36.1 C
Patiāla
Saturday, May 4, 2024

ਟੀ-20 ਵਿਸ਼ਵ ਕੱਪ: ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਸੈਮੀਫਾਈਨਲ ਨੇੜੇ ਪਹੁੰਚਿਆ

Must read


ਐਡੀਲੇਡ, 2 ਨਵੰਬਰ

ਲੈਅ ’ਚ ਪਰਤੇ ਕੇ.ਐੱਲ ਰਾਹੁਲ ਅਤੇ ਵਿਰਾਟ ਕੋਹਲੀ ਦੇ ਨੀਮ ਸੈਂਕੜਿਆਂ ਤੇ ਮੀਂਹ ਦੀ ਮਦਦ ਨਾਲ ਭਾਰਤ ਨੇ ਅੱਜ ਰੋਮਾਂਚਕ ਮੈਚ ਵਿੱਚ ਬੰਗਲਾਦੇਸ਼ ਨੂੰ ਡਕਵਰਥ ਲੁਈਸ ਵਿਧੀ (ਡੀਆਰਐੱਸ) ਨਾਲ ਪੰਜ ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਲਗਪਗ ਪੱਕੀ ਕਰ ਲਈ ਹੈ। ਭਾਰਤ ਦਾ ਗਰੁੱਪ ਵਿੱਚ ਆਖਰੀ ਮੁਕਾਬਲਾ ਜ਼ਿੰਬਾਬਵੇ ਨਾਲ ਐਤਵਾਰ ਨੂੰ ਹੋਵੇਗਾ। ਉਧਰ ਨੈਦਰਲੈਂਡਜ਼ ਨੇ ਜ਼ਿੰਬਾਬਵੇ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ 19.2 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ ਸਿਰਫ 117 ਦੌੜਾਂ ਹੀ ਬਣਾ ਸਕੀ। ਨੈਦਰਲੈਂਡਜ਼ ਨੇ ਇਹ ਟੀਚਾ 18 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 120 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇਸ ਨਾਲ ਜ਼ਿੰਬਾਬਵੇ ਦੀਆਂ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ।

ਜਿੱਤ ਲਈ 185 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਬੰਗਲਾਦੇਸ਼ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਸੱਤ ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 66 ਦੌੜਾਂ ਬਣਾ ਲਈਆਂ ਸਨ। ਲਿਟਨ ਦਾਸ 27 ਗੇਂਦਾਂ ’ਤੇ 60 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਵੱਲ ਲਿਜਾਂਦਾ ਨਜ਼ਰ ਆ ਰਿਹਾ ਸੀ ਪਰ ਮੀਂਹ ਕਾਰਨ ਮੈਚ ਰੋਕਣਾ ਪਿਆ। ਜਦੋਂ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਬੰਗਲਾਦੇਸ਼ ਨੂੰ ਡੀਆਰਐੱਸ ਤਹਿਤ 16 ਓਵਰਾਂ ਵਿੱਚ 151 ਦੌੜਾਂ ਦਾ ਟੀਚਾ ਮਿਲਿਆ ਪਰ ਬੰਗਲਾਦੇਸ਼ ਦੀ ਟੀਮ ਛੇ ਵਿਕਟਾਂ ’ਤੇ 145 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਭਾਰਤ ਨੇ ‘ਪਲੇਅਰ ਆਫ ਦਿ ਮੈਚ’ ਕੋਹਲੀ ਦੀਆਂ 44 ਗੇਂਦਾਂ ’ਤੇ ਅਜੇਤੂ 64 ਦੌੜਾਂ ਅਤੇ ਰਾਹੁਲ ਦੇ ਨੀਮ ਸੈਂਕੜੇ ਦੀ ਬਦੌਲਤ ਛੇ ਵਿਕਟਾਂ ਦੇ ਨੁਕਸਾਨ ’ਤੇ 184 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਅਰਸ਼ਦੀਪ ਸਿੰਘ ਤੇ ਹਾਰਦਿਕ ਪਾਂਡਿਆ ਨੇ ਦੋ-ਦੋ ਅਤੇ ਮੁਹੰਮਦ ਸ਼ਮੀ ਨੇ ਇੱਕ ਵਿਕਟ  ਲਈ। ਭਾਰਤ ਦੇ ਹੁਣ ਚਾਰ ਮੈਚਾਂ ਵਿੱਚ  ਛੇ ਅੰਕ ਹਨ। -ਪੀਟੀਆਈ

ਟੀ-20: ਸੂਰਿਆਕੁਮਾਰ ਵਿਸ਼ਵ ਦਾ ਨੰਬਰ ਇੱਕ ਬੱਲੇਬਾਜ਼ ਬਣਿਆ

ਦੁਬਈ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਹਾਲ ਹੀ ਵਿੱਚ ਆਪਣੀ ਸ਼ਾਨਦਾਰ ਲੈਅ ਦੀ ਬਦੌਲਤ ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਅੱਜ ਜਾਰੀ ਕੀਤੀ ਗਈ ਤਾਜ਼ਾ ਟੀ-20 ਦਰਜਾਬੰਦੀ ਵਿੱਚ ਦੁਨੀਆ ਦਾ ਪਹਿਲੇ ਦਰਜੇ ਦਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਪਛਾੜ ਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਵਿਰਾਟ ਕੋਹਲੀ ਤੋਂ ਬਾਅਦ ਟੀ-20 ਦਰਜਾਬੰਦੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲਾ ਉਹ ਸਿਰਫ਼ ਦੂਜਾ ਭਾਰਤੀ ਬੱਲੇਬਾਜ਼ ਹੈ। ਯਾਦਵ ਦੇ 863 ਅਤੇ ਰਿਜ਼ਵਾਨ ਦੇ 842 ਅੰਕ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਦਾ ਡੇਵੋਨ ਕਾਨਵੇਅ 792 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। -ਪੀਟੀਆਈ





News Source link

- Advertisement -

More articles

- Advertisement -

Latest article