40.1 C
Patiāla
Friday, April 26, 2024

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਹਰਿਆਣਾ ’ਚ ਦਾਖਲ

Must read


ਸ਼ਾਮਲੀ/ਚੰਡੀਗੜ੍ਹ, 5 ਜਨਵਰੀ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਉੱਤਰ ਪ੍ਰਦੇਸ਼ ਵਿੱਚ ਸ਼ਾਮਲੀ ਜ਼ਿਲ੍ਹੇ ਦੇ ਪਿੰਡ ੲੇਲੁਮ ਵਿੱਚ ਇੱਕ ਰਾਤ ਰੁਕਣ ਮਗਰੋਂ ਅੱਜ ਸਵੇਰੇ 6 ਵਜੇ ਮੁੜ ਸ਼ੁਰੂ ਹੋਈ ਅਤੇ ਦੇਰ ਸ਼ਾਮ ਗੁਆਂਢੀ ਸੂਬੇ ਹਰਿਆਣਾ ਵਿੱਚ ਦਾਖਲ ਹੋ ਗਈ। ਹਰਿਆਣਾ ’ਚ ਦਾਖਲ ਹੋਣ ਤੋਂ ਪਹਿਲਾਂ ਭਾਰੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਲੋਕ ਹੱਥਾਂ ਵਿੱਚ ਤਿਰੰਗੇ ਫੜ ਕੇ ਯਾਤਰਾ ਵਿੱਚ ਸ਼ਾਮਲ ਹੋਏ। ਹਾਲਾਂਕਿ ਹਰਿਆਣਾ ਵਿੱਚ ਯਾਤਰਾ ਦਾਖਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਚਲੇ ਗਏ। ਉੱਤਰ ਪ੍ਰਦੇਸ਼ ਕਾਂਗਰਸ ਦੀ ਤਰਜਮਾਨ ਅੰਸ਼ੂ ਅਵਸਥੀ ਨੇ ਦੱਸਿਆ ਕਿ ਯਾਤਰਾ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਿੱਲੀ ਤੋਂ ਏਲੁਮ ਪਹੁੰਚੇ। ਸ਼ਾਮਲੀ ਜ਼ਿਲ੍ਹੇ ’ਚ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸਫੇਦ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼, ਪਾਰਟੀ ਦੇ ਸੂਬਾ ਮੁਖੀ ਬ੍ਰਿਜਲ ਖਾਬਰੀ ਵੀ ਉਨ੍ਹਾਂ ਦੇ ਨਾਲ ਸਨ। ਇਹ ਯਾਤਰਾ ਪਿਛਲੇ ਵਰ੍ਹੇ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਜੋ 30 ਜਨਵਰੀ ਨੂੰ ਰਾਹੁਲ ਗਾਂਧੀ ਵੱਲੋਂ ਸ੍ਰੀਨਗਰ ਵਿੱਚ ਤਿਰੰਗਾ ਲਹਿਰਾਉਣ ਮਗਰੋਂ ਸਮਾਪਤ ਹੋਵੇਗੀ। ਯਾਤਰਾ ਮੰਗਲਵਾਰ ਨੂੰ ਗਾਜ਼ੀਆਬਾਦ ਦੇ ਲੋਨੀ ਬਾਰਡਰ ਰਾਹੀਂ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋਈ ਸੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਨੇ ਦੱਸਿਆ ਕਿ ਅੱਜ ਸ਼ਾਮ ਭਾਰਤ ਜੋੜੋ ਯਾਤਰਾ ਪਾਣੀਪਤ ਵਿੱਚ ਸਨੌਲੀ ਬਾਰਡਰ ਰਾਹੀਂ ਹਰਿਆਣਾ ਵਿੱਚ ਦਾਖਲ ਹੋਈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਰਾਹੁਲ ਗਾਂਧੀ ਆਪਣੀ ਬਿਮਾਰ ਮਾਂ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਚਲੇ ਗਏ ਜੋ ਸ਼ੁੱਕਰਵਾਰ ਨੂੰ ਯਾਤਰਾ ਸ਼ੁਰੂ ਕਰਨ ਲਈ ਵਾਪਸ ਆਉਣਗੇ। ਭਾਰਤ ਜੋੜੋ ਯਾਤਰਾ ਦਾ ਹਰਿਆਣਾ ਪੜਾਅ ਭਲਕੇ 6 ਜਨਵਰੀ ਤੋਂ ਸ਼ੁਰੂ ਹੋਵੇਗਾ। -ਪੀਟੀਆਈ

ਯਾਤਰਾ ਭਾਜਪਾ ਤੇ ਆਰਐੱਸਐੱਸ ਦੀ ਵੰਡਪਾਊ ਵਿਚਾਰਧਾਰਾ ਦੇ ਟਾਕਰੇ ਦਾ ਜ਼ਰੀਆ: ਜੈਰਾਮ ਰਮੇਸ਼

ਸ਼ਾਮਲੀ (ਉੱਤਰ ਪ੍ਰਦੇਸ਼): ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਭਾਰਤ ਜੋੜੋ ਯਾਤਰਾ ਭਾਜਪਾ ਅਤੇ ਆਰਐੱਸਐੱਸ ਦੀਆਂ ਦੀ ‘ਵੰਡਪਾਊ’ ਵਿਚਾਰਧਾਰਾ ਦੇ ਟਾਕਰੇ ਦਾ ਇੱਕ ਜ਼ਰੀਆ ਹੈ ਅਤੇ ਇਹ ਇੱਕ ਪ੍ਰੋਗਰਾਮ ਨਹੀਂ ਬਲਕਿ ਲੋਕਾਂ ਦੀਆਂ ਚਿੰਤਾਵਾਂ ਜਾਣਨ ਲਈ ਇੱਕ ‘ਲਹਿਰ’ ਹੈ ਜੋ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਜੈਰਾਮ ਨੇ ਕਥਿਤ ਦੋਸ਼ ਲਾਇਆ ਕਿ ਦੇਸ਼ ਇਸ ਸਮੇਂ ਤਿੰਨ ਮੁੱਖ ਚੁਣੌਤੀਆਂ ‘ਸਮਾਜਿਕ ਨਾਬਰਾਬਰੀ’, ‘ਧਰੁਵੀਕਰਨ’ ਅਤੇ ‘ਸਿਆਸੀ ਤਾਨਾਸ਼ਾਹੀ’ ਦਾ ਸਾਹਮਣਾ ਕਰ ਰਿਹਾ ਹੈ। -ਪੀਟੀਆਈ 



News Source link

- Advertisement -

More articles

- Advertisement -

Latest article