36.3 C
Patiāla
Friday, May 10, 2024

ਪਰਵਾਸੀ ਕਾਵਿ

Must read


ਸੁਖਚੈਨ ਸਿੰਘ ਠੱਠੀ ਭਾਈ

ਛੱਲਾ

ਛੱਲਾ ਮੁੜਕੇ ਨਹੀਂ ਆਇਆ

ਜਦੋਂ ਦਾ ਪੈਰ ਪ੍ਰਦੇਸ ‘ਚ ਪਾਇਆ

ਸੱਤ ਸਮੁੰਦਰ ਪਾਰ ਦੂਰੀਆਂ ਨੇ

ਕੀ ਕਰੀਏ ਪਈਆਂ ਮਜਬੂਰੀਆਂ ਨੇ।

ਕੁਝ ਹਾਲਾਤ ਮਾੜੇ ਕਰੇ ਸਰਕਾਰਾਂ ਨੇ

ਦੇਸ਼ ਮੇਰੇ ਦੇ ਵੱਡੇ ਪਹਿਰੇਦਾਰਾਂ ਨੇ

ਇੱਕ ਦੂਜੇ ਨੂੰ ਵੱਟਦੇ ਘੂਰੀਆਂ ਨੇ

ਕੀ ਕਰੀਏ ਪਈਆਂ ਮਜਬੂਰੀਆਂ ਨੇ।

ਕੁਝ ਆਪੇ ਆਪਾਂ ਖਰਚ ਵਧਾਏ ਨੇ

ਮੋਬਾਈਲ ਜਦੋਂ ਦੇ ਹੋਂਦ ਵਿੱਚ ਆਏ ਨੇ

ਪੈਂਦੀਆਂ ਦੇਸ਼ ਰਹਿ ਕੇ ਨਾ ਪੂਰੀਆਂ ਨੇ

ਕੀ ਕਰੀਏ ਪਈਆਂ ਮਜਬੂਰੀਆਂ ਨੇ।

ਚਿਹਰਿਆਂ ਤੋਂ ਉੱਡਗੀ ਲਾਲੀ ਏ

ਏਥੇ ਔਖੀ ਕਮਾਈ ਬਾਹਲੀ ਏ

ਸੁਖਚੈਨ, ਘਰੇ ਜਾਣ ਨੂੰ ਉੱਠਦੀਆਂ ਲੂਰੀਆਂ ਨੇ

ਕੀ ਕਰੀਏ ਪਈਆਂ ਮਜਬੂਰੀਆਂ ਨੇ।
ਸੰਪਰਕ: 0097152763924


ਜਗਜੀਤ ਸੇਖੋਂ

ਗ਼ਜ਼ਲ

ਲੱਗਦੈ ਸ਼ਹਾਦਤਾਂ ਨੂੰ ਸੰਨ੍ਹ ਕੋਈ ਲਗਾ ਰਿਹੈ

ਹੀਰੇ ਕੋਹਿਨੂਰ ਦੇ ਖਜ਼ਾਨੇ ਨੂੰ ਚੁਰਾ ਰਿਹੈ

ਅਹਿਸਾਨ ਫਰਾਮੋਸ਼ ਜਿਹੜਾ ਸਕੀ ਮਾਂ ਦਾ ਨ੍ਹੀਂ ਬਣਿਆ

ਸੋਹਲੇ ਨਾ- ਸ਼ੁਕਰਾ ਵਿਦੇਸ਼ੀਆਂ ਦੇ ਗਾ ਰਿਹੈ

ਇੱਕ ਲੈਂਦਾ ਬਦਲਾ ਹੈ ਜਾ ਕੇ ਇੱਕੀ ਸਾਲ ਪਿੱਛੋਂ

ਇੱਕ ਜੋ ਸਰੋਪੇ ਗਲ਼ ਕਾਤਲਾਂ ਦੇ ਪਾ ਰਿਹੈ

ਲੱਖ ਰਾਹੂ ਕੇਤੁ ਰਲ਼ ਘੇਰ ਲੈਣ ਸੂਰਜਾਂ ਨੂੰ

ਚੀਰ ਬ੍ਰਹਿਮੰਡ ਸੇਕ ਧਰਤੀ ਤਪਾ ਰਿਹੈ

ਗੰਗਾ ਤਾਈਂ ਉਲਟੀ ਪਹੋਏ ਨੂੰ ਵਹਾਉਂਦੈ ਕੋਈ

ਦਾੜ੍ਹੀਆਂ ‘ਚ ਫੁੱਲ ਉਹ ਬਡਾਰੂਆਂ ਦੇ ਪਾ ਰਿਹੈ

ਖੂਨ ਨਾਲ ਸਿੰਜਿਆ ਆਜ਼ਾਦੀ ਵਾਲੇ ਬੂਟੇ ਨੂੰ

ਉਨ੍ਹਾਂ ਹੀ ਸ਼ਹੀਦਾਂ ਦੇ ਕੋਈ ਖੂਨ ‘ਚ ਨਹਾ ਰਿਹੈ

ਧਰਤੀ ਦਾ ਜ਼ੱਰਾ ਜ਼ੱਰਾ ਰਿਣੀ ਕੁਰਬਾਨੀਆਂ ਦਾ

ਬੇਸ਼ੱਕ ਗੀਤ ਕੋਈ ਹਨੇਰਿਆਂ ਦੇ ਗਾ ਰਿਹੈ

ਪੜ੍ਹਿਆ ਨ੍ਹੀਂ ਜਾਣਿਆ ਨ੍ਹੀਂ ਉੱਚੇ ਵਿਚਾਰਾਂ ਨੂੰ

ਮਾਰ ਤੀਰ ਕੱਦੂ ‘ਚ ਭੁਲੇਖੇ ਕੋਈ ਪਾ ਰਿਹੈ

ਪੰਨੇ ਇਤਿਹਾਸ ਦੇ ਸੁਨਹਿਰੀ ਲਿਖੇ ਖੂਨ ਨਾਲ

ਅਫ਼ਸੋਸ! ਉਸੇ ਖੂਨ ਨੂੰ ਕੋਈ ਪਾਣੀ ਦਰਸਾਅ ਰਿਹੈ

ਦਸਤਾਰ, ਰਫ਼ਤਾਰ, ਗੁਫ਼ਤਾਰ ਤੋਂ ਪਛਾਣ ਹੁੰਦੈ

ਬੰਦਾ ਪਿੱਛੋਂ ਕਿਹੜੇ ਖਾਨਦਾਨ ਵਿੱਚੋਂ ਆ ਰਿਹੈ

ਹੁੰਦੇ ਨੇ ਸ਼ਹੀਦ ਸਰਮਾਇਆ ਦੇਸ਼ ਕੌਮ ਦਾ

ਜਾਣ ਕੇ ਸ਼ਹੀਦਾਂ ਵਿੱਚ ਵੰਡੀਆਂ ਕੋਈ ਪਾ ਰਿਹੈ

ਲੱਗਦੈ ਹੈ ਬੰਦਾ ਜਦੋਂ ਸੁੱਧ ਬੁੱਧ ਖੋ ਬੈਠੇ

ਆਪ ਨਹੀਂ ਉਹ ਬੋਲਦਾ ਕੋਈ ਪਿੱਛਿਓਂ ਬੁਲਾ ਰਿਹੈ

ਸੱਚ ਤਾਈਂ ਜਾਣਦੈ ਤੇ ਸੱਚ ਨੂੰ ਪਛਾਣਦੈ

ਸਾਰਾ ਹੀ ਅਵਾਮ ਕੁਰਬਾਨੀਆਂ ਨੂੰ ਗਾ ਰਿਹੈ

ਜੌਹਰੀ ਪੁੱਤ ਕਰਦਾ ਵਣਜ ਸਦਾ ਹੀਰਿਆਂ ਦਾ

‘ਸੇਖੋਂ’ ਅਣਜਾਣ ਹੱਥ ਕੌਡੀਆਂ ਨੂੰ ਪਾ ਰਿਹੈ
ਸੰਪਰਕ: +61431157590



News Source link
#ਪਰਵਸ #ਕਵ

- Advertisement -

More articles

- Advertisement -

Latest article