27.2 C
Patiāla
Sunday, May 5, 2024

ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਫ਼ਿਰੋਜ਼ਪੁਰ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

Must read


ਸੰਜੀਵ ਹਾਂਡਾ

ਫ਼ਿਰੋਜ਼ਪੁਰ, 11 ਨਵੰਬਰ

ਇਥੋਂ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ਾ ਅਤੇ ਮੋਬਾਈਲ ਫ਼ੋਨ ਸਪਲਾਈ ਕਰਨ ਦੇ ਦੋਸ਼ ਹੇਠ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਥਾਣਾ ਸਿਟੀ ਵਿਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਮੁਖ਼ਬਰ ਪਾਸੋਂ ਇਤਲਾਹ ਮਿਲੀ ਸੀ ਕਿ ਕੇਂਦਰੀ ਜੇਲ੍ਹ ਅੰਦਰ ਤਾਇਨਾਤ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਆਪਣੇ ਜੇਲ੍ਹ ਸਟਾਫ਼ ਨਾਲ ਮਿਲ ਕੇ ਕੈਦੀਆਂ ਤੇ ਹਵਾਲਾਤੀਆਂ ਨੂੰ ਵੱਡੇ ਪੱਧਰ ’ਤੇ ਨਸ਼ਾ ਅਤੇ ਮੋਬਾਈਲ ਫ਼ੋਨ ਮੁਹੱਈਆ ਕਰਵਾਉਂਦਾ ਹੈ। ਉਹ ਬਾਹਰੋਂ ਨਸ਼ਾ ਤਸਕਰਾਂ ਤੋਂ ਨਸ਼ਾ ਲੈ ਕੇ ਖ਼ੁਦ ਜੇਲ੍ਹ ਅੰਦਰ ਸਪਲਾਈ ਕਰਦਾ ਹੈ। ਮੁਖ਼ਬਰ ਨੇ ਪੁਲੀਸ ਨੂੰ ਦੋ ਮੋਬਾਈਲ ਨੰਬਰ ਵੀ ਦੱਸੇ, ਜੋ ਉਸ ਵਕਤ ਜੇਲ੍ਹ ਅੰਦਰ ਐਕਟਿਵ ਸਨ। ਪੁਲੀਸ ਦੇ ਦੱਸਣ ਮੁਤਾਬਕ ਮੁਖ਼ਬਰ ਨੇ ਦੱਸਿਆ ਕਿ ਇਹ ਜੇਲ੍ਹ ਅਧਿਕਾਰੀ ਅਤਿਵਾਦੀਆਂ ਅਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਡਰੋਨ ਰਾਹੀਂ ਜੇਲ੍ਹ ਅੰਦਰ ਨਸ਼ਾ, ਮੋਬਾਈਲ ਤੇ ਹੋਰ ਵਸਤੂਆਂ ਭੇਜਣ ਦੀ ਬਾਜ਼ਿਸ਼ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਕਿ ਧਾਲੀਵਾਲ ਨੇ ਕੁਝ ਦਿਨ ਪਹਿਲਾਂ ਕਥਿਤ ਤੌਰ ’ਤੇ ਮੋਟੀ ਰਕਮ ਲੈ ਕੇ ਪੰਜ ਮੋਬਾਈਲ ਫ਼ੋਨ ਇਸ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਅਤੇ ਅਤਿਵਾਦੀਆਂ ਨੂੰ ਮੁਹੱਈਆ ਕਰਵਾਏ ਸਨ। ਸਾਰੀ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਪੁਲੀਸ ਨੇ ਇਸ ਜੇਲ੍ਹ ਅਧਿਕਾਰੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗਿਰਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ,ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।





News Source link

- Advertisement -

More articles

- Advertisement -

Latest article