44.8 C
Patiāla
Friday, May 17, 2024

ਪੰਜਾਬ ਪੁਲੀਸ ਵੱਲੋਂ ਹਥਿਆਰਾਂ ਸਣੇ ਚਾਰ ਅਤਿਵਾਦੀ ਗ੍ਰਿਫ਼ਤਾਰ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 14 ਅਗਸਤ

ਪੰਜਾਬ ਪੁਲੀਸ ਨੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਅਤਿਵਾਦੀ ਹਮਲੇ ਦੀ ਯੋਜਨਾ ਬਣਾਉਣ ਵਾਲੇ ਚਾਰ ਜਣਿਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਹਮਲਾ ਕੀਤੇ ਜਾਣ ਦੀ ਯੋਜਨਾ ਸੀ। ਪੰਜਾਬ ਪੁਲੀਸ ਮੁਤਾਬਕ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਆਜ਼ਾਦੀ ਦਿਹਾੜੇ ਤੋਂ ਐਨ ਪਹਿਲਾਂ ਪਾਕਿਸਤਾਨ-ਆਈਐੱਸਆਈ ਦਾ ਸਮਰਥਨ ਪ੍ਰਾਪਤ ਅਤਿਵਾਦੀ ਮਡਿਊਲ ਬੇਨਕਾਬ ਹੋਇਆ ਹੈ। ਅੱਜ ਪੁਲੀਸ ਨੇ ਕੈਨੇਡਾ ਅਧਾਰਿਤ ਗੈਂਗਸਟਰਾਂ ਨਾਲ ਸਬੰਧਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਤਿੰਨ ਹੈਂਡ ਗ੍ਰਨੇਡ ਪੀ-86, ਇੱਕ ਆਈਈਡੀ ਅਤੇ ਦੋ 9 ਐਮਐਮ ਦੇ ਪਿਸਤੌਲਾਂ ਸਮੇਤ 40 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਪੰਜਾਬ ਪੁਲੀਸ ਵੱਲੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਬੇਨਕਾਬ ਕੀਤਾ ਗਿਆ ਇਹ ਅਜਿਹਾ ਤੀਜਾ ਮਡਿਊਲ ਹੈ। ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦਾ ਸਬੰਧ ਕੈਨੇਡਾ ਆਧਾਰਿਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਆਸਟਰੇਲੀਆ ਆਧਾਰਿਤ ਗੈਂਗਸਟਰ ਗੁਰਜੰਟ ਸਿੰਘ ਉਰਫ਼ ਜੰਟਾ ਨਾਲ ਹੈ। ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਪੁਲੀਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ ਵੱਲੋਂ ਦਿੱਲੀ ਪੁਲੀਸ ਦੀ ਮਦਦ ਨਾਲ ਚਲਾਏ ਗਏ ਖ਼ੁਫ਼ੀਆ ਅਪਰੇਸ਼ਨ ਦੌਰਾਨ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਪ੍ਰੀਤ ਨਗਰ ਮੋਗਾ ਵਾਸੀ ਦੀਪਕ ਸ਼ਰਮਾ, ਫ਼ਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ਦੇ ਸੰਦੀਪ ਸਿੰਘ, ਦਿੱਲੀ ਦੇ ਨਜ਼ਫ਼ਗੜ੍ਹ ਦੇ ਪਿੰਡ ਈਸ਼ਾਪੁਰ ਦੇ ਸੰਨੀ ਡਾਗਰ ਅਤੇ ਨਵੀਂ ਦਿੱਲੀ ਦੇ ਗੋਇਲਾ ਖ਼ੁਰਦ ਦੇ ਵਸਨੀਕ ਵਿਪਨ ਜਾਖੜ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਇਹ ਸਾਰੇ ਮੁਲਜ਼ਮ ਵਿਪਨ ਜਾਖੜ ਦੇ ਘਰ ਵਿਚ ਲੁਕੇ ਹੋਏ ਸਨ।

ਡੀਜੀਪੀ ਮੁਤਾਬਕ ਪੰਜਾਬ ਪੁਲੀਸ ਐੱਸਐੱਸਓਸੀ ਮੁਹਾਲੀ ਦੀਆਂ ਟੀਮਾਂ ਨੇ ਦੁਆਰਕਾ ਪੁਲੀਸ ਨਾਲ ਮਿਲ ਕੇ ਸ਼ੁੱਕਰਵਾਰ ਵਿਪਿਨ ਜਾਖੜ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵੱਲੋਂ ਦੱਸੇ ਗਏ ਪੰਜਾਬ ’ਚ ਸਥਿਤ ਟਿਕਾਣਿਆਂ ਤੋਂ ਇੱਕ ਆਈਈਡੀ ਅਤੇ ਤਿੰਨ ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਅਰਸ਼ ਡੱਲਾ ਵੱਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਇਲਾਕਿਆਂ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੀਪਕ ਸ਼ਰਮਾ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਜੋ ਪੰਜਾਬ ਪੁਲਿਸ ਨੂੰ ਦੋ ਮਾਮਲਿਆਂ ਵਿਚ ਲੋੜੀਂਦਾ ਹੈ। ਉਹ ਮੋਗਾ ਦੇ ਜਸਵਿੰਦਰ ਸਿੰਘ ਉਰਫ਼ ਜੱਸੀ, ਜੋ ਮਾਰਚ 2022 ਵਿਚ ਮਾਰਿਆ ਗਿਆ ਸੀ, ਦੇ ਕਤਲ ਅਤੇ ਜੂਨ 2022 ਵਿਚ ਪਿੰਡ ਡੱਲਾ, ਮੋਗਾ ਦੇ ਪੰਚਾਇਤ ਸਕੱਤਰ ਦੇ ਘਰ ’ਤੇ ਗੋਲਾਬਾਰੀ ਕਰਨ ਦੇ ਮਾਮਲੇ ਵਿਚ ਸ਼ਾਮਲ ਸੀ। ਜਦਕਿ ਮੁਲਜ਼ਮ ਸੰਦੀਪ, ਜੋ ਹਾਲ ਹੀ ਵਿੱਚ ਦੁਬਈ ਤੋਂ ਭਾਰਤ ਆਇਆ ਸੀ, ਨੇ ਪੰਚਾਇਤ ਸਕੱਤਰ ਦੇ ਘਰ ਗੋਲਾਬਾਰੀ ਕਰਨ ਲਈ ਦੀਪਕ ਦੀ ਸਹਾਇਤਾ ਕੀਤੀ ਸੀ।

ਮੁਲਜ਼ਮ ਸੰਨੀ ਡਾਗਰ ਜੋ ਕਿ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਹੈ, ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਸਰਗਰਮ ਨੀਰਜ ਬਵਾਨਾ ਗੈਂਗ ਅਤੇ ਟਿੱਲੂ ਤਾਜਪੁਰੀਆ ਗੈਂਗ ਦਾ ਸਰਗਰਮ ਮੈਂਬਰ ਹੈ। ਸੰਨੀ ਡਾਗਰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਦੀਪਕ ਸ਼ਰਮਾ ਅਤੇ ਸੰਦੀਪ ਸਿੰਘ ਨੂੰ ਲੁਕਣ ਲਈ ਥਾਂ ਮੁਹੱਈਆ ਕਰਵਾ ਰਿਹਾ ਸੀ, ਜਦਕਿ ਵਿਪਨ ਜਾਖੜ ਗ੍ਰਿਫ਼ਤਾਰ ਕੀਤੇ ਗਏ ਦੂਜੇ ਮੁਲਜ਼ਮਾਂ ਨੂੰ ਮਾਲੀ ਅਤੇ ਹੋਰ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਦਾ ਮੁਹਾਲੀ ਦੀ ਅਦਾਲਤ ਤੋ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਅਰਸ਼ ਡੱਲਾ ਦੀ ਕੈਨੇਡਾ ਤੋਂ ਹਵਾਲਗੀ ਲਈ ਯਤਨ ਜਾਰੀ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੋਗਾ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਕੈਨੇਡਾ ਅਧਾਰਿਤ ਗੈਂਗਸਟਰ ਅਰਸ਼ ਡੱਲਾ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਸ ਦੀ ਕੈਨੇਡਾ ਤੋਂ ਹਵਾਲਗੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲੀਸ ਅਰਸ਼ ਡੱਲਾ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਪਹਿਲਾਂ ਹੀ ਜਾਰੀ ਕਰਵਾ ਚੁੱਕੀ ਹੈ।





News Source link

- Advertisement -

More articles

- Advertisement -

Latest article