35.8 C
Patiāla
Saturday, May 18, 2024

ਲਾਲ ਬਟਨ ਨੇ ਕਰਵਾਇਆ ਨਾਟਕ ਮੇਲਾ

Must read


ਸਤਿਬੀਰ ਸਿੰਘ

ਬਰੈਂਪਟਨ : ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਦੀ ਨਿਰਦੇਸ਼ਨਾ ਹੇਠ ਲਾਲ ਬਟਨ ਸੰਸਥਾ ਵੱਲੋਂ ਸਥਾਨਕ ਕਲਾਰਕ ਥੀਏਟਰ ਵਿੱਚ ਦੋ ਰੋਜ਼ਾ ਥੀਏਟਰ ਫੈਸਟੀਵਲ ਕਰਵਾਇਆ ਗਿਆ। ਇਸ ਵਿੱਚ ਸਮਾਜ ਦੀਆਂ ਵੱਖ ਵੱਖ ਸਮੱਸਿਆਵਾਂ ’ਤੇ ਰੌਸ਼ਨੀ ਪਾਉਣ ਵਾਲੇ ਸੱਤ ਨਾਟਕ ਖੇਡੇ ਗਏ। ਇਨ੍ਹਾਂ ਨਾਟਕਾਂ ਦਾ ਹਾਸਲ ਸੀ ਇਨ੍ਹਾਂ ਨੂੰ ਲਿਖਣ ਤੇ ਅਦਾਕਾਰੀ ਕਰਨ ਵਾਲੇ ਕੈਨੇਡਾ ਦੀ ਜ਼ਿੰਦਗੀ ਵਿੱਚ ਸੰਘਰਸ਼ ਕਰਨ ਵਾਲੇ ਆਮ ਲੋਕ। ਇਨ੍ਹਾਂ ਵਿੱਚ ਦਿਖਾਏ ਅਤੇ ਮਹਿਸੂਸ ਕਰਵਾਏ ਗਏ ਅਨੁਭਵ ਦਰਸ਼ਕਾਂ ਦੀ ਗਹਿਰੀ ਮਾਨਸਿਕਤਾ ਵਿੱਚ ਉਤਰ ਜਾਣ ਵਾਲੇ ਸਨ। ਸੱਤੇ ਨਾਟਕਾਂ ਵਿੱਚ ਨਵੀਂ ਤਕਨੀਕ ਨਾਲ ਨਵੇਂ ਸੁਨੇਹੇ ਦਿੱਤੇ ਗਏ। ਜਿਨ੍ਹਾਂ ਨੇ ਦੋ ਦਿਨ ਦਰਸ਼ਕਾਂ ਨੂੰ ਆਪਣੇ ਨਾਲ ਨਾਲ ਤੋਰੀ ਰੱਖਿਆ ਅਤੇ ਪੰਜਾਬੀ ਥੀਏਟਰ ਦੇ ਉੱਜਲ ਭਵਿੱਖ ਦੀ ਗਵਾਹੀ ਵੀ ਭਰ ਦਿੱਤੀ।

ਪੇਸ਼ ਕੀਤੇ ਨਾਟਕਾਂ ਵਿੱਚ ਵਿਵੇਕ ਸ਼ਰਮਾ ਦਾ ਲਿਖਿਆ ਨਾਟਕ ‘ਚਾਹਤ’ ਜਿਸ ਦੀ ਸਿਰਜਣਾ ਟਰਾਂਸਜੈਂਡਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀਤੀ ਗਈ ਸੀ। ਇਸ ਵਿੱਚ ਕਲਾਕਾਰਾਂ ਦੀ ਭੂਮਿਕਾ ਸ਼ਲਾਘਾਯੋਗ ਸੀ। ਅਮਲਾਨਦਾਸ ਦਾ ਨਾਟਕ ‘ਫਿਰ ਕਿਆ ਹੋਇਆ’ ਰਹੱਸ ਦੀ ਸ਼ਾਨਦਾਰ ਪੇਸ਼ਕਾਰੀ ਸੀ। ਰਿਸ਼ੀਪੁਰੀ ਦਾ ਨਾਟਕ ‘ਇਤਿਹਾਸ ਗਵਾਹ ਹੈ’ ਆਜ਼ਾਦੀ ਤੋਂ ਬਾਅਦ ਵੀ ਸ਼ਹੀਦਾਂ ਦੇ ਅਧੂਰੇ ਰਹਿ ਗਏ ਸੁਪਨਿਆਂ ਬਾਰੇ ਪੇਸ਼ਕਾਰੀ ਸੀ। ਇਸ ਵਿੱਚ ਸ਼ਹੀਦਾਂ ਦੀਆਂ ਰੂਹਾਂ ਨਸ਼ੇ ਵਿੱਚ ਬੇਹੋਸ਼ ਲੋਕਾਂ ਨੂੰ ਜਗਾ ਕੇ ਆਜ਼ਾਦੀ ਦੀ ਅਗਲੀ ਲੜਾਈ ਲਈ ਤਿਆਰ ਕਰ ਰਹੀਆਂ ਦਿਖਾਈਆਂ ਗਈਆਂ।

ਰਿਸ਼ਮਾ ਵੈਦਿਆ ਦੇ ‘ਅਫੇਅਰ’ ਨਾਟਕ ਵਿੱਚ ਦਰਸਾਇਆ ਗਿਆ ਕਿ ਰਿਸ਼ਤੇ ਬਣ ਜਾਣ ਉਪਰੰਤ ਵੀ ਉਸ ਦੇ ਅੰਦਰ ਨਿੱਜ ਹੁੰਦਾ ਹੈ ਜਿਸ ਕਰਕੇ ਸਮਾਜਿਕ ਸਬੰਧ ਉਨ੍ਹਾਂ ਭਾਵਾਂ ਨੂੰ ਨਹੀਂ ਸਮਝਦਾ ਅਤੇ ਝਗੜੇ ਆਰੰਭ ਹੋ ਜਾਂਦੇ ਹਨ। ਦਵਿੰਦਰ ਸਿੰਘ ਦਾ ਲਿਖਿਆ ਨਾਟਕ ‘ਦਿਲ ਦਾ ਮਾਮਲਾ’ ਇੱਕ ਨਵੇਂ ਕੋਣ ਦੀ ਪੇਸ਼ਕਾਰੀ ਸੀ। ਡਾਕਟਰ ਦੇ ਕਲੀਨਕ ’ਤੇ ਪੰਜਾਬ ਦੇ ਵੱਡੇ ਲੀਡਰਾਂ ਦੇ ਦਿਲ ਰੱਖੇ ਗਏ। ਕਿਵੇਂ ਮਰੀਜ਼ ਉਨ੍ਹਾਂ ਨੂੰ ਕਬੂਲ ਨਹੀਂ ਕਰਦੇ, ਉਹ ਬਹੁਤ ਹੀ ਵਿਅੰਗਮਈ ਢੰਗ ਨਾਲ ਦਿਖਾਇਆ ਗਿਆ। ਗੁਰਵੀਰ ਸਿੰਘ ਗਰੇਵਾਲ ਦਾ ਨਾਟਕ ‘ਸੱਥ ਕੈਨੇਡਾ’ ਵਿੱਚ ਪਰੇਸ਼ਾਨ ਜ਼ਿੰਦਗੀ ਜੀਅ ਰਹੇ ਪੰਜਾਬੀ ਬਜ਼ੁਰਗਾਂ ਦੀ ਹੂਬਹੂ ਕਹਾਣੀ ਨੂੰ ਪੇਸ਼ ਕੀਤਾ ਗਿਆ। ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਆਖਰੀ ਨਾਟਕ ਅਨੁਭਾਜਾਨ ਦਾ ਅੰਗਰੇਜ਼ੀ ਤੇ ਪੰਜਾਬੀ ਦੀ ਸ਼ਬਦਾਵਲੀ ਵਾਲਾ ‘ਡੂ ਯੂ ਹੈਵ ਮਿੰਟ’ ਸੀ। ਕੁੱਲ ਮਿਲਾ ਕੇ ਇਨ੍ਹਾਂ ਨੂੰ ਸ਼ਬੀਨਾ ਸਿੰਘ ਨੇ ਨਵੀਂ ਜ਼ਿੰਦਗੀ ਬਖ਼ਸ਼ ਦਿੱਤੀ। ਇਹ ਨਾਟਕ ਪੰਜਾਬ ਜਾਣ ਲਈ ਵੀ ਤਿਆਰੀ ਖਿੱਚ ਰਹੇ ਹਨ ਤਾਂ ਕਿ ਪੰਜਾਬ ਵਿੱਚ ਨਾਟਕ ਪ੍ਰਤੀ ਨਵੀਂ ਚੇਤਨਾ ਪੈਦਾ ਕੀਤੀ ਜਾ ਸਕੇ।

ਸ਼ਬੀਨਾ ਸਿੰਘ ਨੇ ਦਰਸ਼ਕਾਂ ਤੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਟਕ ਦਾ ਪਸਾਰ ਹੀ ਉਨ੍ਹਾਂ ਦੀ ਜ਼ਿੰਦਗੀ ਹੈ ਕਿਉਂਕਿ ਸਮਾਜਿਕ ਤਬਦੀਲੀ ਅਤੇ ਜਾਗਰੂਕਤਾ ਲਿਆਉਣ ਲਈ ਨਾਟਕ ਬਹੁਤ ਵੱਡੀ ਕਲਾ ਵਿਧਾ ਹੈ। ਬਸ ਲੋੜ ਲੋਕਾਂ ਨੂੰ ਸਿਰਫ਼ ਨਾਟਕ ਨਾਲ ਜੋੜਨ ਦੀ ਹੈ। ਇਸ ਮੌਕੇ ਨਾਟਕਕਾਰ ਗੁਰਚਰਨ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਦੀਪ ਚਹਿਲ, ਨਵਰੀਤ ਸਿੰਘ, ਦਿਵਟੇਜ ਸਿੰਘ, ਚੰਚਲ ਸਿੰਘ, ਮਨਪ੍ਰੀਤ ਸਿੰਘ ਬਾਠ ਆਦਿ ਵੀ ਮੌਜੂਦ ਸਨ।



News Source link
#ਲਲ #ਬਟਨ #ਨ #ਕਰਵਇਆ #ਨਟਕ #ਮਲ

- Advertisement -

More articles

- Advertisement -

Latest article