36.1 C
Patiāla
Saturday, May 4, 2024

ਭਾਰਤ ਦੀ ਵਿਕਾਸ ਦਰ 7.1 ਫੀਸਦ ਤੱਕ ਰਹਿਣ ਦਾ ਅਨੁਮਾਨ

Must read


ਨਵੀਂ ਦਿੱਲੀ: ਡੈਲੌਇਟ ਇੰਡੀਆ ਨੇ ਆਪਣੀ ਰਿਪੋਰਟ ’ਚ ਅਨੁਮਾਨ ਜ਼ਾਹਿਰ ਕੀਤਾ ਹੈ ਕਿ ਵਧਦੀ ਮਹਿੰਗਾਈ ਤੇ ਆਲਮੀ ਅਰਥਚਾਰੇ ’ਚ ਸੁਸਤੀ ਵਿਚਾਲੇ ਭਾਰਤ ਦੀ ਜੀਡੀਪੀ ਦੀ ਵਿਕਾਸ ਦਰ ਚਾਲੂ ਵਿੱਤੀ ਵਰ੍ਹੇ 2022-23 ’ਚ 6.5 ਤੋਂ 7.1 ਫੀਸਦ ਵਿਚਾਲੇ ਰਹੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਉੱਚੀ ਮਹਿੰਗਾਈ ਦਰ ਨੀਤੀਆਂ ਬਣਾਉਣ ਵਾਲਿਆਂ ਲਈ ਚੁਣੌਤੀ ਬਣੀ ਹੋਈ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਪਰੈਲ 2022 ਤੋਂ ਮਹਿੰਗਾਈ ’ਤੇ ਠੱਲ੍ਹ ਪਾਉਣ ਲਈ ਵਿਆਜ਼ ਦਰਾਂ ’ਚ 1.9 ਫੀਸਦ ਤੱਕ ਦਾ ਵਾਧਾ ਕੀਤਾ ਹੈ। ਰਿਪੋਰਟ ਅਨੁਸਾਰ ਇਸ ਤੋਂ ਇਲਾਵਾ ਡਾਲਰ ਮਹਿੰਗਾ ਹੋਣ ਕਾਰਨ ਦਰਾਮਦ ਬਿੱਲ ਵਧ ਰਿਹਾ  ਹੈ ਜਿਸ ਕਾਰਨ ਮਹਿੰਗਾਈ ਵੀ ਵਧ ਰਹੀ ਹੈ। ਇਸ ’ਚ ਕਿਹਾ ਗਿਆ ਹੈ ਕਿ ਕੁਝ ਵਿਕਸਿਤ ਦੇਸ਼ਾਂ ’ਚ 2022 ਦੇ ਅਖੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ ’ਚ ਮੰਦੀ ਦੀ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਡੈਲੌਇਟ ਨੇ ਕਿਹਾ, ‘ਆਲਮੀ ਆਰਥਿਕ ਬੇਯਕੀਨੀ ਦੇ ਲਗਾਤਾਰ ਜਾਰੀ ਰਹਿਣ ਨਾਲ ਭਾਰਤ ਦੇ ਵਿਕਾਸ ਦੇ ’ਤੇ ਨਕਾਰਾਤਮਕ ਅਸਰ ਪੈਣਾ ਸ਼ੁਰੂ ਹੋਵੇਗਾ।’ ਡੈਲੌਇਟ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਵਰ੍ਹੇ ’ਚ ਭਾਰਤ ਦੀ ਵਿਕਾਸ ਦਰ 6.5 ਤੋਂ 7.1 ਫੀਸਦ ਦੇ ਵਿਚਾਲੇ ਰਹੇਗੀ ਜਦਕਿ ਅਗਲੇ ਸਾਲ ਇਹ 5.5 ਤੋਂ 6.1 ਫੀਸਦ ਵਿਚਾਲੇ ਰਹੇਗੀ। 2021-22 ’ਚ ਭਾਰਤ ਦੀ ਜੀਡੀਪੀ ਦੀ ਵਿਕਾਸ ਦਰ 8.7 ਫੀਸਦ ਰਹੀ ਸੀ। ਡੈਲੌਇਟ ਇੰਡੀਆ ਦੀ ਅਰਥਸ਼ਾਸਤਰੀ ਰੁਮਕੀ ਮਜੂਮਦਾਰ ਨੇ ਕਿਹਾ, ‘ਸਾਡਾ ਅਨੁਮਾਨ ਹੈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਤੋਂ ਖਪਤਕਾਰ ਖੇਤਰ ਨੂੰ ਉਤਸ਼ਾਹ ਮਿਲੇਗਾ। ਇਸ ਖੇਤਰ ਨੇ ਅਜੇ ਤੱਕ ਪੂਰਾ ਉਤਸ਼ਾਹ ਨਹੀਂ ਦਿਖਾਇਆ ਹੈ। ਸਨਅਤ ਤੇ ਸੇਵਾ ਖੇਤਰ ’ਚ ਕਰਜ਼ੇ ’ਚ ਜ਼ਿਕਰਯੋਗ ਵਾਧਾ ਹੋਇਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਨਿੱਜੀ ਖੇਤਰ ’ਚ ਨਿਵੇਸ਼ ਦੀਆਂ ਸੰਭਾਵਨਾਵਾਂ ਬਿਹਤਰ ਹਨ।’ -ਪੀਟੀਆਈ

ਮਈ ਤੋਂ ਹੁਣ ਤੱਕ ਆਰਬੀਆਈ ਨੇ ਵਿਆਜ਼ ਦਰਾਂ 1.9 ਫੀਸਦ ਵਧਾਈਆਂ

ਮੁੰਬਈ: ਭਾਰਤੀ ਰਿਜ਼ਰਵ ਬੈਂਕ ਵੱਲੋਂ ਇਸ ਸਾਲ ਮਈ ਤੋਂ ਨੀਤੀਗਤ ਰੈਪੋ ਦਰਾਂ ’ਚ ਕੀਤੇ ਗਏ ਵਾਧੇ ਨਾਲ ਸਾਰੀਆਂ ਵੱਡੀਆਂ ਬੈਂਕਾਂ ਨੇ ਆਪਣੀਆਂ ਬਾਹਰੀ ਬੈਂਚਮਾਰਕ ਆਧਾਰਿਤ ਕਰਜ਼ਾ ਦਰਾਂ (ਈਬੀਐੱਲਆਰ) 1.9 ਫੀਸਦ ਵਧਾਈਆਂ ਹਨ। ਹਾਲਾਂਕਿ ਜਮ੍ਹਾਂ ਦਰਾਂ ਵਧਾਉਣ ਦੇ ਮਾਮਲੇ ’ਚ ਇਨ੍ਹਾਂ ਬੈਂਕਾਂ ਦੀ ਰਫ਼ਤਾਰ ਸੁਸਤ ਰਹੀ ਹੈ। ਆਰਬੀਆਈ  ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਮਈ’ ਤੋਂ ਹੁਣ ਤੱਕ ਚਾਰ ਗੇੜਾਂ ’ਚ ਨੀਤੀਗਤ ਰੈਪੋ ਦਰ ’ਚ ਕੁੱਲ 1.9 ਫੀਸਦ ਦਾ ਵਾਧਾ ਕੀਤਾ ਹੈ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਵਿਆਜ਼ ਦਰਾਂ ਦੇ ਸਬੰਧ ’ਚ ਵਿਚਾਰ ਕਰਨ ਲਈ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਮੀਟਿੰਗ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ’ਚ ਇੱਕ ਵਾਰ ਫਿਰ ਰੈਪੋ ਦਰ ਵਧਾਉਣ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article