41.2 C
Patiāla
Tuesday, May 14, 2024

ਭਾਜਪਾ ’ਚ ਸ਼ਾਮਲ ਹੋ ਰਹੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਮਿਲੇਗਾ ਮੌਕਾ: ਗਜੇਂਦਰ ਸ਼ੇਖਾਵਤ

Must read


ਦਰਸ਼ਨ ਸਿੰਘ ਸੋਢੀ

ਮੁਹਾਲੀ, 30 ਅਗਸਤ

ਭਾਜਪਾ ਵਿੱਚ ਧੜਾਧੜ ਸ਼ਾਮਲ ਹੋ ਰਹੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮੌਕਾ ਮਿਲ ਸਕਦਾ ਹੈ। ਇਹ ਸੰਕੇਤ ਅੱਜ ਇਥੇ ਕੇਂਦਰੀ ਜਲ ਸ਼ਕਤੀ ਮੰਤਰੀ ਭਾਰਤ ਸਰਕਾਰ ਗਜੇਂਦਰ ਸਿੰਘ ਸ਼ੇਖਾਵਤ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੇ ਹਨ। ਇਸ ਪੱਤਰਕਾਰ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਬਾਰੇ ਦੂਜੀਆਂ ਦੇ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਟਿਕਟ ਦੇਣ ਜਾਂ ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਸਵਾਲ ’ਤੇ ਸ੍ਰੀ ਸ਼ੇਖਾਵਤ ਨੇ ਸਾਫ ਲਫਜ਼ਾਂ ਵਿੱਚ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ, ਕਿਉਂਕਿ ਹੁਣ ਉਹ ਵੀ ਭਾਜਪਾ ਪਰਿਵਾਰ ਦਾ ਅਹਿਮ ਹਿੱਸਾ ਹਨ। ਪੰਜਾਬ ਭਾਜਪਾ ਲੀਡਰਸ਼ਿਪ ਵਿੱਚ ਬਦਲਾਅ ਕਰਨ ਬਾਰੇ ਕਿਹਾ ਕਿ ਬਦਲਾਅ ਹੋਣੇ ਚਾਹੀਦੇ ਹਨ ਪਰ ਭਾਜਪਾ ਵਿੱਚ ਤੁਰੰਤ ਬਦਲਾਅ ਲਿਆਉਣ ਦਾ ਫਿਲਹਾਲ ਕੋਈ ਵਿਚਾਰ ਨਹੀਂ ਹੈ। ਪੰਜਾਬ ਵਿੱਚ ਭਾਜਪਾ ਆਗੂਆਂ ਵੱਲੋਂ ਗੇੜੇ ਮਾਰਨ ਅਤੇ ਅੱਜ ਗੁਰਦੁਆਰੇ ਆਉਣ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਨਵਾਂ ਭਾਰਤ ਬਣਾਉਣ ਅਤੇ ਸਰਬੱਤ ਦਾ ਭਲਾ ਮੰਗਣ ਲਈ ਉਹ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਹਨ। ਭਾਜਪਾ ਆਪਣੇ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਲਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਨਿਰੰਤਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਪਿੰਡਾਂ ਦੇ ਕਿਸਾਨਾਂ ਦੇ ਵਫਦ ਦੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕਰਵਾਈ। ਇਹ ਕਿਸਾਨ ਡੀਸੀ ਦਫਤਰ ਮੁਹਾਲੀ ਦੇ ਬਾਹਰ ਸਾਢੇ ਤਿੰਨ ਮਹੀਨੇ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ। ਉਨ੍ਹਾਂ ਮੰਗ ਪੱਤਰ ਦੇ ਕੇ ਮੁਹਾਲੀ ਵਿੱਚੋਂ ਕੱਢੇ ਜਾਣ ਵਾਲੇ ਦੋ ਕੌਮੀ ਮਾਰਗਾਂ ਲਈ ਐਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਮੌਜੂਦਾ ਮਾਰਕੀਟ ਭਾਅ ਅਨੁਸਾਰ ਯੋਗ ਮੁਆਵਜ਼ਾ ਦੇਣ ਦੀ ਗੱਲ ਕਹੀ। ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਮੰਗਾਂ ‘ਤੇ ਹਮਦਰਦੀ ਨਾਲ ਗੌਰ ਕਰਨ ਦਾ ਭਰੋਸਾ ਦਿੱਤਾ। ਇਸੇ ਦੌਰਾਨ ਪੰਥਕ ਵਿਚਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਨੇ ਵੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਸੌਂਪ ਕੇ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।





News Source link

- Advertisement -

More articles

- Advertisement -

Latest article