29.2 C
Patiāla
Friday, May 10, 2024

ਸਮੇਂ ਦੀ ਘੁੰਮਣਘੇਰੀ

Must read


ਡਾ. ਡੀ. ਪੀ. ਸਿੰਘ

ਦਸੰਬਰ ਦਾ ਮਹੀਨਾ ਸੀ। ਜਿਵੇਂ ਕਿ ਅਕਸਰ ਸਰਦ ਰੁੱਤ ਦੌਰਾਨ ਦਿਨ ਛੋਟੇ ਹੋਣ ਕਾਰਨ ਸ਼ਾਮ ਦਾ ਹਨੇਰਾ ਜਲਦੀ ਹੀ ਸਭ ਪਾਸੇ ਛਾ ਜਾਂਦਾ ਹੈ। ਉਸ ਦਿਨ ਠੀਕ ਅਜਿਹੇ ਹੀ ਹਾਲਾਤ ਸਨ। ਦਫ਼ਤਰੋਂ ਨਿਕਲਦਿਆਂ ਮੈਨੂੰ ਥੋੜ੍ਹੀ ਦੇਰ ਹੋ ਗਈ ਸੀ।

ਤਰਕਸ਼ੀਲ ਸੁਭਾਅ ਦਾ ਧਾਰਨੀ ਹੋਣ ਕਾਰਨ ਮੈਂ ਕਿਸੇ ਵੀ ਅਜਿਹੇ ਕੌਤਕ ਵਿੱਚ ਵਿਸ਼ਵਾਸ ਨਹੀਂ ਸਾਂ ਕਰਦਾ ਜਿਸ ਦੀ ਵਿਗਿਆਨਕ ਨਜ਼ਰੀਏ ਤੋ ਪੁਸ਼ਟੀ ਨਾ ਹੋ ਸਕੇ। ਗ਼ੈਰ-ਕੁਦਰਤੀ ਵਰਤਾਰਿਆਂ ਜਾਂ ਗੈਬੀ ਕ੍ਰਿਸ਼ਮਿਆਂ ਵਿੱਚ ਤਾਂ ਮੇਰਾ ਉੱਕਾ ਹੀ ਕੋਈ ਵਿਸ਼ਵਾਸ ਨਹੀਂ ਸੀ, ਪਰ ਉਸ ਦਿਨ ਦੀ ਘਟਨਾ ਨੇ ਤਾਂ ਮੇਰੇ ਵਿਚਾਰਾਂ ਵਿੱਚ ਉਥਲ-ਪੁਥਲ ਹੀ ਲਿਆ ਦਿੱਤੀ।

ਘਰ ਨੂੰ ਜਾਂਦਿਆਂ ਜਦੋਂ ਮੈਂ ਚੰਡੀਗੜ੍ਹ-ਰੋਪੜ ਹਾਈਵੇ ਉੱਤੇ ਕਾਰ ਚਲਾ ਰਿਹਾ ਸਾਂ ਤਾਂ ਅਚਾਨਕ ਅਜੀਬ ਹਾਦਸਾ ਵਾਪਰ ਗਿਆ। ਅਚਨਚੇਤ ਹੀ ਮੇਰੇ ਸਾਹਮਣੇ ਚਮਕੀਲੀ ਸੁਨਹਿਰੀ ਧੁੰਦ ਦਾ ਗੁਬਾਰ ਜਿਹਾ ਨਜ਼ਰ ਆਉਣ ਲੱਗਾ ਜੋ ਹੌਲੇ ਹੌਲੇ ਸੰਘਣਾ ਹੁੰਦਾ ਜਾ ਰਿਹਾ ਸੀ। ਹਾਈਵੇ ਦੇ ਠੀਕ ਵਿਚਕਾਰ ਧੁੰਦ ਦੇ ਇਸ ਗੋਲੇ ਜਿਹੇ ਦਾ ਜ਼ਾਹਿਰ ਹੋਣਾ ਬਹੁਤ ਅਜੀਬ ਗੱਲ ਸੀ, ਪਰ ਮੈਂ ਇਸ ਵੱਲ ਕੋਈ ਖਾਸ ਧਿਆਨ ਦੇਣ ਦੀ ਥਾਂ ਆਪਣੀ ਡਰਾਈਵਿੰਗ ਜਾਰੀ ਰੱਖੀ। ਜਿਵੇਂ ਜਿਵੇਂ ਮੇਰੀ ਕਾਰ ਧੁੰਦ ਦੇ ਗੋਲੇ ਨੂੰ ਚੀਰਦੀ ਅੱਗੇ ਵੱਲ ਵਧਦੀ ਜਾ ਰਹੀ ਸੀ, ਕਾਰ ਦੇ ਚਾਰੇ ਪਾਸੇ ਅਸਮਾਨੀ ਬਿਜਲੀ ਵਰਗੀ ਲਿਸ਼ਕ ਨਜ਼ਰ ਆਉਣ ਲੱਗ ਪਈ। ਕੁਝ ਦੇਰ ਬਆਦ ਤਿੜ-ਤਿੜ ਦੀ ਆਵਾਜ਼ ਸੁਣਾਈ ਦੇਣ ਲੱਗੀ ਜੋ ਹੌਲੇ ਹੌਲੇ ਵਧਦੀ ਜਾ ਰਹੀ ਸੀ। ਸੱਚ ਤਾਂ ਇਹ ਹੈ ਕਿ ਮੈਂ ਇਹ ਹਾਲਾਤ ਦੇਖ ਕੇ ਘਬਰਾ ਗਿਆ ਸਾਂ।

ਮੈਂ ਕਾਰ ਨੂੰ ਹਾਈਵੇ ਦੇ ਕਿਨਾਰੇ ਵੱਲ ਲਿਜਾ ਕੇ ਰੁਕਣ ਦਾ ਸੋਚਿਆ। ਜਦੋਂ ਮੈਂ ਲੇਨ ਬਦਲਣ ਲਈ ਸਿਗਨਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਦਲਣਾ ਸੰਭਵ ਨਹੀਂ ਸੀ ਹੋ ਰਿਹਾ। ਜਿਵੇਂ ਕਿਸੇ ਨੇ ਕਾਰ ਦੇ ਬਿਜਲੀ-ਸਰਕਟ ਨੂੰ ਜਾਮ ਕਰ ਦਿੱਤਾ ਹੋਵੇ। ਇੰਜ ਜਾਪ ਰਿਹਾ ਸੀ ਕਿ ਕੋਈ ਅਣਦਿਸਦੀ ਤਾਕਤ ਕਾਰ ਨੁੰ ਪੂਰੇ ਜ਼ੋਰ ਨਾਲ ਅੱਗੇ ਵੱਲ ਖਿੱਚ ਰਹੀ ਸੀ। ਕੁਝ ਕੁ ਮਿੰਟਾਂ ਦੀ ਜਦੋਜਹਿਦ ਨੇ ਮੈਨੂੰ ਹਤਾਸ਼ ਕਰ ਦਿੱਤਾ ਸੀ। ਕੁਝ ਹੱਲ ਨਜ਼ਰ ਨਹੀਂ ਸੀ ਆ ਰਿਹਾ।…ਤੇ ਮੈਂ ਖ਼ੁਦ ਨੂੰ ਹਾਲਾਤ ਦੇ ਭਰੋਸੇ ਛੱਡ ਦਿੱਤਾ।

ਪਤਾ ਨਹੀਂ ਕਿੰਨਾ ਸਮਾਂ ਗੁਜ਼ਰ ਗਿਆ ਸੀ ਜਦੋਂ ਕਾਰ ਇੱਕ ਧੱਕੇ ਨਾਲ ਰੁਕ ਗਈ। ਸ਼ੁਕਰ ਸੀ ਇਸ ਸਮੇਂ ਹਾਈਵੇ ਉੱਤੇ ਕੋਈ ਵਾਹਨ ਨਜ਼ਰ ਨਹੀਂ ਸੀ ਆ ਰਿਹਾ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਂਦਾ। ਇਸ ਦਿਲ-ਕੰਬਾਊ ਹਾਲਾਤ ਨੇ ਤਾਂ ਮੇਰਾ ਦਮ ਹੀ ਕੱਢ ਦਿੱਤਾ ਸੀ। ਸ਼ੁਕਰ ਸੀ ਕਿ ਹੁਣ ਤਿੜ -ਤਿੜ ਦੀ ਆਵਾਜ਼ ਬੰਦ ਹੋ ਗਈ ਸੀ ਤੇ ਸੁਨਹਿਰੀ ਗੋਲਾ ਵੀ ਗਾਇਬ ਸੀ। ਤਦ ਹੀ ਮੈਂ ਦੇਖਿਆ ਕਿ ਕਾਰ ਦੀ ਟੈਂਕੀ ਵਿੱਚ ਪੈਟਰੋਲ ਦਾ ਪੱਧਰ ਦੱਸਣ ਵਾਲੇ ਡਾਇਲ ਦੀ ਸੂਈ (indicator) ਰਿਜ਼ਰਵ ਵਾਲੇ ਨਿਸ਼ਾਨ ਤੋਂ ਵੀ ਹੇਠਾਂ ਜਾ ਚੁੱਕੀ ਸੀ। ਸਪੱਸ਼ਟ ਸੀ ਕਿ ਕਾਰ ਪੈਟਰੋਲ ਖ਼ਤਮ ਹੋਣ ਉੱਤੇ ਹੀ ਰੁਕੀ ਸੀ। ਹਾਲਾਤ ਹੱਥੋਂ ਪਰੇਸ਼ਾਨ ਤੇ ਦੁਖੀ ਮੈਂ ਕਾਰ ਦੀਆਂ ਸੰਕਟ-ਸੂਚਕ (hazard) ਲਾਇਟਾਂ ਜਗਾ ਇਸ ਤੋਂ ਬਾਹਰ ਨਿਕਲ ਆਇਆ।

ਅਜੀਬ ਇਤਫਾਕ ਸੀ। ਕੱਲ੍ਹ ਹੀ ਤਾਂ ਕਾਰ ਦੀ ਟੈਂਕੀ ਭਰਵਾਈ ਸੀ ਤੇ ਅੱਜ ਖਾਲੀ ਵੀ ਹੋ ਗਈ। ਕਿਧਰੇ ਲੰਮੇ ਸਫ਼ਰ ’ਤੇ ਵੀ ਨਹੀਂ ਸਾਂ ਗਿਆ। ਸਿਰਫ਼ ਘਰ ਤੋਂ ਦਫ਼ਤਰ ਤੇ ਦਫ਼ਤਰ ਤੋਂ ਵਾਪਸ ਘਰ ਦਾ ਸਫ਼ਰ ਹੀ ਕੀਤਾ ਸੀ। ਆਮ ਕਰਕੇ ਤਾਂ ਕਾਰ ਦੀ ਭਰੀ ਟੈਂਕੀ ਹਫ਼ਤੇ ਭਰ ਦੇ ਸਫ਼ਰ ਲਈ ਕਾਫ਼ੀ ਰਹਿੰਦੀ ਸੀ। ਅੱਜ ਅਜਿਹਾ ਕੀ ਹੋ ਗਿਆ? ਕਿਧਰੇ ਟੈਂਕੀ ਲੀਕ ਤਾਂ ਨਹੀਂ ਕਰ ਰਹੀ। ਮੈਂ ਕਾਰ ਦੇ ਆਲੇ ਦੁਆਲੇ ਤੇ ਇੱਥੋਂ ਤੱਕ ਕਿ ਇੰਜਣ ਦੇ ਹੇਠਾਂ ਵੀ ਝਾਤ ਮਾਰੀ। ਕਿਧਰੇ ਪੈਟਰੋਲ ਦਾ ਤੁਪਕਾ ਵੀ ਡਿੱਗਿਆ ਨਜ਼ਰ ਨਹੀਂ ਸੀ ਆਇਆ।

ਹਾਲਾਤ ਨੂੰ ਕੋਸਦਾ ਮੈਂ ਕਾਰ ਦੀ ਡਿੱਕੀ ਖੋਲ੍ਹ ਕੇ ਜੈਰੀਕੈਨ ਕੱਢਣ ਲੱਗਾ। ਸੋਚ ਰਿਹਾ ਸਾਂ ਕਿਸੇ ਲੰਘ ਰਹੇ ਵਾਹਨ ਤੋਂ ਲਿਫਟ ਲੈ ਕੇ ਨੇੜਲੇ ਪੈਟਰੋਲ ਪੰਪ ਤੋਂ ਪੈਟਰੋਲ ਲਿਆ ਕੇ ਕਾਰ ਨੂੰ ਚੱਲਣ ਯੋਗ ਕਰ ਲਵਾਂ। ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ। ਹਾਈਵੇ ਵੀ ਪਹਿਲਾਂ ਵਰਗਾ ਨਹੀਂ ਸੀ ਜਾਪ ਰਿਹਾ। ਨਾ ਤਾਂ ਕਿਧਰੇ ਲਾਈਟਾਂ ਹੀ ਸਨ ਨਾ ਹੀ ਪਹਿਲਾਂ ਵਰਗੀ ਸਾਫ਼ ਸੁਥਰੀ ਮੁਲਾਇਮ ਸੜਕ। ਹੋਰ ਤਾਂ ਹੋਰ ਇੱਥੇ ਤਾਂ ਸੜਕ ਵੀ ਟੁੱਟੀ ਫੁੱਟੀ ਹੀ ਲੱਗ ਰਹੀ ਸੀ।

ਕਾਲੀ ਹਨੇਰੀ ਰਾਤ ਵਿੱਚ ਸੜਕ ਕਿਨਾਰੇ ਮੌਜੂਦ ਉੱਚੇ ਉੱਚੇ ਰੁੱਖ ਦੈਂਤਾਂ ਵਰਗੇ ਜਾਪ ਰਹੇ ਸਨ। ਦੂਰ ਦੂਰ ਤੱਕ ਚੁੱਪ ਦਾ ਸੰਨਾਟਾ ਸੀ। ਅਜਿਹੇ ਹਾਲਾਤ ਵਿੱਚ ਕੁਝ ਵੀ ਵਾਪਰ ਸਕਦਾ ਸੀ। ਮਨ ਚਿੰਤਾ ਦੇ ਸਮੁੰਦਰ ਵਿੱਚ ਡਿਕੋ-ਡੋਲੇ ਖਾ ਰਿਹਾ ਸੀ। ਮੈਂ ਸ਼ੁਕਰ ਕੀਤਾ ਜਦੋਂ ਕੁਝ ਦੇਰ ਬਾਅਦ ਦੂਰੋਂ ਕਿਸੇ ਆ ਰਹੇ ਵਾਹਨ ਦੀਆਂ ਹੈੱਡਲਾਈਟਾਂ ਨਜ਼ਰ ਆਈਆਂ। ਬੇਤਾਬੀ ਨਾਲ ਉਸ ਦੀ ਆਮਦ ਦੀ ਉਡੀਕ ਕਰਦਾ, ਕਦੇ ਹਨੇਰੇ ਤੇ ਕਦੇ ਆਪਣੀ ਕਿਸਮਤ ਨੂੰ ਬੁਰਾ ਭਲਾ ਕਹਿ ਰਿਹਾ ਸਾਂ। ਤਦ ਹੀ ਇੱਕ ਟਰੈਕਟਰ ਫਿਟ ਫਿਟ ਕਰਦਾ ਮੇਰੇ ਕੋਲ ਆ ਰੁਕਿਆ।

‘ਕੀ ਹੋਇਆ, ਬਾਈ?’ ਨੌਜੁਆਨ ਟਰੈਕਟਰ-ਚਾਲਕ ਨੇ ਪੇਂਡੂ ਲਹਿਜ਼ੇ ਵਿੱਚ ਪੁੱਛਿਆ।

‘ਕਾਰ ਦਾ ਪੈਟਰੋਲ ਖ਼ਤਮ ਹੋ ਗਿਆ ਹੈ। ਕੀ ਤੂੰ ਮੈਨੂੰ ਨੇੜਲੇ ਪੈਟਰੋਲ ਪੰਪ ਤੱਕ ਛੱਡ ਦੇਵੇਂਗਾ?’ ਮੈਂ ਪੁੱਛਿਆ।

‘ਆ ਜਾ। ਮਾਰ ਛਾਲ ਤੇ ਬੈਠ ਜਾ ਟਰੈਕਟਰ ਉੱਤੇ।’ ਉਸ ਨੇ ਡਰਾਈਵਰ ਦੀ ਸਾਈਡ ਕੋਲ ਮੌਜੂਦ ਸੀਟ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

ਟਰੈਕਟਰ ਦੇ ਮੱਡ-ਗਾਰਡ ਉੱਤੇ ਬੈਠਣ ਲਈ ਬਣੀ ਧਾਤ ਦੀ ਇਹ ਸੀਟ, ਬਿਨਾਂ ਕਿਸੇ ਕੁਸ਼ਨ ਦੇ ਕਾਫ਼ੀ ਸਖ਼ਤ ਤੇ ਠੰਢੀ ਸੀ। ਪਰ ਕੀਤਾ ਕੀ ਜਾ ਸਕਦਾ ਸੀ। ਜੈਰੀਕੈਨ ਨੂੰ ਗੋਡਿਆਂ ਵਿੱਚ ਘੁੱਟ ਮੈਂ ਸੀਟ ਉੱਤੇ ਬੈਠਾ ਰਾਤ ਦੇ ਹਨੇਰੇ ਵਿੱਚ ਠੰਢੀ ਹਵਾ ਦੇ ਬੁੱਲਿਆਂ ਦੀ ਮਾਰ ਝੱਲ ਰਿਹਾ ਸਾਂ। ਓਵਰਕੋਟ ਪਹਿਨੇ ਹੋਣ ਦੇ ਬਾਵਜੂਦ ਦਸੰਬਰ ਮਹੀਨੇ ਦੀ ਠੰਢੀ-ਸੀਤ ਹਵਾ ਹੱਡੀਆਂ ਨੂੰ ਚੀਰਦੀ ਜਾ ਰਹੀ ਸੀ। ਕੁਝ ਦੇਰ ਬਾਅਦ ਟਰੈਕਟਰ ਦੇ ਡੈਸ਼ਬੋਰਡ ਵਿੱਚ ਫਿੱਟ ਕੀਤੇ ਸਟੀਰੀਓ ਦਾ ਬਟਨ ਦੱਬਦਿਆਂ ਉਸ ਨੇ ਪੁੱਛਿਆ, ‘ਪੰਜਾਬੀ ਗਾਣੇ ਪਸੰਦ ਨੇ ਬਾਈ?’

‘ਹਾਂ!’ ਮੈਂ ਕਿਹਾ। ‘ਮੇਰਾ ਮਨਪਸੰਦ ਗਾਇਕ ਹੈ ਸਿੱਧੂ ਮੂਸੇਵਾਲਾ।’

‘ਸਿੱਧੂ ਮੂਸੇਵਾਲਾ? ਮੈਂ ਇਹ ਨਾਂ ਕਦੇ ਨਹੀਂ ਸੁਣਿਆ।’ ਉਸ ਨੌਜੁਆਨ ਦੇ ਬੋਲ ਸਨ।

‘ਅੱਜਕੱਲ੍ਹ ਤਾਂ ਗੁਰਦਾਸ ਮਾਨ ਚੜ੍ਹਾਈ ’ਤੇ ਹੈ।’

‘ਪੁਰਾਣੇ ਸਮਿਆਂ ਵਿੱਚ ਤਾਂ ਗਾਣੇ ਗਾਉਣ ਦਾ ਧੰਦਾ ਅਕਸਰ ਮਰਾਸੀ ਹੀ ਕਰਦੇ ਸਨ, ਪਰ ਇਹ ਕੰਮ ਤਾਂ ਅੱਜ ਕੱਲ੍ਹ ਜੱਟਾਂ ਦੇ ਮੁੰਡਿਆਂ ਨੇ ਸਾਂਭ ਲਿਆ ਲੱਗਦਾ ਹੈ।’

‘ਹਾਂ! ਗੱਲ ਤਾਂ ਤੇਰੀ ਠੀਕ ਹੈ ਬਾਈ। ਪਰ ਮੈਂ ਆਹ ਮੂਸੇਵਾਲਾ ਨਾਮ ਤਾਂ ਕਦੇ ਸੁਣਿਆ ਹੀ ਨਹੀਂ।’

‘ਚੱਲ ਭਰਾਵਾ ਜੋ ਹੈ ਤੇਰੇ ਕੋਲ, ਉਹੀ ਲਾ ਲੈ।’ ਮੈਂ ਕਿਹਾ।

ਆਖ਼ਰਕਾਰ ਅਸੀਂ ਪੈਟਰੋਲ ਪੰਪ ਉੱਤੇ ਪੁੱਜ ਹੀ ਗਏ। ਮੈਂ ਜੈਰੀਕੇਨ ਨੂੰ ਪੈਟਰੋਲ ਨਾਲ ਭਰਵਾ ਕੇ ਪੈਸੇ ਅਦਾ ਕੀਤੇ। ਠੰਢ ਨਾਲ ਛਿੜ ਰਹੀ ਕੰਬਣੀ ਨੂੰ ਘੱਟ ਕਰਨ ਲਈ ਮੇਰਾ ਪੈਟਰੋਲ ਪੰਪ ਕੋਲ ਬਣੇ ਢਾਬੇ ਵਿਖੇ ਗਰਮਾ ਗਰਮ ਚਾਹ ਪੀਣ ਦਾ ਮਨ ਕੀਤਾ। ਜਿਵੇਂ ਹੀ ਮੈਂ ਢਾਬੇ ਅੰਦਰ ਵੜਿਆ, ਢਾਬੇ ਵਾਲੇ ਦਾ ਮੁੰਡੂ (ਨੌਕਰ) ਤੁਰੰਤ ਹੀ ਆ ਪੁੱਛਣ ਲੱਗਾ, ‘ਕੀ ਪੀਓਗੇ ਬਾਊ ਜੀ।’

‘ਗਰਮਾ ਗਰਮ ਚਾਹ ਦਾ ਕੱਪ ਤੇ ਨਾਲ ਦੋ ਸਮੋਸੇ ਲੈ ਆ।’ ਮੈਂ ਕਿਹਾ।

ਤਦ ਹੀ ਮੈਂ ਆਲੇ ਦੁਆਲੇ ਨਜ਼ਰ ਮਾਰੀ, ਢਾਬੇ ਅੰਦਰ ਲੱਗੇ ਸਾਰੇ ਹੀ ਪੋਸਟਰ ਸੱਤਰਵਿਆਂ ਦੇ ਮਸ਼ਹੂਰ ਗਾਇਕਾਂ ਦੀ ਦੱਸ ਪਾ ਰਹੇ ਸਨ।

ਸਵਾਗਤੀ ਕਾਊਂਟਰ ਉੱਤੇ ਰੱਖਿਆ ਪੋਰਟੇਬਲ ਟੀਵੀ ਉਦਾਸੀ ਭਰੇ ਗੀਤ:

‘ਕੀਤੀ ਇਲਤ ਫਿਰੰਗੀਆਂ, ਕੀ ਵਰਤਾਇਆ ਭਾਣਾ।

ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ।’

ਦੇ ਬੋਲ ਫਿਜ਼ਾ ਵਿੱਚ ਘੋਲ ਰਿਹਾ ਸੀ।

ਢਾਬੇ ਵਿੱਚ ਬੈਠੇ ਗਾਹਕ ਰੰਗ-ਬਿਰੰਗੇ ਕੰਬਲਾਂ ਜਾਂ ਚਿੱਟੀਆਂ ਲੋਈਆਂ ਦੀਆਂ ਬੁੱਕਲਾਂ ਮਾਰੀ ਗੱਲਾਂ ਵਿੱਚ ਮਸ਼ਰੂਫ਼ ਸਨ। ਮੈਂ ਥੋੜ੍ਹੀ ਦੂਰੀ ਉੱਤੇ ਰੱਖੇ ਖਾਲੀ ਬੈਂਚ ਉੱਤੇ ਬੈਠ ਗਿਆ।

‘ਵਾਹ! ਵਾਹ! ਚਮਕੀਲਾ ਗਾ ਰਿਹਾ ਹੈ ਜਨਾਬ। ਕਿੰਨਾ ਸੋਹਣਾ ਗਾਉਂਦਾ ਹੈ ਇਹ।’ ਕੁਝ ਪਰ੍ਹੇ ਬੈਠੇ ਨੌਜੁਆਨ ਨੇ ਮੇਰੇ ਵੱਲ ਦੇਖਦਿਆਂ ਕਿਹਾ।

ਤਦ ਹੀ ਮੁੰਡੂ ਨੇ ਚਾਹ ਦਾ ਕੱਪ ਤੇ ਸਮੋਸਿਆਂ ਵਾਲੀ ਪਲੇਟ ਮੇਜ਼ ਉੱਤੇ ਲਿਆ ਰੱਖੀ।

‘ਹਾਂ! ਚੰਗਾ ਗਾਇਕ ਸੀ ਇਹ।’ ਮੈਂ ਚਾਹ ਦਾ ਘੁੱਟ ਭਰਦਿਆਂ ਹੁੰਗਾਰਾ ਭਰਿਆ।

‘ਸੀ? ਜਨਾਬ! ਪਰਸੋਂ ਨੂੰ ਤਾਂ ਰੋਪੜ ਵਿੱਚ ਉਸ ਦਾ ਪ੍ਰੋਗਰਾਮ ਹੈ।’

ਇੱਕ ਅਜੀਬ ਝੁਣਝੁਣੀ ਜਿਹੀ ਮਹਿਸੂਸ ਹੋਈ। ਮੈਨੂੰ ਇਸ ਦਾ ਕਾਰਨ ਤਾਂ ਪਤਾ ਨਾ ਚੱਲਿਆ, ਪਰ ਕਿਸੇ ਬਹੁਤ ਹੀ ਗੰਭੀਰ ਗੜਬੜ ਦਾ ਆਭਾਸ ਜਿਹਾ ਹੋਇਆ।

‘ਤੂੰ ਮਜ਼ਾਕ ਕਰ ਰਿਹਾ ਜਾਪਦਾ ਹੈ। ਚਮਕੀਲਾ ਤਾਂ ਪੈਂਤੀ ਸਾਲ ਪਹਿਲਾਂ ਉਸ ਦੇ ਦੁਸ਼ਮਣਾਂ ਨੇ ਕਤਲ ਕਰ ਦਿੱਤਾ ਸੀ।’ ਮੈਂ ਕਿਹਾ।

ਉਸ ਨੇ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਝਾਕਿਆ ਜਿਵੇਂ ਕਿ ਮੈਂ ਕੋਈ ਕਮਲਾ ਹੋਵਾਂ ਜਾਂ ਸਿਰੇ ਦਾ ਗੱਪੀ।

‘ਨਹੀਂ, ਬਾਈ ਜੀ।’ ਕਹਿੰਦਿਆਂ ਉਹ ਚਲਾ ਗਿਆ ਤੇ ਕਿਸੇ ਦੂਸਰੇ ਮੇਜ਼ ਉੱਤੇ ਪਈ ਅਖ਼ਬਾਰ ਨੂੰ ਫਰੋਲਣ ਲੱਗਾ।

ਤੁਰੰਤ ਹੀ, ਅਖਬਾਰ ਦੀ ਕਿਸੇ ਖ਼ਬਰ ਉੱਤੇ ਉਂਗਲੀ ਰੱਖੀ, ਉਹ ਮੇਰੇ ਕੋਲ ਆ ਕੇ ਅਖ਼ਬਾਰ ਨੂੰ ਮੇਰੇ ਵੱਲ ਵਧਾਉਂਦਿਆ ਬੋਲਿਆ, ‘ਆਹ! ਆਪੇ ਹੀ ਦੇਖ ਲਵੋ, ਜਨਾਬ!’

ਮੈਂ ਉਸ ਤੋਂ ਅਖ਼ਬਾਰ ਫੜ ਲਿਆ ਤੇ ਉਸ ਵੱਲੋਂ ਸੁਝਾਈ ਗਈ ਖ਼ਬਰ ਦੇਖਣ ਲੱਗਾ। ਸਾਹਮਣੇ ਸੀ ਤੁਰਲੇ ਵਾਲੀ ਪੱਗ ਬੰਨ੍ਹੀ ਅਮਰ ਸਿੰਘ ਚਮਕੀਲਾ ਤੇ ਉਸ ਨਾਲ ਲਾਲ ਸੂਟ ਵਿੱਚ ਸਜੀ ਉਸ ਦੀ ਸਾਥੀ ਗਾਇਕਾ ਅਮਰਜੋਤ ਦੀ ਫੋਟੋ। ਦੋਵੇਂ, ਆਪਣੇ ਖੱਬੇ ਹੱਥਾਂ ਵਿੱਚ ਫੜੀ ਤੂੰਬੀ ਦੀਆਂ ਤਰਬਾਂ ਛੇੜਦੇ ਹੋਏ, ਕੈਮਰੇ ਵੱਲ ਦੇਖ ਮੁਸਕਰਾ ਰਹੇ ਸਨ।

ਫੋਟੋ ਦੇ ਨਾਲ ਇਬਾਰਤ ਸੀ, ‘ਮਸ਼ਹੂਰ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਰੋਪੜ ਦੇ ਦੁਸਿਹਰਾ ਗਰਾਉਂਡ ਵਿਖੇ ਮਿਤੀ 18 ਦਸੰਬਰ 1979 ਨੂੰ ਤਿੰਨ ਵਜੇ (ਦੁਪਿਹਰੋਂ ਬਾਅਦ) ਇਲਾਕਾ ਨਿਵਾਸੀਆਂ ਨੂੰ ਆਪਣੇ ਮਨਮੋਹਕ ਗੀਤਾਂ ਨਾਲ ਨਿਹਾਲ ਕਰਨਗੇ। ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿੱਚ ਹੁੰਮ-ਹੁੰਮਾ ਕੇ ਪੁੱਜੋ।’-ਬੇਨਤੀ ਕਰਤਾ: ਰੋਪੜ ਕਲਾਕਾਰ ਸਭਾ।

ਮੈਨੂੰ ਅੱਖੀ ਦੇਖੀ ਖ਼ਬਰ ਉੱਤੇ ਭਰੋਸਾ ਕਰਨਾ ਔਖਾ ਲੱਗ ਰਿਹਾ ਸੀ। ਮੈਂ ਮਿਤੀ ਦੁਬਾਰਾ ਚੈੱਕ ਕੀਤੀ। ਇਹ ਮਿਤੀ 18 ਦਸੰਬਰ 1979 ਹੀ ਸੀ।

ਅਜਬ ਸੱਚ ਸੀ ਕਿ ਯਕੀਨ ਹੀ ਨਹੀਂ ਆ ਰਿਹਾ। ਮੇਰੇ ਕੰਬਦੇ ਹੱਥਾਂ ਵਿੱਚੋਂ ਅਖ਼ਬਾਰ ਲਗਭਗ ਡਿੱਗ ਹੀ ਪਿਆ। ਮੇਰੇ ਸਾਰੇ ਸਰੀਰ ਵਿੱਚ ਠੰਢੀ ਲਹਿਰ ਫਿਰ ਗਈ।

‘ਤੁਸੀਂ ਠੀਕ ਤਾਂ ਹੋ ਬਾਊ ਜੀ!’ ਮੇਰੀ ਡਾਵਾਂਡੋਲ ਹਾਲਤ ਦੇਖ ਉਸ ਨੌਜੁਆਨ ਦੇ ਚਿੰਤਾ ਭਰੇ ਬੋਲ ਸਨ।

‘ਹੂੰ!’ ਮੈਂ ਹੌਲੇ ਜਿਹੇ ਹੁੰਗਾਰਾ ਭਰਿਆ। ਮਨ ਹੀ ਮਨ ਸੋਚ ਰਿਹਾ ਸਾਂ ਕਾਸ਼ ਇਹ ਸੁਪਨਾ ਹੀ ਹੋਵੇ। ‘ਬਸ, ਜ਼ਰਾ ਕੁ ਉਲਝਣ ਵਿੱਚ ਹਾਂ।’ ਕਹਿੰਦਿਆਂ ਮੇਰੀ ਜ਼ਬਾਨ ਥਥਲਾ ਗਈ ਸੀ।

ਜਿਵੇਂ ਹੀ ਮੈਂ ਉਸ ਦੇ ਚਿਹਰੇ ਵੱਲ ਨਜ਼ਰ ਮਾਰੀ, ਮੈਨੂੰ ਲੱਗਿਆ ਕਿ ਝੁਣਝੁਣੀ ਦੀ ਦੂਜੀ ਲਹਿਰ ਨੇ ਮੈਨੂੰ ਦੱਬ ਲਿਆ ਹੈ। ਹਾਲਾਤ ਉੱਤੇ ਆਪਣਾ ਕਾਬੂ ਬਣਾਈ ਰੱਖਣ ਦੀ ਕਸ਼ਮਕਸ਼ ਵਿੱਚ ਮੈਂ ਪੁੱਛਿਆ,

‘ਕੀ ਨਾਂ ਹੈ ਕਾਕਾ ਤੇਰਾ?’

‘ਸੁਰਜੀਤ ਬਿੰਦਰੱਖੀਆ।’

‘ਪਰ ਸੁਰਜੀਤ ਬਿੰਦਰੱਖੀਆਂ ਤਾਂ ਸੰਨ 2003 ਵਿੱਚ ਮਰ ਗਿਆ ਸੀ।’ ਮਨ ਵਿੱਚ ਵਿਚਾਰਾਂ ਦੀ ਲਹਿਰ ਸੀ।

ਇਸ ਤੋਂ ਪਹਿਲਾਂ ਕਿ ਹਾਲਾਤ ਮੇਰੇ ਮਨ-ਮਸਤਕ ਲਈ ਹੋਰ ਉਲਝਣ ਪੈਦਾ ਕਰਨ, ਮੈਂ ਜਲਦੀ ਜਲਦੀ ਬਿੱਲ ਅਦਾ ਕਰ ਢਾਬੇ ਤੋਂ ਬਾਹਰ ਨਿਕਲ ਆਇਆ। ਮਨ ਵਿੱਚ ਕਈ ਸਵਾਲ ਉੱਠ ਰਹੇ ਸਨ।

‘ਕੀ ਇਹ ਭੂਤਾਂ ਦਾ ਢਾਬਾ ਹੈ?’ ਮਾਰੇ ਡਰ ਦੇ ਮੈਂ ਪਿੱਛੇ ਵੱਲ ਝਾਕਣ ਤੋਂ ਗੁਰੇਜ਼ ਹੀ ਕੀਤਾ।

‘ਜਾਂ ਕੀ ਮੈਂ ਸੁਪਨਾ ਦੇਖ ਰਿਹਾ ਹਾਂ।’ ਮੈਂ ਜਾਗਦੇ ਹੋਣ ਦਾ ਅਹਿਸਾਸ ਚੈੱਕ ਕਰਨ ਲਈ ਬਾਂਹ ਉੱਤੇ ਚੂੰਡੀ ਵੱਢੀ। ਡਾਢੀ ਪੀੜ ਹੋਈ। ਸਪੱਸ਼ਟ ਸੀ ਕਿ ਮੈਂ ਕੋਈ ਸੁਪਨਾ ਨਹੀਂ ਸਾਂ ਦੇਖ ਰਿਹਾ।

‘ਤਾਂ ਕੀ ਮੈਂ ਸਚਮੁੱਚ ਹੀ ਸੰਨ 1979 ਵਿੱਚ ਪਹੁੰਚ ਗਿਆ ਹਾਂ?’ ਸੋਚਦਿਆਂ ਵਿਗਿਆਨ ਗਲਪ ਦੀਆਂ ਟਾਈਮ-ਟਰੈਵਲ ਸਬੰਧਤ ਕਿੰਨੀਆਂ ਹੀ ਕਹਾਣੀਆਂ ਦੀ ਯਾਦ ਮੇਰੇ ਦਿਮਾਗ਼ ਵਿੱਚ ਆ ਪ੍ਰਗਟ ਹੋਈ। ਉਹ ਕਹਾਣੀਆਂ ਜੋ ਮੈਂ ਕਾਲਜ ਦੇ ਦਿਨਾਂ ਵਿੱਚ ਵਿਗਿਆਨ ਦੇ ਰਸਾਲਿਆਂ ਵਿੱਚ ਪੜ੍ਹੀਆਂ ਸਨ।

‘ਹਾਂ! ਹਾਂ! ਇਹੋ ਹੀ ਹੋ ਸਕਦਾ ਹੈ। ਸੁਨਹਿਰੀ ਧੁੰਦ ਦੇ ਗੋਲੇ ਤੇ ਬਿਜਲਈ ਤੂਫ਼ਾਨ ਨੇ ਮੈਨੂੰ ਕਾਰ ਸਮੇਤ ਚੁਤਾਲੀ ਸਾਲ ਪਿੱਛੇ ਲਿਆ ਸੁੱਟਿਆ ਹੈ। …ਓਹ ਮਾਈ ਗਾਡ! ਇਸ ਕਾਲ ਵਿੱਚ ਤਾਂ ਮੇਰਾ ਅਜੇ ਜਨਮ ਹੀ ਨਹੀਂ ਸੀ ਹੋਇਆ। ਮੈਂ ਤਾਂ ਆਪਣੇ ਵਕਤ ਅਨੁਸਾਰ ਅਜੇ ਪੈਂਤੀ ਸਾਲ ਦਾ ਹੀ ਸਾਂ।’

ਬਹੁਤ ਗੜਬੜ ਹੋ ਗਈ ਸੀ ਤੇ ਮੈਂ ਵਕਤ ਦੇ ਘੁੰਮਣਘੇਰ ਦਾ ਸ਼ਿਕਾਰ ਬਣ ਗਿਆ ਸਾਂ।

ਸੱਤਰਵਿਆਂ ਦੇ ਸਮੇਂ ਵਿੱਚ ਫਸਿਆ ਮੈਂ ਸੰਨ 2023 ਵਿੱਚ ਵਾਪਸ ਪੁੱਜਣ ਲਈ ਡਾਢਾ ਚਿੰਤਾਤੁਰ ਹੋ ਗਿਆ। ਪੈਟਰੋਲ ਵਾਲਾ ਜੈਰੀਕੈਨ ਚੁੱਕ ਮੈਂ ਸੜਕ ਕਿਨਾਰੇ ਆ ਖਲੋਇਆ, ਤਾਂ ਜੋ ਚੰਡੀਗੜ੍ਹ ਵੱਲ ਨੂੰ ਜਾਂਦਾ ਕੋਈ ਵਾਹਨ ਮੈਨੂੰ ਰਾਹ ਵਿੱਚ ਖੜ੍ਹੀ ਮੇਰੀ ਕਾਰ ਤੱਕ ਪਹੁੰਚਾ ਦੇਵੇ। ਤਦ ਹੀ ਸ਼ਾਇਦ ਆਪਣੇ ਸਮੇਂ ਵਿੱਚ ਪੁੱਜਣ ਦਾ ਕੋਈ ਹੀਲਾ ਵਸੀਲਾ ਬਣ ਸਕੇ।

ਆਪਣੇ ਸਮੇਂ ਵਿਚ ਵਾਪਸ ਪੁੱਜਣ ਦੀ ਕਥਾ ਵੀ ਦਿਲਚਸਪ ਰਹੀ, ਪਰ ਕਦੇ ਫਿਰ ਸਾਂਝੀ ਕਰਾਂਗਾ। ਅੱਜ ਲਈ ਇੰਨਾ ਹੀ।
ਈਮੇਲ: drdpsn@hotmail.com



News Source link
#ਸਮ #ਦ #ਘਮਣਘਰ

- Advertisement -

More articles

- Advertisement -

Latest article