31.5 C
Patiāla
Friday, April 26, 2024

ਬੈਂਕ ਆਫ ਕੈਨੇਡਾ ਨੂੰ ਕਿਉਂ ਪਿਆ ਘਾਟਾ ?

Must read


ਜਤਿੰਦਰ ਚੀਮਾ

ਬੈਂਕ ਆਫ਼ ਕੈਨੇਡਾ ਨੂੰ ਆਪਣੇ 87 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ 522 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ। 23 ਨਵੰਬਰ ਨੂੰ ਹਾਊਸ ਆਫ਼ ਕਾਮਨਜ਼ ਦੀ ਆਰਥਿਕ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਇਹ ਇੰਕਸਾਫ਼ ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ ਮਕੈਲਮ ਨੇ ਕੀਤਾ ਹੈ। ਗੌਰਤਲਬ ਹੈ ਕਿ ਸੰਸਾਰ ਦੇ ਕਈ ਸੈਂਟਰਲ ਬੈਂਕਾਂ ਨੂੰ ਇਸ ਸਥਿਤੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਹਾਲ ਹੀ ਵਿੱਚ ਰਿਜ਼ਰਵ ਬੈਂਕ ਆਫ਼ ਆਸਟਰੇਲੀਆ ਨੂੰ ਵੀ 36.7 ਬਿਲੀਅਨ ਅਸਟਰੇਲੀਅਨ ਡਾਲਰ ਦਾ ਘਾਟਾ ਪਿਆ ਹੈ। ਦੂਸਰੇ ਪਾਸੇ ਬਰਤਾਨੀਆ ਦੀ ਸਰਕਾਰ ਨੂੰ ਵੀ ਬੈਂਕ ਆਫ਼ ਇੰਗਲੈਂਡ ਨੂੰ ਮਾਲੀ ਮਦਦ ਵਜੋਂ 11 ਬਿਲੀਅਨ ਪੌਂਡ ਦੇਣੇ ਪਏ ਹਨ।

ਬੈਂਕ ਆਫ਼ ਕੈਨੇਡਾ ਨੂੰ ਪਿਆ ਇਹ ਘਾਟਾ ਅੱਗੇ ਵੀ ਲਗਾਤਾਰ ਜਾਰੀ ਰਹਿ ਸਕਦਾ ਹੈ। ਟਿਫ ਮਕੈਲਮ ਨੇ ਇਸ ਕਮੇਟੀ ਦੇ ਅੱਗੇ ਪੇਸ਼ ਹੁੰਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਇਸ ਪੈ ਰਹੇ ਘਾਟੇ ਨਾਲ ਉਨ੍ਹਾਂ ਵੱਲੋਂ ਜਾਰੀ ਆਰਥਿਕ ਨੀਤੀਆਂ ’ਤੇ ਕੋਈ ਫ਼ਰਕ ਨਹੀਂ ਪੈਣ ਵਾਲਾ। ਉਨ੍ਹਾਂ ਦੀ ਮੁੱਖ ਚਿੰਤਾ ਇਸ ਵੇਲੇ ਮਹਿੰਗਾਈ ਨੂੰ ਠੱਲ੍ਹ ਪਾਉਣੀ ਹੈ ਨਾ ਕਿ ਮੁਨਾਫ਼ਾ ਖੱਟਣਾ। ਇੱਕ ਅੰਦਾਜ਼ੇ ਮੁਤਾਬਕ ਬੈਂਕ ਆਫ਼ ਕੈਨੇਡਾ ਹਰ ਸਾਲ ਲਗਭਗ 1 ਬਿਲੀਅਨ ਡਾਲਰ ਮੁਨਾਫ਼ੇ ਵਜੋਂ ਫੈਡਰਲ ਸਰਕਾਰ ਨੂੰ ਦਿੰਦਾ ਸੀ।

ਇਸ ਘਾਟੇ ਦਾ ਮੁੱਖ ਕਾਰਨ ਬੈਂਕ ਵੱਲੋਂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਰੋਨਾ ਮਹਾਮਾਰੀ ਤੋਂ ਬਾਅਦ 2020-21 ਵਿੱਚ ਲਗਭਗ 300 ਬਿਲੀਅਨ ਡਾਲਰ ਦੇ ਸਰਕਾਰੀ ਬੌਂਡ ਖਰੀਦਣਾ ਹੈ। ਕਰੋਨਾ ਮਹਾਮਾਰੀ ਕਾਰਨ ਜਦੋਂ ਲਗਭਗ ਹਰ ਕਾਰੋਬਾਰ ਵਿੱਚ ਖੜੋਤ ਆ ਗਈ ਸੀ ਅਤੇ ਲੋਕ ਘਰਾਂ ਵਿੱਚ ਬੰਦ ਹੋ ਗਏ ਸਨ ਤਾਂ ਫੈਡਰਲ ਸਰਕਾਰ ਨੂੰ ਆਮ ਲੋਕਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਮਦਦ ਕਰਨੀ ਪਈ ਸੀ। ਇਸ ਮਦਦ ਲਈ ਫੈਡਰਲ ਸਰਕਾਰ ਨੂੰ ਬੌਂਡ ਜਾਰੀ ਕਰਨੇ ਪਏ ਸਨ। ਬੈਂਕ ਆਫ਼ ਕੈਨੇਡਾ ਜੋ ਕਿ ਫੈਡਰਲ ਸਰਕਾਰ ਦੀ ਇੱਕ ਕਰਾਉਨ ਕਾਰਪੋਰੇਸ਼ਨ ਹੈ, ਵੱਲੋਂ ਇਹ ਬੌਂਡ ਚਾਰਟਡ ਬੈਂਕਾਂ ਰਾਹੀਂ ਖਰੀਦੇ ਗਏ ਸਨ। ਬੈਂਕ ਆਫ਼ ਕੈਨੇਡਾ ਜਦੋਂ ਵੀ ਬੌਂਡ ਖਰੀਦਦਾ ਹੈ ਤਾਂ ਉਹ ਉਸ ਕੋਲ ਜਮ੍ਹਾਂ ਪਏ ਇਨ੍ਹਾਂ ਬੈਂਕਾਂ ਦੇ ਪੈਸੇ ਨੂੰ ਵਰਤਦਾ ਹੈ। 300 ਬਿਲੀਅਨ ਦੇ ਕਰੀਬ ਖਰੀਦੇ ਗਏ ਇਨ੍ਹਾਂ ਬੌਂਡਾਂ ’ਤੇ ਅਦਾਇਗੀ 1 ਪ੍ਰਤੀਸ਼ਤ ਤੋਂ ਵੀ ਹੇਠਾਂ ਹੈ। ਯਾਦ ਰਹੇ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਬੈਂਕ ਆਫ਼ ਕੈਨੇਡਾ ਦੀਆਂ ਵਿਆਜ ਦਰਾਂ ਲਗਭਗ ਦੋ ਸਾਲ ਲਈ 0.25 ਪ੍ਰਤੀਸ਼ਤ ’ਤੇ ਟਿਕੀਆਂ ਰਹੀਆਂ।

ਫੈਡਰਲ ਸਰਕਾਰ ਵੱਲੋਂ ਬੈਂਕਾਂ ਰਾਹੀਂ ਵੇਚੇ ਇਨ੍ਹਾਂ ਬੌਡਾਂ ਤੋਂ ਆਏ ਪੈਸੇ ਨੂੰ ਆਮ ਲੋਕਾਂ ਤੇ ਕਾਰੋਬਾਰੀ ਅਦਾਰਿਆਂ ਦੀ ਮਦਦ ਕੀਤੀ ਗਈ ਤਾਂ ਕਿ ਮੱਠੀ ਪੈ ਰਹੀ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ ਅਤੇ ਕੈਨੇਡਾ ਦਾ ਆਰਥਿਕ ਢਾਂਚਾ ਕਿਤੇ ਖਿੱਲਰ ਨਾ ਜਾਵੇ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਇਹ ਕਦਮ ਜ਼ਰੂਰੀ ਵੀ ਸੀ, ਪਰ ਇਸ ਮਾਲੀ ਮਦਦ ਕਾਰਨ ਲੋਕਾਂ ਕੋਲ ਰਿਕਾਰਡ ਜਮ੍ਹਾਂ ਪੂੰਜੀ ਹੋ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਕਰੋਨਾ ਮਹਾਮਾਰੀ ਦੇ ਪ੍ਰਭਾਵ ਘਟਦਿਆਂ ਹੀ ਆਰਥਿਕਤਾ ਵਿੱਚ ਇਕਦਮ ਤੇਜ਼ੀ ਆ ਗਈ ਅਤੇ ਵਸਤੂਆਂ ਦੀ ਮੰਗ ਇਕਦਮ ਵਧ ਗਈ, ਪਰ ਦੂਸਰੇ ਪਾਸੇ ਢੋਆ-ਢੋਆਈ ਦੇ ਸਾਧਨਾਂ ਅਤੇ ਫੈਕਟਰੀਆਂ ਦੇ ਉਤਪਾਦਨ ਵਿੱਚ ਅਜੇ ਖੜੋਤ ਜਾਰੀ ਸੀ। ਅਜਿਹੇ ਹਾਲਾਤ ਦੇ ਚੱਲਦਿਆਂ ਸੰਸਾਰ ਭਰ ਦੇ ਦੇਸ਼ਾਂ ਵਿੱਚ ਇਕਦਮ ਮਹਿੰਗਾਈ ਵਧਣੀ ਸ਼ੁਰੂ ਹੋ ਗਈ। ਕੈਨੇਡਾ ਵੀ ਇਸ ਮਹਿੰਗਾਈ ਦੀ ਮਾਰ ਤੋਂ ਬਚ ਨਾ ਸਕਿਆ। ਸ਼ੁਰੂ-ਸ਼ੁਰੂ ਵਿੱਚ ਬੈਂਕ ਆਫ਼ ਕੈਨੇਡਾ ਇਹ ਕਹਿੰਦਾ ਨਜ਼ਰ ਆਇਆ ਕਿ ਮਹਿੰਗਾਈ ਦੀ ਇਹ ਦਰ ਵਕਤੀ ਹੈ ਤੇ ਸਮਾਂ ਪੈਣ ’ਤੇ ਜਦੋਂ ਸਪਲਾਈ ਸਾਧਾਰਨ ਹੋ ਜਾਵੇਗੀ ਤਾਂ ਮਹਿੰਗਾਈ ਆਪਣੇ ਆਪ ਕੰਟਰੋਲ ਵਿੱਚ ਆ ਜਾਵੇਗੀ, ਪਰ ਅਜਿਹਾ ਨਾ ਵਾਪਰਿਆ ਤੇ ਮਹਿੰਗਾਈ 40 ਸਾਲਾਂ ਦੇ ਰਿਕਾਰਡ ਨੂੰ ਤੋੜਨ ਲੱਗੀ।

ਬੈਂਕ ਆਫ਼ ਕੈਨੈਡਾ ਜਿਹੜਾ ਪਹਿਲਾਂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਲਗਾਤਾਰ ਸਰਕਾਰੀ ਬੌਂਡ ਖਰੀਦ ਰਿਹਾ ਸੀ। ਉਸ ਨੇ ਪਿਛਲੇ ਸਾਲ ਹੌਲੀ-ਹੌਲੀ ਇਨ੍ਹਾਂ ਦੀ ਖਰੀਦ ਘਟਾ ਦਿੱਤੀ, ਨਾਲ ਹੀ ਮਾਰਚ 2022 ਤੋਂ ਬਾਅਦ ਮੰਗ ਅਤੇ ਸਪਲਾਈ ਵਿੱਚ ਸੰਤੁਲਨ ਲਿਆਉਣ ਲਈ ਵਿਆਜ ਦਰਾਂ ਵਿੱਚ 7 ਵਾਰ ਵਾਧਾ ਕਰਨਾ ਪਿਆ ਹੈ ਜਿਹੜਾ ਅੱਗੇ ਵੀ ਜਾਰੀ ਰਹਿ ਸਕਦਾ ਹੈ। ਵਿਆਜ ਦਰਾਂ ਦੇ ਵਧਣ ਕਾਰਨ ਬੈਂਕ ਨੂੰ ਆਪਣੇ ਕੋਲ ਚਾਰਟਡ ਬੈਂਕਾਂ ਦੀ ਪਈ ਜਮ੍ਹਾਂ ਪੂੰਜੀ ’ਤੇ ਵੀ ਵੱਧ ਵਿਆਜ ਦੀ ਅਦਾਇਗੀ ਕਰਨੀ ਪੈ ਰਹੀ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬੈਂਕ ਆਫ਼ ਕੈਨੈਡਾ ਨੂੰ ਜਿੱਥੇ ਆਪਣੇ ਪਏ ਸਰੋਤਾਂ ਤੋਂ ਵਿਆਜ ਘਟ ਆ ਰਿਹਾ ਹੈ, ਉੱਥੇ ਦੂਜੇ ਪਾਸੇ ਇਨ੍ਹਾਂ ਬੈਂਕਾਂ ਦੇ ਪਏ ਜਮ੍ਹਾਂ ਪੈਸਿਆਂ ’ਤੇ ਵਿਆਜ ਜ਼ਿਆਦਾ ਦੇਣਾ ਪੈ ਰਿਹਾ ਹੈ। ਇਸ ਸੰਤੁਲਨ ਦੇ ਵਿਗੜਨ ਕਾਰਨ 2022 ਦੀ ਤੀਸਰੀ ਤਿਮਾਹੀ ਦੇ ਅੰਤ ਵਿੱਚ 350 ਮਿਲੀਅਨ ਦੀ ਅਦਾਇਗੀ ਵਿਆਜ ਵਜੋਂ ਦੇਣੀ ਪਈ ਹੈ ਜਦੋਂਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ 814 ਮਿਲੀਅਨ ਦਾ ਮੁਨਾਫ਼ਾ ਹੋਇਆ ਸੀ। ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਘਾਟਾ 2023 ਵਿੱਚ ਵੀ ਜਾਰੀ ਰਹੇਗਾ ਕਿਉਂਕਿ ਅਗਲੇ ਸਾਲ ਵੀ ਵਿਆਜ ਦਰਾਂ ਵਿੱਚ ਕੋਈ ਕਮੀ ਆਉਣ ਵਾਲੀ ਨਹੀਂ। ਜਿਸ ਦਾ ਮੁੱਖ ਕਾਰਨ ਮਹਿੰਗਾਈ ਦਰ ਦਾ ਅਜੇ ਵੀ ਮਿੱਥੇ ਨਿਸ਼ਾਨੇ ਤੋਂ ਉੱਪਰ ਚੱਲਣਾ ਹੈ ਜਿਹੜੀ 2024 ਤੱਕ ਵੀ ਥੱਲੇ ਆਉਣ ਵਾਲੀ ਨਹੀਂ।
ਸੰਪਰਕ: 403-629-3577



News Source link
#ਬਕ #ਆਫ #ਕਨਡ #ਨ #ਕਉ #ਪਆ #ਘਟ

- Advertisement -

More articles

- Advertisement -

Latest article