40.6 C
Patiāla
Monday, May 13, 2024

ਜੀ-20 ਦੀ ਪ੍ਰਧਾਨਗੀ ਭਾਰਤ ਸਪੁਰਦ

Must read


ਬਾਲੀ, 16 ਨਵੰਬਰ

ਮੁੱਖ ਅੰਸ਼

  • ਮੋਦੀ ਨੇ ਪ੍ਰਧਾਨਗੀ ਮਿਲਣ ਨੂੰ ਹਰੇਕ ਭਾਰਤੀ ਲਈ ਮਾਣ ਵਾਲੀ ਗੱਲ ਦੱਸਿਆ
  • ਰਸਮੀ ਤੌਰ ’ਤੇ ਪਹਿਲੀ ਦਸੰਬਰ ਤੋਂ ਮਿਲੇਗੀ ਕਮਾਨ
  • ਭਾਰਤ ਸਤੰਬਰ ’ਚ ਕਰੇਗਾ ਦੋ ਰੋਜ਼ਾ ਜੀ-20 ਸੰਮੇਲਨ ਦੀ ਮੇਜ਼ਬਾਨੀ

ਇੰਡੋਨੇਸ਼ੀਆ ਨੇ ਅਗਾਮੀ ਸਾਲ ਲਈ ਜੀ-20 ਦੀ ਪ੍ਰਧਾਨਗੀ ਅੱਜ ਭਾਰਤ ਨੂੰ ਸੌਂਪ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਹਰੇਕ ਭਾਰਤੀ ਲਈ ਮਾਣ ਦੀ ਗੱਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਸੰਮਲਿਤ, ਉਤਸ਼ਾਹਪੂਰਨ, ਫੈਸਲਾਕੁਨ ਤੇ ਕਾਰਵਾਈ ਕਰਨ ਵੱਲ ਕੇਂਦਰਿਤ ਹੋਵੇਗੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਜਿਹੇ ਮੌਕੇ ਜ਼ਿੰਮੇਵਾਰੀ ਸੰਭਾਲ ਰਿਹੈ, ਜਦੋਂ ਕੁੱਲ ਆਲਮ ਭੂ-ਸਿਆਸੀ ਤਣਾਅ, ਆਰਥਿਕ ਮੰਦੀ ਤੇ ਵਧਦੀਆਂ ਊਰਜਾ ਕੀਮਤਾਂ ਨਾਲ ਜੂਝ ਰਿਹੈ। ਚੇਤੇ ਰਹੇ ਕਿ ਭਾਰਤ ਰਸਮੀ ਤੌਰ ’ਤੇ ਪਹਿਲੀ ਦਸੰਬਰ ਤੋਂ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਅਗਲੀ ਜੀ-20 ਸਿਖਰ ਵਾਰਤਾ 9-10 ਸਤੰਬਰ ਨੂੰ ਨਵੀਂ ਦਿੱਲੀ ’ਚ ਹੋਵੇਗੀ। ਸ੍ਰੀ ਮੋਦੀ ਨੇ ਲੰਘੇ ਦਿਨ ਜੀ-20 ਆਗੂਆਂ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਸੀ ਕਿ ਸਮੂਹ ਦੀ ਕਮਾਨ ਭਾਰਤ ਕੋਲ ਆਉਣ ਮੌਕੇ ‘ਪ੍ਰਧਾਨਗੀ’ ਸੰਮਲਿਤ ਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣੇਗੀ।

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਦੋ ਰੋਜ਼ਾ ਜੀ-20 ਸਿਖਰ ਵਾਰਤਾ ਦੀ ਸਮਾਪਤੀ ਮੌਕੇ ਸੰਖੇਪ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸਮੂਹ ਦੀ ਪ੍ਰਧਾਨਗੀ ਸੌਂਪੀ। ਸ੍ਰੀ ਮੋਦੀ ਨੇ ਕਿਹਾ, ‘‘ਸਾਰੇ ਦੇਸ਼ਾਂ ਦੇ ਯਤਨਾਂ ਨਾਲ ਅਸੀਂ ਜੀ-20 ਸਿਖਰ ਵਾਰਤਾ ਨੂੰ ਆਲਮੀ ਭਲਾਈ ਦਾ ਪ੍ਰਮੁੱਖ ਸਰੋਤ ਬਣਾ ਸਕਦੇ ਹਾਂ।’’ ਜੀ-20 ਦੀ ਪ੍ਰਧਾਨਗੀ ਭਾਰਤ ਨੂੰ ਸੌਂਪਣ ਦੇ ਨਾਲ ਹੀ ਦੋ ਰੋਜ਼ਾ ਜੀ-20 ਸਿਖਰ ਵਾਰਤਾ ਸਮਾਪਤ ਹੋ ਗਈ।

ਇੰਡੋਨੇਸ਼ੀਆ ਦੀ ਮੇਜ਼ਬਾਨੀ ਵਿੱਚ ਰਿਜ਼ੌਰਟ ਟਾਪੂ ਬਾਲੀ ’ਚ ਹੋੲੇ ਸਮਾਗਮ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਜੀ-20 ਅਗਲੇ ਸਾਲ ਵਿੱਚ ਨਵੇਂ ਵਿਚਾਰਾਂ ਦੀ ਕਲਪਨਾ ਦੇ ਨਾਲ ਅਤੇ ਸਮੂਹਿਕ ਕਾਰਵਾਈ ਵਿੱਚ ਤੇਜ਼ੀ ਲਿਆਉਣ ਲਈ ‘ਮੋਹਰੇ ਹੋ ਕੇ’ ਕੰਮ ਕਰੇ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਅਜਿਹੇ ਮੌਕੇ ਜੀ-20 ਦਾ ਕੰਮਕਾਜ ਸੰਭਾਲ ਰਿਹਾ ਹੈ, ਜਦੋਂ ਕੁੱਲ ਆਲਮ ਭੂ-ਸਿਆਸੀ ਤਣਾਅ, ਆਰਥਿਕ ਮੰਦੀ, ਵਧਦੀ ਖੁਰਾਕੀ ਤੇ ਊਰਜਾ ਕੀਮਤਾਂ ਦੇ ਨਾਲ ਹੀ ਮਹਾਮਾਰੀ ਦੇ ਲੰਮੇ ਸਮੇਂ ਤੱਕ ਰਹਿਣ ਵਾਲੇ ਮਾੜੇ ਅਸਰਾਂ ਨਾਲ ਜੂਝ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਅਜਿਹੇ ਸਮੇਂ ਵਿਸ਼ਵ, ਜੀ-20 ਵੱਲ ਉਮੀਦ ਨਾਲ ਵੇਖ ਰਿਹਾ ਹੈ। ਅੱਜ ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਭਾਰਤ ਦੀ ਜੀ-20 ਪ੍ਰਧਾਨਗੀ ਸੰਮਲਿਤ, ਉਤਸ਼ਾਹੀ, ਫੈਸਲਾਕੁਨ ਤੇ ਕਾਰਵਾਈ ਕਰਨ ਵੱਲ ਕੇਂਦਰਤ ਹੋਵੇਗੀ।’’ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵੱਲੋਂ ਜੀ-20 ਦੀ ਪ੍ਰਧਾਨਗੀ ਕਰਨਾ, ਹਰੇਕ ਭਾਰਤੀ ਲਈ ਮਾਣ ਵਾਲੀ ਗੱਲ ਹੈ ਅਤੇ ਦੇਸ਼ ਵੱਖ ਵੱਖ ਸ਼ਹਿਰਾਂ ਤੇ ਰਾਜਾਂ ਵਿੱਚ ਜੀ-20 ਦੀਆਂ ਮੀਟਿੰਗਾਂ ਕਰੇਗਾ। ਉਨ੍ਹਾਂ ਕਿਹਾ, ‘‘ਸਾਡੇ ਮਹਿਮਾਨਾਂ ਨੂੰ ਭਾਰਤ ਦੀ ਨਿਵੇਕਲੀ ਵੰਨ-ਸੁਵੰਨਤਾ, ਸੰਮਲਿਤ ਰਵਾਇਤਾਂ ਤੇ ਸਭਿਆਚਾਰਕ ਅਮੀਰੀ ਦਾ ਪੂਰਾ ਤਜਰਬਾ ਮਿਲੇਗਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ‘ਲੋਕਤੰਤਰ ਦੀ ਜਨਨੀ’ ਭਾਰਤ ਵਿੱਚ ਇਸ ਨਿਵੇਕਲੇ ਜਸ਼ਨ ਵਿੱਚ ਸ਼ਾਮਲ ਹੋਵੋ। ਅਸੀਂ ਮਿਲ ਕੇ ਜੀ-20 ਨੂੰ ਆਲਮੀ ਬਦਲਾਅ ਦਾ ਉਤਪ੍ਰੇਰਕ ਬਣਾਵਾਂਗੇ।’’ ਪ੍ਰਧਾਨ ਮੰਤਰੀ ਨੇ ਜੀ-20 ਲਈ ਭਾਰਤ ਦੀਆਂ ਤਰਜੀਹਾਂ ਵੀ ਗਿਣਾਈਆਂ। ਉਨ੍ਹਾਂ ਕਿਹਾ, ‘‘ਕੁਦਰਤੀ ਸਾਧਨਾਂ ’ਤੇ ਮਾਲਕੀ ਦੀ ਭਾਵਨਾ ਅੱਜ ਦੇ ਸਮੇਂ ’ਚ ਲੜਾਈ ਝਗੜਿਆਂ ਨੂੰ ਵਧਾ ਰਹੀ ਹੈ ਤੇ ਵਾਤਾਵਰਨ ਦੀ ਹਾਲਤ ਦਾ ਮੁੱਖ ਕਾਰਨ ਬਣ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਲਈ ਜੀਵਨ-ਸ਼ੈਲੀ ਮੁਹਿੰਮ ਇਸ ਵਿੱਚ ਵੱਡਾ ਯੋਗਦਾਨ ਪਾ ਸਕਦੀ ਹੈ। ਉਧਰ ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਦੱਸਿਆ ਕਿ ਭਾਰਤ ਨੇ ਜੀ-20 ‘ਨਤੀਜਾ ਦਸਤਾਵੇਜ਼’ ਤਿਆਰ ਕਰਨ ਵਿੱਚ ਰਚਨਾਤਮਕ ਭੂਮਿਕਾ ਨਿਭਾਈ ਹੈ। ਜੀ20 ਬਾਲੀ ਐਲਾਨਨਾਮੇ ਵਿੱਚ ਰੂਸ-ਯੂਕਰੇਨ ਜੰਗ ਬਾਰੇ ਵੱਖਰੇਵਿਆਂ ਦੀ ਗੱਲ ਨੂੰ ਸਵੀਕਾਰ ਕਰਦਿਆਂ ਕਿਹਾ ਗਿਆ ਹੈ ਕਿ ਸਮੂਹ ਦੇ ਬਹੁਤੇ ਮੁਲਕਾਂ ਨੇ ਇਸ ਦੀ ਨਿਖੇਧੀ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਡਿਜੀਟਲ ਕਾਇਆਕਲਪ ਨੂੰ ‘ਮਾਨਵ ਜਾਤੀ’ ਦੇ ਛੋਟੇ ਹਿੱਸੇ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ। -ਪੀਟੀਆਈ

ਜੀ-20 ਐਲਾਨਨਾਮੇ ’ਚ ਯੂਕਰੇਨ ਜੰਗ ਫੌਰੀ ਖ਼ਤਮ ਕਰਨ ਦਾ ਸੱਦਾ

ਬਾਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਤੰਬਰ ਮਹੀਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਦੌਰਾਨ ਦਿੱਤੇ ਸੁਨੇਹੇ ਦੀ ਗੂੰਜ ਜੀ-20 ਸਿਖਰ ਵਾਰਤਾ ਦੇ ਬੁੱਧਵਾਰ ਨੂੰ ਜਾਰੀ ਐਲਾਨਨਾਮੇ ਵਿੱਚ ਵੀ ਸੁਣਾਈ ਦਿੱਤੀ। ਐਲਾਨਨਾਮੇ ਵਿੱਚ ਜੀ-20 ਆਗੂਆਂ ਨੇ ਯੂਕਰੇਨ ਜੰਗ ਫੌਰੀ ਖ਼ਤਮ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ‘ਅੱਜ ਦਾ ਦੌਰ, ਜੰਗ ਦਾ ਨਹੀਂ ਹੋਣਾ ਚਾਹੀਦਾ।’’ ਦੋ ਰੋਜ਼ਾ ਸਿਖਰ ਵਾਰਤਾ ਦੇ ਆਖਰੀ ਦਿਨ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਮੈਂਬਰ ਮੁਲਕਾਂ ਨੇ ਯੂਕਰੇਨ ’ਤੇ ਰੂਸ ਦੇ ਹਮਲੇ ਅਤੇ ਕੁੱਲ ਆਲਮ ’ਤੇ ਇਸ ਦੇ ਵਿਆਪਕ ਅਸਰ ਬਾਰੇ ਤਫ਼ਸੀਲ ’ਚ ਚਰਚਾ ਕੀਤੀ। ਮੈਂਬਰਾਂ ਨੇ ਸ਼ਾਂਤੀ, ਦੁਸ਼ਮਣੀ ਖ਼ਤਮ ਕਰਨ ਅਤੇ ਯੂਕਰੇਨ ਜੰਗ ਖ਼ਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾਤ ਜਾਰੀ ਰਹਿਣ ਨਾਲ ਖੁਰਾਕ ਤੇ ਊਰਜਾ ਸੁਰੱਖਿਆ ’ਤੇ ਉਲਟ ਅਸਰ ਪੲੇਗਾ। ਬਿਆਨ ਵਿੱਚ ਕਿਹਾ ਗਿਆ, ‘‘ਟਕਰਾਵਾਂ ਦਾ ਸ਼ਾਂਤੀਪੂਰਨ ਨਿਬੇੜਾ, ਸੰਕਟ ਦੂਰ ਕਰਨ ਲਈ ਕੋਸ਼ਿਸ਼ਾਂ ਦੇ ਨਾਲ ਹੀ ਕੂਟਨੀਤੀ ਤੇ ਸੰਵਾਦ ਅਹਿਮ ਹਨ।’’ ਐਲਾਨਨਾਮੇ ਵਿੱਚ ਕਿਹਾ ਗਿਆ ਕਿ ਜੀ-20 ਮੁਲਕਾਂ ਨੇ ਯੂਕਰੇਨ ਜੰਗ ਨੂੰ ਲੈ ਕੇ ਰੂਸ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਤੇ ਇਹ ਵਿਚਾਰ ਰੱਖਿਆ ਕਿ ਮਾਸਕੋ ਵੱਲੋਂ ‘ਯੂਕਰੇਨ ਖਿਲਾਫ਼ ਵਿੱਢੀ ਗੈਰਕਾਨੂੰਨੀ, ਗੈਰਵਾਜਬ ਤੇ ਬੇਵਜ੍ਹਾ ਜੰਗ, ਆਲਮੀ ਆਰਥਿਕ ਸੁਧਾਰਾਂ ’ਚ ਅੜਿੱਕਾ ਬਣ ਰਹੀ ਹੈ। ਮੈਂਬਰਾਂ ਨੇ ਕਿਹਾ ਕਿ ਸ਼ਾਂਤੀ ਤੇ ਸਥਿਰਤਾ ਦੀ ਰਾਖੀ ਲਈ ਕੌਮਾਂਤਰੀ ਕਾਨੂੰਨ ਤੇ ਬਹੁਪੱਖੀ ਵਿਵਸਥਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ। -ਪੀਟੀਆਈ

ਲੈਵਰੋਵ ਐਲਾਨਨਾਮੇ ਤੋਂ ਅਗਾਊਂ ਰੁਖ਼ਸਤ ਹੋਏ

ਬਾਲੀ: ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਜੀ-20 ਸਿਖਰ ਵਾਰਤਾ ਦੀ ਤਜਵੀਜ਼ਤ ਸਮਾਪਤੀ ਤੋਂ ਪਹਿਲਾਂ ਹੀ ਅੱਜ ਬਾਲੀ ਤੋਂ ਆਪਣੇ ਦੇਸ਼ ਲਈ ਰਵਾਨਾ ਹੋ ਗਏ। ਲੈਵਰੋਵ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਥਾਂ ਜੀ-20 ਵਾਰਤਾ ਲਈ ਇੰਡੋਨੇਸ਼ੀਆ ਪੁੱਜੇ ਸਨ। ਯੂਕਰੇਨੀ ਸਦਰ ਵਲੋਦੀਮੀਰ ਜ਼ੇਲੈਂਸਕੀ ਵੱਲੋਂ ਵਾਰਤਾ ਨੂੰ ਵਰਚੁਅਲੀ ਸੰਬੋਧਨ ਕੀਤੇ ਜਾਣ ਤੋਂ ਕਈ ਘੰਟੇ ਮਗਰੋਂ ਲੈਵਰੋਵ ਨੇ ਘਰ ਵਾਪਸੀ ਲਈ ਉਡਾਣ ਭਰੀ। ਜ਼ੇਲੈਂਸਕੀ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਨੂੰ ਜੀ-19 ਕਹਿ ਕੇ ਸੰਬੋਧਨ ਕੀਤਾ ਸੀ। ਇਸ ਤੋਂ ਪਹਿਲਾਂ ਇਹ ਖ਼ਬਰਾਂ ਵੀ ਆਈਆਂ ਸਨ ਕਿ ਜੀ-20 ਸਿਖਰ ਵਾਰਤਾ ਲਈ ਬਾਲੀ ਪੁੱਜੇ ਲੈਵਰੋਵ ਦੀ ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਮੈਡੀਕਲ ਚੈੱਕਅਪ ਲਈ ਬਾਲੀ ਦੇ ਹਸਪਤਾਲ ਲਿਜਾਇਆ ਗਿਆ ਹੈ। ਰੂਸ ਨੇ ਹਾਲਾਂਕਿ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਸੀ। -ਪੀਟੀਆਈ





News Source link

- Advertisement -

More articles

- Advertisement -

Latest article