32.9 C
Patiāla
Monday, April 29, 2024

ਬਲਬੀਰ ਸਿੱਧੂ ਦੀ ਕਾਂਗਰਸ ਵਿੱਚ ਵਾਪਸੀ ਅਸੰਭਵ: ਰਾਜਾ ਵੜਿੰਗ

Must read


ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ.ਨਗਰ (ਮੁਹਾਲੀ), 12 ਅਗਸਤ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਕਾਂਗਰਸ ਪਾਰਟੀ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਤਿਰੰਗਾ ਯਾਤਰਾ ਕੱਢੀ। ਗੁਰਦੁਆਰਾ ਅੰਬ ਸਾਹਿਬ ਤੋਂ ਲੈ ਕੇੇ ਫੇਜ਼-5 ਤੱਕ ਕੀਤੀ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਹੱਥਾਂ ਵਿੱਚ ਤਿਰੰਗੇ ਚੁੱਕ ਕੇ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਸ਼ਮੂਲੀਅਤ ਕੀਤੀ।

ਰਾਜਾ ਵੜਿੰਗ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਬੰਧੀ ਆਖਿਆ ਕਿ ਹੁਣ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦੀ ਕਦੇ ਵਾਪਸੀ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਸਿੱਧੂ ਭਰਾਵਾਂ ਨੇ ਔਖੇ ਸਮੇਂ ਵਿੱਚ ਆਪਣੇ ਹਿੱਤਾਂ ਲਈ ਪਾਰਟੀ ਨੂੰ ਛੱਡਿਆ। ਉਨ੍ਹਾਂ ਦਾਅਵਾ ਕਿ ਮੁਹਾਲੀ ਦੇ ਸਾਰੇ ਕੌਂਸਲਰ, ਪੰਚ-ਸਰਪੰਚ ਅਤੇ ਹੋਰ ਅਹੁਦੇਦਾਰ ਕਾਂਗਰਸ ਦੇ ਨਾਲ ਹਨ ਤੇ ਬਲਬੀਰ ਸਿੱਧੂ ਨੂੰ ਆਪਣੀ ਗਲਤੀ ਦਾ ਜਲਦੀ ਹੀ ਅਹਿਸਾਸ ਹੋ ਜਾਵੇਗਾ। ਉਨ੍ਹਾਂ ਨਗਰ ਨਿਗਮ ਵਿੱਚ ਕਾਂਗਰਸੀ ਕੌਂਸਲਰਾਂ ਦੇ ਪਾਰਟੀ ਨਾਲ ਹੀ ਖੜ੍ਹਨ ਦਾ ਦਾਅਵਾ ਕੀਤਾ ਤੇ ਅਗਲੇ ਕੁੱਝ ਦਿਨਾਂ ਵਿੱਚ ਸਥਿਤੀ ਸਪੱਸ਼ਟ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ। ਉਨ੍ਹਾਂ ਨੇ ‘ਆਪ’ ਸਰਕਾਰ ’ਤੇ ਵਰ੍ਹਦਿਆਂ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਰਾਜ ਬਹਾਦਰ ਨੂੰ ਜ਼ਲੀਲ ਕਰਕੇ ਅਸਤੀਫ਼ਾ ਪ੍ਰਵਾਨ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਮੁੱਖ ਮੰਤਰੀ ਦੇ ਹਵਾਈ ਸਫ਼ਰ ਬਾਰੇ ਆਰਟੀਆਈ ਰਾਹੀਂ ਜਾਣਕਾਰੀ ਨਾ ਦੇਣ ਨੂੰ ਵੀ ਮੰਦਭਾਗਾ ਆਖਿਆ। ਉਨ੍ਹਾਂ ਸਰਕਾਰ ਉੱਤੇ ਕੋਈ ਵੀ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਾਇਆ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਤਿਰੰਗੇ ਦੀ ਆਨ ਅਤੇ ਸ਼ਾਨ ਲਈ ਹਮੇਸ਼ਾ ਸਮਰਪਿਤ ਰਹੀ ਹੈ।





News Source link

- Advertisement -

More articles

- Advertisement -

Latest article