20.4 C
Patiāla
Thursday, May 2, 2024

ਰੂਪਨਗਰ: ਕਰੱਸ਼ਰ ਮਾਲਕਾਂ ਨੇ ਪੰਜਾਬ ਸਰਕਾਰ ਦੀ ਨਵੀਂ ਖਣਨ ਨੀਤੀ ਰੱਦ ਕੀਤੀ

Must read


ਜਗਮੋਹਨ ਸਿੰਘ

ਰੂਪਨਗਰ/ਘਨੌਲੀ, 21 ਅਗਸਤ

ਜ਼ਿਲ੍ਹਾ ਰੂਪਨਗਰ ਦੇ ਸਟੋਨ ਕਰੱਸ਼ਰ ਮਾਲਕਾਂ ਨੇ ਪੰਜਾਬ ਸਰਕਾਰ ਦੀ ਨਵੀਂ ਕਰੱਸ਼ਰ ਨੀਤੀ 2022 ਨੂੰ ਰੱਦ ਕਰ‌ਦਿਆਂ ਇਸ ਵਿੱਚ ਸੋਧਾਂ ਕਰਕੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਨਵੇਂ ਸਿਰੇ ਤੋਂ ਬਣਾਉਣ ਦੀ ਮੰਗ ਕੀਤੀ ਹੈ। ਅੱਜ ਜ਼ਿਲ੍ਹਾ ਰੂਪਨਗਰ ਦੇ ਕਸਬਾ ਭਰਤਗੜ੍ਹ ਵਿਖੇ ਇਕੱਤਰ ਹੋਏ ਜ਼ਿਲ੍ਹਾ ਰੂਪਨਗਰ ਦੇ ਸਟੋਨ ਕਰੱਸ਼ਰ ਮਾਲਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਨੀਤੀ ਕਾਫੀ ਨੁਕਸਦਾਰ ਹੈ। ਸਰਕਾਰ ਦੁਆਰਾ ਸਟੋਨ ਕਰੱਸ਼ਰ ਦੀ ਰਜਿਸਟਰੇਸ਼ਨ ਫੀਸ ਵਿੱਚ ਦਸ ਗੁਣਾ ਵਾਧਾ ਕਰਕੇ ਪੰਜ ਲੱਖ ਰੁਪਏ ਸਕਿਓਰਿਟੀ ਅਤੇ ਖਣਨ ਵਾਲੀ ਥਾਂ ’ਤੇ ਕੰਡਾ ਲਗਾਉਣ ਦੀ ਸ਼ਰਤ ਲਗਾ ਦਿੱਤੀ ਗਈ ਹੈ ਤੇ ਅਜਿਹਾ ਕਰਨਾ ਛੋਟੇ ਕਰੱਸ਼ਰ ਮਾਲਕਾਂ ਦੇ ਵਿੱਤੋਂ ਬਾਹਰੀ ਗੱਲ ਹੈ। ਲੰਬੇ ਸਮੇਂ ਤੋਂ ਖਣਨ ਦਾ ਧੰਦਾ ਡਾਵਾਂਡੋਲ ਹੋਣ ਕਾਰਨ ਛੋਟੇ ਕਰੱਸ਼ਰ ਮਾਲਕ ਕਾਫੀ ਜ਼ਿਆਦਾ ਵਿੱਤੀ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜ ਹੈਕਟੇਅਰ ਤੱਕ ਦੀਆਂ ਖਣਨ ਸਾਈਟਾਂ ਦੀ ਖੁੱਲ੍ਹੀ ਈ-ਨਿਲਾਮੀ ਕਰਨ ਦੀ ਬਜਾਇ ਹਿਮਾਚਲ ਦੀ ਤਰਜ਼ ’ਤੇ ਲੀਜ਼ ਸਿਸਟਮ ਕੀਤਾ ਜਾਵੇ, ਪੰਜ ਲੱਖ ਸਕਿਓਰਿਟੀ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਜਾਂ ਰਕਮ ਘਟਾਈ ਜਾਵੇ, ਕੰਡਾ ਲਗਾਉਣ ਦੀ ਸ਼ਰਤ ਹਟਾ ਕੇ ਹਿਮਾਚਲ ਦੀ ਤਰਜ਼ ’ਤੇ ਬਿਜਲੀ ਦੇ ਬਿੱਲਾਂ ਦੇ ਹਿਸਾਬ ਨਾਲ ਰਾਇਲਿਟੀ ਦੀ ਰਕਮ ਵਸੂਲ ਕੀਤੀ ਜਾਵੇ, ਸਟੋਨ ਕਰੱਸ਼ਰ ਤੇ 500 ਟਨ ਤੋਂ ਵੱਧ ਕੱਚਾ ਮਾਲ ਜਮ੍ਹਾਂ ਨਾ ਕਰ ਸਕਣ ਦੀ ਸ਼ਰਤ ਨੂੰ ਹਟਾਇਆ ਜਾਵੇ। ਮਾਲਕਾਂ ਨੇ ਕਿਹਾ ਕਿ ਜੇ ਸੋਧਾਂ ਨਾ ਕੀਤੀਆਂ ਤਾਂ ਪੂਰੇ ਪੰਜਾਬ ਦੇ ਸਟੋਨ ਕਰੱਸ਼ਰ ਮਾਲਕਾਂ ਨੂੰ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਵੇਗਾ। ਇਸ ਮੀਟਿੰਗ ਦੌਰਾਨ ਸਟੋਨ ਕਰੱਸ਼ਰ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ, ਸਕੱਤਰ ਸਰਬਜੀਤ ਸਿੰਘ, ਖਜ਼ਾਨਚੀ ਪਰਮਜੀਤ ਸਿੰਘ ਬੇਲੀ, ਸੁਖਪ੍ਰੀਤ ਸਿੰਘ ਪ੍ਰਧਾਨ ਪੁਰਖਾਲੀ ਬਿੰਦਰਖ ਜ਼ੋਨ, ਦਲਬੀਰ ਸਿੰਘ ਸਰਕਲ ਪ੍ਰਧਾਨ ਐਲਗਰਾਂ, ਮਹਿੰਦਰ ਸਿੰਘ ਵਾਲੀਆ ਸੈਦਪੁਰ ਜ਼ੋਨ, ਰਣਜੀਤ ਸਿੰਘ ਜੀਐੱਸ ਸਟੋਨ ਕਰੱਸ਼ਰ ਸੈਦਪੁਰ, ਹਰਵਿੰਦਰ ਸਿੰਘ ਬੇਈਹਾਰਾ, ਗੁਰਮੀਤ ਸਿੰਘ ਦਸਗਰਾਈਂ ਜ਼ੋਨ, ਤਜਿੰਦਰ ਸਿੰਘ ਐਲਗਰਾਂ, ਨਿਤਿਨ ਨੰਦਾ ਅਗੰਮਪੁਰ ਜ਼ੋਨ, ਹਰਭਜਨ ਸਿੰਘ ਕੋਟਬਾਲਾ ਨੰਗਲ ਸਰਸਾ ਜ਼ੋਨ ਸਮੇਤ ਹੋਰ ਵੱਡੀ ਗਿਣਤੀ ਸਟੋਨ ਕਰੱਸ਼ਰ ਮਾਲਕ ਹਾਜ਼ਰ ਸਨ।



News Source link

- Advertisement -

More articles

- Advertisement -

Latest article