37.4 C
Patiāla
Wednesday, May 15, 2024

ਖੇਤ ਦੀ ਨੁੱਕਰੇ

Must read


ਸੁਰਿੰਦਰ ਗੀਤ

ਮੈਂ ਤੇ ਰਾਣੀ ਹਾਣਨਾਂ ਸਾਂ। ਘਰ ਸਾਡੇ ਦੂਰ ਦੂਰ ਸਨ। ਸਾਡਾ ਘਰ ਪਿੰਡ ਦੇ ਏਸ ਪਾਸੇ ਤੇ ਉਸ ਦਾ ਘਰ ਪਿੰਡ ਦੇ ਐਨ ਦੂਸਰੇ ਪਾਸੇ, ਪਰ ਅਸੀਂ ਇਕੱਠੀਆਂ ਹੀ ਸਕੂਲ ਜਾਂਦੀਆਂ ਸਾਂ। ਮੈਂ ਆਪਣੇ ਘਰ ਤੋਂ ਨਿਕਲਣਾ, ਵਲ ਵਿੰਗ ਪਾ ਕੇ ਉਸ ਦੇ ਘਰ ਜਾਣਾ, ਉਸ ਨੂੰ ਨਾਲ ਲੈ ਕੇ ਸਕੂਲ ਪੁੱਜਣਾ। ਸਕੂਲ ਖਤਮ ਹੋਣ ’ਤੇ ਇਕੱਠੇ ਹੀ ਘਰ ਆਉਣਾ। ਕਲਾਸ ਵਿੱਚ ਵੀ ਅਸੀਂ ਤੱਪੜਾਂ ’ਤੇ ਨਾਲ ਨਾਲ ਹੀ ਬੈਠਦੀਆਂ ਸਾਂ। ਅੱਧੀ ਛੁੱਟੀ ਵੇਲੇ ਆਪੋ ਆਪਣੇ ਪੋਣੇ ’ਚ ਘਰੋਂ ਬੰਨ੍ਹ ਕੇ ਲਿਆਂਦੀ ਰੋਟੀ ਵੀ ਇਕੱਠੀਆਂ ਹੀ ਖਾਇਆ ਕਰਦੀਆਂ ਸਾਂ।

ਗੱਲ ਕੀ ਬਹੁਤਾ ਸਮਾਂ ਸਾਡਾ ਇੱਕ ਦੂਸਰੇ ਦੇ ਨਾਲ ਹੀ ਲੰਘਦਾ।

ਮੈਂ ਪਿੰਡ ਦੇ ਸਕੂਲ ਤੋਂ ਚਾਰ ਜਮਾਤਾਂ ਪੜ੍ਹ ਕੇ ਮੋਗੇ ਸਰਕਾਰੀ ਸਕੂਲ ’ਚ ਦਾਖਲਾ ਲੈ ਲਿਆ, ਪਰ ਰਾਣੀ ਚਾਰ ਜਮਾਤਾਂ ਤੋਂ ਅਗਾਂਹ ਪੜ੍ਹ ਨਾ ਸਕੀ। ਇਹ ਇਸ ਕਰਕੇ ਨਹੀਂ ਕਿ ਘਰ ’ਚ ਕੋਈ ਤੰਗੀ ਸੀ। ਘਰ ਦੀ ਜ਼ਮੀਨ ਜਾਇਦਾਦ ਬਹੁਤ ਸੀ। ਰਾਣੀ ਦਾ ਬਾਪ ਘੱਟੋ ਘੱਟ ਪੰਜਾਹ ਕਿਲਿਆਂ ਦਾ ਮਾਲਕ ਸੀ। ਅਗਾਂਹ ਨਾ ਪੜ੍ਹਨ ਦਾ ਕਾਰਨ ਘਰ ਦਾ ਖੇਤੀਬਾੜੀ ਦਾ ਕੰਮ ਸੀ। ਇਹ ਵੀ ਕਹਿ ਸਕਦੇ ਹਾਂ ਕਿ ਪਰਿਵਾਰ ’ਚ ਕੁੜੀਆਂ ਦੀ ਪੜ੍ਹਾਈ ਵੱਲ ਕਿਸੇ ਦਾ ਧਿਆਨ ਹੀ ਨਹੀਂ ਸੀ। ਉਨ੍ਹਾਂ ਲਈ ਘਰ ਦੀ ਕੁੜੀ ਦਾ ਮਤਲਬ ਘਰ ਦਾ ਕੰਮ ਧੰਦਾ ਕਰਨ ਵਾਲਾ ਇੱਕ ਸਾਧਨ ਸੀ।

ਮੁੱਕਦੀ ਗੱਲ ਚਾਰ ਜਮਾਤਾਂ ਤੱਕ ਹੀ ਸਾਡਾ ਸਕੂਲ ਦਾ ਸਾਥ ਰਿਹਾ। ਉਹ ਆਪਣੀ ਮਾਂ ਨੂੰ ਬੇਬੇ ਆਖਿਆ ਕਰਦੀ ਸੀ। ਮੈਂ ਉਸ ਦੀ ਬੇਬੇ ਨੂੰ ਤਾਈ ਆਖਦੀ ਹੁੰਦੀ ਸਾਂ। ਤਾਈ ਅਕਸਰ ਇਹ ਆਖਿਆ ਕਰਦੀ ਸੀ, “ਕੁੜੀ ਨੂੰ ਬਾਹਲਾ ਪੜ੍ਹਾ ਕੇ ਕੀ ਲੈਣਾ ਹੈ। ਇਹਦਾ ਪਿਉ ਤਾਂ ਆਂਹਦਾ ਆ ਕਿ ਪੂਰਾ ਖਰਚ ਕਰਨਾ ਹੈ ਧੀ ਦੇ ਵਿਆਹ ’ਤੇ। ਜਦੋਂ ਦੇਣ ਲੈਣ ਪੂਰਾ ਕਰਨਾ ਹੋਵੇ ਤਾਂ ਚੰਗੀ ਜਾਇਦਾਦ ਵਾਲਾ ਮੁੰਡਾ ਮਿਲ ਹੀ ਜਾਂਦੈ। ਬਥੇਰੇ ਵੱਡੇ ਘਰ ਪਏ ਆ। ਕੋਈ ਵੱਡਾ ਘਰ ਲੱਭ ਕੇ ਵਿਆਹ ਦੇਵਾਂਗੇ। ਨਾਲੇ ਪੜ੍ਹ ਕੇ ਇਹਨੇ ਕਿਹੜਾ ਮਾਸਟਰਨੀ ਬਣਨੈ। ਵੀਰੋ ਵੀ ਤਾਂ ਚਹੁੰ ਜਮਾਤਾਂ ਤੋਂ ਬਾਅਦ ਹਟਾ ਲਈ ਸੀ। (ਵੀਰੋ ਰਾਣੀ ਦੀ ਵੱਡੀ ਭੈਣ ਸੀ) ਮੁੰਡਾ ਕੈਨੇਡਾ ਆਲਾ ਮਿਲ ਗਿਆ। ਐਵੇਂ ਕਹੀਏ ਵੀਰੋ ਦੇ ਬਾਪੂ ਨੇ ਧੀ ਤੋਂ ਕੁਛ ਨ੍ਹੀਂ ਲਕੋ ਕੇ ਰੱਖਿਆ। ਤੇ ਇਹਦੇ ਤੋਂ ਕਿਹੜਾ ਲਕੋਣੈ ਓਹਨੇ।”

ਤਾਈ ਅਜਿਹੀਆਂ ਗੱਲਾਂ ਬੜੇ ਮਾਣ ਨਾਲ ਕਰਦੀ ਸੀ। ਤਾਈ ਦੀਆਂ ਗੱਲਾਂ ਤੋਂ ਇਉਂ ਲੱਗਦੈ ਜਿਵੇਂ ਤਾਈ ਦੇ ਹੁਕਮ ਅਨੁਸਾਰ ਹੀ ਸੂਰਜ, ਚੰਦ ਤੇ ਸਿਤਾਰੇ ਨਿਕਲਦੇ ਹੋਣ। ਰਾਣੀ ਦਾ ਵੱਡਾ ਭਰਾ ਬਿੰਦਰ ਅਮੀਰ ਘਰ ਦਾ ਲਾਡਲਾ ਪੁੱਤ ਸੀ। ਉੱਚਾ ਲੰਬਾ ਸੋਹਣਾ ਸੁਨੱਖਾ ਮੁੰਡਾ। ਨਾਲ ਦੇ ਪਿੰਡ ਤੋਂ ਦਸਵੀਂ ਜਮਾਤ ਪਾਸ ਕਰ ਕੇ ਮੋਗੇ ਕਾਲਜ ’ਚ ਗਿਆਰਵੀਂ ’ਚ ਦਾਖਲਾ ਲੈ ਲਿਆ। ਫੇਲ੍ਹ ਹੋ ਗਿਆ। ਫਿਰ ਕਿਸੇ ਹੋਰ ਕਾਲਜ ਤੇ ਫਿਰ ਕਿਸੇ ਹੋਰ ਕਾਲਜ। ਪੰਜਾਬ ਦੇ ਚਾਰ ਪੰਜ ਕਾਲਜ ਬਦਲੇ, ਪਰ ਗਿਆਰਵੀਂ ਜਮਾਤ ਪਾਸ ਨਾ ਹੋਈ। ਘਰ ਵਿੱਚ ਇਸ ਗੱਲ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ। “ਜ਼ਮੀਨ ਬਥੇਰੀ ਹੈ ਕਿਸੇ ਚੰਗੇ ਘਰ ਦੀ ਕੁੜੀ ਤਾਂ ਮਿਲ ਹੀ ਜਾਣੀਂ ਹੈ। ਨਹੀਂ ਤਾਂ ਵੱਡੀ ਭੈਣ ਨੇ ਅਮਰੀਕਾ ਸੱਦ ਲੈਣਾ ਹੈ।” ਤਾਈ ਆਮ ਹੀ ਵੀਹੀ ’ਚ ਬੈਠ ਆਂਢਣਾਂ ਗੁਆਂਢਣਾਂ ਨਾਲ ਗੱਲ ਕਰਦੀ, ਮੈਂ ਕਈ ਵਾਰ ਸੁਣੀ ਸੀ।

ਮੈਂ ਓਦੋਂ ਦਸਵੀਂ ਜਮਾਤ ’ਚ ਸੀ। ਗਰਮੀਆਂ ਦੀਆਂ ਛੁੱਟੀਆਂ ਸਨ। ਛੁੱਟੀਆਂ ’ਚ ਮੈਂ ਪਿੰਡ ਆ ਜਾਇਆ ਕਰਦੀ ਸਾਂ। ਦੂਸਰੇ ਦਿਨ ਮੈਂ ਰਾਣੀ ਨੂੰ ਮਿਲਣ ਰਾਣੀ ਦੇ ਘਰ ਗਈ। ਰਾਣੀ ਮੈਨੂੰ ਘਰ ਨਾ ਦਿੱਸੀ। ਮੈਂ ਤਾਈ ਦੇ ਮੰਜੇ ’ਤੇ ਬਾਹੀ ’ਤੇ ਬੈਠ ਗਈ। ਤਾਈ ਨੇ ਮੈਨੂੰ ਠੀਕ ਹੋ ਕੇ ਬੈਠਣ ਲਈ ਕਿਹਾ। ਮੈਂ ਥੋੜ੍ਹਾ ਖਿਸਕ ਕੇ ਤਾਈ ਦੇ ਨਾਲ ਜੇ ਹੋ ਕੇ ਬੈਠ ਗਈ। ਤਾਈ ਨੇ ਮੇਰਾ ਹਾਲ ਚਾਲ ਪੁੱਛਿਆ। ਮੇਰੀ ਪੜ੍ਹਾਈ ਬਾਰੇ ਪੁੱਛਿਆ।

ਮੈਂ ਕਿਹਾ, “ਤਾਈ ਜੀ! ਮੈਂ ਤਾਂ ਪੂਰੀ ਮਿਹਨਤ ਕਰਦੀ ਹਾਂ। ਸਾਰਾ ਦਿਨ ਮੇਰਾ ਪੜ੍ਹਾਈ ਵਿੱਚ ਹੀ ਲੰਘਦਾ ਹੈ। ਬਾਪੂ ਜੀ ਕਹਿੰਦੇ ਆ ਕਿ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦਿਆ ਕਰ। ਘਰ ਦੇ ਕੰਮ ਤਾਂ ਆਪੇ ਹੀ ਕਰਨੇ ਆ ਜਾਂਦੇ ਆ।”

ਤਾਈ ਨੂੰ ਮੇਰੀ ਗੱਲ ਭੋਰਾ ਵੀ ਚੰਗੀ ਨਾ ਲੱਗੀ। ਤਾਈ ਨੇ ਬੜੇ ਹੀ ਭੈੜੇ ਜਿਹੇ ਅੰਦਾਜ਼ ਵਿੱਚ ਆਪਣੇ ਬੁੱਲ੍ਹਾਂ ਨੂੰ ਮਰੋੜਾ ਜਿਹਾ ਦਿੱਤਾ ਤੇ ਕਹਿਣ ਲੱਗੀ, “ਲੈ ਗੱਲ ਕਰ ਲਾ। ਰੋਟੀ ਟੁੱਕ, ਕੱਤਣਾ ਕੱਢਣਾ, ਦਰੀਆਂ ਬੁਣਨੀਆਂ ਵੀ ਤਾਂ ਆਉਣੀਆਂ ਚਾਹੀਦੀਆਂ। ਰਾਣੀ ਨੇ ਐਂਤਕੀ ਬਲਾਂ ਸੋਹਣੇ ਡੱਬਿਆਂ ਵਾਲੇ ਨਾਲੇ ਬੁਣੇ ਨੇ।”

“ਹੂੰ।” ਮੈਂ ਸਿਰਫ਼ ਹੁੰਗਾਰਾ ਹੀ ਭਰਿਆ।

ਤਾਈ ਠੀਕ ਹੋ ਕੇ ਬੈਠ ਗਈ ਤੇ ਪੀਹਣ ਕਰ ਰਹੀ ਸ਼ੀਰੀ ਦੀ ਵਹੁਟੀ ਨੂੰ ਕੜਕਵੀਂ ਆਵਾਜ਼ ’ਚ ਬੋਲੀ, “ਨੀਂ ਸਾਰਾ ਦਿਨ ਏਥੇ ਹੀ ਲੰਘਾ ਦਿੱਤਾ। ਦੇਖ ਪਰਛਾਵਾਂ ਕਿੱਥੇ ਆ ਗਿਆ। ਰਾਤ ਮੱਝ ਨੇ ਖੁਰਨੀ ਢਾਹ ਮਾਰੀ। ਉਹ ਵੀ ਦੋ ਇੱਟਾਂ ਲਾ ਕੇ ਸੰਵਾਰਨੀ ਆ ਤੇ ਤੂੰ ਸਾਰਾ ਦਿਨ ਏਥੇ ਬੈਠੀ ਨੇ ਬਿਤਾ ਦਿੱਤਾ।”

“ਤਾਈ! ਰਾਣੀ ਕਿੱਥੇ ਆ?”

ਤਾਈ ਨੇ ਦਰਵਾਜ਼ੇ ਵੱਲ ਦੇਖਦਿਆਂ ਕਿਹਾ, “ਬਸ ਆਉਂਦੀ ਹੀ ਹੋਊ। ਅੱਗੇ ਤਾਂ ਕਦੇ ਏਨਾ ਚਿਰ ਨ੍ਹੀਂ ਲੱਗਿਆ। ਕਿਹੜਾ ਦੂਰ ਆ…ਆਹ ਵੱਡੇ ਖੂਹ ਵਾਲੇ ਖੇਤ ਅੱਜ ਦਿਹਾੜੀਏ ਪਾਏ ਆ।”

ਮੈਂ ਤਾਈ ਦੀਆਂ ਗੱਲਾਂ ਦਾ ਹੁੰਗਾਰਾ ਭਰਦੀ ਰਹੀ ਤੇ ਤਾਈ ਸ਼ੀਰੀਆਂ ਸਾਂਝੀਆਂ ਤੋਂ ਲੈ ਕੇ ਸੱਜਰ ਸੂਈਆਂ ਮੱਝਾਂ ਤੱਕ ਦੀਆਂ ਗੱਲਾਂ ਕਰਦੀ ਰਹੀ। ਕਿਹਦੇ ਹੇਠ ਦੁੱਧ ਬਾਹਲਾ ਹੈ ਤੇ ਕਿਹਦਾ ਦੁੱਧ ਸੰਘਣਾ ਹੈ ਤੇ ਕਿੰਨੀ ਮੱਖਣੀ ਨਿਕਲਦੀ ਹੈ।

“ਲੈ ਦੱਸ ਮੈਂ ਦੱਸਣਾ ਹੀ ਭੁੱਲ ਗਈ। ਆਪਣਾ ਬਿੰਦਰ ਹੁਣ ਜਗਰਾਵੀਂ ਲੱਗ ਗਿਆ ਹੈ। ਮੋਗੇ ਤਾਂ ਪੜ੍ਹਾਈ ਚੰਗੀ ਨਹੀਂ ਸੀ। ਥੋੜ੍ਹੇ ਈ ਮੁੰਡੇ ਪਾਸ ਹੋਏ ਆ। ਰੱਬ ਸੁੱਖ ਰੱਖੇ। ਬਾਹਲਾ ਹੀ ਪੜ੍ਹਦਾ ਹੈ। ਰਾਤ ਦੇ ਬਾਰਾਂ ਬਾਰਾਂ ਵਜੇ ਤੱਕ। ਅੱਖਰਾਂ ’ਤੇ ਨਿਗਾਹ ਲਾਉਣੀ ਕਿਹੜਾ ਸੌਖੀ ਹੈ।” ਤਾਈ ਨੇ ਖੁਸ਼ੀ ਭਰੇ ਲਹਿਜੇ ਵਿੱਚ ਕਿਹਾ।

ਮੈਨੂੰ ਤਾਈ ਦੀ ਗੱਲ ’ਤੇ ਹਾਸਾ ਤਾਂ ਆਇਆ, ਪਰ ਮੈਂ ਚੁੱਪ ਹੀ ਰਹੀ।

ਏਨੇ ਨੂੰ ਰਾਣੀ ਖੇਤੋਂ ਰੋਟੀ ਦੇ ਕੇ ਆ ਗਈ। ਸ਼ੀਰੀ ਤੇ ਦਿਹਾੜੀਏ ਕਾਫ਼ੀ ਸਨ। ਟੋਕਰਾ ਰੋਟੀਆਂ ਦਾ ਤੇ ਭਰਿਆ ਮੱਘਾ ਲੱਸੀ ਦਾ ਚੱਕ ਕੇ ਲਿਜਾਣਾ ਕਿਹੜਾ ਸੌਖਾ ਆ। ਥੱਕੀ ਪਈ ਸੀ ਵਿਚਾਰੀ। ਰਾਣੀ ਨੇ ਖਾਲੀ ਮੱਘਾ ਸਿਰੋਂ ਲਾਹਿਆ ਤੇ ਰੋਟੀ ਆਲਾ ਪੋਣਾ ਸੰਭਾਲ ਕੇ ਕੱਲ੍ਹ ਵਾਸਤੇ ਰੱਖ ਦਿੱਤਾ। ਰਾਣੀ ਸਾਝਰੇ ਦੀ ਹੀ ਗਈ ਹੋਈ ਸੀ। ਭੁੱਖੀ ਸੀ ਵਿਚਾਰੀ। ਮੈਨੂੰ ਸਰਸਰੀ ਜਿਹੀ ਮਿਲ ਕੇ ਉਹ ਰੋਟੀ ਲਈ ਚੌਂਕੇ ਵੱਲ ਹੋ ਤੁਰੀ। ਰਾਣੀ ਨੇ ਰੋਟੀ ਹੱਥ ’ਤੇ ਰੱਖੀ ਤੇ ਉੱਪਰ ਥੋੜ੍ਹੀ ਜਿੰਨੀ ਮੱਖਣੀ ਰੱਖ ਕੇ ਖਾਣ ਲੱਗ ਪਈ। ਤਾਈ ਨੇ ਦੇਖ ਲਿਆ। ਤਾਈ ਨੂੰ ਤਾਂ ਜਿਵੇਂ ਅੱਗ ਹੀ ਲੱਗ ਗਈ ਹੋਵੇ ,“ਨਾ ਤੂੰ ਪੇੜਾ ਰੱਖ ਲਿਐ ਰੋਟੀ ’ਤੇ। ਤੈਨੂੰ ਨ੍ਹੀਂ ਪਤਾ ਮੁੰਡੇ ਨੂੰ ਘਿਉ ਭੇਜਣਾ ! ਓਥੇ ਹੋਸਟਰ ’ਚ ਸੁੱਕੀਆਂ ਖਾਂਦੈ ਜਵਾਕ।”

ਤਾਈ ਹੋਸਟਲ ਨੂੰ ਹੋਸਟਰ ਹੀ ਆਖਦੀ ਸੀ। ਰਾਣੀ, ਇੱਕ ਤਾਂ ਗਰਮੀ ’ਚ ਭੁੱਖੀ ਤਿਹਾਈ ਖੇਤੋਂ ਆਈ ਸੀ ਤੇ ਉੱਪਰੋਂ ਬੇਬੇ ਦੀਆਂ ਇਹ ਭੋਰਾ ਕੁ ਮੱਖਣੀ ਪਿੱਛੇ ਗੱਲਾਂ ! ਰਾਣੀ ਨੇ ਰੋਟੀ ਉਸੇ ਤਰ੍ਹਾਂ ਹੀ ਛਾਬੇ ’ਚ ਸੁੱਟ ਦਿੱਤੀ ਤੇ ਬਿਨ ਖਾਧਿਆਂ ਹੀ ਮੇਰੇ ਕੋਲ ਆ ਬੈਠੀ। ਤਾਈ ਨੇ ਰਾਣੀ ਵੱਲ ਘੂਰ ਕੇ ਵੇਖਿਆ ਤੇ ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗੀ, “ਲੈ ਮੈਂ ਕੀ ਕਿਹਾ ਏਹਨੂੰ। ਏਹੀ ਨਾ ਬਈ ਮੁੰਡੇ ਵਾਸਤੇ ਘਿਉ ਜੋੜਨਾ। ਅੱਜਕੱਲ੍ਹ ਤਾਂ ਵੇਲਾ ਹੀ ਨਹੀਂ ਕਿਸੇ ਧੀ ਪੁੱਤ ਨੂੰ ਕੁਝ ਕਹਿਣ ਦਾ। ਕੁੱਜੇ ’ਚ ਦਾਲ ਬਥੇਰੀ ਪਈ ਆ … ਉਹਦੇ ਨਾਲ ਨ੍ਹੀਂ ਰੋਟੀ ਖਾਧੀ ਜਾਂਦੀ।”

ਤਾਈ ਚਾਹੁੰਦੀ ਸੀ ਕਿ ਮੈਂ ਉਹਦੀ ਕਹੀ ਗੱਲ ਰਾਣੀ ਨੂੰ ਸਮਝਾਵਾਂ ਜਿਵੇਂ ਇਹ ਬਹੁਤ ਹੀ ਵੱਡੇ ਮਾਅਰਕੇ ਦੀ ਗੱਲ ਹੋਵੇ, ਪਰ ਮੈਂ ਚੁੱਪ ਸਾਂ। ਮੇਰਾ ਜੀਅ ਤਾਂ ਕੀਤਾ ਸੀ ਬਈ ਤਾਈ ਨੂੰ ਕਹਿ ਦੇਵਾਂ ਕਿ ਤਾਈ ਜਿਹਦੇ ਲਈ ਘਿਉ ਜੋੜਦੀ ਐਂ ਉਸ ਨੂੰ ਤਿੰਨ ਸਾਲ ਹੋ ਗਏ ਗਿਆਰਵੀਂ ਨ੍ਹੀਂ ਲੰਘਦਾ, ਪਰ ਮੈਂ ਵੀ ਕੁਝ ਡਰ ਜਿਹਾ ਗਈ ਸਾਂ। ਚੁੱਪ ਹੀ ਰਹੀ। ਕੁਝ ਪਲ ਹੋਰ ਬਿਤਾ ਕੇ ਮੈਂ ਆਪਣੇ ਘਰ ਆ ਗਈ। ਰਾਣੀ ਓਸੇ ਤਰ੍ਹਾਂ ਭੁੱਖੀ ਭਾਣੀ ਬੈਠਕ ’ਚ ਜਾ ਕੇ ਪੈ ਗਈ।

ਸਮਾਂ ਬੀਤਦਾ ਗਿਆ। ਮੈਂ ਸਕੂਲ ’ਚੋਂ ਕਾਲਜ ਚਲੀ ਗਈ। ਰਾਣੀ ਦਾ ਚੰਗੇ ਵੱਡੇ ਘਰ ਵਿਆਹ ਹੋ ਗਿਆ। ਸੁਣਿਆ ਘੋੜੀ ਜੋੜੀ ਪਾਈ ਸੀ ਰਾਣੀ ਨੂੰ ਉਸ ਦੇ ਮਾਪਿਆਂ। ਹੋਰ ਬਥੇਰਾ ਨਿਕ ਸੁੱਕ ਸੀ। ਭਰ ਦਿੱਤਾ ਅਗਲਿਆਂ ਦਾ ਘਰ। ਦੇਣਾ ਹੀ ਪੈਣਾ ਸੀ। ਮੁੰਡੇ ਨੂੰ ਤੀਹ ਕਿਲੇ ਆਉਂਦੇ ਸਨ।

ਇਸ ਤੋਂ ਬਾਅਦ ਮੇਰਾ ਤੇ ਰਾਣੀ ਦਾ ਮਿਲਣਾ ਜੁਲਣਾ ਬੰਦ ਹੋ ਗਿਆ। ਮੈਂ ਜਦੋਂ ਵੀ ਛੁੱਟੀਆਂ ’ਚ ਘਰ ਆਉਂਦੀ, ਉਹ ਆਪਣੇ ਸਹੁਰੀਂ ਗਈ ਹੁੰਦੀ। ਚਿੱਤ ਤਾਂ ਕਰਦਾ ਕਿ ਕਿਤੇ ਉਸ ਦੇ ਸਹੁਰੀਂ ਜਾ ਕੇ ਉਸ ਨੂੰ ਮਿਲ ਆਵਾਂ, ਪਰ ਘਰ ਦੇ ਮੈਨੂੰ ਵੀ ਇਕੱਲੀ ਨੂੰ ਜਾਣ ਨਾ ਦਿੰਦੇ। ਉਨ੍ਹਾਂ ਦਿਨਾਂ ਵਿੱਚ ਕੁਆਰੀਆਂ ਕੁੜੀਆਂ ਨੂੰ ਇਕੱਲੀਆਂ ਨੂੰ ਕੌਣ ਬਿਗਾਨੇ ਪਿੰਡ ਜਾਣ ਦਿੰਦਾ ਸੀ।

ਸਮਾਂ ਆਪਣੀ ਤੋਰ ਤੁਰਦਾ ਗਿਆ। ਮੈਂ ਸਕੂਲ ਤੋਂ ਕਾਲਜ ਚਲੀ ਗਈ ਤੇ ਫਿਰ ਸਮੇਂ ਨਾਲ ਮੇਰਾ ਵੀ ਵਿਆਹ ਹੋ ਗਿਆ ਤੇ ਮੈਂ ਕੈਨੇਡਾ ਆ ਗਈ।

ਚਾਰ ਪੰਜ ਸਾਲ ਬਾਅਦ ਜਦੋਂ ਮੈਂ ਭਾਰਤ ਗਈ ਤਾਂ ਘਰਦਿਆਂ ਕੋਲੋਂ ਪਤਾ ਲੱਗਿਆ ਕਿ ਰਾਣੀ ਦਾ ਵੱਡਾ ਭਰਾ ਬਿੰਦਰ ਬਿਨਾਂ ਗਿਆਰਵੀਂ ਕੀਤੇ ਅਮਰੀਕਾ ਚਲਾ ਗਿਆ ਤੇ ਪਿਛਲੇ ਸਾਲ ਪੰਜਾਬ ਆ ਕੇ ਸੋਹਣੀ ਸੁਨੱਖੀ ਕੁੜੀ ਨਾਲ ਵਿਆਹ ਕਰਵਾ ਕੇ ਉਸ ਨੂੰ ਅਮਰੀਕਾ ਲੈ ਗਿਆ। ਜਿੰਨਾ ਰਾਣੀ ਨੂੰ ਦਿੱਤਾ ਸੀ, ਉਸ ਤੋਂ ਕਿਤੇ ਵੱਧ ਬਿੰਦਰ ਦੇ ਸਹੁਰਿਆਂ ਨੇ ਬਿੰਦਰ ਨੂੰ ਦਿੱਤਾ। ਦੇਣਾ ਹੀ ਸੀ ਮੁੰਡਾ ਅਮਰੀਕਾ ਤੋਂ ਆਇਆ ਸੀ ਤੇ ਨਾਲੇ ਸੀ ਵੀ ਪੰਜਾਹ ਕਿਲਿਆਂ ਦਾ ਇਕੱਲਾ ਵਾਰਸ।

ਹੁਣ ਘਰ ’ਚ ਤਾਇਆ ਤੇ ਤਾਈ ਹੀ ਰਹਿ ਗਏ। ਤਾਇਆ ਵੀ ਬੁੱਢਾ ਹੋ ਗਿਆ ਸੀ ਅਤੇ ਤਾਈ ਤੋਂ ਵੀ ਕੰਮ ਨਹੀਂ ਸੀ ਹੁੰਦਾ। ਖੇਤੀਬਾੜੀ ਛੱਡ ਦਿੱਤੀ। ਜ਼ਮੀਨ ਠੇਕੇ ’ਤੇ ਚੜ੍ਹਾ ਦਿੱਤੀ। ਕੁਝ ਸਾਲਾਂ ਬਾਅਦ ਤਾਇਆ ਰੱਬ ਨੂੰ ਪਿਆਰਾ ਹੋ ਗਿਆ। ਬਿੰਦਰ ਤੇ ਬਿੰਦਰ ਦੀ ਘਰਵਾਲੀ ਆਏ। ਜ਼ਮੀਨ ਦੀ ਸਾਂਭ ਸੰਭਾਲ ਕਰ ਗਏ। ਕੁਝ ਜ਼ਮੀਨ ਵੇਚ ਵਟ ਕੇ ਪੈਸੇ ਆਪਣੇ ਨਾਲ ਲੈ ਗਏ ਤੇ ਬਾਕੀ ਦੀ ਜ਼ਮੀਨ ਮਾਮਲੇ ’ਤੇ ਚਾੜ੍ਹ ਗਏ।

ਤਾਈ ਉਦਾਸ ਰਹਿਣ ਲੱਗ ਗਈ। ਦਿਨਾਂ ’ਚ ਹੀ ਕੁੱਬੀ ਹੋ ਗਈ। ਉਦਾਸੀ ਤੇ ਇਕੱਲਤਾ ਇਨਸਾਨ ਨੂੰ ਲੈ ਬਹਿੰਦੀ ਆ। ਤਾਈ ਸਾਰਾ ਸਾਰਾ ਦਿਨ ਦਰਵਾਜ਼ੇ ’ਚ ਮੰਜਾ ਡਾਹ ਕੇ ਬੈਠੀ ਰਹਿੰਦੀ। ਆਉਂਦੇ ਜਾਂਦੇ ਲੋਕਾਂ ਨੂੰ ਵੇਖਦੀ ਰਹਿੰਦੀ। ਕਦੇ ਕਦੇ ਕੋਈ ਇਕੱਲੀ ਦੇਖ ਕੇ ਲੰਘਦੀ ਕੁੜੀ ਬੁੜੀ ਉਹਦੇ ਕੋਲ ਖਲੋ ਜਾਂਦੀ। ਹਾਲ ਚਾਲ ਪੁੱਛ ਕੇ ਤੁਰਦੀ ਬਣਦੀ। ਤਾਈ ਦਾ ਜੀਅ ਕਰਦਾ ਕਿ ਕੋਈ ਉਹਦੇ ਕੋਲ ਬੈਠੇ ਤੇ ਉਹ ਉਸ ਨੂੰ ਆਪਣੇ ਦਿਲ ਦੀਆਂ ਸਾਰੀਆਂ ਸੁਣਾਵੇ।

ਘਰ ਦੇ ਕੰਮ ਕਾਜ ਵਾਸਤੇ ਪਿੰਡੋਂ ਝਿਊਰਾਂ ਦੀ ਨੂੰਹ ਰੱਖ ਲਈ। ਉਹ ਤਾਈ ਦੀ ਰੋਟੀ ਲਾਹ ਜਾਂਦੀ। ਲੀੜੇ ਕੱਪੜੇ ਧੋ ਜਾਂਦੀ ਤੇ ਹੋਰ ਮਾੜੀ ਮੋਟੀ ਸਫ਼ਾਈ ਕਰ ਜਾਂਦੀ। ਤਾਈ ਉਸ ਦੇ ਘਰ ਹੁੰਦੀ ਤੋਂ ਹੀ ਨਹਾ ਧੋ ਲੈਂਦੀ। ਤਾਈ ਨੂੰ ਡਰ ਰਹਿੰਦਾ ਸੀ ਕਿ ਕਿਤੇ ਉਹ ਗੁਸਲਖਾਨੇ ’ਚ ਤਿਲ੍ਹਕ ਨਾ ਜਾਵੇ। ਜੇਕਰ ਕੋਈ ਸੱਟ ਫੇਟ ਵੱਜ ਗਈ ਤਾਂ ਏਸ ਉਮਰ ’ਚ ਔਖਾ ਹੋ ਜਾਊ। ਰਾਤ ਨੂੰ ਗੁਆਂਢੀਆਂ ਦੀ ਬੁੜੀ ਤਾਈ ਕੋਲ ਪੈ ਜਾਂਦੀ ਸੀ। ਦਸੀਂ ਪੰਦਰੀਂ ਰਾਣੀ ਤੇ ਰਾਣੀ ਦਾ ਘਰਵਾਲਾ ਵੀ ਗੇੜਾ ਮਾਰ ਜਾਂਦੇ ਸਨ। ਹੋਰ ਵੀ ਰਿਸ਼ਤੇਦਾਰ ਸਨ ਅੜੇ ਥੁੜ੍ਹੇ ਉਹ ਵੀ ਆ ਜਾਂਦੇ।

ਮੈਂ ਕੈਨੇਡਾ ਤੋਂ ਪਿੰਡ ਗਈ ਹੋਈ ਸਾਂ। ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਨਿਹਾਲ ਕੁਰ ਹੁਣ ਬਹੁਤੀ ਠੀਕ ਨਹੀਂ ਰਹਿੰਦੀ। ਉਦਾਸ ਹੈ। ਲੋਕ ਮਿਹਣੇ ਮਾਰਦੇ ਆ।

“ਉਹ ਕਿਵੇ?” ਮੈਂ ਕਿਹਾ।

ਮਾਂ ਨੇ ਹਉਕਾ ਜਿਹਾ ਲਿਆ ਤੇ ਕਹਿਣ ਲੱਗੀ,“ਕੀ ਦੱਸਾਂ ਇੱਕ ਦਿਨ ਲੰਘਦਾ ਲੰਘਦਾ ਸਰਪੰਚ ਉਹਦੇ ਕੋਲ ਖਲੋ ਗਿਆ ਤੇ ਕਹਿਣ ਲੱਗਾ,“ਭਾਬੀ, ਬਾਈ ਦੇ ਮਰਨ ਪਿੱਛੋਂ ਔਖਾ ਹੋ ਗਿਆ। ਬਿੰਦਰ ਦਾ ਕੀ ਹਾਲ ਹੈ। ਕੁਝ ਪਤਾ ਹੈ ਕਿ ਉਹਨੇ ਕਦੋਂ ਆਉਣਾ ਹੈ। ਮੈਂ ਤਾਂ ਕਹਿਨਾਂ ਬਈ ਜਿਹੜੀ ਖੂਹ ਵਾਲੀ ਜ਼ਮੀਨ ਰਹਿੰਦੀ ਹੈ, ਉਸ ਦੇ ਗਾਹਕ ਹਨ। ਹੁਣ ਤਾਂ ਚੰਗਾ ਭਾਅ ਮਿਲ ਜੂ।”

“ਫਿਰ।” ਮੈਂ ਕਿਹਾ।

ਫੇਰ ਕੀ? ਓਤੋਂ ਮੈਂ ਜਾ ਵੜੀ। ਬਾਹਲਾ ਹੀ ਚਿਰ ਹੋ ਗਿਆ ਸੀ ਓਧਰ ਗਈ ਨੂੰ। ਨਿਹਾਲ ਕੁਰ ਤਾਂ ਮੈਨੂੰ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਈ। ਆਖੇ ਮੈਨੂੰ ਕਹਿ ਗਿਆ ਖੂਹ ਆਲੀ ਜ਼ਮੀਨ ਵੇਚ ਦੇ। ਕਿਵੇਂ ਵੇਚ ਦੇਈਏ। ਪਿੰਡ ’ਚੋਂ ਆਵਦਾ ਸ਼ੀਰ ਗਵਾ ਲਈਏ।” ਕਹਿੰਦਿਆਂ ਕਹਿੰਦਿਆਂ ਮੇਰੀ ਮਾਂ ਦੀਆਂ ਅੱਖਾਂ ਵੀ ਭਰ ਆਈਆਂ।

ਇਸ ਤੋਂ ਬਾਅਦ ਮੇਰੀ ਮਾਂ ਦਾ ਤਾਈ ਦੇ ਘਰ ਆਉਣਾ ਜਾਣਾ ਬਾਹਲਾ ਹੋ ਗਿਆ। ਦੂਸਰੇ ਤੀਸਰੇ ਦਿਨ ਦੁਪਹਿਰ ਵੇਲੇ ਉਹ ਤਾਈ ਕੋਲ ਜਾ ਬੈਠਦੀ ਤੇ ਦਿਨ ਢਲੇ ਜਿਹੇ ਆ ਜਾਂਦੀ। ਏਨੇ ਨਾਲ ਤਾਈ ਦਾ ਦਿਨ ਲੰਘ ਜਾਂਦਾ। ਮੇਰੀ ਮਾਂ ਦੀ ਮੁੱਢੋਂ ਹੀ ਤਾਈ ਨਾਲ ਚੰਗੀ ਬਣਦੀ ਸੀ। ਮੈਂ ਸੁਣਿਆ ਸੀ ਕਿ ਦੋਵੇਂ ਥੋੜ੍ਹੇ ਦਿਨਾਂ ਦੇ ਫ਼ਰਕ ਨਾਲ ਇਸ ਪਿੰਡ ਵਿੱਚ ਵਿਆਹੀਆਂ ਆਈਆਂ ਸਨ। ਉਨ੍ਹਾਂ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਸਰੇ ਲਈ ਅਥਾਹ ਪਿਆਰ ਤੇ ਸਤਿਕਾਰ ਸੀ।

ਮੈਂ ਜਿੰਨੇ ਦਿਨ ਪਿੰਡ ਰਹੀ ਤਾਈ ਕੋਲ ਗੇੜਾ ਮਾਰਦੀ ਰਹੀ। ਸਬੱਬ ਨਾਲ ਇੱਕ ਦਿਨ ਰਾਣੀ ਤੇ ਰਾਣੀ ਦਾ ਘਰਵਾਲਾ ਬਲਵੀਰ ਤਾਈ ਨੂੰ ਮਿਲਣ ਆਏ ਤਾਂ ਤਾਈ ਨੇ ਕਿਸੇ ਹੱਥ ਸੁਨੇਹਾ ਭੇਜ ਕੇ ਮੈਨੂੰ ਸੱਦ ਲਿਆ ਤਾਂ ਜੋ ਮੈਂ ਰਾਣੀ ਨੂੰ ਮਿਲ ਲਵਾਂ। ਮੈਨੂੰ ਤਾਂ ਜਾਣੀਂ ਚਾਅ ਚੜ੍ਹ ਗਿਆ। ਕਿੰਨੇ ਵਰ੍ਹੇ ਹੋ ਗਏ ਸਨ ਰਾਣੀ ਨੂੰ ਦੇਖਿਆਂ। ਰਾਣੀ ਦੇ ਆਉਣ ਦੀ ਗੱਲ ਸੁਣ ਕੇ ਮੈਂ ਬਿਨਾਂ ਜੁੱਤੀ ਪਾਈ ਰਾਣੀ ਦੇ ਘਰ ਵੱਲ ਨੂੰ ਭੱਜ ਪਈ।

ਮੈਨੂੰ ਦੇਖ ਰਾਣੀ ਭੱਜ ਕੇ ਆ ਕੇ ਮੇਰੇ ਗਲ ਲੱਗ ਗਈ। ਪਲ ਭਰ ਵਾਸਤੇ ਤਾਂ ਮੈਂ ਆਪਣੇ ਆਪ ਨੂੰ ਰਾਣੀ ਦੇ ਨਾਲ ਸਕੂਲ ਜਾਂਦਿਆਂ, ਕਲਾਸ ਵਿੱਚ ਤੱਪੜ ’ਤੇ ਬੈਠਿਆਂ ਮਹਿਸੂਸ ਕੀਤਾ, ਪਰ ਪਲਾਂ ਛਿਣਾਂ ਵਿੱਚ ਹੀ ਭੁਲੇਖਾ ਦੂਰ ਹੋ ਗਿਆ। ਰਾਣੀ ਮੈਨੂੰ ਮਿਲ ਕੇ ਤਾਂ ਖੁਸ਼ ਹੋਈ, ਪਰ ਉਸ ਦੇ ਅੰਦਰ ਦੀ ਉਦਾਸੀ ਮੈਂ ਉਸ ਦੀਆਂ ਅੱਖਾਂ ਵਿੱਚ ਵੇਖ ਲਈ ਸੀ। ਆਪਣੇ ਘਰ ਉਹ ਹਰ ਤਰ੍ਹਾਂ ਨਾਲ ਖੁਸ਼ ਸੀ, ਪਰ ਆਪਣੀ ਬੇਬੇ ਦਾ ਫ਼ਿਕਰ ਉਸ ਨੂੰ ਵੱਢ ਵੱਢ ਖਾਂਦਾ ਸੀ ਤੇ ਉਹਨੇ ਇਸ ਦਾ ਮੇਰੇ ਕੋਲ ਜ਼ਿਕਰ ਵੀ ਕੀਤਾ। ਉਸ ਦੀਆਂ ਅੱਖਾਂ ਭਰ ਭਰ ਡੁੱਲ੍ਹ ਰਹੀਆਂ ਸਨ, ਪਰ ਉਸ ਨੇ ਆਪਣੀ ਬੇਬੇ ਤੋਂ ਆਪਣੇ ਹੰਝੂ ਲਕੋ ਕੇ ਰੱਖੇ।

ਰਾਣੀ ਕਹਿ ਰਹੀ ਸੀ, “ਬੇਬੇ ਹਰ ਵੇਲੇ ਮੇਰੀਆਂ ਅੱਖਾਂ ਮੂਹਰੇ ਘੁੰਮਦੀ ਰਹਿੰਦੀ ਹੈ। ਰੋਟੀ ਖਾਣ ਲੱਗਦੀ ਹਾਂ ਤਾਂ ਸੋਚਦੀ ਹਾਂ ਪਤਾ ਨੀ ਬੇਬੇ ਨੇ ਰੋਟੀ ਖਾ ਲਈ ਹੈ ਜਾਂ ਨਹੀਂ। ਕੀ ਦੱਸਾਂ ਮੇਰਾ ਸਾਰਾ ਧਿਆਨ ਬੇਬੇ ਵੱਲ ਹੀ ਰਹਿੰਦਾ ਹੈ। ਕਈ ਵਾਰੀ ਰਾਤ ਨੂੰ ਉੱਠ ਕੇ ਤੁਰਨ ਫਿਰਨ ਲੱਗ ਜਾਂਦੀ ਹਾਂ। ਇਉਂ ਲੱਗਦਾ ਰਹਿੰਦਾ ਜਿਵੇਂ ਬੇਬੇ ਮੈਨੂੰ ਹਾਕਾਂ ਮਾਰ ਰਹੀ ਹੋਵੇ ਬਈ ਰਾਣੀ ਮੈਨੂੰ ਪਾਣੀ ਦੀ ਘੁੱਟ ਦੇਈਂ।’’

ਰਾਣੀ ਨੂੰ ਮਿਲ ਕੇ ਜਿੰਨੀ ਖ਼ੁਸ਼ੀ ਹੋਈ ਉਸ ਤੋਂ ਕਿਤੇ ਵੱਧ ਮੈਂ ਉਦਾਸ ਹੋ ਗਈ। ਮੈਂ ਰਾਣੀ ਨੂੰ ਸੁਝਾਅ ਵੀ ਦਿੱਤਾ ਕਿ ਉਹ ਬਿੰਦਰ ਨੂੰ ਕਹੇ ਕਿ ਬੇਬੇ ਨੂੰ ਆਪਣੇ ਕੋਲ ਅਮਰੀਕਾ ਲੈ ਜਾਵੇ। ਰਾਣੀ ਦੇ ਸਹੁਰੀਂ ਖੇਤੀਬਾੜੀ ਦਾ ਕੰਮ ਵੱਡਾ ਹੋਣ ਕਰ ਕੇ ਉਸ ਤੋਂ ਘਰੋਂ ਨਿਕਲ ਨਾ ਹੁੰਦਾ। ਸੀਰੀਆਂ ਸਾਂਝੀਆਂ ਦੀਆਂ ਰੋਟੀਆਂ, ਮੱਝਾਂ ਦੀਆਂ ਦੋ ਵੇਲੇ ਦੀ ਧਾਰਾਂ, ਪਸ਼ੂਆਂ ਦੀ ਸਾਂਭ ਸੰਭਾਲ ’ਚ ਰਾਣੀ ਦਾ ਸਾਰਾ ਦਿਨ ਲੰਘ ਜਾਂਦਾ। ਰਾਣੀ ਨੂੰ ਤਾਂ ਪਤਾ ਵੀ ਨਾ ਲੱਗਦਾ ਕਿ ਕਦੋਂ ਦਿਨ ਚੜ੍ਹਦਾ ਹੈ ਤੇ ਕਦੋਂ ਛਿਪ ਜਾਂਦਾ ਹੈ। ਉੱਪਰੋਂ ਆਪਣੀ ਸੱਸ ਦੀ ਦੇਖ ਭਾਲ, ਦਵਾ ਦਾਰੂ ਦੇਣ ਤੋਂ ਵਿਹਲ ਕਿੱਥੇ ਮਿਲਦੀ ਸੀ।

ਉਸ ਦਿਨ ਰਾਣੀ ਦਾ ਜੀਅ ਤਾਂ ਕਰਦਾ ਸੀ ਕਿ ਅੱਜ ਰਾਤ ਉਹ ਏਥੇ ਪਿੰਡ ਹੀ ਰਹਿ ਪਵੇ ਤੇ ਸਵੇਰੇ ਸਾਝਰੇ ਹੀ ਚਲੀ ਜਾਵੇ, ਪਰ ਕੀ ਕਰਦੀ ਇੱਕ ਮੱਝ ਉਸ ਦੇ ਹੱਥ ਪਈ ਹੋਈ ਸੀ। ਜਾਣਾ ਹੀ ਪੈਣਾ ਸੀ। ਸੋ ਆਥਣ ਦੀ ਚਾਹ ਪੀ ਕੇ ਉਹ ਆਪਣੇ ਪਿੰਡ ਜਾਣ ਲਈ ਤਿਆਰ ਹੋ ਗਏ।

ਤਾਈ ਨੇ ਹੌਲੀ ਜਿਹੀ ਕਿਹਾ,“ਕਦੋਂ ਆਵੋਗੇ ਹੁਣ?”

ਇਸ ਤੋਂ ਪਹਿਲਾਂ ਰਾਣੀ ਕੁਝ ਕਹਿੰਦੀ, ਰਾਣੀ ਦਾ ਘਰਵਾਲਾ ਬਲਵੀਰ ਸਿਉਂ ਬੋਲ ਪਿਆ,“ਬੇਬੇ ਜੀ ਫ਼ਿਕਰ ਨਾ ਕਰੋ। ਅਸੀਂ ਅਗਲੇ ਐਤਵਾਰ ਫਿਰ ਆਵਾਂਗੇ। ਜਦੋਂ ਵੀ ਕੋਈ ਲੋੜ ਹੋਵੇ ਸੁਨੇਹਾ ਭੇਜ ਦੇਣਾ। ਸਾਡਾ ਧਿਆਨ ਤੁਹਾਡੇ ਵੱਲ ਹੀ ਹੁੰਦਾ ਹੈ।”

ਤਾਈ ਨੇ ਦੋਵਾਂ ਨੂੰ ਪਿਆਰ ਦਿੱਤਾ। ਬਲਵੀਰ ਦਾ ਸਿਰ ਪਲੋਸਦਿਆਂ ਕਿਹਾ, “ਜਿਊਂਦਾ ਰਹਿ ਪੁੱਤਾ। ਥੋਡੇ ਸਹਾਰੇ ਹੀ ਮੇਰੇ ਦਿਨ ਲੰਘੀ ਜਾਂਦੇ ਆ ਨਹੀਂ ਤਾਂ ਥੋਨੂੰ ਪਤਾ ..!”

ਤਾਈ ਦਾ ਗੱਚ ਭਰ ਆਇਆ। ਰਾਣੀ ਨੇ ਮੈਨੂੰ ਘੁੱਟ ਕੇ ਗਲਵਕੜੀ ਪਾਈ ਤੇ ਮੇਰਾ ਹੱਥ ਫੜ ਕੇ ਕਹਿਣ ਲੱਗੀ, “ਭੈਣੇ, ਚਾਚੀ ਨੂੰ ਕਹਿ ਕੇ ਜਾਵੀਂ ਬਈ

ਬੇਬੇ ਦਾ ਖ਼ਿਆਲ ਰੱਖੇ।’’

ਮੋਟਰਸਾਈਕਲ ਦੇ ਪਿੱਛੇ ਬੈਠੀ ਰਾਣੀ ਓਨੀ ਦੇਰ ਆਪਣੀ ਬੇਬੇ ਵੱਲ ਦੇਖਦੀ ਰਹੀ ਜਿੰਨੀ ਦੇਰ ਉਹ ਅੱਖੋਂ ਓਹਲੇ ਨਹੀਂ ਹੋ ਗਈ। ਜਿਉਂ ਜਿਉਂ ਤਾਈ ਦੀ ਸਿਹਤ ਨਿੱਘਰਦੀ ਗਈ, ਰਾਣੀ ਦੀ ਚਿੰਤਾ ਵਧਦੀ ਗਈ। ਰਾਣੀ ਨੇ ਬਿੰਦਰ ਨੂੰ ਕਈ ਫੋਨ ਕੀਤੇ ਕਿ ਉਹ ਬੇਬੇ ਨੂੰ ਆਪਣੇ ਕੋਲ ਸੱਦ ਲਵੇ। ਬਿੰਦਰ ਕੋਲ ਕਿਹੜਾ ਕੁਝ ਹੈ ਨਹੀਂ ਸੀ ਕਿ ਉਹ ਬੇਬੇ ਨੂੰ ਅਮਰੀਕਾ ਬੁਲਾ ਨਹੀਂ ਸੀ ਸਕਦਾ। ਬਾਪੂ ਦੀ ਜ਼ਮੀਨ ਵੇਚ ਕੇ ਅਮਰੀਕਾ ’ਚ ਚਲਾਏ ਕਰੋੜਾਂ ਦੇ ਕਾਰੋਬਾਰ ਨੇ ਉਸ ਨੂੰ ਮਾਂ ਵਰਗੇ ਪਵਿੱਤਰ ਤੇ ਵੱਡੇ ਰਿਸ਼ਤੇ ਤੋਂ ਦੂਰ ਕਰ ਦਿੱਤਾ ਸੀ। ਰਾਣੀ ਨੇ ਬਥੇਰੇ ਤਰਲੇ ਪਾਏ ਬਿੰਦਰ ਨੂੰ ਕਿ ਬੇਬੇ ਨੂੰ ਆਪਣੇ ਕੋਲ ਸੱਦ ਲਵੇ, ਪਰ ਬਿੰਦਰ ਟੱਸ ਤੋਂ ਮੱਸ ਨਾ ਹੋਇਆ।

ਆਖਰ ਰਾਣੀ ਆਪਣੀ ਮਾਂ ਨੂੰ ਆਪਣੇ ਸਹੁਰੀਂ ਲੈ ਗਈ। ਭਲਾ ਹੋਵੇ ਰਾਣੀ ਦੇ ਘਰਵਾਲੇ ਦਾ ਜਿਸ ਨੇ ਕਦੇ ਮੱਥੇ ਵੱਟ ਨਹੀਂ ਪਾਇਆ। ਸਾਰਾ ਪਿੰਡ ਬਲਵੀਰ ਸਿਉਂ ਦੀਆਂ ਵਡਿਆਈਆਂ ਕਰਦਾ ਨਾ ਥੱਕਦਾ। ਰਾਣੀ ਵੀ ਖੁਸ਼ ਸੀ ਕਿ ਉਸ ਦੀ ਮਾਂ ਦਾ ਉਸ ਦੀ ਸੱਸ ਨਾਲ ਗੱਲਾਂ ਬਾਤਾਂ ’ਚ ਚੰਗਾ ਸਮਾਂ ਲੰਘ ਜਾਂਦਾ ਹੈ, ਪਰ ਨਿਹਾਲ ਕੁਰ ਫਿਰ ਵੀ ਉਦਾਸ ਰਹਿੰਦੀ ਸੀ। ਧੀ ਦੇ ਘਰ ਰਹਿਣਾ ਉਸ ਨੂੰ ਪਸੰਦ ਨਹੀਂ ਸੀ। ਨਾਲੇ ਹੁਣ ਉਹ ਧੀ ਨੂੰ ਕੀ ਦਿੰਦੀ ਸੀ। ਜ਼ਮੀਨ ਦਾ ਠੇਕਾ ਤਾਂ ਬਿੰਦਰ ਦਾ ਸਾਲਾ ਹਾੜ੍ਹੀ ਸਾਉਣੀ ਲੈ ਜਾਂਦਾ ਸੀ। ਕਹਿੰਦਾ ਸੀ ਮੈਂ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੰਦਾ ਹਾਂ। ਇਸ ਗੱਲ ਦਾ ਵੀ ਤਾਈ ਨੂੰ ਝੋਰਾ ਹੀ ਰਿਹਾ ਬਈ ਉਹ ਧੀ ਦੇ ਘਰ ਬੈਠ ਖਾਂਦੀ ਪੀਂਦੀ ਹੈ ਤੇ ਉੱਪਰੋਂ ਉਸ ਦੀ ਦਵਾ ਦਾਰੂ ਦਾ ਭਾਰ ਧੀ ਜਵਾਈ ਦੇ ਸਿਰ ’ਤੇ ਆ ਪਿਆ ਹੈ। ਕਰਦੀ ਤਾਂ ਕੀ ਕਰਦੀ। ਬੇਵੱਸ ਜਿਹੀ ਸਾਰਾ ਦਿਨ ਸੋਚਦੀ ਰਹਿੰਦੀ ਤੇ ਉਹ ਦਿਨੋਂ ਦਿਨ ਘਟਦੀ ਹੀ ਜਾਂਦੀ ਸੀ।

ਸਿਆਲਾਂ ਦੇ ਦਿਨ ਸਨ। ਤਾਈ ਨੂੰ ਠੰਢ ਲੱਗ ਗਈ। ਡਾਕਟਰ ਕਹਿੰਦਾ ਨਮੂਨੀਆ ਹੋ ਗਿਆ ਹੈ। ਰਾਣੀ ਨੇ ਆਪਣੇ ਪਤੀ ਬਲਵੀਰ ਨਾਲ ਸਲਾਹ ਕਰਕੇ ਬਿੰਦਰ ਅਤੇ ਆਪਣੀ ਵੱਡੀ ਭੈਣ ਵੀਰੋ ਨੂੰ ਫੋਨ ਕੀਤਾ ਬਈ ਬੇਬੇ ਕਾਫ਼ੀ ਬਿਮਾਰ ਹੈ। ਹਾਲਤ ਬਹੁਤੀ ਠੀਕ ਨਹੀਂ। ਸੁਣਦੇ ਸਾਰ ਹੀ ਵੀਰੋ ਨੇ ਤਿਆਰੀ ਕਰ ਲਈ ਤੇ ਹਫ਼ਤੇ ਵਿੱਚ ਹੀ ਬੇਬੇ ਕੋਲ ਪਹੁੰਚ ਗਈ। ਦੋਵਾਂ ਭੈਣਾਂ ਨੇ ਰਲ ਕੇ ਬਿੰਦਰ ਨੂੰ ਫੋਨ ਕੀਤਾ।

ਬਿੰਦਰ ਨੇ ਫਿਰ ਓਹੀ ਜਵਾਬ ਦਿੱਤਾ, “ਮੈਥੋਂ ਆ ਨਹੀਂ ਹੋਣਾ। ਹੁਣ ਵੀਰੋ ਆ ਗਈ ਏਥੇ। ਦੋਵੇਂ ਭੈਣਾਂ ਰਲ ਮਿਲ ਕੇ ਬੇਬੇ ਨੂੰ ਸਾਂਭੋ।’’ ਰਾਣੀ ਨੇ ਆਪਣੀ ਭਾਬੀ ਨਾਲ ਗੱਲ ਕੀਤੀ ਬਈ ਬਾਈ ਨੂੰ ਭੇਜ ਦੇ ਬੇਬੇ ਯਾਦ ਕਰਦੀ ਹੈ।

ਅੱਗੋਂ ਉਹ ਅਖਣ ਲੱਗੀ, “ਭੈਣੇ ਤੇਰੇ ਬਾਈ ਨੇ ਤੈਨੂੰ ਕਹਿ ਤਾਂ ਦਿੱਤਾ ਬਈ ਸਾਡੇ ਤੋਂ ਆ ਨਹੀਂ ਹੋਣਾ। ਏਥੋਂ ਦੇ ਕੰਮ ਧੰਦਿਆਂ ’ਚੋਂ ਨਿਕਲਣਾ ਬਹੁਤ ਔਖਾ ਹੈ। ਨਾਲੇ ਹੁਣ ਭੈਣ ਵੀਰੋ ਹੈ ਤੇਰੇ ਕੋਲ। ਤੁਸੀਂ ਦੋਵੇਂ ਭੈਣਾਂ ਰਲ ਮਿਲ ਕੇ ਸਾਂਭ ਲਵੋ!’’

ਕੁਝ ਦਿਨਾਂ ਬਾਅਦ ਤਾਈ ਰੱਬ ਘਰ ਚਲੀ ਗਈ। ਰਾਣੀ ਨੇ ਭਰੇ ਮਨ ਨਾਲ ਭਰਾ ਨੂੰ ਇਤਲਾਹ ਦਿੱਤੀ। ਬਿੰਦਰ ਫਿਰ ਵੀ ਨਾ ਆਇਆ। ਜਵਾਬ ਮਿਲਿਆ, “ਜੋ ਕੁਝ ਹੋਣਾ ਸੀ ਉਹ ਹੋ ਗਿਆ ਹੁਣ। ਮੈਂ ਆ ਕੇ ਵੀ ਕੀ ਕਰੂੰ। ਤੂੰ ਇਉਂ ਕਰ ਬੇਬੇ ਦਾ ਆਪਣੇ ਸਹੁਰੀਂ ਹੀ ਸਸਕਾਰ ਕਰ ਦੇ!’’

ਇਹ ਸੁਣ ਕੇ ਰਾਣੀ ਸੁੰਨ ਹੋ ਗਈ। ਕਿਵੇਂ ਆਖੇ ਬਲਵੀਰ ਸਿਉਂ ਨੂੰ, ਪਰ ਬਲਵੀਰ ਸਿਉਂ ਨੇ ਰਾਣੀ ਤੇ ਬਿੰਦਰ ਦੀ ਗੱਲਬਾਤ ਸੁਣ ਲਈ ਸੀ। ਭਾਵੇਂ ਉਸ ਨੇ ਪੂਰੀ ਗੱਲ ਨਹੀਂ ਸੀ ਸੁਣੀ, ਪਰ ਏਨੀ ਗੱਲ ਉਸ ਦੇ ਪੱਲੇ ਪੈ ਗਈ ਸੀ ਕਿ ਬਿੰਦਰ ਬੇਬੇ ਦੇ ਮ੍ਰਿਤਕ ਸਰੀਰ ਨੂੰ ਏਥੇ ਹੀ ਸਮੇਟਣਾ ਚਾਹੁੰਦਾ ਹੈ।

ਤਾਈ ਦੇ ਪਿੰਡੋਂ ਸ਼ਰੀਕੇ ’ਚੋਂ ਬੰਦੇ ਬੁੜੀਆਂ ਆਏ। ਆਖਣ ਨਿਹਾਲ ਕੁਰ ਦਾ ਸੰਸਕਾਰ ਇਹਦੇ ਪਿੰਡ ਹੀ ਕਰਾਂਗੇ। ਪਰ ਰਾਣੀ ਤੇ ਬਲਵੀਰ ਸਿਉਂ ਨੇ ਵੀਰੋ ਨਾਲ ਸਲਾਹ ਕਰਕੇ ਨਿਹਾਲ ਕੁਰ ਦਾ ਸਸਕਾਰ ਆਪਣੇ ਖੇਤ ਦੀ ਇੱਕ ਨੁੱਕਰ ’ਚ ਕਰ ਦਿੱਤਾ।

ਤਾਈ ਦੀ ਮੌਤ ਤੋਂ ਛੇ ਕੁ ਮਹੀਨੇ ਬਾਅਦ ਮੈਂ ਕੈਨੇਡਾ ਤੋਂ ਪੰਜਾਬ ਗਈ। ਸੌਣ ਲੱਗਿਆਂ ਮਾਂ ਨੇ ਤਾਈ ਦੀ ਗੱਲ ਛੇੜ ਲਈ ਤੇ ਫੁੱਟ ਫੁੱਟ ਕਰਕੇ ਰੋਣ ਲੱਗ ਪਈ ਤੇ ਆਖਣ ਲੱਗੀ,“ਪਤਾ ਨਹੀਂ ਨਿਹਾਲ ਕੁਰ ਦਾ ਕੀ ਬਣਦਾ ਹੋਊ। ਕਹਿੰਦੇ ਹੁੰਦੇ ਆ ਪਿੰਡ ਦੇ ਮੁਰਦੇ ਵੀ ਬਿਗਾਨੇ ਪਿੰਡ ਦੇ ਮੁਰਦਿਆਂ ਨੂੰ ਨਾਲ ਨਹੀਂ ਰਲਾਉਂਦੇ। ਪਤਾ ਨਹੀਂ ਨਿਹਾਲ ਕੁਰ ਕਿਵੇਂ ਰਹਿੰਦੀ ਹੋਊ ਬਿਗਾਨੇ ਪਿੰਡ ਦੇ ਮੁਰਦਿਆਂ ਨਾਲ?”

ਮੇਰਾ ਦਿਲ ਬਾਹਰ ਨੂੰ ਆਉਣ ਲੱਗਾ ਤੇ ਮੈਂ ਅਗਲੀ ਸਵੇਰ ਹੀ ਆਪਣੀ ਮਾਂ ਨੂੰ ਨਾਲ ਲੈ ਕੇ ਰਾਣੀ ਦੇ ਸਹੁਰੀਂ ਚਲੀ ਗਈ। ਰਾਣੀ ਦਾ ਘਰ ਖ਼ੇਤ ’ਚ ਹੀ ਸੀ। ਮਾਂ ਕਈ ਵਾਰ ਤਾਈ ਨੂੰ ਮਿਲਣ ਰਾਣੀ ਦੇ ਸਹੁਰੇ ਗਈ ਸੀ, ਇਸ ਲਈ ਰਾਣੀ ਦਾ ਘਰ ਲੱਭਣ ਵਿੱਚ ਮੁਸ਼ਕਿਲ ਨਾ ਆਈ।

ਰਾਣੀ ਬਹੁਤ ਉਦਾਸ ਸੀ। ਮੇਰੇ ਕੋਲ ਬੈਠੀ ਉਹ ਆਪਣੀ ਪੀੜ ਨੂੰ ਆਪਣੇ ਅੰਦਰ ਹੀ ਸਮੇਟੀ ਜਾਂਦੀ ਸੀ। ਮੈਨੂੰ ਉਹਦੀਆਂ ਅੱਖਾਂ ਵਿਚਲੀ ਉਦਾਸੀ ਸਭ ਕੁਝ ਸਮਝਾ ਰਹੀ ਸੀ ਕਿ ਇੱਕ ਕੁੜੀ ਲਈ ਕਿੰਨਾ ਮੁਸ਼ਕਿਲ ਹੁੰਦਾ ਹੈ ਕਿ ਭਰਾ ਦੇ ਹੁੰਦਿਆਂ ਆਪਣੀ ਮਾਂ ਦਾ ਆਪਣੇ ਸਹੁਰੀਂ ਆਪਣੇ ਖ਼ੇਤ ਦੀ ਇੱਕ ਨੁੱਕਰੇ ਸਸਕਾਰ ਕਰਨਾ।

ਚਾਹ ਪਾਣੀ ਪੀ ਕੇ ਮੈਂ ਤੇ ਰਾਣੀ ਖ਼ੇਤ ਵੱਲ ਨੂੰ ਹੋ ਤੁਰੀਆਂ ਤੇ ਓਥੇ ਜਾ ਕੇ ਪੈਰ ਰੁਕ ਗਏ ਜਿੱਥੇ ਤਾਈ ਦੇ ਮ੍ਰਿਤਕ ਸਰੀਰ ਨੂੰ ਅੱਗ ਲਾਈ ਸੀ। ਅਸੀਂ ਦੋਵੇਂ ਖਾਮੋਸ਼ ਸਾਂ। ਨਾ ਰਾਣੀ ਕੁਝ ਬੋਲ ਰਹੀ ਸੀ ਅਤੇ ਨਾ ਹੀ ਮੇਰੇ ਕੋਲ ਬੋਲਣ ਦੀ ਹਿੰਮਤ ਸੀ। ਮੈਨੂੰ ਮਹਿਸੂਸ ਹੋਇਆ ਜਿਵੇਂ ਤਾਈ ਕਹਿ ਰਹੀ ਹੋਵੇ,“ਕੁੜੀਓ! ਆਪਣੀਆਂ ਧੀਆਂ ਨੂੰ ਮੱਖਣੀ ਨਾਲ ਰੋਟੀ ਖਾਣ ਤੋਂ ਰੋਕਿਆ ਨਾ ਕਰੋ।”



News Source link
#ਖਤ #ਦ #ਨਕਰ

- Advertisement -

More articles

- Advertisement -

Latest article