24.2 C
Patiāla
Monday, April 29, 2024

ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ’ਤੇ ਸਿਜਦਾ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਪਾਕਿਸਤਾਨ ਰਹਿੰਦਾ ਪਿਆਰਾ ਅਸ਼ਰਫ਼ ਸੁਹੇਲ ਬਹੁਤ ਹੀ ਸੰਜੀਦਾ, ਸਿਆਣਾ, ਸੁਹਿਰਦ ਅਤੇ ਸਮਰਪਿਤ ਵਿਅਕਤੀ ਹੈ। ਉਹ ਪਿਛਲੇ 27 ਸਾਲ ਤੋਂ ਬੱਚਿਆਂ ਦਾ ‘ਪੰਖ਼ੇਰੂ’ ਮੈਗਜ਼ੀਨ ਕੱਢ ਰਿਹਾ ਹੈ ਜਿਸ ਵਿੱਚ ਦੋਹਾਂ ਪੰਜਾਬਾਂ ਦੇ ਬਾਲ ਲੇਖਕ ਆਪਣੀਆਂ ਰਚਨਾਵਾਂ ਰਾਹੀਂ ਬੱਚਿਆਂ ਨੂੰ ਪੰਜਾਬੀ ਅਦਬ ਅਤੇ ਸੱਭਿਆਚਾਰ ਨਾਲ ਬਾਵਾਸਤਾ ਰੱਖਣ ਲਈ ਆਪਣਾ ਯੋਗਦਾਨ ਪਾ ਰਹੇ ਹਨ। ਸਾਡੇ ਅਮਰੀਕਾ ਤੋਂ ਲਾਹੌਰ ਪੁੱਜਣ ਤੋਂ ਪਹਿਲਾਂ ਹੀ ਉਹ ਸਾਡੇ ਪੰਜ ਦਿਨਾਂ ਦਾ ਪੂਰਾ ਪ੍ਰੋਗਰਾਮ ਬਣਾਈ ਬੈਠਾ ਸੀ। ਪਹਿਲੇ ਹੀ ਦਿਨ ਲਾਹੌਰ ਪਹੁੰਚ ਕੇ ਅਸੀਂ ਬਾਅਦ ਦੁਪਹਿਰ ਕਸੂਰ ਵਿਖੇ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ’ਤੇ ਸਿਜਦਾ ਕਰਨ ਅਤੇ ਰਸਤੇ ਵਿੱਚ ਪੰਜਾਬੀ ਦੇ ਸਮਰੱਥ ਲੇਖਕ ਅਤੇ ਮੋਹਵੰਤੇ ਇਕਬਾਲ ਕੈਸਰ ਹੁਰਾਂ ਦਾ ਪੰਜਾਬੀ ਖੋਜਗੜ੍ਹ ਦੇਖਣ ਲਈ ਤੁਰ ਪਏ। ਨਿੱਕੀਆਂ ਨਿੱਕੀਆਂ ਗੱਲਾਂ ਅਤੇ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਕਿ ਅਸੀਂ ਕਸੂਰ ਨੂੰ ਜਾ ਰਹੇ ਹਾਂ ਜਾਂ ਕਪੂਰਥਲੇ ਨੂੰ। ਇਹੀ ਸੜਕ ਅੱਗੇ ਫਿਰੋਜ਼ਪੁਰ ਨੂੰ ਜਾਂਦੀ ਹੁੰਦੀ ਸੀ। ਆਪਣੇ ਵਰਗੇ ਲੋਕ, ਉਹੀ ਟਰੈਫਿਕ, ਸੜਕਾਂ ਅਤੇ ਚੌਗਿਰਦਾ।

ਲਲਿਆਣੀ ਦੇ ਕੋਲ ਵਿਕਲੋਤਰੇ ਜਿਹੇ ਹੈ ਇਕਬਾਲ ਕੈਸਰ ਜੀ ਦਾ ਪੰਜਾਬੀ ਖੋਜਗੜ੍ਹ। ਪੰਜਾਬੀ ਰਹਿਤਲ ਦੇ ਖੋਜਾਰਥੀਆਂ ਲਈ ਨਿਵੇਕਲਾ ਅਤੇ ਉਮਦਾ ਸਥਾਨ। ਪੰਜਾਬੀ ਸੱਭਿਆਚਾਰ, ਸਾਹਿਤ, ਸੰਗੀਤ ਅਤੇ ਮਨੋਰੰਜਨ ਦਾ ਸਮੁੱਚਾ ਇਤਿਹਾਸ ਤਸਵੀਰਾਂ ਦੀ ਜ਼ੁਬਾਨੀ ਕੰਧਾਂ ’ਤੇ ਮੌਜੂਦ ਹੈ। ਇਸ ਦੀ ਤਾਮੀਰਦਾਰੀ ਵਿੱਚ ਪੰਜਾਬੀ ਸੱਭਿਆਚਾਰ ਦਾ ਮੁਹਾਂਦਰਾ ਹੈ। ਪੰਜਾਬੀ ਅਦਬ, ਇਸ ਦੇ ਸਰੋਕਾਰਾਂ ਅਤੇ ਪਾਕਿਸਤਾਨ ਵਿੱਚ ਵੱਸਦੇ ਪੰਜਾਬੀ ਪਿਆਰਿਆਂ ਵੱਲੋਂ ਇਸ ਦੀ ਸਲਾਮਤੀ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਇਕਬਾਲ ਕੈਸਰ ਵੱਲੋਂ ਆਰੰਭੇ ਜਾ ਰਹੇ ਹੋਰ ਪ੍ਰਾਜੈਕਟਾਂ ਬਾਰੇ ਗੱਲਾਂ-ਬਾਤਾਂ ਵਿੱਚ ਰੁੱਝਿਆਂ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਦੋ ਘੰਟੇ ਬੀਤ ਗਏ। ਇਕਬਾਲ ਕੈਸਰ ਹੋਰੀਂ ਪੰਜਾਬੀ ਅਦਬ ਨਾਲ ਪ੍ਰਣਾਏ ਅਜਿਹੇ ਸਖ਼ਸ਼ ਨੇ ਜਿਨ੍ਹਾਂ ਨੇ ਆਪਣਾ ਸਮੁੱਚ ਹੀ ਪੰਜਾਬੀ ਅਦਬ ਨੂੰ ਅਰਪਿਤ ਕੀਤਾ ਹੋਇਆ ਹੈ।

ਇਲਿਆਸ ਘੁੰਮਣ ਜੀ ਨਾਲ ਮਿਲ ਕੇ ਲਿਖੀ, ਪਾਕਿਸਤਾਨ ਵਿਚਲੇ ਸਿੱਖਾਂ ਦੇ ਗੁਰਦੁਆਰਿਆਂ ਬਾਰੇ ਅਨਮੋਲ ਪੁਸਤਕ ’ਤੇ ਜਿੱਥੇ ਇਕਬਾਲ ਕੈਸਰ ਹੋਰਾਂ ਨੂੰ ਨਾਜ਼ ਹੈ, ਉੱਥੇ ਹੀ ਦੁਨੀਆ ਭਰ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ ਉਨ੍ਹਾਂ ਦੀ ਸਦਾ ਰਿਣੀ ਰਹੇਗੀ ਕਿ ਉਨ੍ਹਾਂ ਨੇ ਸਿੱਖਾਂ ਦੇ ਮੁਕੱਦਸ ਸਥਾਨਾਂ ਬਾਰੇ ਇੰਨੀ ਬਾਰੀਕਬੀਨੀ ਨਾਲ ਸਟੀਕ ਜਾਣਕਾਰੀ ਇਕੱਤਰ ਕਰਕੇ, ਤਸਵੀਰਾਂ ਸਮੇਤ ਤਿੰਨ ਭਾਸ਼ਾਵਾਂ (ਉਰਦੂ, ਪੰਜਾਬੀ ਅਤੇ ਅੰਗਰੇਜ਼ੀ) ਵਿੱਚ ਪ੍ਰਕਾਸ਼ਿਤ ਕਰਵਾਈ ਹੈ। ਇਹ ਰੈਫਰੈਂਸ ਕਿਤਾਬ ਹੈ ਅਤੇ ਹਰ ਪੰਜਾਬੀ ਕੋਲ ਜ਼ਰੂਰ ਹੋਣੀ ਚਾਹੀਦੀ ਹੈ।

ਪੰਜਾਬੀ ਖੋਜਗੜ੍ਹ ਦੀ ਸਮੁੱਚੀ ਆਬੋ-ਹਵਾ ਪੰਜਾਬੀ ਹੈ। ਬਾਬਾ ਨਾਨਕ ਦੀ ਯਾਦ ਵਿੱਚ ਬਗੀਚੀ ਹੈ। ਬਿਰਖ਼ਾਂ ਤੇ ਪੰਛੀਆਂ ਦੀ ਚਹਿਕਣੀ ਵਿੱਚ ਕਿਸੇ ਖੂਹ ’ਤੇ ਬੈਠਣ ਦਾ ਵਿਸਮਾਦ ਹੈ। ਬਚਪਨੇ ਦੀ ਨਿੱਘੀ ਜਿਹੀ ਯਾਦ ਹੈ। ਪੁਰਾਣੀਆਂ ਯਾਦਾਂ ਵਿੱਚ ਹੀ ਅੱਜ ਦੀ ਮਿਲਣੀ ਦੀ ਪਿਆਰੀ ਜਿਹੀ ਯਾਦ ਨੂੰ ਆਪਣੀ ਮਨ-ਬੁੱਕਲ ਵਿੱਚ ਸਾਂਭ ਕੇ ਅਸਾਂ ਕਸੂਰ ਦੀ ਸੜਕ ’ਤੇ ਗੱਡੀ ਪਾ ਲਈ। ‘ਕਸੂਰੀ ਮੇਥੀ’ ਅਤੇ ‘ਜੁੱਤੀ ਕਸੂਰੀ, ਪੈਰੀਂ ਨਾ ਪੂਰੀ’ ਵਾਲਾ ਕਸੂਰ ਸ਼ਹਿਰ। ਇਸ ਦੀਆਂ ਭੀੜੀਆਂ ਗਲੀਆਂ ਥੀਂ ਰਾਹ ਬਣਾਉਂਦੀ ਸਾਡੀ ਕਾਰ।

ਕਸੂਰ ਸ਼ਹਿਰ ਦੇ ਕੇਂਦਰ ਅਤੇ ਬਾਜ਼ਾਰ ਵਿੱਚ ਹੀ ਬਣਿਆ ਹੋਇਆ ਬਾਬਾ ਬੁੱਲ੍ਹੇ ਸ਼ਾਹ ਦਾ ਦਰਬਾਰ। ਖੁੱਲ੍ਹਾ ਵਿਹੜਾ। ਇੱਥੇ ਨਤਮਸਤਕ ਹੋਣ ਵਾਲੇ ਪ੍ਰੇਮੀਆਂ ਦੀ ਰੌਣਕ ਸੀ। ਵਿਹੜੇ ਵਿੱਚ ਕਵਾਲੀਆਂ ਦੀ ਸੰਗੀਤਕ ਛਹਿਬਰ ਲੱਗੀ ਹੋਈ ਸੀ। ਮਖ਼ਸੂਸੀ ਆਲਮ ਵਿੱਚ ਭਿੱਜੇ ਹੋਏ ਸ਼ਰਧਾਲੂ ਬੁੱਲ੍ਹੇ ਸ਼ਾਹ ਦੇ ਦਰਬਾਰ ਵਿੱਚ ਮੰਨਤਾਂ ਮੰਗਣ ਅਤੇ ਮੰਨਤਾਂ ਪੂਰੀਆਂ ਹੋਣ ਤੋਂ ਬਾਅਦ ਸਿਜਦਾ ਕਰਨ ਆਉਂਦੇ ਹਨ। ਮੰਗੀਆਂ ਮੁਰਾਦਾਂ ਦੇ ਪੂਰੀਆਂ ਹੋਣ ਦੀ ਆਸਥਾ, ਉਨ੍ਹਾਂ ਦੇ ਚਿਹਰਿਆਂ ਤੋਂ ਸਪੱਸ਼ਟ ਝਲਕਦੀ ਹੈ।

ਦਰਗਾਹ ਵਿੱਚ ਦਾਖਲ ਹੋਣ ਤੋਂ ਪਹਿਲਾਂ ਸ਼ੀਸ਼ੇ ਦੇ ਬਕਸੇ ਵਿੱਚ ਬੁੱਲ੍ਹੇ ਸ਼ਾਹ ਜੀ ਵੱਲੋਂ ਪਹਿਨੇ ਹੋਏ ਬਸਤਰ ਅਤੇ ਉਨ੍ਹਾਂ ਦਾ ਸਾਜ਼ ਕਿਸੇ ਆਸਮਈ ਰਮਜ਼ ਵਿੱਚ ਨਜ਼ਰ ਆਉਂਦੇ ਹਨ ਕਿ ਕਦੋਂ ਫਿਰ ਬਾਬਾ ਬੁੱਲ੍ਹੇ ਸ਼ਾਹ ਆਵੇਗਾ? ਮੇਰੀਆਂ ਤਾਰਾਂ ਨੂੰ ਛੇੜ, ਗੁੱਝੀਆਂ ਰਮਜ਼ਾਂ ਦੀਆਂ ਤਰਜ਼ਾਂ ਮੇਰੇ ਹਿੱਕ ਵਿੱਚ ਪੈਦਾ ਕਰੇਗਾ। ਫਿਰ ਵਿਸਮਾਦ ਵਿੱਚ ਰੰਗਿਆ ਬਾਬਾ ਕਸੂਰ ਦੀਆਂ ਬੀਹੀਆਂ ਅਤੇ ਬੂਹਿਆਂ ਨੂੰ ਆਪਣੇ ਰਮਜ਼ੀ ਬੋਲਾਂ ਤੇ ਰਹਿਬਰੀ ਦਸਤਕ ਨਾਲ ਨੂਰੋ-ਨੂਰ ਕਰੇਗਾ। ਹਰ ਦਰ ਤੇ ਘਰ ਨੂੰ ਨਿਆਮਤਾਂ ਸੰਗ ਵਰ੍ਹੇਗਾ। ਇਹ ਸਾਜ਼ ਉਨ੍ਹਾਂ ਦੇ ਅੰਗ-ਸੰਗ ਰਿਹਾ। ਇਹ ਸਾਜ਼ ਇਸ ਗੱਲ ਦਾ ਚਸ਼ਮਦੀਦ ਹੈ ਕਿ ਕਿਵੇਂ ਉਹ ਆਪਣੇ ਮੁਰਸ਼ਦ ਸਾਈਂ ਸ਼ਾਹ ਅਨਾਇਤ ਅਲੀ ਸਾਹਵੇਂ ਨੱਚਦਾ ਰਿਹਾ ਕਿਉਂਕਿ ਉਨ੍ਹਾਂ ਨੂੰ ਜਾਚ ਸੀ ਨੱਚ ਕੇ ਆਪਣੇ ਪੀਰ ਨੂੰ ਮਨਾਉਣ ਦੀ। ਸਾਈਂ ਦੀ ਸੰਗਤ ਮਾਣਦਿਆਂ ਉਨ੍ਹਾਂ ਦਾ ਅੰਦਰ ਨੱਚਦਾ ਅਤੇ ਇਹ ਅੰਦਰਲਾ ਨਾਚ ਹੀ ਜਦੋਂ ਬਾਹਰ ਨਿਕਲਦਾ ਤਾਂ ਉਨ੍ਹਾਂ ਦੇ ਪੈਰਾਂ ਵਿੱਚ ਤਾਲ ਅਤੇ ਬੰਨ੍ਹੇ ਹੋਏ ਘੁੰਗਰੂਆਂ ਵਿੱਚ ਨਾਦ ਪੈਦਾ ਹੁੰਦਾ ਸੀ। ਦਰਗਾਹ ਦੀ ਪਰਿਕਰਮਾ ਵਿੱਚ ਬੈਠੇ ਕੁਝ ਲੋਕ ਕੱਵਾਲੀਆਂ ਗਾ ਰਹੇ ਸਨ, ਪਰ ਕਿਸ ਨੇ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਆਪਣੇ ਸਾਈਂ ਸ਼ਾਹ ਅਨਾਇਤ ਅਲੀ ਨੂੰ ਨੱਚ ਕੇ ਮਨਾਉਣਾ ਅਤੇ ਆਪਣਾ ਗਵਾ ਕੇ ਖ਼ੁਦ ਨੂੰ ਪਾਉਣਾ ਹੈ?

ਬਾਬਾ ਬੁੱਲ੍ਹੇ ਸ਼ਾਹ ਪਹੁੰਚਿਆ ਹੋਇਆ ਫ਼ਕੀਰ ਸੀ ਤਾਂ ਹੀ ਉਨ੍ਹਾਂ ਦਾ ਕਹਿਣਾ ਸੀ, “ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ, ਗੌਰ ਪਿਆ ਕੋਈ ਹੋਰ”। ਸਾਈਂ ਲੋਕ ਜਾਣਦੇ ਨੇ ਕਿ ਉਹ ਮਰ ਕੇ ਵੀ ਨਹੀਂ ਮਰਦੇ ਕਿਉਂਕਿ ਉਹ ਆਪਣੇ ਕਲਾਮ, ਕੀਰਤੀਆਂ ਅਤੇ ਕਰਮਯੋਗਤਾ ਰਾਹੀਂ ਸਮੇਂ ਦੇ ਹਰ ਗੇੜ ਵਿੱਚ ਹਾਜ਼ਰ-ਨਾਜ਼ਰ ਰਹਿੰਦੇ ਨੇ। ਬਕਸੇ ਵਿੱਚ ਬੰਦ ਇਹ ਸਾਜ਼ ਅਤੇ ਬਸਤਰ ਬਾਬਾ ਬੁੱਲ੍ਹੇ ਸ਼ਾਹ ਨੂੰ ਸਦਾ ਹਾਜ਼ਰ-ਨਾਜ਼ਰ ਸਮਝ, ਹੁਣ ਵੀ ਉਨ੍ਹਾਂ ਪਲਾਂ ਨੂੰ ਮੁੜ ਤੋਂ ਜਿਉਣ ਲਈ ਉਤਾਵਲੇ ਹਨ ਜਿਹੜੇ ਪਲ ਇਨ੍ਹਾਂ ਨੇ ਬਾਬਾ ਬੁੱਲ੍ਹੇ ਸ਼ਾਹ ਦੀ ਸੰਗਤ ਵਿੱਚ ਭਰਪੂਰਤਾ ਸੰਗ ਜੀਵੇ ਅਤੇ ਮਾਣੇ ਸਨ। ਇਨ੍ਹਾਂ ਬਸਤਰਾਂ ਵਿੱਚ ਬਾਬਾ ਬੁੱਲ੍ਹੇ ਸ਼ਾਹ ਦੇ ਪਿੰਡੇ ਦੀ ਮਹਿਕ, ਸਾਜ਼ ਵਿੱਚ ਉਨ੍ਹਾਂ ਦੇ ਪੋਟਿਆਂ ਦੀ ਛੋਹ, ਬਾਬਾ ਜੀ ਦੀ ਰੂਹ-ਰੇਜ਼ਤਾ ਤੇ ਰੂਹ- ਰੰਗਤਾ ਤਾਰੀ ਏ। ਇਨ੍ਹਾਂ ਵਿੱਚੋਂ ਹੀ ਤੁਸੀਂ ਬਾਬਾ ਬੁੱਲ੍ਹੇ ਸ਼ਾਹ ਦੇ ਸ਼ਾਖ਼ਸਾਤ ਦਰਸ਼ਨ ਕਰ ਸਕਦੇ ਹੋ।

ਬਾਬਾ ਬੁੱਲ੍ਹੇ ਸ਼ਾਹ ਦੇ ਦਰਬਾਰ ਵਿੱਚ ਨਤਮਸਤਕ ਹੋਏ ਤਾਂ ਦਰਗਾਹ ਦੇ ਮੌਲਵੀ ਅਤੇ ਹਾਜ਼ਰੀਨ ਨੇ ਸਾਡੇ ਲਈ ਮੰਨਤਾਂ ਵੀ ਮੰਗੀਆਂ ਅਤੇ ਦੁਆਵਾਂ ਵੀ ਦਿੱਤੀਆਂ। ਅਸੀਂ ਬਾਬਾ ਬੁੱਲ੍ਹੇ ਸ਼ਾਹ ਕੋਲੋਂ ਦੁਆ ਮੰਗੀ ਕਿ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਸਦਾ ਖੁਸ਼ ਰਹਿਣ। ਉਹ ਪੰਜਾਬੀ ਅਤੇ ਇਸ ਦੇ ਸੱਭਿਆਚਾਰ ਨਾਲ ਮੋਹ ਪਾਲਦੇ ਰਹਿਣ। ਉਨ੍ਹਾਂ ਦੇ ਚੇਤਿਆਂ ਵਿੱਚੋਂ ਕਦੇ ਨਾ ਵਿਸਰਨ ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਬਾਬਾ ਫ਼ਰੀਦ, ਗੁਰੂ ਨਾਨਕ, ਸਾਈਂ ਮੀਆਂ ਮੀਰ, ਪੀਲੂ, ਵਾਰਸ ਸ਼ਾਹ, ਬਾਬਾ ਨਜਮੀ, ਸ਼ਿਵ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਹੋਰ ਸਾਰੇ ਅਦੀਬ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪ੍ਰਣਾਏ ਹੋਏ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਬਣੇ। ਦਰਗਾਹਾਂ ਅਤੇ ਹੋਰ ਧਾਰਮਿਕ ਅਸਥਾਨ ’ਤੇ ਮੇਲੇ ਲੱਗਦੇ ਰਹਿਣ।

ਬਾਬਾ ਬੁੱਲ੍ਹੇ ਸ਼ਾਹ ਦੇ ਦਰਬਾਰ ਵਿੱਚ ਇਕੱਲਾ ਹੀ ਪੱਗੜੀਧਾਰੀ ਸਰਦਾਰ ਸਾਂ। ਮੈਨੂੰ ਅਕੀਦਤ ਭੇਂਟ ਕਰਦਿਆਂ ਨੂੰ ਤੱਕ ਕੇ ਬਹੁਤ ਸਾਰੇ ਲੋਕ ਇਕੱਤਰ ਹੋ ਗਏ। ਉਹ ਬਹੁਤ ਹੀ ਅਦਬ ਅਤੇ ਮੋਹਵੰਤੀਆਂ ਨਜ਼ਰਾਂ ਨਾਲ ਚਿਰ-ਵਿਛੁੰਨੇ ਆਪਣੇ ਸਰਦਾਰ ਭਰਾ ਦੇ ਦਰਸ਼ਨ ਕਰਕੇ ਖੁਸ਼ ਹੋ ਰਹੇ ਸਨ। ਦਰਅਸਲ, ਪੰਜਾਬੀਆਂ ਲਈ ਸਾਰੇ ਪੀਰ/ਫ਼ਕੀਰ ਸਾਂਝੇ ਨੇ। ਸਾਂਝੇ ਨੇ ਗੁਰੂ ਅਤੇ ਔਲੀਏ। ਸਾਰੀਆਂ ਹੀ ਧਾਰਮਿਕ ਥਾਵਾਂ ਸਭ ਲਈ ਹੀ ਅਕੀਦਤਯੋਗ ਹਨ। ਪੂਰਨ ਸਤਿਕਾਰ, ਅਦਬ ਅਤੇ ਸ਼ਰਧਾ ਨਾਲ ਨਤਮਸਤਕ ਹੋਣਾ, ਸਾਰੇ ਪੰਜਾਬੀ ਆਪਣਾ ਧੰਨਭਾਗ ਸਮਝਦੇ ਹਨ।

ਕਿਤਾਬਾਂ ਵਿੱਚ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਬਹੁਤ ਪੜ੍ਹਿਆ ਸੀ ਅਤੇ ਸੁਣਿਆ ਵੀ ਬਹੁਤ ਸੀ। ਪਰ ਉਨ੍ਹਾਂ ਦੇ ਦਰਬਾਰ ਵਿੱਚ ਆ ਕੇ ਰੂਹ ਸ਼ਰਸ਼ਾਰ ਹੋ ਗਈ ਹੈ। ਮੇਰੇ ਲਈ ਇਹ ਜ਼ਿਆਰਤ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਬਾਬਾ ਬੁੱਲ੍ਹੇ ਸ਼ਾਹ ਜੀ ਦੇ ਸਾਈਂ ਬਾਬਾ ਸ਼ਾਹ ਅਨਾਇਤ ਅਲੀ ਜੀ ਦੀ ਦਰਗਾਹ ਮੇਰੇ ਪਿੰਡ ਵਿੱਚ ਹੈ ਜੋ ਸਾਰੇ ਪਿੰਡ ਵਾਸੀਆਂ ਲਈ ਪੂਜਣਯੋਗ ਜਗ੍ਹਾ ਹੈ। ਉੱਥੇ ਹਰ ਸਾਲ ਪੰਦਰਾਂ ਹਾੜ੍ਹ ਨੂੰ ਉਨ੍ਹਾਂ ਦੀ ਯਾਦ ਵਿੱਚ ਬਹੁਤ ਭਰਵਾਂ ਮੇਲਾ ਲੱਗਦਾ ਹੈ ਜਿਸ ਵਿੱਚ ਦੇਸ਼-ਵਿਦੇਸ਼ ਵਿੱਚ ਵੱਸਦੇ ਮੇਰੇ ਪਿੰਡ ਵਾਸੀਆਂ ਦਾ ਹਾਜ਼ਰੀ ਲਗਵਾਉਣਾ ਜ਼ਰੂਰੀ ਹੁੰਦਾ ਹੈ। ਮੈਂ ਤਾਂ ਪਾਕਿਸਤਾਨ ਆਉਣ ਵੇਲੇ ਹੀ ਸੋਚਿਆ ਸੀ ਉਨ੍ਹਾਂ ਮੁਕੱਦਸ ਥਾਵਾਂ ’ਤੇ ਜ਼ਰੂਰ ਜਾਣਾ ਹੈ ਜਿਨ੍ਹਾਂ ਦਾ ਮੇਰੇ ਪਿੰਡ ਨਾਲ ਕਿਸੇ ਨਾ ਕਿਸੇ ਕਿਸਮ ਦਾ ਕੋਈ ਸਬੰਧ ਜਾਂ ਵਾਸਤਾ ਹੈ। ਮੈਂ ਲਾਹੌਰ ਵਿਖੇ ਬਾਬਾ ਸ਼ਾਹ ਅਨਾਇਤ ਅਲੀ ਦੇ ਦਰਬਾਰ ’ਤੇ ਵੀ ਜ਼ਰੂਰ ਜਾਵਾਂਗਾ ਤਾਂ ਕਿ ਮੈਂ ਆਪਣੇ ਪਿੰਡ ਵਾਲਿਆਂ ਵੱਲੋਂ ਉਨ੍ਹਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਸਕਾਂ।

ਦਰਗਾਹ ਤੋਂ ਬਾਹਰ ਨਿਕਲ ਰਿਹਾ ਸਾਂ ਤਾਂ ਮੈਨੂੰ ਬਾਬਾ ਬੁੱਲ੍ਹੇ ਸ਼ਾਹ ਬਾਰੇ ਇੱਕ ਦੰਦ ਕਥਾ ਯਾਦ ਆਈ ਕਿ ਕੇਰਾਂ ਬਾਬਾ ਬੁੱਲੇ ਸ਼ਾਹ ਲਾਹੌਰ ਦੇ ਬਾਜ਼ਾਰ ਵਿੱਚ ਦੁੱਧ ਲੈਣ ਗਏ। ਦੇਖਿਆ ਕਿ ਇੱਕ ਨੌਜਵਾਨ ਗਵਾਲਣ ਤਖ਼ਤਪੋਸ਼ ’ਤੇ ਦੁੱਧ ਦੀਆਂ ਗਾਗਰਾਂ ਰੱਖੀ ਦੁੱਧ ਵੇਚ ਰਹੀ ਸੀ। ਉਹ ਪੈਸੇ ਗਿਣਦੀ ਅਤੇ ਗਾਹਕ ਦੇ ਭਾਂਡੇ ਵਿੱਚ ਦੁੱਧ ਪਾ ਦਿੰਦੀ। ਇੰਨੇ ਚਿਰ ਨੂੰ ਇੱਕ ਖੂਬਸੂਰਤ ਨੌਜਵਾਨ ਦੁੱਧ ਲੈਣ ਆਇਆ। ਗਵਾਲਣ ਨੇ ਬਿਨ-ਗਿਣਿਆਂ ਹੀ ਪੈਸੇ ਲੈ ਲਏ ਅਤੇ ਉਸ ਦਾ ਭਾਂਡਾ ਦੁੱਧ ਨਾਲ ਨੱਕੋ-ਨੱਕ ਭਰ ਦਿੱਤਾ। ਇਹ ਦੇਖ ਕੇ ਬਾਬਾ ਬੁੱਲ੍ਹੇ ਸ਼ਾਹ ਹੈਰਾਨ ਹੋਇਆ ਕਿ ਉਸ ਨੇ ਪੈਸੇ ਵੀ ਨਹੀਂ ਗਿਣੇ ਅਤੇ ਦੁੱਧ ਵੀ ਅਣਮਿਣਿਆਂ ਹੀ ਭਾਂਡੇ ਵਿੱਚ ਪਾ ਦਿੱਤਾ ਹੈ। ਬਾਬਾ ਬੁੱਲ੍ਹੇ ਸ਼ਾਹ ਇਹ ਦੇਖ ਕੇ ਹੈਰਾਨ ਹੋਏ ਅਤੇ ਉਨ੍ਹਾਂ ਨੇ ਗਵਾਲਣ ਨੂੰ ਪੁੱਛਿਆ ਕਿ ਤੂੰ ਇਸ ਨੌਜਵਾਨ ਦੇ ਪੈਸੇ ਵੀ ਨਹੀਂ ਗਿਣੇ ਅਤੇ ਦੁੱਧ ਵੀ ਅਣਮਿਣਿਆਂ ਹੀ ਦੇ ਦਿੱਤਾ ਹੈ? ਤਾਂ ਉਸ ਦਾ ਉੱਤਰ ਸੀ ਕਿ ਬਾਬਾ! ਪਿਆਰ-ਮੁਹੱਬਤ ਵਿੱਚ ਹਿਸਾਬ-ਕਿਤਾਬ ਨਹੀਂ ਹੁੰਦਾ। ਬਾਬਾ ਬੁੱਲ੍ਹੇ ਸ਼ਾਹ ਹੈਰਾਨੀ ਨਾਲ ਇਹ ਸੋਚਦੇ ਪਰਤ ਆਏ ਕਿ ਮੇਰੇ ਨਾਲੋਂ ਤਾਂ ਇਹ ਗਵਾਲਣ ਹੀ ਸਿਆਣੀ ਹੈ ਜਿਹੜੀ ਜਾਣਦੀ ਹੈ ਕਿ ਪਿਆਰਿਆਂ ਨਾਲ ਕਦੇ ਹਿਸਾਬ ਕਿਤਾਬ ਨਹੀਂ ਕਰੀਦਾ। ਮੈਂ ਤਾਂ ਐਵੇਂ ਹੀ ਆਪਣੇ ਸਾਈਂ ਨਾਲ ਹਿਸਾਬ ਕਿਤਾਬ ਵਿੱਚ ਉਲਝਿਆ ਰਿਹਾ। ਖ਼ੁਦ ਨੂੰ ਆਪਣੇ ਪਿਆਰੇ ਅੱਗੇ ਅਰਪਿਤ ਕਰਨਾ ਹੀ ਸਭ ਤੋਂ ਵੱਡੀ ਭਗਤੀ ਅਤੇ ਖ਼ੁਦਾ ਨੂੰ ਪਾਉਣਾ ਹੁੰਦਾ ਹੈ।

ਇਨ੍ਹਾਂ ਸੋਚਾਂ ਵਿੱਚ ਗਵਾਚਿਆ ਹੀ ਮੈਂ ਬਾਹਰ ਨਿਕਲ ਕੇ ਬਾਜ਼ਾਰ ਵਿੱਚ ਆ ਗਿਆ ਤਾਂ ਇੱਕ ਨੌਜਵਾਨ ਔਰਤ ਸਾਡੇ ਵੱਲ ਅਹੁਲੀ। ਮੇਰੀ ਪਤਨੀ ਨੂੰ ਦੱਸਣ ਲੱਗੀ ਕਿ ਮੈਂ ਵਿਦੇਸ਼ ਤੋਂ ਆਈ ਹਾਂ। ਮੇਰੇ ਪੇਕੇ ਬਟਾਲੇ ਹਨ ਅਤੇ ਮੈਂ ਆਪਣੇ ਸਹੁਰਿਆਂ ਦੇ ਸ਼ਹਿਰ ਕਸੂਰ ਆਈ ਹਾਂ। ਚੰਗਾ ਲੱਗਾ ਉਸ ਨੂੰ ਮਿਲ ਕੇ। ਸੋਚਦੇ ਰਹੇ ਕਿ ਜੇਕਰ ਇਸ ਤਰ੍ਹਾਂ ਦੋਹਾਂ ਪੰਜਾਬਾਂ ਵਿੱਚ ਰਿਸ਼ਤੇਦਾਰੀਆਂ ਅਤੇ ਸਬੰਧ ਪੈਦਾ ਹੁੰਦੇ ਰਹਿਣ ਤਾਂ ਪੰਜਾਬੀਆਂ ਦੀ ਪੀਢੀ ਸਾਂਝ ’ਤੇ ਕੋਈ ਆਂਚ ਕਦੇ ਨਹੀਂ ਆਵੇਗੀ। ਰੌਸ਼ਨੀਆਂ ਵਿੱਚ ਜਗਮਗਾਉਂਦੇ ਕਸੂਰ ਦੀ ਰੌਸ਼ਨੀ ਵਿੱਚ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਰੌਸ਼ਨੀ ਸਭ ਤੋਂ ਜ਼ਿਆਦਾ ਤੇਜ਼ ਅਤੇ ਦੂਰ ਦੂਰ ਤੀਕ ਫੈਲ ਰਹੀ ਸੀ। ਇਸ ਰੌਸ਼ਨੀ ਵਿੱਚ ਰੰਗਿਆਂ ਨੇ ਅਸੀਂ ਲਾਹੌਰ ਨੂੰ ਮੋੜੇ ਪਾ ਦਿੱਤੇ। 



News Source link
#ਬਬ #ਬਲਹ #ਸ਼ਹ #ਦ #ਦਰਗਹ #ਤ #ਸਜਦ

- Advertisement -

More articles

- Advertisement -

Latest article