38 C
Patiāla
Friday, May 3, 2024

ਉੱਘੇ ਕਾਰੋਬਾਰੀ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ

Must read


ਮੁੰਬਈ, 14 ਅਗਸਤ

ਸ਼ੇਅਰ ਬਾਜ਼ਾਰ ਦੇ ਉੱਘੇ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 62 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਹੈ। ਦਲਾਲ ਸਟਰੀਟ ਦੇ ‘ਬਿਗ ਬੁੱਲ’ ਵਜੋਂ ਜਾਣੇ ਜਾਂਦੇ ਰਾਕੇਸ਼ ਨੇ ਆਪਣਾ ਕਾਰੋਬਾਰ ਖ਼ੁਦ ਖੜ੍ਹਾ ਕੀਤਾ। ਵਪਾਰ ਵਿਚ ਪੈਰ ਧਰਨ ਤੋਂ ਬਾਅਦ ਉਨ੍ਹਾਂ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕੀਤਾ ਤੇ ਵੱਡੇ ਕਾਰੋਬਾਰੀ ਬਣੇ। ਉਨ੍ਹਾਂ ਕੋਲ ਕਰੀਬ 46 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਹੈ। ‘ਫੋਰਬਜ਼’ ਰਸਾਲੇ ਦੀ 2021 ਵਿਚ ਆਈ ਸੂਚੀ ਮੁਤਾਬਕ ਝੁਨਝੁਨਵਾਲਾ ਭਾਰਤ ਦੇ 36ਵੇਂ ਸਭ ਤੋਂ ਅਮੀਰ ਵਿਅਕਤੀ ਸਨ। ਉਨ੍ਹਾਂ ਨੇ ਹਾਲ ਹੀ ਵਿਚ ਇਕ ਏਅਰਲਾਈਨ ਵੀ ਸ਼ੁਰੂ ਕੀਤੀ ਸੀ। ਆਮਦਨ ਕਰ ਅਧਿਕਾਰੀ ਦੇ ਪੁੱਤਰ ਰਾਕੇਸ਼ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਤਿੰਨ ਬੱਚੇ ਹਨ। ਰਾਕੇਸ਼ ਦਾ ਜਨਮ 1960 ਵਿਚ ਇਕ ਰਾਜਸਥਾਨੀ ਪਰਿਵਾਰ ਵਿਚ ਹੋਇਆ ਤੇ ਉਨ੍ਹਾਂ ਦਾ ਜ਼ਿਆਦਾਤਰ ਪਾਲਣ-ਪੋਸ਼ਣ ਮੁੰਬਈ ਵਿਚ ਹੋਇਆ। ਰਾਕੇਸ਼ ਨੇ ਚਾਰਟਰਡ ਅਕਾਊਂਟੈਂਟ (ਸੀਏ) ਦੀ ਸਿੱਖਿਆ ਹਾਸਲ ਕੀਤੀ ਸੀ। ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਉਹ ਕਿਡਨੀ ਤੇ ਦਿਲ ਦੇ ਰੋਗਾਂ ਤੋਂ ਪੀੜਤ ਸਨ। ਕਈ ਸਮਾਗਮਾਂ ’ਤੇ ਉਨ੍ਹਾਂ ਨੂੰ ਵੀਲ੍ਹਚੇਅਰ ਉਤੇ ਵੀ ਦੇਖਿਆ ਗਿਆ ਸੀ। ਐਤਵਾਰ ਸੁਵੱਖਤੇ ਝੁਨਝੁਨਵਾਲਾ ਨੂੰ ਬ੍ਰੀਚ ਕੈਂਡੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਝੁਨਝੁਨਵਾਲਾ ‘ਹੰਗਾਮਾ ਮੀਡੀਆ’ ਤੇ ‘ਐਪਟੈੱਕ’ ਦੇ ਵੀ ਚੇਅਰਮੈਨ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ, ਕਾਰੋਬਾਰੀ ਗੌਤਮ ਅਡਾਨੀ, ਐੱਨ. ਚੰਦਰਸ਼ੇਖਰਨ ਅਤੇ ਹੋਰਾਂ ਕਈ ਸਿਆਸੀ-ਕਾਰੋਬਾਰੀਆਂ ਆਗੂਆਂ ਨੇ ਝੁਨਝੁਨਵਾਲਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ

ਪੰਜ ਹਜ਼ਾਰ ਦੇ ਨਿਵੇਸ਼ ਨਾਲ ਸ਼ੁਰੂ ਕੀਤਾ ਸ਼ੇਅਰ ਬਾਜ਼ਾਰ ਦਾ ਕਾਰੋਬਾਰ

ਰਾਕੇਸ਼ ਝੁਨਝੁਨਵਾਲਾ ਨੇ ਕਾਲਜ ਵਿਚ ਪੜ੍ਹਦਿਆਂ ਕਰੀਬ 5000 ਰੁਪਏ ਦੇ ਨਿਵੇਸ਼ ਨਾਲ ਸ਼ੇਅਰ ਬਾਜ਼ਾਰ ਦੇ ਕਾਰੋਬਾਰ ਵਿਚ ਪੈਰ ਧਰਿਆ ਸੀ। ਉਨ੍ਹਾਂ ਹਾਲ ਹੀ ਵਿਚ ਜੈੱਟ ਏਅਰਵੇਜ਼ ਦੇ ਸਾਬਕਾ ਸੀਈਓ ਵਿਨੈ ਦੁੂਬੇ ਤੇ ਇੰਡੀਗੋ ਦੇ ਸਾਬਕਾ ਮੁਖੀ ਆਦਿੱਤਿਆ ਘੋਸ਼ ਨਾਲ ਮਿਲ ਕੇ ਏਅਰਲਾਈਨ ਕੰਪਨੀ ‘ਅਕਾਸਾ ਏਅਰ’ ਸ਼ੁਰੂ ਕੀਤੀ ਸੀ। ਏਅਰਲਾਈਨ ਨੇ ਇਸੇ ਮਹੀਨੇ ਮੁੰਬਈ ਤੋਂ ਅਹਿਮਦਾਬਾਦ ਦੀ ਪਹਿਲੀ ਉਡਾਣ ਭਰੀ ਸੀ। ਝੁਨਝੁਨਵਾਲਾ ਨੇ ਪਹਿਲਾਂ ਕਈ ਵਾਰ ਦੱਸਿਆ ਸੀ ਕਿ ਸ਼ੇਅਰ ਮਾਰਕੀਟ ਵਿਚ ਉਨ੍ਹਾਂ ਦੀ ਰੁਚੀ ਪਿਤਾ ਨੂੰ ਦੇਖ ਕੇ ਵਧੀ। ਉਨ੍ਹਾਂ ਦੇ ਪਿਤਾ ਬਾਜ਼ਾਰ ਵਿਚ ਆਪਣਾ ਨਿਵੇਸ਼ ਸੰਭਾਲਦੇ ਸਨ। ਜਦ ਉਨ੍ਹਾਂ ਨਿਵੇਸ਼ ਸ਼ੁਰੂ ਕੀਤਾ ਤਾਂ ਬੰਬੇ ਸਟਾਕ ਐਕਸਚੇਂਜ 150 ਅੰਕਾਂ ਉਤੇ ਹੁੰਦੀ ਸੀ ਜਦਕਿ ਹੁਣ ਇਹ 59,000 ਦਾ ਅੰਕੜਾ ਪਾਰ ਕਰ ਚੁੱਕੀ ਹੈ।

  



News Source link

- Advertisement -

More articles

- Advertisement -

Latest article