29.6 C
Patiāla
Monday, April 29, 2024

ਸ਼ਹੀਦ ਸੁਖਦੇਵ ਦੇ ਘਰ ਨੂੰ ਨਾ ਮਿਲਿਆ ਸਿੱਧਾ ਰਸਤਾ

Must read


ਗਗਨ ਅਰੋੜਾ

ਲੁਧਿਆਣਾ, 15 ਜਨਵਰੀ

ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਰਾਜਗੁਰੂ ਦੇ ਸਾਥੀ ਸ਼ਹੀਦ ਸੁਖਦੇਵ ਥਾਪਰ ਦਾ ਲੁਧਿਆਣਾ ਸਥਿਤ ਜੱਦੀ ਘਰ ਸਿਆਸੀ ਆਗੂਆਂ ਦੀ ਅਣਦੇਖੀ ਦਾ ਸ਼ਿਕਾਰ ਹੈ। ਸ਼ਹੀਦ ਦਾ ਘਰ ਲੁਧਿਆਣਾ ਦੇ ਨੌਘਰਾਂ ਮੁਹੱਲੇ ਵਿੱਚ ਸਥਿਤ ਹੈ ਜਿੱਥੇ 15 ਮਈ 1907 ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ ਪਰ ਉੱਥੇ ਤੱਕ ਪੁੱਜਣ ਲਈ ਕੋਈ ਸਿੱਧਾ ਰਸਤਾ ਨਹੀਂ ਹੈ। ਇਥੇ ਮਹਿਜ਼ ਦੋ ਪਹੀਆ ਵਾਹਨ ਹੀ ਜਾ ਸਕਦਾ ਹੈ ਪਰ ਇਸ ਲਈ ਵੀ ਕਈ ਗਲੀਆਂ ਵਿਚੋਂ ਘੁੰਮ ਕੇ ਜਾਣਾ ਪੈਂਦਾ ਹੈ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਪੰਜ ਸਾਲ ਤੋਂ ਸਿੱਧੇ ਰਸਤੇ ਦੀ ਮੰਗ ਲਈ ਸੰਘਰਸ਼ ਕਰ ਰਿਹਾ ਹੈ। ਰਸਤੇ ਦਾ ਕੰਮ ਕਾਗਜ਼ਾਂ ਵਿੱਚ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਅਸਲ ਵਿੱਚ ਪੰਜ ਸਾਲ ਦੌਰਾਨ ਇਹ ਕੰਮ ਮਹਿਜ਼ 70 ਫ਼ੀਸਦੀ ਹੀ ਪੂਰਾ ਹੋ ਸਕਿਆ ਹੈ। ਇਸ ਕਾਰਨ ਟਰੱਸਟ ਦੇ ਮੈਂਬਰਾਂ ਸਣੇ ਸ਼ਹੀਦ ਨੂੰ ਪਿਆਰ ਕਰਨ ਵਾਲੇ ਨਿਰਾਸ਼ ਹਨ।

ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ਼ ਤੇ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ ਗਲੀਆਂ ਤੰਗ ਹੋਣ ਕਾਰਨ ਘਰ ਤੱਕ ਆਉਣਾ-ਜਾਣਾ ਮੁਸ਼ਕਲ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸ਼ਹੀਦ ਦੇ ਘਰ ਤੱਕ ਦਾ ਸਿੱਧਾ ਰਸਤਾ ਦਿਵਾਉਣ ਲਈ ਚੌੜਾ ਬਾਜ਼ਾਰ ਪੀਐੱਨਬੀ ਵਾਲੇ ਗਲੀ ਵਿੱਚੋਂ ਰਸਤਾ ਕੱਢਣ ਦੀ ਯੋਜਨਾ ਪੰਜ ਸਾਲ ਪਹਿਲਾਂ ਬਣੀ ਸੀ। ਇੱਥੇ ਜ਼ਮੀਨ ਐਕੁਆਇਰ ਕਰਨ ਲਈ ਪੰਜਾਬ ਦੇ ਰਾਜਪਾਲ ਕੋਲੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ, ਪਰ ਕੰਮ ਦੀ ਰਫ਼ਤਾਰ ਹੌਲੀ ਹੋਣ ਕਾਰਨ ਇਹ ਅਜੇ ਤਕ ਲਟਕਿਆ ਹੋਇਆ ਹੈ। ਸਾਲ 2018 ਵਿੱਚ ਕੈਪਟਨ ਸਰਕਾਰ ਨੇ ਇੱਕ ਕਰੋੜ ਰੁਪਏ ਦੀ ਰਕਮ ਵੀ ਜਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਿੱਧਾ ਰਸਤਾ ਦੇਣ ਲਈ ਪੰਜ ਇਮਾਰਤਾਂ ਦਾ ਅੜਿੱਕਾ ਸੀ। ਇਨ੍ਹਾਂ ਵਿੱਚੋਂ ਦੋ ਇਮਾਰਤਾਂ ਇੱਕੋ ਬੰਦੇ ਦੀਆਂ ਸਨ, ਜਿਸ ਨੇ ਬਿਨਾਂ ਮੁਆਵਜ਼ਾ ਜ਼ਮੀਨ ਦਾਨ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੱਤਾ ਹੈ। ਤੀਜੀ ਇਮਾਰਤ ਵਾਲੇ ਵਿਅਕਤੀ ਨੇ ਵੀ ਆਪਣਾ ਕਮਰਾ ਸ਼ਹੀਦ ਦੇ ਟਰੱਸਟ ਨੂੰ ਦਾਨ ਦੇ ਦਿੱਤਾ ਹੈ। ਚੌਥਾ ਪਲਾਟ ਥਾਪਰ ਬਰਾਦਰੀ ਦਾ ਹੈ, ਉਹ ਵੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਚੁੱਕੇ ਹਨ ਕਿ ਸਰਕਾਰ ਜੋ ਮੁਆਵਜ਼ਾ ਦੇਵੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਪੰਜਵਾਂ 40 ਗਜ਼ ਦਾ ਪਲਾਟ ਐਕੁਆਇਰ ਕਰ ਕੇ ਪੈਸੇ ਦੇਣੇ ਹਨ, ਉਹੀ ਕੰਮ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲਟਕਿਆ ਹੋਇਆ ਹੈ। ਅਸ਼ੋਕ ਥਾਪਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਸ਼ਹੀਦ ਥਾਪਰ ਦੇ ਘਰ ਦੇ ਕੰਮ ਕਰਵਾਉਣ ਲਈ ਭੁੱਖ ਹੜਤਾਲ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਜਲਦ ਹੀ ਸਿੱਧੇ ਰਸਤੇ ਦੇ ਕੰਮ ਵਿੱਚ ਤੇਜ਼ੀ ਨਾ ਲਿਆਂਦੀ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ।





News Source link

- Advertisement -

More articles

- Advertisement -

Latest article