29.1 C
Patiāla
Sunday, May 5, 2024

ਕੈਦੀਆਂ ਨੂੰ ਸੇਧ ਦੇਣ ਵਾਲੀ ਬਸਟੋਏ ਜੇਲ੍ਹ

Must read


ਮਨਦੀਪ ਪੂਨੀਆਂ

ਜੇਲ੍ਹ ਸ਼ਬਦ ਸੁਣਦੇ ਹੀ ਹਰ ਇਨਸਾਨ ਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ। ਫਿਰ ਉਹ ਭਾਵੇਂ ਅਪਰਾਧੀ ਹੋਵੇ ਜਾਂ ਨਿਰਦੋਸ਼ ਜੋ ਕਿਸੇ ਦੇਸ਼ ਦੀ ਨਿਆਂ ਪ੍ਰਣਾਲੀ ਦੁਆਰਾ ਗ਼ਲਤੀ ਨਾਲ ਅਪਰਾਧੀ ਐਲਾਨ ਦਿੱਤਾ ਜਾਵੇ। ਦੁਨੀਆ ਦੇ ਬਹੁਤ ਸਾਰੇ ਵਿਦਵਾਨ ਇਸ ਨੂੰ ਆਪਣੇ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰਦੇ ਹਨ। ਆਮ ਤੌਰ ’ਤੇ ਜੇਲ੍ਹ ਉਹ ਥਾਂ ਹੁੰਦੀ ਹੈ ਜਿਸ ਵਿੱਚ ਕੈਦੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਬੰਦ ਕਰਕੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਆਜ਼ਾਦੀਆਂ ਤੋਂ ਵਾਂਝਾ ਰਹਿਣਾ ਪੈਂਦਾ ਹੈ। ਪਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਜਾਂ ਰਾਜਾਂ ਵਿੱਚ ਤਾਨਾਸ਼ਾਹੀ ਹਕੂਮਤਾਂ ਵੱਲੋਂ ਜੇਲ੍ਹਾਂ ਨੂੰ ਇੱਕ ਸਾਧਨ ਵਜੋਂ ਵੀ ਵਰਤਿਆ ਜਾਂਦਾ ਹੈ ਜਿੱਥੇ ਉਨ੍ਹਾਂ ਦੁਆਰਾ ਆਪਣੇ ਵਿਰੋਧੀਆਂ ਨੂੰ ਸਿਆਸੀ ਜੁਰਮਾਂ ਲਈ ਅਣਮਿੱਥੇ ਸਮੇਂ ਲਈ ਕੈਦ ਕੀਤਾ ਜਾਂਦਾ ਹੈ। ਜੇਲ੍ਹਾਂ ਦੀ ਸ਼ੁਰੂਆਤ ਜੁਰਮਾਨੇ ਵਜੋਂ ਕੀਤੀ ਗਈ ਸੀ ਜੋ ਗਰੀਬ ਅਪਰਾਧੀ ਆਪਣੇ ਜੁਰਮਾਨੇ ਦਾ ਭੁਗਤਾਨ ਨਹੀਂ ਕਰ ਸਕਦੇ ਸਨ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਪਾ ਦਿੱਤਾ ਜਾਂਦਾ ਸੀ।

ਦੁਨੀਆ ਵਿੱਚ ਰੋਮਨ ਲੋਕ ਸਭ ਤੋਂ ਪਹਿਲੇ ਲੋਕ ਸਨ ਜਿਨ੍ਹਾਂ ਨੇ ਜੇਲ੍ਹਾਂ ਦੀ ਵਰਤੋਂ ਸਜ਼ਾ ਦੇਣ ਦੇ ਰੂਪ ਵਿੱਚ ਕੀਤੀ ਸੀ। ਉਸ ਸਮੇਂ ਜੇਲ੍ਹਾਂ ਦੀ ਹਾਲਤ ਇੰਨੀ ਭਿਆਨਕ ਅਤੇ ਦਰਦਨਾਕ ਸੀ ਕਿ ਕੈਦੀਆਂ ਨੂੰ ਸੀਵਰੇਜ ਸਿਸਟਮ ਦੇ ਅੰਦਰ ਰਹਿੰਦ ਖੂੰਹਦ ਨਾਲ ਬਹੁਤ ਹੀ ਦੂਸ਼ਿਤ ਮਾਹੌਲ ਵਿੱਚ ਰੱਖਿਆ ਜਾਂਦਾ ਸੀ, ਪਰ ਹੌਲੀ ਹੌਲੀ ਜੌਹਨ ਹੋਵਰਡ ਦੇ ਜੇਲ੍ਹ ਸੁਧਾਰ ਯਤਨਾਂ ਨਾਲ ਇਸ ਪ੍ਰਣਾਲੀ ਵਿੱਚ ਸੁਧਾਰ ਆਉਣੇ ਸ਼ੁਰੂ ਹੋਏ ਜਿਸ ਵਿੱਚ ਕੈਦੀਆਂ ਦੀਆਂ ਸਜ਼ਾਵਾਂ ਨਿਰਧਾਰਤ ਹੋਣ ਲੱਗੀਆਂ। ਜੇਲ੍ਹਾਂ ਵਿੱਚ ਕੈਦੀਆਂ ਦੀਆਂ ਰਿਹਾਇਸ਼ੀ ਲੋੜਾਂ ਅਤੇ ਪੇਸ਼ੇਵਰ ਸਟਾਫ਼ ਰੱਖਿਆ ਜਾਣ ਲੱਗਾ ਅਤੇ ਜੇਲ੍ਹਾਂ ਨੂੰ ਸੁਧਾਰ ਘਰਾਂ ਦੇ ਰੂਪ ਵਿੱਚ ਵਰਤਣ ਦੀ ਗੱਲ ਹੋਣ ਲੱਗੀ।

ਇਸੇ ਤਰ੍ਹਾਂ ਦਾ ਹੀ ਇੱਕ ਆਧੁਨਿਕ ਸੁਧਾਰ ਘਰ (ਜੇਲ੍ਹ) ਨੌਰਵੇ ਦੇ ਬਸਟੋਏ ਟਾਪੂ ’ਤੇ ਬਣਾਇਆ ਗਿਆ ਹੈ, ਜਿਸ ਨੂੰ ਦੁਨੀਆ ਦੀ ਨੰਬਰ ਇੱਕ ਜੇਲ੍ਹ ਮੰਨਿਆ ਜਾਂਦਾ ਹੈ। ਬਸਟੋਏ ਜੇਲ੍ਹ ਨੂੰ ਜੇਕਰ ਜੇਲ੍ਹ ਨਾਂ ਕਹਿ ਕੇ ਸਿਰਫ਼ ਸੁਧਾਰ ਘਰ ਕਿਹਾ ਜਾਵੇ ਤਾਂ ਬਿਹਤਰ ਹੋਵੇਗਾ, ਪਰ ਇਸ ਜੇਲ੍ਹ ਲਈ ‘ਸੁਧਾਰ ਘਰ’ ਸ਼ਬਦ ਵੀ ਬਹੁਤ ਛੋਟਾ ਲੱਗਦਾ ਹੈ ਜੋ ਕਿ ਇਸ ਦੀਆਂ ਸਹੂਲਤਾਂ ਅਤੇ ਮਨੋਰਥ ਅੱਗੇ ਨਿਗੂਣਾ ਹੈ ਕਿਉਂਕਿ ਇੱਥੋਂ ਕੈਦੀ ਪ੍ਰੋਫੈਸਰ, ਡਾਕਟਰ ਤੇ ਖਿਡਾਰੀ ਆਦਿ ਬਣ ਕੇ ਨਿਕਲਦੇ ਹਨ। ਉਹ ਕੈਦੀ ਜਿਨ੍ਹਾਂ ਤੋਂ ਜਾਣੇ ਅਣਜਾਣੇ ਵਿੱਚ ਅਪਰਾਧ ਹੋ ਗਿਆ ਹੁੰਦਾ ਹੈ, ਉਹ ਇੱਥੇ ਆ ਕੇ ਆਪਣੇ ਆਪ ਨੂੰ ਤਰਾਸ਼ਦੇ ਹਨ ਅਤੇ ਜੁਰਮ ਦੀ ਦੁਨੀਆ ਤੋਂ ਕਿਨਾਰਾ ਕਰਦੇ ਹਨ।

ਬਸਟੋਏ ਜੇਲ੍ਹ ਰਾਜਧਾਨੀ ਓਸਲੋ ਤੋਂ ਤਕਰੀਬਨ 75 ਕਿਲੋਮੀਟਰ ਦੀ ਦੂਰੀ ਉੱਪਰ ਇੱਕ ਟਾਪੂ ’ਤੇ ਸਥਿਤ ਹੈ ਜੋ ਕਿ ਹੋਰਟਨ ਨਗਰਪਾਲਿਕਾ ਦੇ ਅਧੀਨ ਆਉਂਦਾ ਹੈ। ਹੋਰਟਨ ਤੋਂ ਇਸ ਤੱਕ ਸਿਰਫ਼ ਸਮੁੰਦਰੀ ਰਸਤੇ ਰਾਹੀਂ ਹੀ ਜਾਇਆ ਜਾ ਸਕਦਾ ਹੈ। ਮੌਜੂਦਾ ਜੇਲ੍ਹ ਤੋਂ ਪਹਿਲਾਂ ਇਹ ਟਾਪੂ ਨਾਬਾਲਗ ਨਜ਼ਰਬੰਦ ਕੇਂਦਰ ਸੀ ਜਿਸ ਉੱਪਰ ਬਸਟੋਏ ਬੌਇਜ਼ ਹੋਮ ਨੇ ਕਬਜ਼ਾ ਕੀਤਾ ਹੋਇਆ ਸੀ। ਸਾਲ 1898 ਵਿੱਚ ਨੌਰਵੇ ਸਰਕਾਰ ਨੇ ਇਸ ਨੂੰ 95000 ਕਰੋਨ ਵਿੱਚ ਖ਼ਰੀਦਿਆ ਅਤੇ ਸਾਲ 1900 ਵਿੱਚ ਸੁਧਾਰ ਘਰ ਦੇ ਰੂਪ ਵਿੱਚ ਖੋਲ੍ਹਿਆ, ਪਰ ਕੁਝ ਸਾਲਾਂ ਬਾਅਦ ਹੀ ਇਨ੍ਹਾਂ ਮੁੰਡਿਆਂ ਲਈ ਬਗਾਵਤ ਦਾ ਸਥਾਨ ਬਣ ਗਿਆ ਜਿਸ ਨੂੰ ਫ਼ੌਜ ਦੀ ਮਦਦ ਨਾਲ ਇੱਕ ਵੱਡਾ ਐਕਸ਼ਨ ਲੈ ਕੇ ਦਬਾਇਆ ਗਿਆ ਜੋ ਬਾਅਦ ਵਿੱਚ 1970 ਤੱਕ ਖੁੱਲ੍ਹਾ ਰਿਹਾ ਅਤੇ ਆਪਣੇ ਬੇਰਹਿਮ ਕਾਰਜਾਂ ਲਈ ਬਦਨਾਮ ਵੀ ਰਿਹਾ। ਅੱਜ ਦੀ ਮੌਜੂਦਾ ਬਸਟੋਏ ਜੇਲ੍ਹ ਨੂੰ 1982 ਵਿੱਚ ਓਸਲੋ ਜੇਲ੍ਹ ਦੀ ਸਬ ਡਵੀਜ਼ਨ ਵਜੋਂ ਖੋਲ੍ਹਿਆ ਗਿਆ ਸੀ। ਜੇਲ੍ਹ ਵਿੱਚ 115 ਕੈਦੀਆਂ ਲਈ ਜਗ੍ਹਾ ਹੈ।

ਜੇਕਰ ਜੇਲ੍ਹ ਦੇ ਸਟਾਫ਼ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 68 ਕਰਮਚਾਰੀ ਇੱਥੇ ਕੰਮ ਕਰਦੇ ਹਨ, ਪਰ ਰਾਤ ਸਮੇਂ ਸਿਰਫ਼ 5 ਕਰਮਚਾਰੀ ਹੀ ਜੇਲ੍ਹ ਦੀ ਨਿਗਰਾਨੀ ਕਰਦੇ ਹਨ। ਦੁਨੀਆ ਦੀਆਂ ਸਾਰੀਆਂ ਜੇਲ੍ਹਾਂ ਦੇ ਉਲਟ ਇੱਥੇ ਕੈਦੀ ਅਤੇ ਗਾਰਡ ਇਕੱਠੇ ਰਹਿੰਦੇ ਹਨ। ਇਸੇ ਕਰਕੇ ਇਹ ਦੁਨੀਆ ਵਿੱਚ ਸਭ ਤੋਂ ਘੱਟ ਸਕਿਊਰਿਟੀ ਵਾਲੀ ਜੇਲ੍ਹ ਦੇ ਨਾਮ ਨਾਲ ਮਸ਼ਹੂਰ ਹੈ। ਪਹਿਲਾਂ ਤੋਂ ਹੀ ਦੂਸਰੀਆਂ ਜੇਲ੍ਹਾਂ ਵਿੱਚ ਕੈਦ ਭੁਗਤ ਰਹੇ ਕੈਦੀਆਂ ਨੂੰ ਇਸ ਜੇਲ੍ਹ ਵਿੱਚ ਜਾਣ ਲਈ ਅਰਜ਼ੀ ਦੇਣੀ ਪੈਂਦੀ ਹੈ। ਜੇਕਰ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਕੈਦੀ ਨੂੰ ਕੋਈ ਖ਼ਤਰਾ ਹੈ ਤਾਂ ਅਰਜ਼ੀ ਨੂੰ ਅਸਵੀਕਾਰ ਵੀ ਕੀਤਾ ਜਾ ਸਕਦਾ ਹੈ। ਚਾਲੀ ਸਾਲ ਦੇ ਇਤਿਹਾਸ ਵਿੱਚ ਹੁਣ ਤੱਕ ਸਿਰਫ਼ ਇੱਕ ਵਾਰ ਕਿਸੇ ਵੱਲੋਂ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਇੰਨੀ ਸੁਖਦਾਇਕ ਹੈ ਕਿ ਕੈਦੀ ਇੱਥੋਂ ਭੱਜਣ ਤੋਂ ਡਰਦੇ ਹਨ ਕਿਉਂਕਿ ਫੜੇ ਜਾਣ ਉੱਪਰ ਉਨ੍ਹਾਂ ਨੂੰ ਦੇਸ਼ ਦੀ ਸਭ ਤੋਂ ਸਖ਼ਤ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ।

ਇੱਥੇ ਕੈਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅੱਵਲ ਦਰਜੇ ਦੀਆਂ ਹਨ। ਕੈਦੀ ਰਸੋਈ ਵਿੱਚ ਸੈੱਫ ਦੁਆਰਾ ਬਣਾਏ ਖਾਣੇ ਦਾ ਆਨੰਦ ਲੈਂਦੇ ਹਨ। ਉਨ੍ਹਾਂ ਲਈ ਟੈਨਿਸ ਕੋਰਟ, ਘੋੜਸਵਾਰੀ, ਮਸਾਜ ਟੱਬ, ਫਿੰਸ਼ਿੰਗ, ਬਰਫ਼ ’ਤੇ ਸਕੇਟਿੰਗ ਆਦਿ ਦਾ ਪ੍ਰਬੰਧ ਹੈ। ਕੈਦੀ ਜੇਲ੍ਹ ਫਾਰਮ ਵਿੱਚ ਕੰਮ ਕਰਦੇ ਹਨ ਅਤੇ ਆਪਣਾ ਖਾਣਾ ਜ਼ਿਆਦਾਤਰ ਆਪ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਜੇਲ੍ਹ ਦੀ ਆਪਣੀ ਲੱਕੜ ਵਰਕਸ਼ਾਪ, ਪੇਂਟਿੰਗ ਵਰਕਸ਼ਾਪ ਅਤੇ ਮਕੈਨੀਕਲ ਵਰਕਸ਼ਾਪ ਹੈ ਜਿੱਥੇ ਕੈਦੀ ਰੋਜ਼ ਦੀਆਂ ਜ਼ਰੂਰਤਾਂ ਦਾ ਸਾਰਾ ਸਾਮਾਨ ਆਪ ਬਣਾਉਂਦੇ ਹਨ। ਰੋਜ਼ਾਨਾ ਕਾਰਜਾਂ ਵਿੱਚ ਲਾਂਡਰੀ ਅਤੇ ਸਫ਼ਾਈ ਵਿਭਾਗ ਜੇਲ੍ਹ ਦੇ ਅੰਦਰੂਨੀ ਵਾਤਾਵਰਨ ਦੀ ਸਫ਼ਾਈ ਨੂੰ ਯਕੀਨੀ ਬਣਾਉਂਦਾ ਹੈ। ਇਮਾਰਤ ਦੀ ਸਾਂਭ ਸੰਭਾਲ ਲਈ ਵਿਭਾਗ ਦੇਸ਼ ਦੇ ਭਵਨ ਨਿਰਮਾਣ ਵਿਭਾਗ ਨਾਲ ਮਿਲ ਕੇ ਕੰਮ ਕਰਦਾ ਹੈ ਜਿਸ ਵਿੱਚ ਇਹ ਵੀ ਯਕੀਨੀ ਬਣਾਇਆ ਜਾਂਦਾ ਕਿ ਟਾਪੂ ਦਾ ਜੰਗਲ ਜ਼ਿਆਦਾ ਨਾ ਵਧੇ। ਸਰਦੀਆਂ ਵਿੱਚ ਟਾਪੂ ਨੂੰ ਨਿੱਘਾ ਰੱਖਣ ਲਈ ਬਾਲਣ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਬਾਲਣ ਨੂੰ ਵੇਚਿਆ ਵੀ ਜਾਂਦਾ ਹੈ ਅਤੇ ਜੇਲ੍ਹ ਦੀ ਆਰਾ ਮਿੱਲ ਵਿੱਚ ਨਿਰਮਾਣ ਸਮੱਗਰੀ ਵੀ ਬਣਾਈ ਜਾਂਦੀ ਹੈ। ਕੈਦੀਆਂ ਨੂੰ ਸਿੱਖਿਆ ਦੇਣ ਦੇ ਸਬੰਧ ਵਿੱਚ ਜੇਲ੍ਹ ਨਗਰਪਾਲਿਕਾ ਦੇ ਸਾਰੇ ਵਿੱਦਿਅਕ ਅਦਾਰਿਆਂ ਨਾਲ ਸਹਿਯੋਗ ਕਰਦੀ ਹੈ ਜਿਸ ਵਿੱਚ ਕੈਦੀ ਹਰ ਖੇਤਰ ਵਿੱਚ ਸਿੱਖਿਆ ਹਾਸਲ ਕਰ ਸਕਦੇ ਹਨ। ਆਪਣੀ ਕੈਦ ਪੂਰੀ ਕਰ ਚੁੱਕੇ ਬਹੁਤ ਸਾਰੇ ਕੈਦੀ ਇਸ ਦੀ ਉਦਾਹਰਨ ਹਨ ਜਿਨ੍ਹਾਂ ਨੇ ਪ੍ਰਾਪਤ ਕੀਤੀ ਸਿੱਖਿਆ ਦੇ ਆਧਾਰ ’ਤੇ ਚੰਗੀਆਂ ਨੌਕਰੀਆਂ ਹਾਸਲ ਕੀਤੀਆਂ ਹਨ।

ਇੱਥੇ ਕੈਦੀਆਂ ਨੂੰ ਆਮ ਨਾਗਰਿਕਾਂ ਵਾਲੀਆਂ ਸਾਰੀਆਂ ਸਹੂਲਤਾਂ ਮਾਣਨ ਦਾ ਅਧਿਕਾਰ ਹੈ। ਜਿਸ ਤਰ੍ਹਾਂ ਜਰਨਲ ਪ੍ਰੈਕਟੀਸ਼ਨਰ ਸੇਵਾਵਾਂ, ਐਂਬੂਲੈਂਸ ਸੇਵਾਵਾਂ, ਨਰਸਿੰਗ ਸੇਵਾਵਾਂ, ਫਿਜੀਓਥੈਰੇਪੀ ਸੇਵਾਵਾਂ, ਡੈਂਟਲ ਸੇਵਾਵਾਂ ਆਦਿ। ਇੱਥੇ ਕੈਦੀਆਂ ਦੇ ਕਸਰਤ ਕਰਨ ਲਈ ਜਿਮਨੇਜ਼ੀਅਮ ਤੋਂ ਲੈ ਕੇ ਸ਼ਰਧਾ ਭਾਵਨਾ ਦੀ ਪੂਰਤੀ ਲਈ ਚਰਚ ਤੱਕ ਮੌਜੂਦ ਹੈ। ਬਸਟੋਏ ਜੇਲ੍ਹ ਉੱਪਰ ਹੁਣ ਤੱਕ ਹਜ਼ਾਰਾਂ ਦਸਤਾਵੇਜ਼ੀ ਫਿਲਮਾਂ ਬਣ ਚੁੱਕੀਆਂ ਹਨ ਅਤੇ ਇਸ ਉੱਪਰ ਕਿੰਨੀਆਂ ਹੀ ਫਿਲਮਾਂ ਦਾ ਨਿਰਮਾਣ ਹੋ ਚੁੱਕਾ ਹੈ। ‘ਮਨੁੱਖੀ ਕਦਰਾਂ ਕੀਮਤਾਂ ਅਤੇ ਸ਼ਹਿਣਸੀਲਤਾ’ ਨੂੰ ਉਤਸ਼ਾਹਿਤ ਕਰਨ ਲਈ ਸਾਲ 2014 ਵਿੱਚ ਇਸ ਨੂੰ ਬਲੈਂਚ ਮੇਜਰ ਰੀਕਾਂਸੀਲੀਏਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।



News Source link
#ਕਦਆ #ਨ #ਸਧ #ਦਣ #ਵਲ #ਬਸਟਏ #ਜਲਹ

- Advertisement -

More articles

- Advertisement -

Latest article