42.3 C
Patiāla
Wednesday, May 15, 2024

ਕ੍ਰਿਸਮਿਸ ਦੀ ਸ਼ਾਨ ਜਿੰਜਰ ਬ੍ਰੈੱਡ ਟਾਊਨ

Must read



ਮਨਦੀਪ ਸਿੰਘ ਪੂਨੀਆ

ਮਨਦੀਪ ਸਿੰਘ ਪੂਨੀਆ

ਦੁਨੀਆ ਵਿੱਚ ਕ੍ਰਿਸਮਿਸ ਦਾ ਆਪਣਾ ਵੱਖਰਾ ਹੀ ਰੰਗ ਹੁੰਦਾ ਹੈ। ਪੂਰੀ ਦੁਨੀਆ ਵਿੱਚ ਈਸਾਈ ਧਰਮ ਦਾ ਇਹ ਸਭ ਤੋਂ ਵੱਡਾ ਤਿਉਹਾਰ ਬਹੁਤ ਹੀ ਉਤਸੁਕਤਾ ਨਾਲ ਮਨਾਇਆ ਜਾਂਦਾ ਹੈ, ਪਰ ਯੂਰਪ ਵਿੱਚ ਇਸ ਦਾ ਨਜ਼ਾਰਾ ਕੁਝ ਅਲੱਗ ਹੀ ਹੁੰਦਾ ਹੈ। ਤਕਰੀਬਨ ਇੱਕ ਮਹੀਨੇ ਤੋਂ ਵੀ ਪਹਿਲਾਂ ਬਾਜ਼ਾਰਾਂ ਵਿੱਚ ਕ੍ਰਿਸਮਿਸ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕ੍ਰਿਸਮਿਸ ਸਾਰੇ ਈਸਾਈਆਂ ਦਾ ਸਾਂਝਾ ਤਿਉਹਾਰ ਹੈ ਅਤੇ ਹਰ ਦੇਸ਼ ਇਸ ਨੂੰ ਆਪਣੀ ਸੱਭਿਆਚਾਰਕ ਰਵਾਇਤ ਨਾਲ ਮਨਾਉਂਦਾ ਹੈ, ਪਰ ਫਿਰ ਵੀ ਇਸ ਵਿੱਚ ਕੋਈ ਬਹੁਤ ਵੱਡਾ ਫ਼ਰਕ ਨਹੀਂ ਹੁੰਦਾ।

ਇਸੇ ਤਰ੍ਹਾਂ ਨੌਰਵੇ ਦੀ ਕ੍ਰਿਸਮਿਸ ਵੀ ਆਪਣੇ ਆਪ ਵਿੱਚ ਵੱਖਰੀ ਹੈ। ਤਕਰੀਬਨ ਦੋ ਮਹੀਨੇ ਪਹਿਲਾਂ ਹੀ ਨੌਰਵਿਜਨ ਲੋਕ ਕ੍ਰਿਸਮਿਸ ਦੀਆਂ ਤਿਆਰੀਆਂ ਵਿੱਚ ਲੱਗ ਜਾਂਦੇ ਹਨ। ਜਿਸ ਵਿੱਚ ਆਪਣੀਆਂ ਛੁੱਟੀਆਂ ਦੇ ਇੰਤਜ਼ਾਮ ਤੋਂ ਲੈ ਕੇ ਤੋਹਫ਼ਿਆਂ ਦੀ ਖਰੀਦਦਾਰੀ ਅਤੇ ਰਵਾਇਤੀ ਖਾਣਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਸਾਰੇ ਸ਼ਹਿਰਾਂ ਵਿੱਚ ਕ੍ਰਿਸਮਿਸ ਮਾਰਕੀਟ ਲੱਗ ਜਾਂਦੀ ਹੈ ਜਿਸ ਵਿੱਚ ਬੱਚਿਆਂ ਲਈ ਝੂਲੇ, ਚੰਡੋਲਾਂ ਅਤੇ ਵੱਖ ਵੱਖ ਖਾਣਿਆਂ ਦੀਆਂ ਸਟਾਲਾਂ ਲੱਗੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਹੱਥਾਂ ਨਾਲ ਬੁਣੇ ਗਰਮ ਕੱਪੜਿਆਂ ਦੀਆਂ ਦੁਕਾਨਾਂ ਵੀ ਦੇਖਣ ਨੂੰ ਮਿਲਦੀਆਂ ਹਨ।

ਨੌਰਵਿਜਨ ਲੋਕਾਂ ਦੀ ‘ਜੂਲੇ ਬੂਰ’ ਯਾਨੀ ਕਿ ਰਾਤ ਦਾ ਖਾਣਾ ਜਾਂ ਡਿਨਰ ਕ੍ਰਿਸਮਿਸ ਤੋਂ ਪਹਿਲਾਂ ਦੀ ਇੱਕ ਪ੍ਰਸਿੱਧ ਰਵਾਇਤ ਹੈ। ਇਸ ਦੌਰਾਨ ਇਹ ਆਪਣੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਜਾਂ ਆਪਣੇ ਸਹਿਕਰਮੀਆਂ ਨਾਲ ਸਮਾਂ ਬਤੀਤ ਕਰਦੇ ਹਨ। ਜੇਕਰ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਖਾਣਾ ਮਾਸਾਹਾਰੀ ਹੀ ਹੁੰਦਾ ਹੈ, ਜਿਸ ਵਿੱਚ ਸੂਰ ਦਾ ਮਾਸ ਅਤੇ ਭੇਡ ਦਾ ਮਾਸ ਨੌਰਵਿਜਨ ਲੋਕਾਂ ਦੀ ਪਹਿਲੀ ਪਸੰਦ ਹੈ। ਇਸ ਤੋਂ ਇਲਾਵਾ ਚੌਲਾਂ ਦੀ ਖੀਰ ਅਤੇ ਜਿੰਜਰ ਬ੍ਰੈੱਡ ਖ਼ਾਸ ਤੌਰ ’ਤੇ ਪ੍ਰਸਿੱਧ ਹਨ।

ਇਨ੍ਹਾਂ ਦਿਨਾਂ ਵਿੱਚ ਨੌਰਵੇ ਦੀ ਪੁਰਾਣੀ ਰਾਜਧਾਨੀ ਬਰਗਨ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜਿੰਜਰ ਬ੍ਰੈੱਡ ਟਾਊਨ ਬਣਾਇਆ ਜਾਂਦਾ ਹੈ। ਇਸ ਦੀ ਪ੍ਰਦਰਸ਼ਨੀ ਤਕਰੀਬਨ ਡੇਢ ਮਹੀਨਾ ਚੱਲਦੀ ਹੈ। ਜਿੰਜਰ ਬ੍ਰੈੱਡ ਅਸਲ ਵਿੱਚ ਇੱਕ ਬਿਸਕੁਟ ਹੀ ਹੈ ਜੋ ਕਿ ਮੈਦੇ, ਲੌਂਗ, ਸੁੰਢ ਪਾਊਡਰ, ਦਾਲਚੀਨੀ, ਕਾਲੀ ਮਿਰਚ ਆਦਿ ਦੇ ਸੁਮੇਲ ਨਾਲ ਬਣਦਾ ਹੈ। ਜ਼ਿਆਦਾਤਰ ਮਸਾਲਿਆਂ ਦੀ ਵਰਤੋਂ ਇਸ ਦੇ ਸੁਆਦ ਵਿੱਚ ਵਿਲੱਖਣਤਾ ਪੈਦਾ ਕਰਦੀ ਹੈ। ਜਿੰਜਰ ਬ੍ਰੈਡ ਨੂੰ ਵੰਨ ਸੁਵੰਨੇ ਆਕਾਰਾਂ ਵਿੱਚ ਬਣਾਇਆ ਜਾਂਦਾ ਹੈ ਜਿਵੇਂ ਦਿਲ ਦਾ ਆਕਾਰ, ਤਾਰੇ, ਦਰੱਖਤ ਦਾ ਆਕਾਰ ਆਦਿ। ਇੱਕ ਤਰ੍ਹਾਂ ਨਾਲ ਇਹ ਸਾਰੇ ਆਕਾਰ ਕ੍ਰਿਸਮਿਸ ਨਾਲ ਹੀ ਸਬੰਧਿਤ ਹੁੰਦੇ ਹਨ।

ਜਿੰਜਰ ਬ੍ਰੈੱਡ ਟਾਊਨ ਬਣਾਉਣ ਦੀ ਸ਼ੁਰੂਆਤ 1991 ਵਿੱਚ ਹੋਈ, ਜਦੋਂ ਸ਼ਹਿਰ ਦੀ ਗੈਲਰੀ ਵਿੱਚ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਵੱਡੇ ਬ੍ਰੈੱਡ ਟਾਊਨ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਤੋਂ ਬਾਅਦ ਇਸ ਦੀ ਪ੍ਰਦਰਸ਼ਨੀ ਦੇ ਸਥਾਨ ਬਦਲਦੇ ਰਹੇ ਹਨ। ਇਹ ਜਿੰਜਰ ਬ੍ਰੈੱਡ ਟਾਊਨ ਇੱਥੋਂ ਦੇ ਸਕੂਲਾਂ, ਕਿੰਡਰਗਾਰਟਨ, ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਬਣਾਇਆ ਜਾਂਦਾ ਹੈ। ਇਨ੍ਹਾਂ ਵੱਲੋਂ ਜਿੰਜਰ ਬ੍ਰੈੱਡ ਨਾਲ ਪੂਰੇ ਨੌਰਵੇ ਤੋਂ ਇਲਾਵਾ ਦੁਨੀਆ ਦੇ ਪ੍ਰਸਿੱਧ ਸਥਾਨਾਂ ਦੇ ਕਲੋਨ ਤਿਆਰ ਕੀਤੇ ਜਾਂਦੇ ਹਨ ਜਿਵੇਂ ਐਫਲ ਟਾਵਰ, ਟਾਈਟੈਨਿਕ, ਜੁਰਾਸਿਕ ਪਾਰਕ, ਪਿਰਾਮਿਡ ਆਦਿ। ਇਸ ਤੋਂ ਇਲਾਵਾ ਨੌਰਵੇ ਦੇ ਸਾਰੇ ਵੱਡੇ ਸ਼ਹਿਰ ਜਿਵੇਂ ਬਰਗਨ, ਉਸਲੋ, ਥਰੁੰਦਹਾਈਮ, ਥਰੁਮਸੋ ਆਦਿ ਦਾ ਚਿਤਰਨ ਵੀ ਇਨ੍ਹਾਂ ਜਿੰਜਰ ਬ੍ਰੈੱਡਾਂ ਨਾਲ ਕੀਤਾ ਜਾਂਦਾ ਹੈ ਅਤੇ ਕੁੱਲ ਮਿਲਾ ਕੇ ਇਹ ਇੱਕ ਵੱਡਾ ਸ਼ਹਿਰ ਲੱਗਦਾ ਹੈ। ਪ੍ਰਦਰਸ਼ਨੀ ਵਾਲੇ ਸਥਾਨ ’ਤੇ ਨੀਲੀਆਂ ਤੇ ਪੀਲੀਆਂ ਲਾਈਟਾਂ ਵਿੱਚ ਰੱਖਿਆ ਇਹ ਟਾਊਨ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ। ਇਸ ਦਾ ਆਕਾਰ ਵੱਡਾ ਹੋਣ ਕਰਕੇ ਇਸ ਨੂੰ ਦੋ ਅਲੱਗ ਅਲੱਗ ਵੱਡੇ ਹਾਲਾਂ ਵਿੱਚ ਰੱਖਿਆ ਜਾਂਦਾ ਹੈ। ਦੇਖਣ ਵਾਲੇ ਲੋਕਾਂ ਨੂੰ ਇਸ ਦੇ ਬਦਲੇ ਇੱਕ ਵਾਜਬ ਫੀਸ ਅਦਾ ਕਰਨੀ ਪੈਂਦੀ ਹੈ ਜਿਸ ਨੂੰ ਬਾਅਦ ਵਿੱਚ ਬੱਚਿਆਂ ਲਈ ਚੈਰਿਟੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।



News Source link
#ਕਰਸਮਸ #ਦ #ਸ਼ਨ #ਜਜਰ #ਬਰਡ #ਟਊਨ

- Advertisement -

More articles

- Advertisement -

Latest article