37.2 C
Patiāla
Sunday, May 5, 2024

ਕਵੀ ਡਾ. ਸੁਰਿੰਦਰ ਧੰਜਲ ਨਾਲ ਯਾਦਗਾਰੀ ਮਿਲਣੀ

Must read


ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੇ ਵਿਸ਼ੇਸ਼ ਸੱਦੇ ’ਤੇ ਪਹੁੰਚੇ ਪਾਸ਼ ਟਰੱਸਟ ਮੈਮੋਰੀਅਲ ਇੰਟਰਨੈਸ਼ਨਲ ਦੇ ਕਨਵੀਨਰ, ਉੱਘੇ ਕਵੀ ਅਤੇ ਚਿੰਤਕ ਡਾ. ਸੁਰਿੰਦਰ ਧੰਜਲ ਕੈਲਗਰੀ ਨਿਵਾਸੀਆਂ ਦੇ ਰੂਬਰੂ ਹੋਏ। ਇਸ

ਇਕੱਤਰਤਾ ਦੀ ਪ੍ਰਧਾਨਗੀ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਡਾ. ਸੁਰਿੰਦਰ ਧੰਜਲ, ਸੁਰਿੰਦਰ ਜੀਤ ਸਿੰਘ ਪਲਾਹਾ ਅਤੇ ਰਿਸ਼ੀ ਨਾਗਰ ਨੇ ਕੀਤੀ। ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਵਾਗਤੀ ਸ਼ਬਦਾਂ ਮਗਰੋਂ ਡਾ. ਧੰਜਲ ਦੀ ਬੜੇ ਹੀ ਸੁਚੱਜੇ ਸ਼ਬਦਾਂ ਵਿੱਚ ਜਾਣ ਪਹਿਚਾਣ ਕਰਵਾਉਂਦੇ ਹੋਏ ਦੱਸਿਆ ਕਿ ਕਾਲਜ ਦੇ ਦਿਨਾਂ ਵਿੱਚ ਵੀ ਡਾ. ਧੰਜਲ ਬਹੁਤ ਹੋਣਹਾਰ ਵਿਦਿਆਰਥੀ ਸਨ। ਵੱਡਾ ਸੁਪਨਾ ਲੈ ਕੇ ਸੁਰਿੰਦਰ ਧੰਜਲ ਕਿਸ ਤਰ੍ਹਾਂ ਕੰਪਿਊਟਰ ਸਾਇੰਸ ਵਿੱਚ ਡਾਕਟਰੇਟ ਕਰਨ ਦੇ ਨਾਲ ਨਾਲ ਆਪਣੀ ਮਾਤ-ਭਾਸ਼ਾ ਪੰਜਾਬੀ ਵਿੱਚ ਪੀਐੱਚ ਡੀ ਤੱਕ ਅੱਪੜੇ। ਉਨ੍ਹਾਂ ਦੇ ਸਿਰੜ ਅਤੇ ਮਿਹਨਤ ਸਦਕਾ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਨੇ ਉਨ੍ਹਾਂ ਨੂੰ ਅਧਿਆਪਕ ਦੇ ਤੌਰ ’ਤੇ ਉੱਚ ਪੱਧਰੀ ਪਦਵੀਆਂ ਨਾਲ ਨਿਵਾਜਿਆ। ਡਾ. ਸੁਰਿੰਦਰ ਧੰਜਲ ਨੇ ਸੰਘਰਸ਼, ਸਾਹਿਤ, ਪੱਤਰਕਾਰੀ, ਨਾਟਕ ਅਤੇ ਲੋਕ ਲਹਿਰਾਂ ਦੇ ਖੇਤਰ ਵਿੱਚ ਜੋ ਮੱਲਾਂ ਮਾਰੀਆਂ, ਉਸ ਦੀ ਉਦਾਹਰਨ ਉਹ ਆਪ ਹਨ। ਉਹ ਅੱਜ ਵੀ ਸ਼ਹੀਦਾਂ ਦੀ ਜਗਾਈ ਮਸ਼ਾਲ ਦੀ ਰੌਸ਼ਨੀ ਨੂੰ ਆਪਣੀ ਕਲਮ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਹੀ ਸਲਾਮਤ ਪੁੱਜਦਾ ਕਰ ਰਹੇ ਹਨ। ਉਹ ਪਾਸ਼ ਯਾਦਗਾਰੀ ਟਰੱਸਟ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਕ੍ਰਾਂਤੀਕਾਰੀ ਕਵੀ ਪਾਸ਼ ਦੀਆਂ ਰਚਨਾਵਾਂ ਨੂੰ ਲੋਕਾਂ ਤੱਕ ਅੱਪੜਦਾ ਕਰਕੇ ਕ੍ਰਾਂਤੀਕਾਰੀ, ਉਸਾਰੂ ਅਤੇ ਅਗਾਂਹਵਧੂ ਸਾਹਿਤ ਦੀ ਨੌਜਵਾਨਾਂ ਦੇ ਹਿਰਦਿਆਂ ਵਿੱਚ ਚਿਣਗ ਬਾਲਣ ਦਾ ਵਡਮੁੱਲਾ ਕਾਰਜ ਨਿਭਾ ਰਹੇ ਹਨ।

ਡਾ. ਸੁਰਿੰਦਰ ਧੰਜਲ ਨੇ ਆਪਣੇ ਭਾਸ਼ਣ ਵਿੱਚ ਪਾਸ਼ ਦੀਆਂ ਲਿਖਤਾਂ ਦਾ ਵੀ ਜ਼ਿਕਰ ਕੀਤਾ। ਪਾਸ਼ ਦੀਆਂ ਕਵਿਤਾਵਾਂ ਦੇ ਨਾਲ ਨਾਲ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਦੀ ਵੀ ਸਰੋਤਿਆਂ ਨਾਲ ਸਾਂਝ ਪਾਈ। ‘ਕਵਿਤਾ ਦੀ ਲਾਟ’ ਪੁਸਤਕ ਵਿੱਚੋਂ ਕੁਝ ਚੋਣਵੀਆਂ ਕਵਿਤਾਵਾਂ -ਭਾਬੀ ਅਤੇ ਗੁਆਂਢੀਆਂ ਦਾ ਮੁੰਡਾ, ਭਟਕਦੇ ਬੋਲ, ਦੀਵੇ ਜਗਦੇ ਰਹਿਣਗੇ ਅਤੇ ਕਿਸਾਨ ਅੰਦੋਲਨ ਬਾਰੇ ਪਿੰਡ ਦੇ ਖੇਤਾਂ ਵਿੱਚ ਬੈਠ ਕੇ ਲਿਖੀ ਕਵਿਤਾ, ‘ਅਸੀਂ ਝੂਠ ਦੇ ਦਰਾਂ ’ਤੇ ਖੜ੍ਹ ਕੇ ਸੱਚ ਦਾ ਸਵਾਲ ਬਣ ਗਏ’ ਸੁਣਾਈ।

ਕਿਸਾਨ ਅੰਦੋਲਨ ਨੂੰ ਸਮਰਪਿਤ ਇਹ ਕਵਿਤਾ ਡਾ. ਧੰਜਲ ਦੀ ਕਾਵਿ-ਕਲਾ ਦੀ ਉੱਤਮ ਪੇਸ਼ਕਾਰੀ ਹੋ ਨਿੱਬੜੀ।

ਇਸ ਸਮੇਂ ਆਪਣੇ ਸਾਹਮਣੇ ਬੈਠੇ ਲੋਕ ਲਹਿਰ ਦੇ ਜੁਝਾਰੂ ਸਾਥੀ ਇਕਬਾਲ ਖਾਨ ਦੇ ਸੰਘਰਸ਼ ਬਾਰੇ ਕੁਝ ਗੁੱਝੇ ਭੇਤਾਂ ਦਾ ਵੀ ਜ਼ਿਕਰ ਕੀਤਾ। ਇਸ ਤੋਂ ਇਲਾਵਾ ਤਰਲੋਚਨ ਸੈਂਬੀ ਅਤੇ ਸੁਖਵਿੰਦਰ ਤੂਰ ਨੇ ਆਪਣੀਆਂ ਆਵਾਜ਼ਾਂ ਵਿੱਚ ਗੀਤ ਗਾ ਕੇ ਸੰਗੀਤਕ ਮਾਹੌਲ ਸਿਰਜ ਦਿੱਤਾ।

ਜਗਦੇਵ ਸਿੰਘ ਸਿੱਧੂ, ਡਾ. ਰਾਜਵੰਤ ਕੌਰ ਮਾਨ ਅਤੇ ਸੁਰਿੰਦਰ ਗੀਤ ਨੇ ਡਾ. ਸੁਰਿੰਦਰ ਧੰਜਲ ਦੀ ਸਮੁੱਚੀ ਸ਼ਖ਼ਸੀਅਤ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਜਗਦੇਵ ਸਿੱਧੂ ਨੇ ਡਾ. ਧੰਜਲ ਨਾਲ ਆਪਣੇ ਕਾਲਜ ਵੇਲੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸੁਰਿੰਦਰ ਗੀਤ ਨੇ ਕਿਹਾ ਕਿ ਡਾ. ਧੰਜਲ ਦੇ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹ ਵੱਡੀ ਤੋਂ ਵੱਡੀ ਕ੍ਰਾਂਤੀਕਾਰੀ ਗੱਲ ਸਹਿਜ ਸੁਭਾਅ ਹੀ ਆਖ ਜਾਂਦੇ ਹਨ। ਇਸ ਤੋਂ ਇਲਾਵਾ ਸੁਰਿੰਦਰ ਗੀਤ ਨੇ ਆਪਣੀ ਦੂਸਰੀ ਕਾਵਿ ਪੁਸਤਕ ‘ਸੁਣ ਨੀਂ ਜਿੰਦੇ’ ਦਾ ਮੁੱਖ ਬੰਦ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੀ ਕਵਿਤਾ ਨੂੰ ‘ਮਾਸੂਮੀਅਤ ਦਾ ਗੀਤ’ ਨਾਮ ਦਿੱਤਾ। ਸੁਰਿੰਦਰ ਗੀਤ ਨੇ ਆਪਣੀਆਂ ਕੁਝ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਇਸ ਸਮੇਂ ਪੰਜਾਬੀ ਸਾਹਿਤ ਸਭਾ ਤੋਂ ਇਲਾਵਾ ਪੰਜਾਬੀ ਲਿਖਾਰੀ ਸਭਾ, ਅਰਪਨ ਲਿਖਾਰੀ ਸਭਾ ਅਤੇ ਰਾਈਟਰਜ਼ ਫੋਰਮ ਦੇ ਮੈਂਬਰ ਵੀ ਹਾਜ਼ਰ ਸਨ।

ਅੰਤ ਵਿੱਚ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਡਾ. ਸੁਰਿੰਦਰ ਧੰਜਲ ਨੂੰ ਉਨ੍ਹਾਂ ਦੇ ਪੰਜਾਬੀ ਸਾਹਿਤ, ਕਵਿਤਾ ਅਤੇ ਰੰਗ-ਮੰਚ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ਅਤੇ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਏਸੇ ਤਰ੍ਹਾਂ ਸੱਦੇ ਕਬੂਲ ਕਰਦੇ ਰਹਿਣਗੇ।

ਸਰੋਤਿਆਂ ਨੇ ਬਹੁਤ ਹੀ ਸ਼ਿੱਦਤ ਅਤੇ ਪਿਆਰ ਨਾਲ ਡਾ. ਸੁਰਿੰਦਰ ਧੰਜਲ ਦੀ ਕਵਿਤਾ ਅਤੇ ਵਿਚਾਰਾਂ ਦਾ ਆਨੰਦ ਮਾਣਿਆ ਅਤੇ ਇਹ ਮਿਲਣੀ ਲੰਬੇ ਸਮੇਂ ਤੱਕ ਕੈਲਗਰੀ ਨਿਵਾਸੀਆਂ ਦੇ ਚੇਤਿਆਂ ਵਿੱਚ ਸਮਾਈ ਰਹੇਗੀ।

ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਬਿਹਤਰੀਨ ਢੰਗ ਨਾਲ ਨਿਭਾਇਆ। ਅੰਤ ਵਿੱਚ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਸਭ ਦਾ ਧੰਨਵਾਦ ਕੀਤਾ ਅਤੇ 13 ਨਵੰਬਰ ਨੂੰ ਹੋਣ ਵਾਲੀ ਇਕੱਤਰਤਾ ਬਾਰੇ ਜਾਣਕਾਰੀ ਦਿੱਤੀ।



News Source link
#ਕਵ #ਡ #ਸਰਦਰ #ਧਜਲ #ਨਲ #ਯਦਗਰ #ਮਲਣ

- Advertisement -

More articles

- Advertisement -

Latest article