25.1 C
Patiāla
Friday, May 3, 2024

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣਨ ਬਾਰੇ ਜਾਰੀ ਨੋਟੀਫਿਕੇਸ਼ਨ ਰੱਦ ਕੀਤਾ

Must read


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 29 ਅਕਤੂਬਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣਨ ਲਈ ਹਰਿਆਣਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਸ਼੍ਰੋਮਣੀ ਕਮੇਟੀ ਨੇ ਮੁੱਢੋਂ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਕੀਤਾ। ਉਹ ਪਾਕਿਸਤਾਨ ਵਿਖੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਸ਼ਹੀਦੀ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹਨ। ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਨੋਟੀਫਿਕੇਸ਼ਨ ਰਾਹੀਂ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਆਪਣੀ ਮਨਸ਼ਾ ਸਪਸ਼ਟ ਕਰ ਦਿੱਤੀ ਹੈ। ਨੋਟੀਫਿਕੇਸ਼ਨ ਨਾਲ ਸ਼੍ਰੋਮਣੀ ਕਮੇਟੀ ਦਾ ਉਹ ਖਦਸ਼ਾ ਵੀ ਸੱਚ ਸਾਬਤ ਹੋਇਆ, ਜਿਸ ਬਾਰੇ ਹਰਿਆਣਾ ਦੇ ਸਿੱਖਾਂ ਨੂੰ ਸੁਚੇਤ ਕੀਤਾ ਸੀ ਕਿ ਸਰਕਾਰਾਂ ਸਿੱਖ ਧਰਮ ਵਿੱਚ ਦਖ਼ਲਅੰਦਾਜ਼ੀ ਕਰ ਰਹੀਆਂ ਹਨ ਅਤੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀਆਂ ਹਨ। ਨੋਟੀਫਿਕੇਸ਼ਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਹਰਿਆਣਾ ਕਮੇਟੀ ਦੇ ਮੈਂਬਰ ਸੰਗਤ ਵੱਲੋਂ ਨਹੀਂ ਚੁਣੇ ਜਾਣਗੇ, ਸਗੋਂ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਣਗੇ ਅਤੇ ਇਨ੍ਹਾਂ ਦਾ ਸਰਪ੍ਰਸਤ ਵੀ ਸਰਕਾਰ ਵੱਲੋਂ ਨਾਮਜ਼ਦ ਹੋਵੇਗਾ। ਇਹ ਐਡਹਾਕ ਕਮੇਟੀ 18 ਮਹੀਨਿਆਂ ਲਈ ਹੋਵੇਗੀ, ਜੇਕਰ ਨਿਰਧਾਰਤ ਸਮੇਂ ਤੇ ਚੋਣ ਨਹੀਂ ਹੁੰਦੀ ਤਾਂ ਅਗਲੇ 18 ਮਹੀਨੇ ਲਈ ਮੁੜ ਸਰਕਾਰ ਵੱਲੋਂ ਹੀ ਕਮੇਟੀ ਨਾਮਜ਼ਦ ਕੀਤੀ ਜਾਵੇਗੀ। ਐਡਹਾਕ ਕਮੇਟੀ ਵਿਚ 41 ਮੈਂਬਰ ਹੋਣਗੇ। ਇੰਝ ਤਿੰਨ ਸਾਲਾਂ ਲਈ ਗੁਰਦੁਆਰਿਆਂ ਦਾ ਪ੍ਰਬੰਧ ਸਰਕਾਰ ਦੇ ਹੱਥ ਵਿਚ ਹੋਵੇਗਾ। ਕਮੇਟੀ ਦਾ ਸਰਪ੍ਰਸਤ ਨਾਮਜ਼ਦ ਕੀਤੇ ਜਾਣ ਦੀ ਪ੍ਰਕਿਰਿਆ ਬਾਰੇ ਉਨ੍ਹਾਂ ਸਖ਼ਤ ਇਤਰਾਜ਼ ਕਰਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਸਿੱਖਾਂ ਦੀ ਸਰਪ੍ਰਸਤੀ ਗੁਰੂ ਗ੍ਰੰਥ ਸਾਹਿਬ ਜਾਂ ਅਕਾਲ ਤਖ਼ਤ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਹਰਿਆਣਾ ਦੇ ਸਿੱਖ ਆਗੂਆਂ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਤੇ ਹੋਰਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀ ਮਨਸ਼ਾ ਨੂੰ ਸਮਝਣ। ਜੇਕਰ ਹੁਣ ਵੀ ਨਾ ਸਮਝੇ ਤਾਂ ਬਾਅਦ ਵਿੱਚ ਪਛਤਾਉਣਾ ਪਵੇਗਾ ਅਤੇ ਬਾਅਦ ਵਿੱਚ ਸਰਕਾਰ ਦੇ ਅਜਿਹੇ ਫੈਸਲੇ ਖ਼ਿਲਾਫ਼ ਵੀ ਲੜਨਾ ਪਵੇਗਾ। ਉਨ੍ਹਾਂ ਹਰਿਆਣਾ ਦੇ ਸਿੱਖਾਂ ਨੂੰ ਮੁੜ ਪੇਸ਼ਕਸ਼ ਕੀਤੀ ਹੈ ਕਿ ਉਹ ਅਕਾਲ ਤਖ਼ਤ ’ਤੇ ਆਉਣ ਅਤੇ ਮਿਲ ਬੈਠ ਕੇ ਇਸ ਮਸਲੇ ਬਾਰੇ ਵਿਚਾਰ ਕੀਤਾ ਜਾਵੇ ਅਤੇ ਹੱਲ ਕੀਤਾ ਜਾਵੇ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਦੇਰ ਰਾਤ ਨੂੰ ਦਿੱਲੀ ਸਥਿਤ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਰੱਦ ਕੀਤੇ ਗਏ 40 ਵੀਜ਼ਿਆਂ ਵਿੱਚੋਂ 14 ਵੀਜ਼ੇ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਪਿਛਲੇ ਦੋ ਦਿਨਾਂ ਤੋਂ ਰੱਦ ਕੀਤੇ ਵੀਜ਼ੇ ਬਹਾਲ ਕਰਾਉਣ ਲਈ ਪਾਕਿਸਤਾਨੀ ਸਫ਼ਾਰਤਖਾਨੇ ਦੇ ਚੱਕਰ ਲਾ ਰਹੇ ਸਨ। ਸ਼੍ਰੋਮਣੀ ਕਮੇਟੀ ਦਾ ਇਕ ਜਥਾ ਕੱਲ ਪੰਜਾ ਸਾਹਿਬ ਲਈ ਰਵਾਨਾ ਹੋਇਆ ਸੀ ਅਤੇ ਦੂਜਾ ਜੱਥਾ ਅੱਜ ਰਵਾਨਾ ਹੋਇਆ ਹੈ। ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਧਿਕਾਰੀ ਤੇ ਹੋਰ ਸ਼ਾਮਲ ਸਨ, ਜੋ ਪਾਕਿਸਤਾਨ ਗਏ ਹਨ।





News Source link

- Advertisement -

More articles

- Advertisement -

Latest article