38.2 C
Patiāla
Friday, May 3, 2024

ਸਰਹਿੰਦ ਨਹਿਰ ਨੂੰ ਪੱਕੀ ਕਰਨ ’ਤੇ ਕਿਸਾਨ ਧਿਰਾਂ ਆਹਮੋ-ਸਾਹਮਣੇ

Must read


ਸ਼ਗਨ ਕਟਾਰੀਆ

ਬਠਿੰਡਾ, 6 ਜਨਵਰੀ

ਇੱਥੋਂ ਲੰਘਦੀ ਸਰਹਿੰਦ ਫੀਡਰ ਨੂੰ ਪੱਕਾ ਕਰਨ ਦੇ ਵਿਰੋਧ ਅਤੇ ਹੱਕ ’ਚ ਦੋ ਕਿਸਾਨ ਧਿਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ। ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਕੱਠੇ ਹੋਏ ਨਹਿਰ ਦੇ ਅਖੀਰ ’ਚ ਪੈਂਦੇ ਪਿੰਡਾਂ ਦੇ ਲੋਕਾਂ ਨੇ ਨਹਿਰ ਨੂੰ ਮੁਕੰਮਲ ਰੂਪ ’ਚ ਪੱਕਾ ਕਰਨ ’ਤੇ ਜ਼ੋਰ ਦਿੱਤਾ ਜਦਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਨਹਿਰ ਦਾ ਧਰਾਤਲੀ ਹਿੱਸਾ ਕੱਚਾ ਰੱਖਣ ਦੀ ਵਕਾਲਤ ਕੀਤੀ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਵਿੱਚ ਜੁੜੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਸ੍ਰੀ ਝੁੰਬਾ ਨੇ ਦੱਸਿਆ ਕਿ ਸਰਹਿੰਦ ਫੀਡਰ ਪਿੰਡ ਤਿਓਣਾ ਤੋਂ ਰਾਏ ਕੇ ਤੱਕ ਪੱਕੀ ਹੋ ਰਹੀ ਹੈ। ਉਨ੍ਹਾਂ ਤਰਕ ਦਿੱਤਾ ਕਿ ਨਹਿਰ ਪੱਕੀ ਹੋਣ ਨਾਲ ਜ਼ਮੀਨ ’ਚ ਪਾਣੀ ਦੀ ਰਿਸਾਈ ਰੁਕ ਜਾਵੇਗੀ ਅਤੇ ਇਸ ਖੇਤਰ ਦੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜ਼ਮੀਨਦੋਜ਼ ਪਾਣੀ ਪਹਿਲਾਂ ਹੀ ਪ੍ਰਦੂਸ਼ਿਤ ਹੈ ਅਤੇ ਰਿਸਾਈ ਬੰਦ ਹੋਣ ਨਾਲ ਬਿਲਕੁਲ ਵੀ ਪੀਣ ਯੋਗ ਨਹੀਂ ਰਹਿਣਾ। ਉਨ੍ਹਾਂ ਸਲਾਹ ਦਿੱਤੀ ਕਿ ਨਹਿਰ ਦੀਆਂ ਸਾਈਡਾਂ ਨੂੰ ਪੱਕਾ ਕਰਨ ’ਚ ਉਨ੍ਹਾਂ ਨੂੰ ਇਤਰਾਜ਼ ਨਹੀਂ ਪਰ ਨਹਿਰ ਦਾ ਹੇਠਲਾ ਪਾਸਾ ਕੱਚਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਇਹ ਹਿੱਸਾ ਕੱਚਾ ਨਹੀਂ ਰੱਖਣਾ ਤਾਂ ਆਰਸੀਸੀ ਦੀ ਥਾਂ ਇੱਟਾਂ ਚਿਣੀਆਂ ਜਾਣ ਨਹੀਂ ਤਾਂ ਖੇਤਰ ਦੇ ਲੋਕਾਂ ਦਾ ਹਾਲ ਵੀ ਜ਼ੀਰੇ ਵਰਗਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਨਹਿਰ ਨਾ ਬਣਨ ਬਾਰੇ ਗ਼ਲਤ ਪ੍ਰਚਾਰ ਕਰਕੇ ਆਪਸੀ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਇਹ ਤਕਰੀਬਨ ਇਕ ਦਰਜਨ ਪਿੰਡਾਂ ਦਾ ਮਸਲਾ ਹੈ। ਦੂਜੇ ਧਿਰ ਦੇ ਜਸਪਾਲ ਸਿੰਘ ਗਿੱਦੜਬਾਹਾ, ਸੁਖਮੰਦਰ ਸਿੰਘ ਪਿਓਰੀ ਆਦਿ ਨੇ ਦਾਅਵਾ ਕੀਤਾ ਕਿ 10 ਪਿੰਡਾਂ ਦੇ ਲੋਕ ਡੀਸੀ ਕੋਲ ਨਹਿਰ ਨੂੰ ਪੱਕੀ ਕਰਨ ਦੀ ਮੰਗ ਲੈ ਕੇ ਆਏ ਹਨ। ਉਨ੍ਹਾਂ ਸਰਕਾਰ ਦੇ ਤਜਵੀਜ਼ਤ ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੂੰ ਹੂਬਹੂ ਨੇਪਰੇ ਚੜ੍ਹਾਇਆ ਜਾਵੇ ਨਹੀਂ ਤਾਂ ਸਾਰੇ ਪਿੰਡ ਇਥੇ ਧਰਨਾ ਲਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਨਹਿਰ ਦੀਆਂ ਟੇਲਾਂ ’ਤੇ ਪੈਂਦੇ ਲਾਲ ਬਾਈ, ਥਰਾਜ ਵਾਲਾ ਆਦਿ ਪਿੰਡਾਂ ’ਚ ਪਾਣੀ ਨਾ ਪਹੁੰਚਣ ਦੀ ਸ਼ਿਕਾਇਤ ਕਰਨ ਮਗਰੋਂ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਗਈ ਹੈ ਜਿਸ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਦਲੀਲ ਦਿੱਤੀ ਕਿ ਪਾਣੀ ਦੀ ਜ਼ਮੀਨ ’ਚ ਰਿਸਾਈ ਰੋਕਣ ਲਈ ਹੀ ਨਹਿਰਾਂ, ਸੂਏ, ਕੱਸੀਆਂ ਤੇ ਖਾਲ ਪੱਕੇ ਕੀਤੇ ਜਾਂਦੇ ਹਨ ਪਰ ਕੁਝ ਜਣੇ ਆਪਣੇ ਨਿੱਜੀ ਮੁਫ਼ਾਦ ਲਈ ਇਸ ਕੰਮ ਵਿੱਚ ਅੜਿੱਕਾ ਡਾਹ ਰਹੇ ਹਨ।  





News Source link

- Advertisement -

More articles

- Advertisement -

Latest article