29.6 C
Patiāla
Monday, April 29, 2024

ਹਰ ਮਹੀਨੇ ਹੋਵੇਗਾ ਸਾਹਿਤਕ ਸਮਾਗਮ

Must read


ਗੁਰਦੁਆਰਾ ਗਲੈਨਵੁੱਡ ਸਾਹਿਬ ਦੇ ਸੀਨੀਅਰ ਸਿਟੀਜ਼ਨਜ਼ ਵਿੰਗ ਵੱਲੋਂ ਪਹਿਲਾ ਪੰਜਾਬੀ ਸਾਹਿਤਕ ਦਰਬਾਰ ਸਮਾਗਮ ਬਾਬਾ ਬੁੱਢਾ ਘਰ (ਸੀਨੀਅਰ ਸਿਟੀਜ਼ਨ ਹਾਊਸ), ਗੁਰਦੁਆਰਾ ਗਲੈਨਵੁੱਡ ਸਿਡਨੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਸੀਨੀਅਰ ਸਿਟੀਜ਼ਨਜ਼, ਗੁਰਦੁਆਰਾ ਗਲੈਨਵੁੱਡ ਹਰਕਮਲ ਜੀਤ ਸਿੰਘ ਸੈਣੀ, ਲੇਖਕ ਗਿਆਨੀ ਸੰਤੋਖ ਸਿੰਘ ਅਤੇ ਮੈਂਬਰ, ਸੀਨੀਅਰ ਸਿਟੀਜ਼ਨਜ਼ ਹਾਊਸ ਹਰਚਰਨ ਸਿੰਘ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਹਰਕਮਲ ਜੀਤ ਸਿੰਘ ਸੈਣੀ ਨੇ ਸਮਾਗਮ ਵਿੱਚ ਸ਼ਾਮਲ ਸਾਰੇ ਸੀਨੀਅਰ ਸਿਟੀਜ਼ਨਜ਼ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਮਹੀਨੇ ਦੇ ਹਰ ਪਹਿਲੇ ਐਤਵਾਰ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਇੱਥੇ ਬਾਬਾ ਬੁੱਢਾ ਘਰ ਵਿਖੇ ਪੰਜਾਬੀ ਸਾਹਿਤਕ ਦਰਬਾਰ ਸਮਾਗਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਮਾਗਮ ਵਿੱਚ ਮੌਜੂਦ ਕੋਈ ਵੀ ਵਿਅਕਤੀ ਕਵਿਤਾਵਾਂ, ਛੋਟੀਆਂ ਕਹਾਣੀਆਂ, ਇਤਿਹਾਸ ਨਾਲ ਸਬੰਧਤ ਕੋਈ ਘਟਨਾ ਆਦਿ ਸਾਂਝੀ ਕਰ ਸਕਦੇ ਹਨ। ਸਮਾਗਮ ਵਿੱਚ ਪਰਗਟ ਸਿੰਘ, ਜਸਵੰਤ ਘੁੰਮਣ, ਦੇਵਿੰਦਰ ਸਰਕਾਰੀਆ, ਭੁਪਿੰਦਰ ਸਿੰਘ ਜੰਡੂ, ਮੋਹਨ ਸਿੰਘ ਵਿਰਕ, ਹਰਕਮਲ ਜੀਤ ਸਿੰਘ, ਸਤਨਾਮ ਸਿੰਘ ਗਿੱਲ, ਗੁਰਦਿਆਲ ਸਿੰਘ, ਵਿੰਗ ਕਮਾਂਡਰ ਕੁਲਦੀਪ ਸਿੰਘ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਮੁਕੰਦ ਸਿੰਘ ਸੇਵਕ ਅਤੇ ਮਾਸਟਰ ਲਖਵਿੰਦਰ ਸਿੰਘ ਮਾਨ ਨੇ ਆਪਣੀਆਂ ਰਚਨਾਵਾਂ ਅਤੇ ਆਪਣੇ ਵਿਚਾਰਾਂ ਨਾਲ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾਈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਆਸਟਰੇਲੀਆ ਦੀਆਂ ਮੁੱਖ ਪੰਜ ਭਾਸ਼ਾਵਾਂ ਵਿੱਚ ਸ਼ਾਮਲ ਹੋਣ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਲਈ ਆਸਟਰੇਲੀਆਈ ਪੰਜਾਬੀ ਭਾਈਚਾਰੇ ਨੂੰ ਵਿਸ਼ੇਸ਼ ਵਧਾਈ ਦਿੱਤੀ ਕਿ ਉਹ ਆਪਣੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ।

ਸਮਾਗਮ ਵਿੱਚ ‘ਪੰਜਾਬ ਹੈਰਲਡ’ ਅਖ਼ਬਾਰ ਦੇ ਸੰਪਾਦਕ ਡਾ. ਅਵਤਾਰ ਸਿੰਘ ਸੰਘਾ ਦੇ ਨਾਵਲ ‘ਤੇ ਪ੍ਰੀਖਿਆ ਚੱਲਦੀ ਰਹੀ’ ਉੱਪਰ ਵਿਚਾਰ ਚਰਚਾ ਕੀਤੀ। ਇਸ ਮੌਕੇ ਗਿਆਨੀ ਸੰਤੋਖ ਅਤੇ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਨਾਵਲ ਬਾਰੇ ਆਪਣੇ- ਆਪਣੇ ਲਿਖੇ ਪਰਚੇ ਪੜ੍ਹੇ। ਇਹ ਨਾਵਲ 1932 ਤੋਂ ਲੈ ਕੇ 1990 ਤੱਕ ਸਿੱਖਾਂ ਦੀ ਉੱਤਰੀ ਭਾਰਤ ਵਿੱਚ ਤ੍ਰਾਸਦੀ ਨੂੰ ਬਿਆਨ ਕਰਦਾ ਹੈ। ਨਾਵਲ ਦੇ ਲੇਖਕ ਡਾ. ਅਵਤਾਰ ਸਿੰਘ ਸੰਘਾ ਨੇ ਸੀਨੀਅਰ ਸਿਟੀਜ਼ਨ ਵਿੰਗ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਪਲੇਠੇ ਪੰਜਾਬੀ ਸਾਹਿਤਕ ਦਰਬਾਰ ਸਮਾਗਮ ਵਿੱਚ ਇਸ ਨਾਵਲ ’ਤੇ ਗੰਭੀਰ ਵਿਚਾਰ ਚਰਚਾ ਕਰਵਾਈ। ਇਸ ਮੌਕੇ ਇਸ ਨਾਵਲ ਸਮੇਤ ਮਾਸਟਰ ਲਖਵਿੰਦਰ ਸਿੰਘ ਮਾਨ ਰਈਆ ਹਵੇਲੀਆਣਾ, ਅੰਮ੍ਰਿਤਸਰ ਦੀਆਂ ਦੋ ਕਿਤਾਬਾਂ ‘ਚੇਤਨਾ ਦੇ ਫੁੱਲ’ (ਬਾਲ ਨਾਵਲ) ਤੇ ‘ਬਾਰਾਂ ਮਾਹ’ ਦੀਆਂ ਕਾਪੀਆਂ ਭਾਈ ਗੁਰਦਾਸ ਲਾਇਬ੍ਰੇਰੀ, ਗੁਰਦੁਆਰਾ ਗਲੈਨਵੁੱਡ ਸਾਹਿਬ, ਸਿਡਨੀ ਵਾਸਤੇ ਭੇਟ ਕੀਤੀਆਂ।

ਸਮਾਗਮ ਮੌਕੇ ਛਿੰਦਰਪਾਲ ਕੌਰ, ਸਤਵੰਤ ਕੌਰ ਫੇਰੂਮਾਨ, ਸਰਬਜੀਤ ਕੌਰ ਮਾਨ ਰਈਆ, ਹਰਮਨਪ੍ਰੀਤ ਸਿੰਘ ਮਾਨ, ਸਤਵੰਤ ਸਿੰਘ ਢਿੱਲੋਂ ਪਟਿਆਲਾ, ਹਰਪ੍ਰੀਤ ਕੌਰ ਢਿੱਲੋਂ ਪਟਿਆਲਾ, ਨਵਾਬ ਸਿੰਘ ਢਿੱਲੋਂ ਪਟਿਆਲਾ, ਅੰਮ੍ਰਿਤ ਪਾਲ ਸਿੰਘ, ਸਰਬਜੀਤ ਕੌਰ, ਕੁਲਦੀਪ ਕੌਰ ਪੂਨੀ, ਗਿਆਨ ਕੌਰ ਗਿੱਲ, ਸ਼ਲਿੰਦਰ ਕੌਰ, ਹਰਜੀਤ ਸਿੰਘ ਪੱਡਾ, ਗੁਰਮੀਤ ਸਿੰਘ, ਗੁਰਨਿਹਾਲ ਸਿੰਘ ਅਤੇ ਰਾਜਦੀਪ ਸਿੰਘ ਵੀ ਹਾਜ਼ਰ ਸਨ। ਅਗਲੇ ਸਮਾਗਮ ਦੌਰਾਨ ਗਿਆਨੀ ਸੰਤੋਖ ਸਿੰਘ ਦੀ ਕਿਤਾਬ ‘ਕੁਝ ਏਧਰੋਂ, ਕੁਝ ਓਧਰੋਂ’ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। 



News Source link
#ਹਰ #ਮਹਨ #ਹਵਗ #ਸਹਤਕ #ਸਮਗਮ

- Advertisement -

More articles

- Advertisement -

Latest article