32.9 C
Patiāla
Monday, April 29, 2024

ਰੂਪਨਗਰ: ਪਾਣੀ ਦੀ ਮੰਗ ਘਟਣ ਕਾਰਨ ਸਿੰਜਾਈ ਵਿਭਾਗ ਨੇ ਨਹਿਰਾਂ ’ਚ ਵਹਾਅ ਘਟਾਇਆ

Must read


ਜਗਮੋਹਨ ਸਿੰਘ

ਰੂਪਨਗਰ, 24 ਜੁਲਾਈ

ਪੰਜਾਬ ਵਿੱਚ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਜਿਥੇ ਸੂਬੇ ਅੰਦਰ ਬਿਜਲੀ ਦੀ ਮੰਗ ਘਟੀ ਹੈ, ਉੱਥੇ ਹੀ ਨਹਿਰੀ ਪਾਣੀ ਦੀ ਮੰਗ ਵੀ ਕਾਫੀ ਘਟ ਗਈ ਹੈ। ਕਾਰਜਕਾਰੀ ਇੰਜਨੀਅਰ ਹੈੱਡ ਵਰਕਸ ਰੂਪਨਗਰ ਗੁਰਪ੍ਰੀਤ ਸਿੰਘ ਸੰਧੂ ਮੁਤਾਬਿਕ ਮੀਂਹ ਪੈਣ ਉਪਰੰਤ ਸਰਹਿੰਦ ਨਹਿਰ ਵਿੱਚ ਪਾਣੀ ਦਾ ਪੱਧਰ 8000 ਕਿਊਸਿਕ ਤੋਂ ਘਟਾ ਕੇ 3400 ਕਿਊਸਿਕ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਬੀਬੀਐੱਮਬੀ ਵੱਲੋਂ ਪਾਣੀ ਬੰਦ ਕਰ ਦਿੱਤਾ ਗਿਆ ਹੈ, ਜਿਸ ਉਪਰੰਤ ਇਸ ਹਾਈਡਲ ਚੈਨਲ ਨਹਿਰ ਤੇ ਨੱਕੀਆਂ ਅਤੇ ਕੋਟਲਾ ਵਿਖੇ ਲੱਗੇ ਦੋਵੇਂ ਬਿਜਲੀ ਘਰਾਂ ਦੇ ਚਾਰ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਆਨੰਦਪੁਰ ਸਾਹਿਬ ਹਾਈਡਲ ਚੈਨਲ ਪ੍ਰਾਜੈਕਟ ਦੇ ਡਿਪਟੀ ਚੀਫ ਇੰਜੀਨੀਅਰ ਐੱਸਕੇ ਬੈਂਸ ਨੇ ਦੱਸਿਆ ਕਿ ਨਹਿਰ ਵਿੱਚ ਪਾਣੀ ਮੁੜ ਛੱਡੇ ਜਾਣ ਉਪਰੰਤ ਹੀ ਪਣ ਬਿਜਲੀ ਘਰਾਂ ਦਾ ਉਤਪਾਦਨ ਮੁੜ ਬਹਾਲ ਹੋਵੇਗਾ। ਪੰਜਾਬ ਦੀਆਂ ਬਾਕੀ ਨਹਿਰਾਂ ਵਿੱਚ ਵੀ ਪਾਣੀ ਦਾ ਪੱਧਰ ਘਟਣ ਉਪਰੰਤ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਸਥਿਤ ਪਣ ਬਿਜਲੀ ਘਰਾਂ ਦਾ ਉਤਪਾਦਨ ਵੀ ਨਾਮਾਤਰ ਹੀ ਰਹਿ ਗਿਆ ਹੈ। ਪਾਵਰਕੌਮ ਪੰਜਾਬ ਦੇ ਲੋਡ ਡਿਸਪੈਚ ਕੇਂਦਰ ਤੋਂ ਇਕੱਤਰ ਜਾਣਕਾਰੀ ਅਨੁਸਾਰ ਅੱਜ 600 ਮੈਗਾਵਾਟ ਪੈਦਾਵਾਰ ਸਮਰਥਾ ਵਾਲੇ ਪਣ ਬਿਜਲੀ ਘਰ ਰਣਜੀਤ ਸਾਗਰ ਡੈਮ ਦੇ 4 ਯੂਨਿਟਾਂ ਵਿੱਚੋਂ 3 ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਰਿਹਾ, ਜਦੋਂ ਕਿ 2 ਨੰਬਰ ਯੂਨਿਟ ਦੁਆਰਾ 124 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ। 91.35 ਮੈਗਾਵਾਟ ਸਮਰੱਥਾ ਵਾਲੇ ਅੱਪਰ ਬਾਰੀ ਦੋਆਬ ਪਣ ਬਿਜਲੀ ਘਰ ਦੁਆਰਾ ਸਿਰਫ 38 ਮੈਗਾਵਾਟ ਬਿਜਲੀ ਪੈਦਾ ਕੀਤੀ। 225 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਵਾਲੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੇ ਸਮੁੱਚੇ 14 ਯੂਨਿਟਾਂ ਅਤੇ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਦੇ ਚਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਬਿਲਕੁਲ ਠੱਪ ਰਿਹਾ। ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਪੰਜਾਬ ਸਰਕਾਰ ਦੇ ਸ਼ਾਨਨ ਪਣ ਬਿਜਲੀ ਘਰ ਦੇ ਸਮੁੱਚੇ 5 ਯੂਨਿਟਾਂ ਦੁਆਰਾ 105 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਥਰਮਲ ਪਲਾਂਟਾਂ ਵਿੱਚੋਂ ਰੋਪੜ ਥਰਮਲ ਪਲਾਂਟ ਦੇ 5 ਅਤੇ 6 ਨੰਬਰ ਯੂਨਿਟ ਬੰਦ ਰਹੇ, 3 ਅਤੇ 4 ਨੰਬਰ ਯੂਨਿਟਾਂ ਦੁਆਰਾ 313 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਮੁੱਚੇ ਯੂਨਿਟ ਅਤੇ ਗੋਇੰਦਵਾਲ ਸਾਹਿਬ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ 2 ਨੰਬਰ ਯੂਨਿਟ ਦਾ ਬਿਜਲੀ ਉਤਪਾਦਨ ਠੱਪ ਰਿਹਾ। ਰਾਜਪੁਰਾ ਥਰਮਲ ਪਲਾਂਟ ਵੱਲੋਂ 1100 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ 1 ਨੰਬਰ ਯੂਨਿਟ ਦੁਆਰਾ 146 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋਂ ਯੂਨਿਟਾਂ ਦੁਆਰਾ ਸਿਰਫ 941 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ।





News Source link

- Advertisement -

More articles

- Advertisement -

Latest article