਿੱਚ ਆਈਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਦੱਸ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮੇਰੀ ਗੱਲ ਧਿਆਨ ਨਾਲ ਸੁਣੀ, ਪਰ ਮੂੰਹੋਂ ਕੁਝ ਨਾ ਬੋਲੇ। ਉਹ ਗੰਭੀਰ ਜਿਹੇ ਹੋਏ ਚੁੱਪ ਸਾਧੀ ਬੈਠੇ ਰਹੇ। ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੋਂ ਮੈਨੂੰ ਇੰਜ ਜਾਪਿਆ ਜਿਵੇਂ ਲੋਕਾਂ ਨੂੰ ਪੈਸੇ ਦੇਣ ਦੀ ਆਦਤ ਹੁਣ ਉਨ੍ਹਾਂ ਦਾ ਸੁਭਾਅ ਹੀ ਬਣ ਗਿਆ ਹੋਵੇ।

ਇੰਨੇ ਨੂੰ ਡਰਾਈਵਰ ਨੇ ਗੱਡੀ ਦਾ ਹਾਰਨ ਮਾਰਿਆ। ਦਿੱਲੀ ਜਾਣ ਵਾਲੀ ਟੈਕਸੀ ਪਹੁੰਚ ਗਈ ਸੀ। ਪਹਿਲੋਂ ਹੀ ਪੈਕ ਕੀਤਾ ਆਪਣਾ ਅਟੈਚੀ ਮੈਂ ਗੱਡੀ ਵਿੱਚ ਰੱਖਿਆ ਤੇ ਦਿੱਲੀ ਜਾਣ ਲਈ ਗੱਡੀ ਵਿੱਚ ਸਵਾਰ ਹੋ ਗਿਆ। ਇਸ ਵਾਰ ਇੰਡੀਆ ਵਿੱਚ ਵਾਪਰੀਆਂ ਘਟਨਾਵਾਂ ਅਕਸਰ ਹੀ ਕਦੇ-ਕਦੇ ਮੇਰੇ ਜ਼ਿਹਨ ਵਿੱਚ ਕਿਸੇ ਫਿਲਮੀ ਦ੍ਰਿਸ਼ ਵਾਂਗ ਚੱਕਰ ਕੱਟਦੀਆਂ ਰਹਿੰਦੀਆਂ ਸਨ। ਕਈ ਗੱਲਾਂ ਯਾਦ ਕਰ ਕੇ ਹਾਸਾ ਵੀ ਆਉਂਦਾ ਤੇ ਕਈ ਵਾਰ ਮਨ ਉਦਾਸ ਵੀ ਹੋ ਜਾਂਦਾ ਸੀ। ਇਵੇਂ ਮਨ ਦੇ ਰੌਂਅ ਵਿੱਚ ਗ਼ਮੀਆਂ ਤੇ ਖ਼ੁਸ਼ੀਆਂ ਸੰਗ ਵਿਚਰਦਿਆਂ ਸਮੇਂ ਦਾ ਪਤਾ ਹੀ ਨਾ ਲੱਗਿਆ, ਜਿਵੇਂ ਦੋ-ਤਿੰਨ ਵਰ੍ਹੇ ਖੰਭ ਲਾ ਕੇ ਉੱਡ ਗਏ ਹੋਣ।

“ਹਰਮੀਤ, ਮੈਂ ਕਈ ਦਿਨਾਂ ਦਾ ਫੋਨ ਕਰਨ ਨੂੰ ਤਕਾਂਦਾ ਸੀ, ਪਰ ਅੱਜ ਰਹਿ ਈ ਨਹੀਂ ਹੋਇਆ।” ਇੱਕ ਰਾਤ ਬੇਵਕਤੇ ਜਿਹੇ ਚਾਚਾ ਜੀ ਦੀ ਫੋਨ ਵਿੱਚ ਆਈ ਆਵਾਜ਼ ਸੁਣ ਕੇ ਮੈਂ ਸਹਿਮ ਗਿਆ ਜਿਵੇਂ ਮੇਰੇ ਪੈਰਾਂ ਹੇਠੋਂ ਧਰਤੀ ਖਿਸਕ ਗਈ ਹੋਵੇ। ਮੈਂ ਅੱਜ ਜ਼ਿੰਦਗੀ ’ਚ ਪਹਿਲੀ ਵਾਰ ਫੋਨ ਵਿੱਚ ਚਾਚਾ ਜੀ ਦੀ ਐਨੀ ਗੰਭੀਰ ਆਵਾਜ਼ ਸੁਣੀ ਸੀ।

“ਚਾਚਾ ਜੀ, ਸਿਹਤ ਤਾਂ ਠੀਕ ਐ ਨਾ?” ਮੈਂ ਫਿਕਰ ਨਾਲ ਪੁੱਛਿਆ।

“ਹਰਮੀਤ, ਸਿਹਤ ਤਾਂ ਹੋਈ ਸੋ ਹੋਈ, ਐਧਰ ਤਾਂ ਹਾਲਾਤ ਹੁਣ ਗਾਹਾਂ ਤੋਂ ਗਾਹਾਂ ਵਿਗੜੀ ਈ ਜਾਂਦੇ ਐ। ਸਾਡਾ ਤਾਂ ਸਾਰਾ ਪਿੰਡ ਈ ਖਾਲੀ ਹੋ ਗਿਆ। ਸਾਰੇ ਲੋਕਾਂ ਨੇ ਡਰਦਿਆਂ ਆਪਣੇ ਮੁੰਡੇ ਬਾਹਰ ਕੱਢ ’ਤੇ। ਤੂੰ ਐਂ ਕਰ, ਅਮਨ ਨੂੰ ਵੀ ਕਿਸੇ ਨਾ ਕਿਸੇ ਢੰਗ ਨਾਲ ਹੈਦਰ ਈ ਬੁਲਾ ਲੈ। ਨਾਲੇ ਸਾਨੂੰ ਕੁਛ ਸੁੱਖ ਦਾ ਸਾਹ ਆਊ ਤੇ ਨਾਲੇ ਐਧਰ ਦੀਆਂ ਇੱਲ-ਬਲਾਵਾਂ ਤੋਂ ਬਚਿਆ ਰਹੂ। ਮੇਰੀ ਗੱਲ ਸਮਝ ਗਿਆ ਨਾ ਤੂੰ?” ਚਾਚਾ ਜੀ ਦੀ ਸੰਜੀਦਗੀ ਨਾਲ ਆਖੀ ਇਹ ਗੱਲ ਸੁਣ ਕੇ ਮੈਂ ਚਿੰਤਾ-ਗ੍ਰਸਤ ਹੋ ਗਿਆ।

“ਪਹਿਲਾਂ ਸਾਡੇ ਪੰਜ ਪਾਣੀਆਂ ਨੂੰ ਟੱਕ ਵੱਜਿਆ ਸੀ, ਤੇ ਹੁਣ ਸਾਡੀ ਕਿਰਸਾਨੀ ਤੇ ਨੌਜੁਆਨੀ ਨੂੰ ਵੀ ਟੱਕ ਵੱਜ ਗਿਆ ਏ।” ਇਹ ਸੋਚਦਿਆਂ ਮੇਰੀ ਸੁਰਤ ਗੁੰਮ ਗਈ। ਮੈਨੂੰ ਇੱਕ ਚੱਕਰ ਜਿਹਾ ਆਇਆ। ਬੈੱਡ ’ਤੇ ਲੇਟਿਆ ਮੈਂ ਸਾਰੀ ਰਾਤ ਉਸਲਵੱਟੇ ਹੀ ਲੈਂਦਾ ਰਿਹਾ।



News Source link
#ਇਕ #ਟਕ #ਹਰ

- Advertisement -

More articles

- Advertisement -

Latest article