22.1 C
Patiāla
Tuesday, April 30, 2024

ਪਰਵਾਸੀ ਕਾਵਿ

Must read


ਮਲਕੀਤ ਸਿੰਘ ਕਲੇਰ

ਬਦਲਾਅ

ਦੇਸ਼ ਬਦਲਦਾ ਜਾ ਰਿਹਾ, ਸਰਕਾਰਾਂ ਬਦਲ ਰਹੀਆਂ ਨੇ

ਗੱਭਰੂ ਬਦਲੀ ਜਾ ਰਹੇ, ਮੁਟਿਆਰਾਂ ਬਦਲ ਰਹੀਆਂ ਨੇ

ਮੈਂ ਪੈਸੇ ਦੇ ਨਾਲ ਵੇਖਿਆ, ਖਿਡਾਰੀ ਵਿਕਣ ਲੱਗ ਪਏ

ਟੀਮਾਂ ਜਿੱਤਣ ਵਾਲੀਆਂ ਵਿੱਚ ਹਾਰਾਂ ਬਦਲ ਰਹੀਆਂ ਨੇ

ਕੌਮ ਦੀਆਂ ਜੜਾਂ ਨੂੰ ਤਾਂ ਆਗੂ ਹਿਲਾਈ ਜਾ ਰਹੇ

ਦੁਨੀਆ ਦੇ ਨਕਸ਼ ‘ਤੇ ਨੁਹਾਰਾਂ ਬਦਲ ਰਹੀਆਂ ਨੇ

ਗਰੀਬ ਸਾਈਕਲ ਵੇਚ ਕੇ, ਪੈਦਲ ਮੁੜ ਹੋ ਗਿਆ

‘ਮਲਕੀਤ’ ਪਰ ਅਮੀਰ ਦੀਆਂ, ਨਿੱਤ ਕਾਰਾਂ ਬਦਲ ਰਹੀਆਂ ਨੇ
ਸੰਪਰਕ: +14375339433


ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਮੋਬਾਈਲ

ਨਾ ਮਾਂ-ਪਿਉ ਨਾ ਧੀਆਂ-ਪੁੱਤਰ, ਨਾ ਹੀ ਭੈਣ ਤੇ ਭਾਈ।

ਸਾਰੇ ਹੀ ਰਿਸ਼ਤੇ-ਨਾਤੇ ਝੂਠੇ, ਬਸ ਮੋਬਾਈਲ ਸਹਾਈ।

ਨਾ ਪਤੀ ਨਾ ਪਤਨੀ ਦਿਸਦੀ, ਨਾ ਜੀਜਾ ਨਾ ਸਾਲੀ।

ਨਾ ਹੀ ਕੰਮਕਾਰ ਕੋਈ ਦਿਸਦਾ, ਨਾ ਰੋਟੀ ਦੀ ਥਾਲੀ।

ਨਾ ਮਾਸੀ ਨਾ ਮਾਮਾ ਭਣੇਵਾਂ, ਨਾ ਹੀ ਭਤੀਜਾ ਚਾਚਾ।

ਨਾ ਤਾਈ ਤਾਇਆ ਅਤੇ ਫੁੱਫੜ, ਸਭ ਹੀ ਤੋਲਾ ਮਾਸਾ।

ਨਾ ਸੱਸ-ਸਹੁਰਾ ਦਿਸਦੇ, ਨਾ ਸਹੁਰੇ ਨੂੰ ਦਿਸੇ ਜਵਾਈ।

ਸਾਰੇ ਹੀ ਰਿਸ਼ਤੇ-ਨਾਤੇ ਝੂਠੇ, ਬਸ ਮੋਬਾਈਲ ਸਹਾਈ।

ਮੱਤ ਮੋਬਾਈਲ ਨੇ ਮਾਰੀ ਸਭਦੀ, ਮੇਰੀ ਵੀ ਮੱਤ ਮਾਰੀ।

ਕੋਰਾ ਸੱਚ ਮੋਬਾਈਲ ਨੇ ਕਬਜ਼ੇ, ਕੀਤੀ ਦੁਨੀਆ ਸਾਰੀ।

ਇੱਕ ਖ਼ੂਬੀ ਹੈ ਵੱਡੀ ਇਸਦੀ, ਜਿਸਨੇ ਜੱਗ ਮਿਲਾਇਆ।

ਮੇਰੇ ਵਰਗੇ ਲੱਖਾਂ ਦਾ ਨਾਂ, ਦੁਨੀਆ ‘ਤੇ ਚਮਕਾਇਆ।

ਕਰੀਏ ਸਦਾ ਹੀ ਵਰਤੋਂ ਲੇਕਿਨ, ਰਿਸ਼ਤੇ ਗੂੜ੍ਹੇ ਕਰੀਏ।

ਨਾਲ ਜੱਗ ਦੇ ਜੁੜ ਕੇ, ਯਾਰਾਂ ਨਾਲ ਕਦੇ ਨਾ ਲੜੀਏ।

ਚੰਗੇ ਕੰਮ ਮੋਬਾਈਲ ਦੇ ਜਿਹੜੇ, ਓਹੋ ਹੀ ਅਪਣਾਈਏ।

ਜਿਸ ਕੰਮੋਂ ਦੁੱਖ ਕਿਸੇ ਨੂੰ ਹੋਵੇ, ਉਸਦੇ ਨੇੜ ਨਾ ਜਾਈਏ।

ਸੱਚਾ ਹੋਊ ਹਮਾਇਤੀ ਰੱਬੀ ਦਰ, ਤੇ ਆਪਣੇ ਘਰ ਦਾ।

‘ਲੱਖੇ’ ਸਲੇਮਪੁਰੀ ਜੋ ਸੱਚੜੀ, ਗੱਲ ਦੀ ਹਾਮੀ ਭਰਦਾ।

ਨਾ ਭੁੱਲੋ ਸਭ ਭੈਣਾਂ ਸਾਡੀਆਂ, ਅਸੀਂ ਹਾਂ ਸਭ ਦੇ ਭਾਈ।

ਸਾਰੇ ਹੀ ਰਿਸ਼ਤੇ-ਨਾਤੇ ਝੂਠੇ, ਬਸ ਮੋਬਾਈਲ ਸਹਾਈ।
ਸੰਪਰਕ: +447438398345

***

ਗ਼ਜ਼ਲ

ਜਿੱਡੀ ਹੋਵੇ ਚਾਦਰ, ਓਨੇ ਪੈਰ ਪਸਾਰੋ

ਨਿਰਬਲ ਹੋ ਤਾਂ, ਹਾਥੀ ਤਾਈਂ ਨਾ ਲਲਕਾਰੋ।

ਦੂਜੇ ਦੀ ਔਕਾਤ ਨੂੰ, ਪਰਖ਼ਣ ਨਾਲੋਂ ਪਹਿਲਾਂ

ਖ਼ੁਦ ਦੀ ਕੀ ਔਕਾਤ ਹੈ, ਇਹ ਵੀ ਜ਼ਰਾ ਵਿਚਾਰੋ।

ਪੱਲੇ ਨਈ ਜੇ ਧੇਲਾ, ਸ਼ਾਹੂਕਾਰ ਨਾ ਬਣੀਏ

ਰੁੱਖੀ ਮਿੱਸੀ ਖਾ ਕੇ, ਆਪਣਾ ਸਮਾਂ ਗੁਜ਼ਾਰੋ।

ਖੋਟਾਂ ਹੈ ਜੇ ਅੰਦਰ ਤਾਂ, ਸਿੱਖਿਆ ਨਾ ਦੇਵੋ

ਕਹੋ ਕਿਸੇ ਨੂੰ ਪਿੱਛੋਂ, ਪਹਿਲਾਂ ਆਪ ਸੁਧਾਰੋ।

ਗੁਣ ਦੂਜੇ ਦੇ ਧਾਰੋ, ਜੇਕਰ ਚੰਗਾ ਬਣਨਾ

ਆਪਣੀ ਬੁਰਿਆਈ ਨੂੰ, ਯਾਰੋ ਆਪ ਨਕਾਰੋ।

ਲੱਖਿਆ ਪਿੱਛੇ ਲੱਗ ਕੇ ਗੈਰ ਭਾਸ਼ਾਵਾਂ ਦੇ

ਮਾਂ ਬੋਲੀ ਪੰਜਾਬੀ ਕਦੇ ਨਾ ਮਨੋ ਵਿਸਾਰੋ।


ਕਵਿੰਦਰ ‘ਚਾਂਦ’

ਪੰਜਾਬ ਦਾ ਪਾਣੀ

ਬਦਲਦਾ ਜਾ ਰਿਹੈ ਮੌਸਮ

ਬਦਲਦਾ ਹੈ ਹਵਾ ਪਾਣੀ

ਹੈ ਕਿੱਧਰ ਜਾ ਰਿਹਾ

ਪੰਜਾਬ ‘ਚੋਂ ਪੰਜਾਬ ਦਾ ਪਾਣੀ

ਸੁਣਾਇਆ ਕਰਨਗੇ ਬਾਤਾਂ

ਵਡੇਰੇ ਬਹਿ ਬਰੇਤੇ ‘ਤੇ

ਕਦੇ ਸੀ ਦੇਖਿਆ ਸਤਲੁਜ

‘ਚ ਜਿਹਨਾ ਸ਼ੂਕਦਾ ਪਾਣੀ

ਝਨਾਂ ਨੇ ਪੁੱਛਿਆ ਰਾਵੀ ਤੋਂ

ਭੈਣੇਂ ਦੱਸ ਸਤਲੁਜ ਦਾ

ਉਹਦੀ ਛਾਤੀ ‘ਤੇ ਸੁੱਕੀ ਰੇਤ ਹੈ

ਕਿ ਪੇਤਲਾ ਪਾਣੀ

ਤਰੇੜਾਂ ਪਾਟੀਆਂ ਨੇ ਧਰਤ

ਮਾਂ ਦੀ ਹਿੱਕ ਦੇ ਉੱਤੇ

ਨਮੋਹਿਆ ਛੱਡਦਾ ਹੈ ਜਾ

ਰਿਹਾ ਸਾਨੂੰ ਪਿਤਾ ਪਾਣੀ

ਜਦੋਂ ਡੁੱਬਣ ਦੀ ਵਾਰੀ ਸੀ

ਤਾਂ ਕੋਈ ਨਾਲ ਨਾ ਡੁੱਬਾ

ਅਸਾਡੇ ਸੋਕਿਆਂ ਵੇਲੇ

ਸ਼ਰੀਕਾਂ ਵੰਡਿਆ ਪਾਣੀ

ਜੇ ਪਾਣੀ ਮੁੱਕਿਆ ਤਾਂ ਲੋਕ

ਫਿਰ ਹਥਿਆਰ ਚੁੱਕਣਗੇ

ਕਿਉਂਕਿ ਜ਼ਿੰਦਗੀ ਤੇ ਮੌਤ

ਵਿਚਲਾ ਫ਼ਾਸਲਾ ਪਾਣੀ


ਸੁਖਚੈਨ ਸਿੰਘ, ਠੱਠੀ ਭਾਈ

ਹਉਮੈਂ

ਹੱਸ ਕੱਟ ਯਾਰਾਂ ਦਿਨ ਜ਼ਿੰਦਗੀ ਦੇ ਚਾਰ

ਪਤਾ ਨ੍ਹੀਂ ਜਾਣਾ ਕਦ ਭੌਰ ‘ਡਾਰੀ ਮਾਰ

ਫੇਰ ਜੱਗ ‘ਤੇ ਨ੍ਹੀਂ ਆਉਣਾ ਸੋਚ ਵਿਚਾਰ

ਹਉਮੈਂ ਈਰਖਾ ਤੇ ਗੁੱਸਾ ਮਨ ‘ਚੋਂ ਨਕਾਰ।

ਮਾਇਆ ਨਾਲ ਨਾ ਜਾਣੀ ਖਸਮਾਂ ਨੂੰ ਖਾਣੀ

ਖਾਲੀ ਆਏ ਖਾਲੀ ਜਾਣਾ ਰੀਤ ਹੈ ਪੁਰਾਣੀ

ਏਥੇ ਹੀ ਰਹਿ ਜਾਣਾ ਦੇਣਾ ਲੈਣਾ ਉਧਾਰ

ਹਉਮੈਂ ਈਰਖਾ ਤੇ ਗੁੱਸਾ ਮਨ ‘ਚੋਂ ਨਕਾਰ।

ਮਿਹਨਤ ਨਾਲ ਕਰ ਬੰਦਿਆਂ ਕਮਾਈ

ਧੰਦੇ ਦੋ ਨੰਬਰ ਦੇ ਛੱਡ ਵਹਿਮ ਮਨੋਂ ਕੱਢ

ਮਾਰੀ ਜਾਵੇ ਜੀਵ ਜੰਤੂ ਨਾਲ ਹਥਿਆਰ

ਹਉਮੈਂ ਈਰਖਾ ਤੇ ਗੁੱਸਾ ਮਨ ‘ਚੋਂ ਨਕਾਰ।

ਧਰਮਾਂ ਜਾਤਾਂ ਦੇ ਨਾਂ ‘ਤੇ ਲੜਾਈ ਛੱਡਦੇ

ਇਹ ਕੂੜ ਪਸਾਰੇ ਵਾਲਾ ਜੂੜ ਵੱਢਦੇ

‘ਸੁਖਚੈਨ’ ਮੌਤ ਰਕਾਨ ਅੱਗੇ ਜਾਣਾ ਹਾਰ

ਹਉਮੈਂ ਈਰਖਾ ਤੇ ਗੁੱਸਾ ਮਨ ‘ਚੋਂ ਨਕਾਰ।
ਸੰਪਰਕ: 00971527632924



News Source link
#ਪਰਵਸ #ਕਵ

- Advertisement -

More articles

- Advertisement -

Latest article