29.7 C
Patiāla
Monday, May 6, 2024

ਪਰਵਾਸੀ ਭਾਰਤੀਆਂ ਵੱਲੋਂ ਨਿਊਯਾਰਕ ’ਚ ਪਾਕਿਸਤਾਨੀ ਸਫ਼ਾਰਤਖਾਨੇ ਬਾਹਰ ਪ੍ਰਦਰਸ਼ਨ

Must read


ਨਿਊਯਾਰਕ/ਲੰਡਨ, 27 ਨਵੰਬਰ

ਪਰਵਾਸੀ ਭਾਰਤੀਆਂ ਨੇ 26/11 ਦੇ ਮੁੰਬਈ ਹਮਲੇ ਦੀ 14ਵੀਂ ਬਰਸੀ ਮੌਕੇ ਨਿਊਯਾਰਕ ਵਿੱਚ ਪਾਕਿਸਤਾਨ ਸਫ਼ਾਰਤਖ਼ਾਨੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਇਸ ਹਮਲੇ ਦੇ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਮੰਗ ਕੀਤੀ। ਉਧਰ, ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਵਾਸੀ ਭਾਰਤੀਆਂ ਅਤੇ ਸੀਨੀਅਰ ਸੰਸਦ ਮੈਂਬਰਾਂ ਨੇ 26 ਨਵੰਬਰ 2008 ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਦਰਸ਼ਨੀ ਵੀ ਲਗਾਈ ਗਈ।

ਨਿਊਯਾਰਕ ਵਿੱਚ ਪਰਵਾਸੀ ਭਾਰਤੀਆਂ ਨੇ ਪਾਕਿਸਤਾਨੀ ਸਫ਼ਾਰਤਖ਼ਾਨੇ ਬਾਹਰ ਪ੍ਰਦਰਸ਼ਨ ਕੀਤਾ। ਇਹ ਲੋਕ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾ ਰਹੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘ਮੁੰਬਈ 26/11’, ‘ਅਸੀਂ ਮੁਆਫ਼ ਨਹੀਂ ਕਰਾਂਗੇ’ ਅਤੇ ‘ਪਾਕਿਸਤਾਨ ’ਤੇ ਪਾਬੰਦੀ ਲਗਾਓ’ ਆਦਿ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਸਫ਼ਾਰਤਖਾਨੇ ਬਾਹਰ ਡਿਜੀਟਲ ਵਾਹਨ ਵੀ ਖੜ੍ਹਾ ਕੀਤਾ ਹੋਇਆ ਸੀ, ਜਿਸ ’ਤੇ 26/11 ਦੇ ਸਾਜ਼ਿਸ਼ਘਾੜਿਆਂ ਹਾਫਿਜ਼ ਸਈਦ, ਅਤਿਵਾਦੀ ਅਜਮਲ ਕਸਾਬ ਤੇ ਹਮਲੇ ਦੌਰਾਨ ਮੁੰਬਈ ਦੇ ਤਾਜ ਹੋਟਲ ਤੋਂ ਉੱਠ ਰਹੀ ਅੱਗ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ।

ਪ੍ਰਦਰਸ਼ਨਕਾਰੀ ਸ਼ਸ਼ਾਂਕ ਤੇਲਕੀਕਰ ਨੇ ਕਿਹਾ, ‘‘ਅਸੀਂ ਅਪੀਲ ਕਰਦੇ ਹਾਂ ਕਿ ਜਦੋਂ ਤੱਕ (ਪਾਕਿਸਤਾਨ ਵਿੱਚ) ਅਤਿਵਾਦੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਖੜ੍ਹਾ ਨਹੀਂ ਕੀਤਾ ਜਾਦਾ, ਉਦੋਂ ਤੱਕ ਇੱਕੋ ਵਿਚਾਰਧਾਰਾ ਵਾਲੇ ਦੇਸ਼ ਇਕੱਠੇ ਹੋਣ ਅਤੇ ਪਾਕਿਸਤਾਨ ’ਤੇ ਪਾਬੰਦੀਆਂ ਲਗਾਉਣ।’’ ਇੱਕ ਹੋਰ ਪ੍ਰਦਰਸ਼ਨਕਾਰੀ ਰਵੀਸ਼ੰਕਰ ਨੇ ਕਿਹਾ ਕਿ ਇਸ ਕਾਇਰਾਨਾ ਹਰਕਤ ਦਾ ਵਿਰੋਧ ਕਰਨ ਲਈ ਪਰਵਾਸੀ ਭਾਰਤੀ ਪਾਕਿਸਤਾਨ ਸਫ਼ਾਰਤਖਾਨੇ ਬਾਹਰ ਇਕੱਠੇ ਹੋਏ ਹਨ।

ਲੰਡਨ ਵਿੱਚ ਸ਼ਰਧਾਂਜਲੀ ਦੇਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕਿਹਾ, ‘‘ਅਸੀਂ ਪੁਲੀਸ ਤੇ ਨੈਸ਼ਨਲ ਸਕਿਉਰਿਟੀ ਗਾਰਡ (ਐੱਨਐੱਸਜੀ) ਦੇ ਜਵਾਨਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਫ਼ਰਜ਼ ਨਿਭਾਉਦਿਆਂ ਆਪਣੀ ਜਾਨ ਦੇ ਦਿੱਤੀ।’’ ਇਸ ਸ਼ੋਕ ਸਮਾਗਮ ਦਾ ਵਿਸ਼ਾ ‘ਕਦੇ ਨਾ ਭੁੱਲੋ, ਕਦੇ ਮੁਆਫ਼ ਨਾ ਕਰੋ, ਦੁਬਾਰਾ ਕਦੇ ਨਹੀਂ’ ਸੀ। ਇਸ ਮੌਕੇ ਭਾਰਤੀ ਮੂਲ ਦੀ ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਪ੍ਰੀਤੀ ਪਟੇਲ ਨੇ ਵੀ ਸੰਬੋਧਨ ਕੀਤਾ। -ਪੀਟੀਆਈ





News Source link

- Advertisement -

More articles

- Advertisement -

Latest article