37.2 C
Patiāla
Sunday, May 5, 2024

ਇੱਕ ਲੇਖਕ, ਤਿੰਨ ਕਿਤਾਬਾਂ, ਤਿੰਨ ਮੁੱਖ ਬੰਦ

Must read


ਡਾ. ਅਵਤਾਰ ਐੱਸ ਸੰਘਾ

ਮੁੱਖ ਬੰਦ ਕਿਸੇ ਵੀ ਪੁਸਤਕ ਦਾ ਅਹਿਮ ਹਿੱਸਾ ਹੁੰਦਾ ਹੈ। ਮੁੱਖ ਬੰਦ ਨੂੰ ਸਬੰਧਿਤ ਪੁਸਤਕ ਦਾ ਸ਼ੀਸ਼ਾ ਵੀ ਕਿਹਾ ਜਾ ਸਕਦਾ ਹੈ। ਜੇ ਪੁਸਤਕ ਦਾ ਮੁੱਖ ਬੰਦ (ਭਾਵੇਂ ਲੇਖਕ ਵੱਲੋਂ ਜਾਂ ਕਿਸੇ ਹੋਰ ਵਿਦਵਾਨ ਵੱਲੋਂ) ਇਮਾਨਦਾਰੀ ਨਾਲ ਲਿਖਿਆ ਜਾਵੇ ਤਾਂ ਪਾਠਕ ਉਸ ਨੂੰ ਪੜ੍ਹਦੇ ਹੀ ਨਹੀਂ, ਸਗੋਂ ਮਾਣਦੇ ਵੀ ਹਨ। ਪੰਜਾਬੀ ਪੁਸਤਕਾਂ ਦਾ ਦੁਖਾਂਤਕ ਪਹਿਲੂ ਇਹ ਹੈ ਕਿ ਕਿਤਾਬ ਦੇ ਇਸ ਪੱਖ ਵੱਲ ਬਹੁਤਾ ਧਿਆਨ ਹੀ ਨਹੀਂ ਦਿੱਤਾ ਜਾਂਦਾ। ਜੇਕਰ ਮੁੱਖ ਬੰਦ ਕਿਸੇ ਵਿਦਵਾਨ ਤੋਂ ਲਿਖਾਇਆ ਜਾਵੇ ਤਾਂ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਉਸ ਵਿੱਚ ਲੇਖਕ ਦੀ ਸਾਹਿਤਕ ਕਿਰਤ ਦੇ ਕਿਸੇ ਪੱਖ ਸਬੰਧੀ ਕਿੰਤੂ-ਪਰੰਤੂ ਕੀਤਾ ਜਾਵੇ। ਪ੍ਰਸੰਸਾ ਦੀ ਸੁਰ ਭਾਰੂ ਹੁੰਦੀ ਹੈ। ਅਸਲ ਵਿੱਚ ਅਜਿਹੇ ਪ੍ਰਸੰਸਾ ਮੁਖੀ ਮੁੱਖ ਬੰਦ ਲੇਖਕ ਵੱਲੋਂ ਆਪ ਹੀ ਲਿਖੇ ਹੁੰਦੇ ਹਨ, ਪਰ ਉਸ ’ਤੇ ਨਾਂ ਕਿਸੇ ਵਿਦਵਾਨ ਦਾ ਲਿਖ ਦਿੱਤਾ ਜਾਂਦਾ ਹੈ। ਲੇਖਕ ਖੁਸ਼ ਹੋ ਜਾਂਦਾ ਹੈ ਕਿ ਉਸ ਦੀ ਲਿਖਤ ਨੂੰ ਕਿਸੇ ਵਿਦਵਾਨ ਨੇ ਸਾਹਿਤਕ ਪੁਖ਼ਤਗੀ ਦਾ ਸਰਟੀਫਿਕੇਟ ਦੇ ਦਿੱਤਾ ਅਤੇ ਵਿਦਵਾਨ ਖੁਸ਼ ਕਿ ਉਸ ਦਾ ਨਾਂ ਚਮਕ ਰਿਹਾ ਹੈ। ਸਾਹਿਤਕ ਖੇਤਰ ਦੇ ਬਹੁਤ ਘੱਟ ਸ਼ਾਹ ਸਵਾਰ ਹੀ ਕਿਸੇ ਨਵੇਂ ਲੇਖਕ ਦਾ ਖਰੜਾ ਚੰਗੀ ਤਰਾਂ ਪੜ੍ਹ ਕੇ ਉਸ ਸਬੰਧੀ ਲਿਖਦੇ ਹਨ।

ਪੰਜਾਬੀ ਲੇਖਕ ਰਵਿੰਦਰ ਸਿੰਘ ਸੋਢੀ ਦੀਆਂ ਹੁਣ ਤੱਕ ਢੇਡ ਦਰਜਨ ਦੇ ਕਰੀਬ ਸਾਹਿਤਕ ਪੁਸਤਕਾਂ (ਨਾਟਕ, ਕਵਿਤਾ, ਕਹਾਣੀ, ਆਲੋਚਨਾ, ਗੁਰੂ ਗ੍ਰੰਥ ਸਾਹਿਬ ਸਬੰਧੀ, ਅਨੁਵਾਦ ਆਦਿ) ਪ੍ਰਕਾਸ਼ਿਤ ਹੋ ਚੁੱਕੀਆਂ ਹਨ। 2022 ਵਿੱਚ ਉਸ ਦੀਆਂ ਤਿੰਨ ਪੁਸਤਕਾਂ ਪਾਠਕਾਂ ਦੇ ਸਾਹਮਣੇ ਆਈਆਂ ਹਨ, ਇਨ੍ਹਾਂ ਵਿੱਚੋਂ ਦੋ (ਪਰਵਾਸੀ ਕਲਮਾਂ ਅਤੇ ਹੁੰਗਾਰਾ ਕੌਣ ਭਰੇ ?) ਸੰਪਾਦਿਤ ਹਨ ਅਤੇ ਤੀਜੀ ਪੁਸਤਕ (ਅੱਧਾ ਅੰਬਰ ਅੱਧੀ ਧਰਤੀ) ਮੌਲਿਕ ਕਾਵਿ ਸੰਗ੍ਰਹਿ ਹੈ। ਇਨ੍ਹਾਂ ਤਿੰਨਾਂ ਪੁਸਤਕਾਂ ਦੇ ਮੁੱਖ ਬੰਦ ਲੇਖਕ ਨੇ ਆਪ ਹੀ ਲਿਖੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਇਹ ਮੁੱਖ ਬੰਦ ਸਬੰਧਿਤ ਪੁਸਤਕਾਂ ਦੀ ਪਾਠ ਸਮੱਗਰੀ ਨੂੰ ਆਧਾਰ ਬਣਾ ਕੇ ਹੀ ਲਿਖੇ ਗਏ ਹਨ।

ਇਨ੍ਹਾਂ ਵਿੱਚੋਂ ਪਹਿਲੀ ਪੁਸਤਕ ਹੈ ‘ਪਰਵਾਸੀ ਕਲਮਾਂ’। ਇਹ ਕਿਸੇ ਇੱਕ ਵਿਧਾ ਦੀ ਪੁਸਤਕ ਨਾ ਹੋ ਕੇ ਕਹਾਣੀ, ਕਵਿਤਾ ਅਤੇ ਲੇਖਾਂ ਦਾ ਸਾਂਝਾ ਸੰਗ੍ਰਹਿ ਹੈ। ਇਸ ਵਿੱਚ ਸ਼ਾਮਲ ਸਾਰੇ ਲੇਖਕ ਹੀ ਪਰਵਾਸੀ ਹਨ, ਇਸ ਲਈ ਸੰਪਾਦਕ ਨੇ ਇਸ ਦਾ ਨਾਮਕਰਨ ‘ਪਰਵਾਸੀ ਕਲਮਾਂ’ ਕੀਤਾ ਹੈ। ਇਸ ਵਿੱਚ ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਵੀਹ ਲੇਖਕਾਂ ਦੀਆਂ ਰਚਨਾਵਾਂ ਦਰਜ ਹਨ। ਵਿਸਤਾਰ ਵਿੱਚ ਲਿਖੇ ਮੁੱਖ ਬੰਦ ਵਿੱਚ ਰਵਿੰਦਰ ਸਿੰਘ ਸੋਢੀ ਨੇ ‘ਪਰਵਾਸ’ ਸ਼ਬਦ ਨੂੰ ਪ੍ਰਭਾਸ਼ਿਤ ਕਰਨ ਦੇ ਨਾਲ-ਨਾਲ ਪੰਜਾਬੀਆਂ ਦੇ ਪਰਵਾਸ ਕਰਨ ਦੇ ਮੁੱਢਲੇ ਦੌਰ ਦਾ ਸੰਖੇਪ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ ਪਰਵਾਸੀਆਂ ਨੂੰ ਦਰਪੇਸ਼ ਮੁੱਢਲੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਦੇ ਦਿਲਾਂ ਦੇ ਵਲਵਲਿਆਂ ਨੂੰ ਸ਼ਾਬਦਿਕ ਰੂਪ ਦੇਣ ਦੀ ਰੁਚੀ ਦੀ ਗੱਲ ਕਰਦੇ ਹੋਏ ਸਾਹਿਤਕ ਕਿਰਤਾਂ ਦੀ ਰਚਨਾ ਵੱਲ ਪ੍ਰੇਰਿਤ ਹੋਣ ਦੀ ਗੱਲ ਕੀਤੀ ਹੈ। ਇਸ ਤੋਂ ਬਾਅਦ ਕਿਵੇਂ ਸਾਹਿਤਕ ਰੁਚੀ ਵਾਲਿਆਂ ਦੇ ਇਕੱਠੇ ਹੋਣ ਦੀ ਗੱਲ ਕਰਕੇ ਇਨ੍ਹਾਂ ਇਕੱਠਾਂ ਦਾ ਸਾਹਿਤ ਸਭਾਵਾਂ ਦਾ ਰੂਪ ਅਖਤਿਆਰ ਕਰ ਲੈਣਾ। ਸੋਢੀ ਦਾ ਵਿਚਾਰ ਹੈ ਕਿ ਸਮਾਂ ਪਾ ਕੇ ਅਜਿਹੇ ਸਾਹਿਤਕ ਸਮਾਗਮ ਹੀ ਵਿਸ਼ਵ ਪੰਜਾਬੀ ਸਾਹਿਤ ਸੰਮੇਲਨਾਂ ਦਾ ਰੂਪ ਅਖਤਿਆਰ ਕਰ ਗਏ। ਇਸ ਮੁੱਖ ਬੰਦ ਦੀ ਸਿਫਤ ਇਹ ਹੈ ਕਿ ਇੱਕ-ਇੱਕ ਜਾਂ ਦੋ-ਦੋ ਵਾਕਾਂ ਵਿੱਚ ਹੀ ਗੱਲ ਸਮੇਟ ਦਿੱਤੀ ਗਈ ਹੈ।

ਮੁੱਖ ਬੰਦ ਵਿੱਚ ਇਹ ਵੀ ਦਰਜ ਕਰ ਦਿੱਤਾ ਗਿਆ ਹੈ ਕਿ ਕਿਵੇਂ ਇਨ੍ਹਾਂ ਵਿਸ਼ਵ ਸਾਹਿਤਕ ਸੰਮੇਲਨਾਂ ਨੂੰ ਕੁਝ ਸਾਹਿਤਕ ਚੌਧਰੀਆਂ ਨੇ ਆਪਣੀ ਚੌਧਰ ਚਮਕਾਉਣ ਲਈ ਵਰਤਿਆ। ਸੰਪਾਦਕ ਨੇ ਸਪੱਸ਼ਟ ਸ਼ਬਦਾਂ ਵਿੱਚ ਇਹ ਲਿਖਿਆ ਹੈ ਕਿ ਇਨ੍ਹਾਂ ਪੰਜਾਬੀ ਵਿਸ਼ਵ ਸਾਹਿਤਕ ਸੰਮੇਲਨਾਂ ਵਿੱਚ ਪਰਵਾਸੀ ਲੇਖਕਾਂ ਨੂੰ ਦਰਪੇਸ਼ ਸਮੱਸਿਆਵਾਂ (ਵਿਸ਼ੇਸ਼ ਕਰ ਪੁਸਤਕਾਂ ਪ੍ਰਕਾਸ਼ਿਤ ਕਰਵਾਉਣਾ) ਸਬੰਧੀ ਕਦੇ ਚਰਚਾ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਸੰਪਾਦਕ ਨੇ ਇੱਕ ਗੱਲ ਬੜੀ ਸਪੱਸ਼ਟ ਲਿਖੀ ਹੈ ਕਿ ਜਿਵੇਂ ਕਿਸੇ ਗੁਲਦਸਤੇ ਵਿੱਚ ਗੂੜ੍ਹੇ ਰੰਗਾਂ ਦੇ ਨਾਲ-ਨਾਲ ਹਲਕੇ ਰੰਗ ਦੇ ਫੁੱਲ ਵੀ ਹੁੰਦੇ ਹਨ, ਉਸੇ ਤਰ੍ਹਾਂ ‘ਪਰਵਾਸੀ ਕਲਮਾਂ’ ਪੁਸਤਕ ਵਿੱਚ ਵੀ ਹਰ ਰੰਗ ਦੀਆਂ ਰਚਨਾਵਾਂ ਮਿਲਣਗੀਆਂ।

ਰਵਿੰਦਰ ਸਿੰਘ ਸੋਢੀ ਦੀ ਦੂਜੀ ਸੰਪਾਦਿਤ ਕੀਤੀ ਪੁਸਤਕ ਹੈ ‘ਹੁੰਗਾਰਾ ਕੌਣ ਭਰੇ?’ ਇਸ ਵਿੱਚ ਸੱਤ ਪਰਵਾਸੀ ਕਹਾਣੀਕਾਰਾਂ (ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ) ਦੀਆਂ ਇਕੱਤੀ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਪੁਸਤਕ ਦੇ ਮੁੱਖ ਬੰਦ ਨੂੰ ਸੰਪਾਦਕ ਨੇ ‘ਇੱਕ ਗ਼ੈਰ ਰਸਮੀ ਮੁੱਖ ਬੰਦ’ ਕਿਹਾ ਹੈ ਅਤੇ ਇਸ ਦਾ ਸਿਰਲੇਖ ਹੈ ‘ਹੁੰਗਾਰਾ ਕੌਣ ਭਰੇ?’ ਆਮ ਤੌਰ ’ਤੇ ਕਿਸੇ ਵੀ ਵਿਧਾ ਦੀ ਪੁਸਤਕ ਦਾ ਨਾਮਕਰਨ ਉਸ ਵਿੱਚ ਦਰਜ ਕਿਸੇ ਰਚਨਾ ਦੇ ਨਾਂ ’ਤੇ ਹੁੰਦਾ ਹੈ, ਪਰ ਇਹ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਕਿ ਪੁਸਤਕ ਦੇ ਮੁੱਖ ਬੰਦ ਦੇ ਸਿਰਲੇਖ ਨੂੰ ਆਧਾਰ ਬਣਾ ਕੇ ਕਿਤਾਬ ਦਾ ਨਾਂ ਰੱਖਿਆ ਗਿਆ ਹੈ। ਅਸਲ ਵਿੱਚ ਸੰਪਾਦਕ ਨੇ ਇਸ ਮੁੱਖ ਬੰਦ ਵਿੱਚ ਵੀ ਇੱਕ ਅਹਿਮ ਮੁੱਦੇ ’ਤੇ ਚਰਚਾ ਕੀਤੀ ਹੈ। ਉਹ ਹੈ ਪੰਜਾਬੀ ਪਾਠਕਾਂ ਵੱਲੋਂ ਆਪਣੀ ਮਾਂ ਬੋਲੀ ਵਿੱਚ ਪ੍ਰਕਾਸ਼ਿਤ ਪੁਸਤਕਾਂ ਨੂੰ ਹੁੰਗਾਰਾ ਨਾ ਦੇਣ ਦੀ ਰੁਚੀ।

ਇਸ ਦੇ ਨਾਲ ਹੀ ਸੰਪਾਦਕ ਨੇ ਪੰਜਾਬੀ ਸਾਹਿਤ ਵਿੱਚ ਚੱਲ ਰਹੀ ਗਰੁੱਪਬਾਜ਼ੀ ਦੀ ਭੈੜੀ ਸਥਿਤੀ ਦੀ ਨਿੰਦਿਆ ਕਰਦੇ ਹੋਏ ਇਹ ਵਿਚਾਰ ਪੇਸ਼ ਕੀਤਾ ਹੈ ਕਿ ਪੰਜਾਬੀ ਸਾਹਿਤ ਵਿੱਚ ਕੁਝ ਵਿਦਵਾਨਾਂ ਨੇ ਵੱਖੋ ਵੱਖਰੇ ‘ਮੱਠ’ ਸਥਾਪਿਤ ਕਰ ਲਏ ਹਨ ਜਿਸ ਕਾਰਨ ਆਮ ਤੌਰ ’ਤੇ ਨਵੇਂ ਲੇਖਕਾਂ ਦੀਆਂ ਚੰਗੀਆਂ ਸਾਹਿਤਕ ਕਿਰਤਾਂ ’ਤੇ ਵੀ ਚਰਚਾ ਨਹੀਂ ਹੁੰਦੀ। ਸਾਹਿਤਕ ਪ੍ਰਦੂਸ਼ਣ ਦੇ ਨਾਲ-ਨਾਲ ਆਲੋਚਨਾਤਮਕ ਪ੍ਰਦੂਸ਼ਣ ਵੀ ਵਧ ਰਿਹਾ ਹੈ। ਪੁਸਤਕਾਂ ਦੇ ਰੀਵਿਊ ਲਈ ਵੀ ਕੁਝ ਅਖ਼ਬਾਰਾਂ ਜਾਂ ਮੈਗਜ਼ੀਨ ਵੱਲੋਂ ਸ਼ਬਦਾਂ ਦੀ ਹੱਦ ਮਿਥ ਦੇਣ ਨਾਲ ਰੀਵਿਊ ਆਪਣੇ ਮਕਸਦ ਤੋਂ ਭਟਕ ਗਏ ਹਨ। ਸੰਪਾਦਕ ਵੱਲੋਂ ਇਨ੍ਹਾਂ ਦੋ ਮੁੱਦਿਆਂ ’ਤੇ ਗੱਲ ਸ਼ੁਰੂ ਕਰਨੀ ਇੱਕ ਵਧੀਆ ਸ਼ੁਰੂਆਤ ਹੈ ਅਤੇ ਇਸ ’ਤੇ ਹੋਰ ਚਰਚਾ ਹੋਣੀ ਚਾਹੀਦੀ ਹੈ। ਰਵਿੰਦਰ ਸਿੰਘ ਸੋਢੀ ਨੇ ਮੁੱਖ ਬੰਦ ਵਿੱਚ ਪੁਸਤਕ ਵਿੱਚ ਸ਼ਾਮਲ ਲੇਖਕਾਂ ਸਬੰਧੀ ਸੰਖੇਪ ਜਾਣਕਾਰੀ ਦੇਣ ਤੋਂ ਬਾਅਦ ਇੱਕ ਹੋਰ ਗੱਲ ਬੜੇ ਪਤੇ ਦੀ ਕੀਤੀ ਹੈ। ਜਦੋਂ ਉਹ ਲਿਖਦਾ ਹੈ ਕਿ ਮਿਆਰੀ ਰਚਨਾਵਾਂ ਦੀ ਪ੍ਰਸੰਸਾ ਦੇ ਨਾਲ ਮਿਆਰ ਤੋਂ ਊਣੀਆਂ ਰਚਨਾਵਾਂ ਦੀ ਉਸਾਰੂ ਆਲੋਚਨਾ ਵੀ ਹੋਣੀ ਚਾਹੀਦੀ ਹੈ। ਕਿਸੇ ਲੇਖਕ ਜਾਂ ਸੰਪਾਦਕ ਵੱਲੋਂ ਇਹ ਕਹਿਣਾ ਕਿ ਰਚਨਾਵਾਂ ਦੀ ਉਸਾਰੂ ਆਲੋਚਨ ਹੋਣੀ ਚਾਹੀਦੀ ਹੈ, ਬੜੀ ਹਿੰਮਤ ਦਾ ਕੰਮ ਹੈ। ਉਹ ਇਹ ਵੀ ਲਿਖਦਾ ਹੈ ਕਿ ਸਾਹਿਤਕ ਹੁੰਗਾਰਾ ਨਵੇਂ ਲੇਖਕਾਂ ਦੇ ਨਾਲ-ਨਾਲ ਸਥਾਪਿਤ ਲੇਖਕਾਂ ਲਈ ਵੀ ਜ਼ਰੂਰੀ ਹੁੰਦਾ ਹੈ। ਸੰਪਾਦਕ ਦੀ ਇਹ ਗੱਲ ਵੀ ਬਿਲਕੁਲ ਸਹੀ ਹੈ।

ਇਨ੍ਹਾਂ ਦੋ ਸੰਪਾਦਿਤ ਕਿਤਾਬਾਂ ਦੇ ਨਾਲ-ਨਾਲ ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ’ ਵੀ ਪਿਛਲੇ ਸਾਲ ਪ੍ਰਕਾਸ਼ਿਤ ਹੋਇਆ ਹੈ, ਜਿੱਥੇ ਪਹਿਲੀਆਂ ਦੋ ਪੁਸਤਕਾਂ ਦੇ ਮੁੱਖ ਬੰਦ ਉਸ ਨੇ ਵਿਸਥਾਰ ਵਿੱਚ ਲਿਖੇ ਹਨ ਉੱਥੇ ਕਾਵਿ ਸੰਗ੍ਰਹਿ ਦਾ ਮੁੱਖ ਬੰਦ (ਆਦਿਕਾ) ਸਿਰਫ਼ ਅੱਠ ਸਤਰਾਂ (24 ਸ਼ਬਦਾਂ) ਦਾ ਹੈ। ਜੋ ਇਸ ਪ੍ਰਕਾਰ ਹੈ:

ਕਵਿਤਾ ਮਨ ਦੇ ਮਨੋਭਾਵ

ਦੋ ਸਤਰਾਂ ’ਚ/ਸਮਾ ਜਾਣ

ਦੋ ਸੌ ਸਤਰਾਂ ’ਚ ਵੀ

ਜਾਂ ਵੱਧ ਘੱਟ

ਤੋਲ ਤੁਕਾਂਤਾਂ

ਮੌਕਾ ਮੇਲ ਹੀ ਹੋਵੇ।

ਅਸਲ ਵਿੱਚ ਲੇਖਕ ਨੇ ਕੁੱਲ 24 ਸ਼ਬਦਾਂ ਵਿੱਚ ਕਾਵਿ ਸਿਧਾਂਤ ਹੀ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਸਤਰਾਂ ਦੀ ਵਿਆਖਿਆ ਜਿਵੇਂ ਮਰਜ਼ੀ ਕਰੀ ਜਾਵੋ। ਲੇਖਕ ਨੇ ਹਰ ਇੱਕ ਨੂੰ ਸਮਝ ਆ ਜਾਣ ਵਾਲੀ ਭਾਸ਼ਾ ਵਿੱਚ ਕਵਿਤਾ ਦੀਆਂ ਡੂੰਘੀਆਂ ਰਮਜਾਂ ਨੂੰ ਪਾਠਕਾਂ ਦੇ ਸਨਮੁੱਖ ਪ੍ਰਗਟਾ ਦਿੱਤਾ ਹੈ। ਇਨ੍ਹਾਂ ਤਿੰਨ ਪੁਸਤਕਾਂ ਦੇ ਮੁੱਖ ਬੰਦ ਇਸ ਗੱਲ ਦਾ ਪ੍ਰਮਾਣ ਹਨ ਕਿ ਇਨ੍ਹਾਂ ਦੇ ਲੇਖਕ ਨੂੰ ਇਹ ਭਲੀਭਾਂਤ ਪਤਾ ਹੈ ਕਿ ਉਸ ਨੇ ਆਪਣੀ ਪੁਸਤਕ ਦੀ ਮੁੱਢਲੀ ਜਾਣ-ਪਛਾਣ ਪਾਠਕਾਂ ਨਾਲ ਕਿਵੇਂ ਕਰਵਾਉਣੀ ਹੈ। ਪੁਸਤਕ ਦੇ ਵਿਸ਼ੇ ਨਾਲ ਸਬੰਧਿਤ ਆਪਣੇ ਵਿਚਾਰਾਂ ਦੀ ਤਰਜਮਾਨੀ ਲਈ ਉਸ ਕੋਲ ਸ਼ਬਦਾਂ ਦਾ ਭੰਡਾਰ ਹੈ, ਮੁੱਖ ਬੰਦ ਲਿਖਣ ਦੀ ਕਲਾ ਹੈ ਅਤੇ ਉਸ ਦੇ ਲਿਖੇ ਮੁੱਖ ਬੰਦ ਪੁਸਤਕ ਦਾ ਅਨਿੱਖੜਵਾਂ ਹਿੱਸਾ ਹੁੰਦੇ ਹਨ।



News Source link
#ਇਕ #ਲਖਕ #ਤਨ #ਕਤਬ #ਤਨ #ਮਖ #ਬਦ

- Advertisement -

More articles

- Advertisement -

Latest article