37 C
Patiāla
Tuesday, April 30, 2024

ਦੂਜੀ ਤਿਮਾਹੀ ’ਚ ਭਾਰਤ ਦੀ ਜੀਡੀਪੀ ਹੇਠਾਂ ਖਿਸਕੀ

Must read


ਨਵੀਂ ਦਿੱਲੀ, 30 ਨਵੰਬਰ

ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਧਾਰਿਤ ਆਰਥਿਕ ਵਿਕਾਸ ਦਰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਹੇਠਾਂ ਖਿਸਕ ਕੇ 6.3 ਫੀਸਦ ਰਹਿ ਗਈ ਹੈ। ਮੁੱਖ ਰੂਪ ਵਿੱਚ ਉਤਪਾਦਨ ਤੇ ਖਣਨ ਖੇਤਰਾਂ ਵਿੱਚ ਕਮਜ਼ੋਰ ਪ੍ਰਦਰਸ਼ਨ ਕਰਕੇ ਵਿਕਾਸ ਦਰ ਸੁਸਤ ਪਈ ਹੈ। ਹਾਲਾਂਕਿ ਭਾਰਤ ਅਜੇ ਵੀ ਕੁੱਲ ਆਲਮ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਦਰ ਹਾਸਲ ਕਰਨ ਵਾਲਾ ਅਰਥਚਾਰਾ ਬਣਿਆ ਹੋਇਆ ਹੈ। ਵਿੱਤੀ ਸਾਲ 2022-23 ਵਿੱਚ ਜੁਲਾਈ-ਸਤੰਬਰ ਦੀ ਦੂਜੀ ਤਿਮਾਹੀ ਵਿੱਚ ਚੀਨ ਦੀ ਵਿਕਾਸ 3.9 ਫੀਸਦ ਰਹੀ ਹੈ। 

ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਜੁਲਾਈ-ਸਤੰਬਰ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 6.3 ਫੀਸਦ ਰਹੀ, ਜਦੋਂਕਿ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ ਇਹ ਅੰਕੜਾ 8.4 ਫੀਸਦ ਸੀ। ਉਂਜ ਪਹਿਲੀ ਤਿਮਾਹੀ (ਅਪਰੈਲ-ਜੂਨ 2022) ਵਿੱਚ ਜੀਡੀਪੀ 13.5 ਫੀਸਦ ਰਹੀ ਸੀ। ਜੀਡੀਪੀ ਦੇਸ਼ ਦੀਆਂ ਭੂਗੋਲਿਕ ਹੱਦਾਂ ਵਿੱਚ ਇਕ ਨਿਰਧਾਰਿਤ ਸਮਾਂ ਮਿਆਦ ਵਿੱਚ ਉਤਪਾਦਤ ਵਸਤਾਂ ਤੇ ਸੇਵਾਵਾਂ ਦੇ ਕੁੱਲ ਮੁੱਲ ਨੂੰ ਦਰਸਾਉਂਦੀ ਹੈ। ਦੂਜੀ ਤਿਮਾਹੀ ਵਿੱਚ ਵਿਕਾਸ ਦਰ ਦਾ ਇਹ ਅੰਕੜਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 6.1-6.3 ਫੀਸਦ ਰਹਿਣ ਦੇ ਅਨੁਮਾਨਾਂ ਮੁਤਾਬਕ ਹੀ ਹੈ। ਆਰਬੀਆਈ ਨੇ ਇਸ ਮਹੀਨੇ ਜਾਰੀ ਬੁਲਿਟੇਨ ਵਿੱਚ ਪ੍ਰਕਾਸ਼ਿਤ ਮਜ਼ਮੂਨ ਵਿੱਚ ਇਹੀ ਪੇਸ਼ੀਨਗੋਈ ਕੀਤੀ ਸੀ।

ਐੱਨਐੱਸਓ ਦੇ ਬਿਆਨ ਮੁਤਾਬਕ, ‘‘ਅਸਲੀ ਜੀਡੀਪੀ ਜਾਂ ਸਥਿਰ ਜੀਡੀਪੀ (2011-12) ਮੁੱਲ ਉੱਤੇ ਦੇਸ਼ ਦੀ ਜੀਡੀਪੀ 2022-23 ਦੀ ਦੂਜੀ ਤਿਮਾਹੀ ਵਿੱਚ 38.17 ਲੱਖ ਕਰੋੜ ਰੁਪੲੇ ਰਹੀ ਜਦੋਂਕਿ ਵਿੱਤੀ ਸਾਲ 2021-22 ਦੀ  ਦੂਜੀ ਤਿਮਾਹੀ ਵਿੱਚ ਇਹ 35.89 ਲੱਖ ਕਰੋੜ ਸੀ। ਇਹ 6.3 ਫੀਸਦ ਵਾਧੇ ਨੂੰ ਦਰਸਾਉਂਦਾ ਹੈ। ਸਥਿਰ ਮੁੱਲ ’ਤੇ ਜੀਡੀਪੀ 2020 ਦੀ ਜੁਲਾਈ ਸਤੰਬਰ ਤਿਮਾਹੀ ਵਿੱਚ 33.10 ਲੱਖ ਕਰੋੜ ਰੁਪਏ ਸੀ। ਕੋਵਿਡ-19 ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਕੀਤੀ ‘ਤਾਲਾਬੰਦੀ’ ਕਰਕੇ ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ਵਿੱਚ ਜੀਡੀਪੀ ਵਿੱਚ 6.6 ਫੀਸਦ ਦਾ ਨਿਘਾਰ ਆਇਆ ਸੀ। ਅੰਕੜਿਆਂ ਮੁਤਾਬਕ ਜੀਵੀੲੇ ਇਸ ਸਾਲ ਜੁਲਾਈ ਸਤੰਬਰ ਤਿਮਾਹੀ ਵਿੱਚ 5.6 ਫੀਸਦ ਵਧ ਕੇ 35.05 ਲੱਖ ਕਰੋੜ ਰੁਪੲੇ ਰਿਹਾ। ਖੇਤੀ ਖੇਤਰ ਵਿੱਚ ਜੀਵੀਏ (ਗਰੌਸ ਵੈਲਿਊ ਐਡਿਡ) ਵਾਧਾ ਦਰ ਦੂਜੀ ਤਿਮਾਹੀ ਵਿੱਚ 4.6 ਫੀਸਦ ਰਹੀ ਜਦੋਂਕਿ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ ਇਹ 3.2 ਫੀਸਦ ਸੀ। ਹਾਲਾਂਕਿ ਉਤਪਾਦਨ ਖੇਤਰ ਵਿੱਚ ਜੀਵੀਏ ਵਾਧਾ ਦਰ ਵਿੱਚ 4.3 ਫੀਸਦ ਦਾ ਨਿਘਾਰ ਆਇਆ ਜਦੋਂਕਿ ਸਾਲ ਪਹਿਲਾਂ ਦੂਜੀ ਤਿਮਾਹੀ ਵਿੱਚ 5.6 ਫੀਸਦ ਦਾ ਵਾਧਾ ਹੋਇਆ ਸੀ। ਖਣਨ ਖੇਤਰ ਵਿੱਚ ਵੀ ਜੀਵੀਏ ਵਿਕਾਸ ਦਰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ 2.8 ਫੀਸਦ ਘਟੀ ਜਦੋਂਕਿ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ 14.5 ਫੀਸਦ ਦਾ ਵਾਧਾ ਹੋਇਆ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਜਨ ਕੇਂਦਰਤ ਸੇਵਾਵਾਂ ਦੀ ਜੀਵੀੲੇ ਵਾਧਾ ਦਰ ਦੂਜੀ ਤਿਮਾਹੀ ਵਿੱਚ 5.6 ਫੀਸਦ ਰਹੀ ਜਦੋਂਕਿ ਸਾਲ ਪਹਿਲਾਂ ਇਹ ਅੰਕਡਾ 8.5 ਫੀਸਦ ਸੀ। ਸੇਵਾ ਖੇਤਰ…ਹੋਟਲ, ਵਪਾਰ, ਟਰਾਂਸਪੋਰਟ, ਸੰਚਾਰ ਤੇ ਸੇਵਾਵਾਂ…ਵਿਚ ਜੀਵੀਏ ਵਾਧਾ ਦਰ 14.7 ਫੀਸਦ ਰਹੀ। ਜੀਡੀਪੀ 2022-23 ਦੀ ਦੂਜੀ ਤਿਮਾਹੀ ਵਿੱਚ 65.31 ਲੱਖ ਕਰੋੜ ਰੁਪੲੇ ਰਹਿਣ ਦਾ ਅਨੁਮਾਨ ਹੈ। -ਪੀਟੀਆਈ

ਨਿਵੇਸ਼ਕਾਂ ਦੀ ਦਿਲਚਸਪੀ ਘਟੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਜੀਡੀਪੀ ’ਚ ਨਿਘਾਰ ਲਈ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਿਉਂਕਿ ਭਾਜਪਾ ਸਰਕਾਰ ਬਾਹਰੀ ਕਾਰਕਾਂ ਨੂੰ ਲੈ ਕੇ ਮਜਬੂਰ ਹੈ ਜਦੋਂਕਿ ਅੰਦਰੂਨੀ ਕਾਰਕਾਂ ਬਾਰੇ ਉਹ ਖੁ਼ਦ ਇਨਕਾਰੀ ਹੈ। ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਕਿਹਾ ਕਿ ਨਿਵੇਸ਼ ਵਾਤਾਵਰਨ ਨੂੰ ਕਥਿਤ ਤੌਰ ’ਤੇ ‘ਦੂਸ਼ਿਤ’ ਕਰ ਦਿੱਤਾ ਗਿਆ ਹੈ ਤੇ ਲੋਕਾਂ ਵਿੱਚ ਨਿਵੇਸ਼ ਲਈ ਦਿਲਚਸਪੀ ਘਟਣ ਲੱਗੀ ਹੈ। ਚਿਦੰਬਰਮ ਨੇ ਟਵੀਟ ਕੀਤਾ, ‘‘ਜਿਵੇਂ ਕਿ ਆਸ ਸੀ (ਜਿਸ ਨੂੰ ਸਰਕਾਰ ਨੇ ਵੀ ਸਵੀਕਾਰ ਕੀਤਾ ਹੈ), ਜੀਡੀਪੀ ਵਿਕਾਸ ਦਰ ਦੂਜੀ ਤਿਮਾਹੀ ਵਿਚ 13.5 ਫੀਸਦ ਤੋਂ ਘੱਟ ਕੇ 6.3 ਫੀਸਦ ਰਹਿ ਗਈ ਹੈ। ਮੈਨੂੰ ਡਰ ਹੈ ਕਿ ਇਹ ਤੀਜੀ ਤਿਮਾਹੀ ਵਿਚ ਹੋਰ ਘਟੇਗੀ। ਵਿਕਾਸ ਦਰ ਡਿੱਗਣ ਦੇ ਬਾਹਰੀ ਤੇ ਅੰਦਰੂਨੀ ਕਾਰਨ ਹਨ।’’ ਉਧਰ ਪਾਰਟੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਦੂੂਜੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 6.3 ਫੀਸਦ ਰਹੀ, ਜੋ ਕਿ ਪਹਿਲੀ ਤਿਮਾਹੀ ਦੇ ਅੰਕੜੇ 13.5 ਫੀਸਦ ਦੇ ਅੱਧ ਨਾਲੋਂ ਵੀ ਘੱਟ ਹੈ। ਸ੍ਰੀਨੇਤ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਉਤਪਾਦਨ ਸੁੰਗੜਿਆ…ਨਿਵੇਸ਼ ਤੇ ਨੌਕਰੀਆਂ ਸੰਕਟ ਵਿੱਚ ਹਨ। ਮੋਦੀ ਜੀ ਕੋਈ ਹੱਲ ਲੱਭੋ, ਸੱਚ ਤੋਂ ਨਾ ਭੱਜੋ।’’ -ਪੀਟੀਆਈ 

ਦੇਸ਼ 7 ਫੀਸਦ ਆਰਥਿਕ ਵਿਕਾਸ ਦਰ ਹਾਸਲ ਕਰਨ ਦੀ ਦਿਸ਼ਾ ’ਚ: ਨਾਗੇਸ਼ਵਰਨ

ਨਵੀਂ ਦਿੱਲੀ: ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਅੱਜ ਕਿਹਾ ਕਿ ਭਾਰਤੀ ਅਰਥਚਾਰਾ ਚਾਲੂ ਵਿੱਤੀ ਸਾਲ ਵਿੱਚ 6.8 ਤੋਂ 7 ਫੀਸਦੀ ਆਰਥਿਕ ਵਿਕਾਸ ਦਰ ਹਾਸਲ ਕਰਨ ਦੇ ਰਾਹ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਮੁੜ ਸੁਰਜੀਤੀ ਲਈ ਰਫ਼ਤਾਰ ਜਾਰੀ ਹੈ ਅਤੇ ਕੁੱਲ ਘਰੇਲੂ ਉਤਪਾਦ (ਜੀਡੀਪੀ) 2019-20 ਦੇ ਨੇੜੇ-ਤੇੜੇ ਪਹੁੰਚ ਗਈ ਹੈ। ਨਾਗੇਸ਼ਵਰਨ ਨੇ ਕਿਹਾ, ‘‘ਅਰਥਚਾਰਾ ਮੌਜੂਦਾ ਵਿੱਤੀ ਸਾਲ ਦੌਰਾਨ 6.8-7.0 ਫੀਸਦੀ ਦੀ ਵਾਧਾ ਦਰ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਵਧ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਵਿਕਰੀ, ਪੀਐੱਮਆਈ, ਬੈਂਕਾਂ ਕਰਜ਼ ਵਧਣਾ ਅਤੇ ਵਾਹਨ ਵਿਕਰੀ ਦੇ ਅੰਕੜੇ ਦੱਸਦੇ ਹਨ ਕਿ ਆਲਮੀ ਪੱਧਰ ’ਤੇ ਉਲਟ ਹਾਲਾਤ ਦੇ ਬਾਵਜੂਦ ਅਰਥਚਾਰੇ ਦੀ ਰਫ਼ਤਾਰ ਕਾਇਮ ਹੈ। ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਭਾਰਤ ਦੀ ਆਰਥਿਕ ਵਿਕਾਸ ਦਰ ਚਾਲੂ ਵਿੱਤੀ ਸਾਲ ਵਿੱਚ 6.8 ਫੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ ਜਦੋਂਕਿ ਆਰਬੀਆਈ ਨੇ ਇਸ ਦੇ 7 ਫੀਸਦ ਰਹਿਣ ਦਾ ਅਨੁਮਾਨ ਲਾਇਆ ਸੀ। -ਪੀਟੀਆਈ 



News Source link

- Advertisement -

More articles

- Advertisement -

Latest article