35.5 C
Patiāla
Friday, April 26, 2024

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਕਰਤਾਰਪੁਰ ਸਾਹਿਬ ਲਾਹੌਰ ਤੋਂ ਢਾਈ ਕੁ ਘੰਟੇ ਦੀ ਵਾਟ ’ਤੇ ਹੈ। ਸਾਡਾ ਇਸ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਸੀ। ਮੁਲਤਾਨ ਨੂੰ ਜਾਂਦੀ ਹਾਈਵੇ ਤੋਂ ਉਤਰ ਕੇ ਨਾਰੋਵਾਲ ਵਿੱਚੋਂ ਹੋ ਕੇ ਅਸੀਂ ਕਰਤਾਰਪੁਰ ਸਾਹਿਬ ਪਹੁੰਚਦੇ ਹਾਂ। ਨਾਰੋਵਾਲ ਨੂੰ ਜਾਂਦੀ ਸੜਕ ’ਤੇ ਬਹੁਤ ਘੱਟ ਟਰੈਫਿਕ ਹੈ। ਰਾਹ ਵਿੱਚ ਅਮਰੂਦਾਂ ਦਾ ਬਾਗ਼ ਆਇਆ ਤਾਂ ਜੀਅ ਕੀਤਾ ਕਿ ਬਾਗ਼ ਦੇ ਸਾਹਮਣੇ ਸੜਕ ’ਤੇ ਲਾਈ ਰੇਹੜੀ ਤੋਂ ਅਮਰੂਦ ਖ਼ਰੀਦੇ ਜਾਣ ਅਤੇ ਇਨ੍ਹਾਂ ਨੂੰ ਖਾਂਦਿਆਂ ਬਾਕੀ ਦਾ ਸਫ਼ਰ ਤੈਅ ਕੀਤਾ ਜਾਵੇ। ਸਾਡੇ ਤੋਂ ਪਹਿਲਾਂ ਇੱਕ ਪਾਕਿਸਤਾਨੀ ਨੌਜਵਾਨ ਅਮਰੂਦ ਖਰੀਦ ਰਿਹਾ ਸੀ। ਅਸੀਂ ਕਾਰ ਰੋਕੀ ਅਤੇ ਜਦੋਂ ਮੈਂ ਕਾਰ ’ਚੋਂ ਬਾਹਰ ਨਿਕਲਿਆ ਤਾਂ ਉਹ ਮੈਨੂੰ ਦੇਖ ਕੇ ਸਾਡੇ ਵੱਲ ਆ ਗਿਆ ਅਤੇ ਕਹਿਣ ਲੱਗਾ, ‘‘ਸਰਦਾਰ ਜੀ, ਜੀ ਆਇਆਂ ਨੂੰ ਸਾਡੇ ਵਤਨ ਵਿੱਚ। ਕਿਵੇਂ ਜੇ?’’ ਉਹ ਦੱਸਣ ਲੱਗਾ ਕਿ ਉਹ ਸਪੇਨ ਤੋਂ ਆਇਆਂ ਹੈ ਅਤੇ ਉਸ ਦੇ ਜ਼ਿਆਦਾਤਰ ਮਿੱਤਰ ਸਰਦਾਰ ਹਨ। ਪਿਆਰੀਆਂ ਪਿਆਰੀਆਂ ਗੱਲਾਂ ਕਰਦਿਆਂ, ਜਦੋਂ ਮੈਂ ਅਮਰੂਦਾਂ ਵਾਲੇ ਨੂੰ ਕਿਹਾ ਕਿ ਦੋ ਕਿਲੋ ਅਮਰੂਦ ਕੱਟ ਕੇ ਅਤੇ ਲੂਣ ਲਾ ਕੇ ਸਾਨੂੰ ਦੇ ਦੇ ਤਾਂ ਪਾਕਿਸਤਾਨੀ ਨੌਜਵਾਨ ਉਸ ਰੇਹੜੀ ਵਾਲੇ ਨੂੰ ਮੁਖ਼ਾਤਿਬ ਹੋ ਕੇ ਕਹਿਣ ਲੱਗਾ ਕਿ ਸਰਦਾਰ ਜੀ ਹੁਰਾਂ ਕੋਲੋਂ ਕੋਈ ਪੈਸਾ ਨਹੀਂ ਲੈਣਾ। ਮੈਂ ਦੇਵਾਂਗਾ। ਇਹ ਸਾਡੇ ਮਹਿਮਾਨ ਨੇ। ਬੜਾ ਜ਼ੋਰ ਲਾਇਆ, ਪਰ ਉਹ ਪੈਸੇ ਦੇਣ ਲਈ ਬਜਿੱਦ ਰਿਹਾ। ਉਸ ਦੀ ਮੁਹੱਬਤੀ ਮਿਲਣੀ ਵਿੱਚ ਸ਼ਰਸ਼ਾਰ ਹੋਏ ਅਤੇ ਅਮਰੂਦਾਂ ਦੇ ਸਵਾਦ ਵਿੱਚ ਗੜੁੰਦ ਹੁੰਦੇ, ਅਸੀਂ ਕਰਤਾਰਪੁਰ ਸਾਹਿਬ ਪਹੁੰਚ ਗਏ।

ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿੱਚ ਪਾਕਿਸਤਾਨ ਵਾਲੇ ਪਾਸਿਉਂ ਹਾਜ਼ਰੀ ਭਰਨ ਵਾਲੇ ਸਾਡੇ ਤੋਂ ਸਿਵਾਏ ਸਾਰੀ ਹੀ ਮੁਸਲਮਾਨ ਸੰਗਤ ਸੀ ਕਿਉਂਕਿ ਉਨ੍ਹਾਂ ਲਈ ਬਾਬਾ ਨਾਨਕ ਓਨਾ ਹੀ ਵੱਡਾ ਪੀਰ ਹੈ ਜਿੰਨਾ ਸਾਡੇ ਗੁਰੂ ਜੀ ਹਨ। ਤਾਂ ਹੀ ਜਦੋਂ ਬਾਬਾ ਨਾਨਕ ਜੀ 70 ਸਾਲ ਦੀ ਉਮਰ ਭੋਗ ਕੇ ਇੱਥੇ 22 ਸਤੰਬਰ 1539 ਨੂੰ ਜੋਤੀ ਜੋਤ ਸਮਾਏ ਸਨ ਤਾਂ ਉਨ੍ਹਾਂ ਦੀਆਂ ਅੰਤਮ ਰਸਮਾਂ ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਆਪੋ-ਆਪਣੀਆਂ ਰਹੁਰੀਤਾਂ ਨਾਲ ਵੱਖੋ-ਵੱਖ ਨਿਭਾਈਆਂ ਗਈਆਂ ਸਨ। ਇਹ ਦੋਵੇਂ ਅਸਥਾਨ ਕੋਲ-ਕੋਲ ਹੀ ਹਨ, ਪਰ ਇਹ ਜਾਣ ਕੇ ਮਨ ਮਸੋਸਿਆ ਗਿਆ ਕਿ ਹਰ ਪਾਕਿਸਤਾਨੀ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ 400 ਰੁਪਏ ਦੀ ਟਿਕਟ ਲੈਣੀ ਪੈਂਦੀ ਹੈ ਜਦੋਂ ਕਿ ਸਾਡੇ ਲਈ ਕੋਈ ਟਿਕਟ ਨਹੀਂ ਸੀ। ਗੁਰੂਘਰ ਵਿੱਚ ਜਾਣ ਲਈ ਕਾਹਦੀ ਟਿਕਟ?

ਇਮਰਾਨ ਸਰਕਾਰ ਦੇ ਸਦਕੇ ਜਾਣ ਨੂੰ ਜੀਅ ਕਰਦਾ ਹੈ ਜਿਸ ਨੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨੂੰ ਇੰਨੀ ਸੁੰਦਰ ਦਿੱਖ ਪ੍ਰਦਾਨ ਕੀਤੀ ਹੈ। ਇਮਰਾਨ ਸਰਕਾਰ ਵੱਲੋਂ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਕੀਤਾ ਫੈਸਲਾ ਇਤਿਹਾਸਕ ਹੈ। ਇਸ ਨੇ ਸਮੁੱਚੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਕਿਉਂਕਿ ਇਸ ਨਾਲ ਹਰ ਸਿੱਖ ਦੀ ਅਰਦਾਸ ਕਬੂਲ ਹੋਈ ਹੈ।

ਬਹੁਤ ਹੀ ਖੂਬਸੂਰਤ ਚੌਗਿਰਦੇ ਵਿੱਚ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਦੇਖਣ ਵਾਲੀ ਹੈ। ਇਸ ਦੀ ਫਿਜ਼ਾ ਵਿੱਚ ਆਤਮਿਕ ਨਾਦ ਗੂੰਜਦਾ ਹੈ ਅਤੇ ਇਸ ਇਲਾਹੀ ਨਾਦ ਵਿੱਚ ਰੂਹ ਦਾ ਵਿਸਮਾਦ ਮਨ ਦੀ ਪਰਿਕਰਮਾ ਕਰਦਾ ਹੈ। ਯਾਦ ਆਇਆ ਕਿ ਬਾਬਾ ਨਾਨਕ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਵਿੱਚ ਰਹਿੰਦਿਆਂ ਅਤੇ ਇਸ ਦੇ ਚੌਗਿਰਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚਲਾਉਂਦਿਆ ਬਿਤਾਏ। ਸੰਗਤ, ਪੰਗਤ ਅਤੇ ਲੰਗਰ ਦੀ ਪਰੰਪਰਾ ਦਾ ਮੁੱਢ ਇੱਥੋਂ ਹੀ ਸ਼ੁਰੂ ਹੋਇਆ। ਇੱਥੇ ਹੀ ਉਨ੍ਹਾਂ ਨੇ ਆਪਣੀਆਂ ਚਾਰ ਉਦਾਸੀਆਂ, ਪੂਰਬ ਵੱਲ ਬੰਗਲਾ ਦੇਸ਼, ਪੱਛਮ ਵੱਲ ਸਾਊਦੀ ਅਰਬ, ਉੱਤਰ ਵੱਲ ਤਿੱਬਤ ਅਤੇ ਦੱਖਣ ਵੱਲ ਸ੍ਰੀ ਲੰਕਾ ਪੂਰੀਆਂ ਕਰਨ ਤੋਂ ਬਾਅਦ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦਿੱਤੀ। ਕਰਤਾਰਪੁਰ ਨਗਰ ਵਸਾਇਆ। ਮਾਤਾ ਤ੍ਰਿਪਤਾ ਜੀ, ਪਤਨੀ ਸੁਲੱਖਣੀ ਜੀ ਅਤੇ ਪੁੱਤਰਾਂ ਸ੍ਰੀ ਚੰਦ ਤੇ ਲੱਖਮੀ ਦਾਸ ਨਾਲ ਰਹਿੰਦਿਆਂ ਪਰਿਵਾਰਕ ਨਿੱਘ ਮਾਣਿਆ। ਹੱਥੀਂ ਖੇਤੀ ਕੀਤੀ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਨਿੱਜੀ ਜ਼ਿੰਦਗੀ ਵਿੱਚ ਅਪਣਾਇਆ। ਇੱਥੇ ਹੀ ਖੇਤਾਂ ਵਿੱਚ ਉਹ ਹੱਲ ਵਾਹੁੰਦੇ ਰਹੇ ਅਤੇ ਉਨ੍ਹਾਂ ਨਾਲ ਸਦਾ ਰਹਿਣ ਵਾਲੇ ਅਨਿਨ ਸੇਵਕ ਭਾਈ ਲਹਿਣਾ ਨਾਲ ਰੱਬੀ ਰਮਜ਼ਾਂ ਦੀਆਂ ਬਾਤਾਂ ਪਾਈਆਂ। ਫਿਰ ਭਾਈ ਲਹਿਣਾ ਜੀ ਦੀ ਪ੍ਰਤੀਬੱਧਤਾ ਤੇ ਸਿੱਖੀ ਸਿਧਾਤਾਂ ਪ੍ਰਤੀ ਪ੍ਰਪੱਕਤਾ ਨੂੰ ਪਰਖ ਕੇ ਗੁਰਗੱਦੀ ਬਖ਼ਸ਼ੀ। ਉਨ੍ਹਾਂ ਨੂੰ ਖਡੂਰ ਸਾਹਿਬ ਨੂੰ ਜਾਣ ਅਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਹੱਥੀਂ ਤੋਰਿਆ। ਕਿਹੋ ਜਿਹਾ ਅਨਾਇਤੀ ਆਲਮ ਹੁੰਦਾ ਹੋਵੇਗਾ ਜਦੋਂ ਦੂਰੋਂ-ਨੇੜਿਉਂ ਆਉਂਦੀ ਸੰਗਤ ਨੂੰ ਬਾਬਾ ਜੀ ਪ੍ਰਵਚਨ ਕਰਦੇ ਹੋਣਗੇ। ਸੰਗਤ ਨੂੰ ਪੰਗਤ ਵਿੱਚ ਬੈਠਾ ਕੇ ਲੰਗਰ ਛਕਾਉਂਦੇ ਹੋਣਗੇ ਅਤੇ ਉਨ੍ਹਾਂ ਦੀ ਖੁਸ਼ੀ ਵਿੱਚੋਂ ਹੀ ਖੁਦ ਆਤਮਿਕ ਆਨੰਦੀ ਅਨੰਨਤਾ ਮਹਿਸੂਸ ਕਰਦੇ ਹੋਣਗੇ। ਉਨ੍ਹਾਂ ਦੀ ਸੰਗਤ ਸਿਰਫ਼ ਸੰਗਤ ਹੁੰਦੀ ਸੀ। ਉਸ ਵਿੱਚ ਕੋਈ ਸਿੱਖ, ਮੁਸਲਮਾਨ ਜਾਂ ਹਿੰਦੂ ਨਹੀਂ ਹੁੰਦਾ ਸੀ ਤਾਂ ਹੀ ਉਨ੍ਹਾਂ ਦੇ ਪੈਰੋਕਾਰ ਜਾਤਾਂ ਅਤੇ ਫਿਰਕਿਆਂ ਤੋਂ ਉੱਪਰ ਨੇ। ਰਸ਼ਕ ਆਉਂਦਾ ਹੈ ਬਾਬਾ ਨਾਨਕ ਜੀ ਦੀ ਦਿੱਬ ਦ੍ਰਿਸ਼ਟੀ ’ਤੇ ਕਿ ਉਨ੍ਹਾਂ ਨੇ ਸਮੁੱਚੀ ਲੋਕਾਈ ਵਿੱਚ ਇੰਨਾ ਪਿਆਰ ਵੰਡਿਆ ਜੋ ਹੁਣ ਤੀਕ ਵੀ ਵੱਧ ਫੁੱਲ ਹੀ ਰਿਹਾ ਏ।

ਗੁਰਦੁਆਰੇ ਦੀ ਪਾਕ ਫਿਜ਼ਾ ਵਿੱਚ ਇਉਂ ਜਾਪਦਾ ਸੀ ਜਿਵੇਂ ਕਰਤਾਰਪੁਰ ਦੇ ਖੇਤਾਂ ਦੀ ਮਿੱਟੀ ਦੀ ਖੁਸ਼ਬੂ ਇਸ ਚੌਗਿਰਦੇ ਵਿੱਚ ਫੈਲੀ ਹੋਵੇ। ਇਹ ਮਿੱਟੀ ਕਿੰਨੀ ਕਿਸਮਤ ਵਾਲੀ ਹੈ ਜਿਸ ਨੇ ਬਾਬੇ ਨਾਨਕ ਦੇ ਪੈਰਾਂ ਦੀ ਛੂਹ ਮਾਣੀ। ਇਸ ਮਿੱਟੀ ਵਿੱਚ ਚੌਕੜਾ ਮਾਰ ਕੇ ਬਾਬਾ ਜੀ ਨੇ ਆਪਣੇ ਸੇਵਕਾਂ ਨੂੰ ਸਿੱਖੀ ਸਿਧਾਤਾਂ ਬਾਰੇ ਦੱਸਦਿਆਂ, ਉਨ੍ਹਾਂ ਦੀ ਚੇਤਨਾ ਵਿੱਚ ਨਵੀਂ ਸੋਚ ਅਤੇ ਸੇਧ ਦਾ ਜਾਗ ਲਾਉਂਦੇ ਹੋਣਗੇ। ਇਹ ਮਿੱਟੀ ਦਾ ਸਭ ਤੋਂ ਵੱਡਾ ਮਾਣ ਹੈ ਕਿ ਇਸ ਮਿੱਟੀ ਨੂੰ ਮਸਤਕ ਲਾਉਣ ਲਈ ਦੁਨੀਆ ਭਰ ਦੇ ਸਿੱਖ, ਮੁਸਲਮਾਨ ਜਾਂ ਹਿੰਦੂ ਇਸ ਦੀ ਅਕੀਦਤ ਕਰਨ ਆਉਂਦੇ ਹਨ। ਇਸ ਮਿੱਟੀ ਦੀ ਮੁੱਠ ਨੂੰ ਆਪਣਾ ਅਜ਼ੀਮ ਖ਼ਜ਼ਾਨਾ ਬਣਾਉਣਾ ਅਤੇ ਇਸ ਨੂੰ ਆਪਣੇ ਨਾਲ ਲੈ ਕੇ ਆਉਣਾ ਸਿੱਖਾਂ ਦਾ ਸਭ ਤੋਂ ਵੱਡਾ ਹਾਸਲ ਹੈ। ਇਸ ’ਤੇ ਮੈਨੂੰ ਨਾਜ਼ ਸੀ ਕਿ ਮੈਂ ਇਸ ਦੀ ਅਕੀਦਤ ਕਰਕੇ, ਇਸ ਦੀ ਧਰਾਤਲ ’ਤੇ ਮੱਥਾ ਟੇਕਿਆ।

ਗੁਰੂਘਰ ਦੀ ਪਰਿਕਰਮਾ ਕਰਦਿਆਂ ਅਸ਼ਰਫ ਸੁਹੇਲ ਅਤੇ ਮੁਹੰਮਦ ਇਰਫ਼ਾਨ ਨੇ ਆਤਮਿਕ ਮਖ਼ਰੂਰੀ ਵਿੱਚ ਕਿਹਾ ਕਿ ਤੁਹਾਡੇ ਨਾਲ ਕਰਤਾਰਪੁਰ ਦੇ ਦਰਸ਼ਨ ਕਰਕੇ ਅਸੀਂ ਖ਼ੁਦ ਨੂੰ ਭਾਗਾਂ ਵਾਲੇ ਸਮਝਦੇ ਹਾਂ। ਇਸ ਜਗ੍ਹਾ ’ਤੇ ਮਿਲਿਆ ਰੂਹ ਦਾ ਸਕੂਨ ਅਤੇ ਮਨ ਦੀ ਸ਼ਾਂਤੀ ਭਲਾਂ ਹੋਰ ਕਿਧਰੋਂ ਮਿਲ ਸਕਦੀ ਏ? ਲੰਗਰ ਛਕਣ ਨੂੰ ਤਾਂ ਬਹੁਤ ਜੀਅ ਕਰਦਾ ਸੀ, ਪਰ ਸਮੇਂ ਦੀ ਘਾਟ ਕਾਰਨ ਅਸੀਂ ਜਲਦੀ ਜਲਦੀ ਲਾਹੌਰ ਨੂੰ ਪਰਤਣਾ ਸਹੀ ਸਮਝਿਆ ਕਿਉਂਕਿ ਮੈਂ ਪੰਜਾਬ ਪਰਤਣਾ ਸੀ।

ਉਸੇ ਸ਼ਾਮ ਛੇ ਵਜੇ ਦਾ ਵਕਤ ਸੀ। ਲਾਹੌਰ ਦੇ ਸੋਹਣੇ ਏਰੀਏ ਵਿੱਚ ‘ਭੁਲੇਖਾ’ ਅਖ਼ਬਾਰ ਅਤੇ ਟੀਵੀ ਦੇ ਮਾਲਕ ਅਤੇ ਪੰਜਾਬੀ ਦੇ ਮੁਦਈ ਮੁਦੱਸਰ ਬੱਟ ਦਾ ਘਰ। ਸਭ ਤੋਂ ਉੱਪਰਲੀ ਮੰਜ਼ਲ ’ਤੇ ਗੁਰੂ ਨਾਨਕ ਆਡੀਟੋਰੀਅਮ ਅਤੇ ਪੰਜਾਬੀ ਦੀਆਂ ਕਿਤਾਬਾਂ ਨਾਲ ਸਜਾਈ ਬਾਬਾ ਫ਼ਰੀਦ ਲਾਇਬ੍ਰੇਰੀ। 50-60 ਪੰਜਾਬੀ ਪਿਆਰਿਆਂ ਦਾ ਮੁਹੱਬਤੀ ਇਕੱਠ। ਇੱਥੇ ਸਾਰੇ ਹੀ ਸਾਨੂੰ ਬੇਸਬਰੀ ਨਾਲ ਉਡੀਕ ਰਹੇ ਸਨ। ਪੰਜਾਬੀ ਪਿਆਰਿਆਂ ਦੇ ਇਸ ਇਕੱਠ ਵਿੱਚ ਸਿਰਕੱਢ ਪੰਜਾਬੀ ਲੇਖਕ ਇਲਿਆਸ ਘੁੰਮਣ ਵੀ ਹਾਜ਼ਰ ਸੀ। ਉਨ੍ਹਾਂ ਦੀ ਰਹਿਨੁਮਾਈ ਵਿੱਚ ਹੋਈ ਇਸ ਅਦਬੀ ਬੈਠਕ ਦਾ ਰੰਗ ਹੀ ਨਿਰਾਲਾ ਸੀ। ਖੂਬਸੂਰਤ ਲਾਹੌਰੀ ਪੰਜਾਬੀ ਦੀ ਲੋਰ ਵਿੱਚ ਗੁਆਚਣ ਦਾ ਅਕਹਿ ਆਨੰਦ। ਲਾਹੌਰ ਵਿੱਚ ਵੱਸਦੇ ਪੰਜਾਬੀਆਂ ਦੇ ਮਨਾਂ ਵਿੱਚ ਪੰਜਾਬੀ ਮਾਂ ਬੋਲੀ ਅਤੇ ਅਦਬ ਲਈ ਇੰਨਾ ਮੋਹ ਦੇਖ ਕੇ ਮਨ ਬਾਗੋ-ਬਾਗ ਹੋ ਗਿਆ। ਅਸ਼ਰਫ਼ ਸੁਹੇਲ, ਮੁਦੱਸਰ ਬੱਟ, ਇਲਿਆਸ ਘੁੰਮਣ ਆਦਿ ਬੁਲਾਰਿਆਂ ਨੇ ਮੇਰੀ ਪੁਸਤਕ ‘ਜ਼ਿੰਦਗੀ’ ਬਾਰੇ ਜਾਣ-ਪਛਾਣ ਦੇ ਨਾਲ-ਨਾਲ ਪੰਜਾਬੀ ਅਦਬ ਦੀ ਬਿਹਤਰੀ ਅਤੇ ਪੰਜਾਬੀ ਮਾਂ ਬੋਲੀ ਦੀ ਵਿਲੱਖਣਤਾ ਦੀ ਬਰਕਰਾਰੀ ਲਈ ਕੀਤੇ ਜਾ ਰਹੇ ਉੱਦਮਾਂ ਦਾ ਜ਼ਿਕਰ ਵੀ ਕੀਤਾ। ਹਾਜ਼ਰੀਨ ਦੀਆਂ ਗੂੰਜਦੀਆਂ ਤਾੜੀਆਂ ਵਿੱਚ ਪੁਸਤਕ ‘ਜ਼ਿੰਦਗੀ’ ਨੂੰ ਰਿਲੀਜ਼ ਕੀਤਾ ਗਿਆ। ਮੈਂ ਇੰਨੀ ਪਿਆਰੀ ਅਦਬੀ ਮੁਹੱਬਤ ਦਾ ਉਮਰ ਭਰ ਲਈ ਕਰਜ਼ਦਾਰ ਹੋ ਗਿਆ। ਮੈਂ ਤਾਂ ਕਦੇ ਕਿਆਸ ਵੀ ਨਹੀਂ ਸੀ ਕੀਤਾ ਕਿ ਲਾਹੌਰ ਵਿੱਚ ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿੱਚ ਮੇਰੀ ਪੁਸਤਕ ਰਿਲੀਜ਼ ਕੀਤੀ ਜਾਵੇਗੀ। ਚਾਹ ਦੀਆਂ ਚੁਸਕੀਆਂ ਵਿੱਚ ਪੰਜਾਬੀਆਂ ਦੀ ਮੁਹੱਬਤ, ਪ੍ਰਾਹੁਣਚਾਰੀ, ਰਹਿਤਲ ਅਤੇ ਚਿੰਰਜੀਵੀ ਸਾਂਝ ਦੀਆਂ ਬਾਤਾਂ ਕੀਤੀਆਂ।

ਉੱਘੇ ਸ਼ਾਇਰ ਅਤੇ ਕਲਾਕਾਰ ਅਫ਼ਜ਼ਲ ਸਾਹਿਰ ਸਾਨੂੰ ਆਪਣੇ ਦਰ ’ਤੇ ਉਡੀਕ ਰਹੇ ਸਨ। ਬਹੁਤ ਪਿਆਰਾ ਇਨਸਾਨ ਹੈ ਅਫ਼ਜ਼ਲ ਸਾਹਿਰ। ਉਸ ਦਾ ਘਰ ਕਲਾ-ਕਿਰਤਾਂ ਦਾ ਭੰਡਾਰ ਹੈ। ਜਦੋਂ ਤੁਹਾਡੀ ਜ਼ਿੰਦਗੀ ਦਾ ਹਮਸਫ਼ਰ ਵੀ ਕਲਾ-ਬਿਰਤੀਆਂ ਵਾਲਾ ਹੋਵੇ ਤਾਂ ਫਿਰ ਕ੍ਰਿਸ਼ਮੇ ਹੁੰਦੇ ਨੇ। ਅਜਿਹੇ ਕਲਾਮਈ ਕ੍ਰਿਸ਼ਮੇ ਤੁਸੀਂ ਅਫ਼ਜ਼ਲ ਸਾਹਿਰ ਦੇ ਘਰ ਵਿੱਚ ਦੇਖ ਸਕਦੇ ਹੋ ਕਿਉਂਕਿ ਉਨ੍ਹਾਂ ਦੀ ਪਤਨੀ ਵੀ ਪਾਕਿਸਤਾਨ ਟੀਵੀ ਦੀ ਕਲਾਕਾਰ ਹੈ। ਅਫ਼ਜ਼ਲ ਸਾਹਿਰ ਨੂੰ ਪਹਿਲੀ ਵਾਰ ਟੋਰਾਂਟੋ ਵਿੱਚ ਮਿਲਣ ਦਾ ਸਬੱਬ ਬਣਿਆ ਸੀ। ਅੰਮ੍ਰਿਤਾ ਪ੍ਰੀਤਮ ਅਤੇ ਸਾਈਂ ਕਾਕਾ ਦੀ ਸੰਗਤ ਮਾਣ ਚੁੱਕੇ ਅਫ਼ਜ਼ਲ ਸਾਹਿਰ ਦੇ ਕਲਾਮ ਵਿੱਚੋਂ ਅਧਿਆਤਮਿਕਤਾ ਦਾ ਗੂੜ੍ਹਾ ਰੰਗ ਉੱਭਰਦਾ ਹੈ।



News Source link
#ਕਰਤਰਪਰ #ਸਹਬ #ਦ #ਦਰਸ਼ਨਦਦਰ

- Advertisement -

More articles

- Advertisement -

Latest article