27.2 C
Patiāla
Sunday, May 5, 2024

ਕਾਵਿ ਕਿਆਰੀ

Must read


ਗ਼ਜ਼ਲ

ਜਗਜੀਤ ਸੇਖੋਂ

ਬਹੁਤ ਥੋੜ੍ਹਾ ਹੈ ਜ਼ਿੰਦਗੀ ਤੇ ਮੌਤ ਵਿਚਲਾ ਫਾਸਲਾ

ਬਿਨਾਂ ਦੱਸਿਆਂ ਹੀ ਰੁਕ ਜਾਂਦੈ ਸਾਹਾਂ ਦਾ ਕਾਫਲਾ।

ਟੁੱਟ ਜਾਣੈ ਪਤਾ ਨ੍ਹੀਂ ਕਿਸ ਵੇਲੇ ਸਾਜ ਟੁਣਕਦਾ

ਬੇਸੁਰ ਹੋ ਜਾਣਾ ਹੈ ਇਹ ਰਾਗ ਸੁਆਦਲਾ|

ਗਿਲੇ, ਸ਼ਿਕਵੇ, ਮਲਾਲ ਜਿਉਂਦਿਆਂ ਨਾਲ ਹੁੰਦੇ

ਮਰ ਚੁੱਕਿਆਂ ਦੇ ਨਾਲ ਨਹੀਂ ਕਰੀਦਾ ਮੁਕਾਬਲਾ।

ਸ਼ਬਦ ਹਰਾਏ ਜਾ ਸਕਦੇ ਨੇ ਸ਼ਬਦਾਂ ਦੇ ਨਾਲ

ਜਿਸਮਾਂ ਨੂੰ ਮਾਰ ਕੇ ਤਾਂ ਘਟਦਾ ਨਹੀਂ ਫਾਸਲਾ।

ਤੇਰੀ ਖਿੱਚੀ ਲਕੀਰ ਨੂੰ ਮੇਟ ਕੇ ਮੈਂ ਬੜਾ ਹੋਵਾਂ

ਵੱਡੇ ਹੋਣ ਦਾ ਕਦਾਚਿਤ ਠੀਕ ਨਹੀਂ ਸਿਲਸਿਲਾ।

ਮਹਿਜ਼ ਘਟਨਾ ਨੂੰ ਮੌਤ ਦਾ ਅੰਜਾਮ ਦੇਣਾ ਅੰਤ ਨਹੀਂ

ਸਦੀਆਂ ਦਾ ਪਲਾਂ ਵਿੱਚ ਸੁੰਗੜ ਜਾਂਦਾ ਹੈ ਫਾਸਲਾ।

ਜ਼ਰੂਰੀ ਨਹੀਂ ਹੋਵੇ ਸਹਿਮਤੀ, ਇੱਕ ਨੁਕਤੇ ਦੇ ਉੱਤੇ

ਵੱਖ ਵੱਖ ਖਿਆਲਾਂ ਦਾ ਵੀ ਹੋ ਸਕਦਾ ਹੈ ਕਾਫਲਾ।

ਵਕਤ ਤੋਂ ਪਹਿਲਾਂ ਵਕਤ ਬਾਰੇ ਕੁਝ ਕਹਿ ਨਹੀਂ ਸਕਦੇ

ਵਕਤ ਲੱਗਦਾ ਹੈ ਵਕਤ ਬਾਰੇ ਤੈਅ ਕਰਨ ਲਈ ਫਾਸਲਾ।

ਖ਼ੈਰ ਹੋਵੇ ਕੁਝ ਵੀ, ਮੋੜਿਆ ਨਹੀਂ ਜਾਂਦਾ

ਬੀਤਿਆ ਵਕਤ ਲੰਘਿਆ ਪਾਈ ਪੁਲਾਂ ਦੇ ਹੇਠਲਾ
ਸੰਪਰਕ: +61431157590


ਕਿਰਤੀ ਕਾਮੇ ਨੂੰ

ਜਗਤਾਰ ਗਿੱਲ

ਉੱਠ ਓ ਕਿਰਤੀ ਕਾਮਿਆ!

ਹੁਣ ਤੇ ਸ਼ੇਰਾ ਜਾਗ

ਗੂੜ੍ਹੀ ਨੀਂਦਰ ਸੁੱਤਿਆ

ਵਕਤ ਲੰਮੇਰਾ ਹੋ ਗਿਆ

ਚਾਨਣ ਤੇਰਿਆਂ ਉੱਤੇ

ਘੁੱਪ ਹਨੇਰਾ ਹੋ ਗਿਆ

ਕਿਰਤ ਤੇਰੀ ਨੂੰ ਲੁੱਟੀ ਜਾਂਦੇ

ਲੋਟੂ ਟੋਲੇ ਸਿਆਸੀ ਕਾਗ

ਉੱਠ ਓ ਕਿਰਤੀ ਕਾਮਿਆ

ਹੁਣ ਤੇ ਸ਼ੇਰਾ ਜਾਗ।

ਜਿਨ੍ਹਾਂ ਤੇਰੇ ਹੱਕ ਨੇ ਮਾਰੇ

ਖ਼ੁਆਬ ਤੇਰੇ ਸੂਲ਼ੀ ‘ਤੇ ਚਾੜ੍ਹੇ

ਆਪਣੇ ਲਾਲਚ ਦੀ ਖ਼ਾਤਰ

ਜਿਸਮ ਤੇਰੇ ਦੇ ਲੋਥੇ ਸਾੜੇ

ਉਨ੍ਹਾਂ ਦੇ ਵਿਰੋਧ ‘ਚ ਗਾਉਣਾ

ਸੰਘਰਸ਼ਾਂ ਵਾਲਾ ਰਾਗ

ਉੱਠ ਓ ਕਿਰਤੀ ਕਾਮਿਆਂ

ਹੁਣ ਤੇ ਸ਼ੇਰਾ ਜਾਗ।

ਤੋੜ ਜੰਜ਼ੀਰਾਂ ਨਿਜ਼ਾਮ ਦੀਆਂ

ਲੜ ਆਪਣੀ ਆਜ਼ਾਦੀ ਲਈ

ਉਹਦੇ ਗਲਮੇਂ ‘ਚ ਹੱਥ ਪਾਵੀਂ

ਜੋ ਦੋਸ਼ੀ ਤੇਰੀ ਬਰਬਾਦੀ ਲਈ

ਹੱਕਾਂ ਵਾਲੀ ਜੰਗ ਹੈ ਮੰਗਦੀ

ਸ਼ਹੀਦੀਆਂ ਵਾਲਾ ਲਾਗ

ਉੱਠ ਓ ਕਿਰਤੀ ਕਾਮਿਆ

ਹੁਣ ਤੇ ਸ਼ੇਰਾ ਜਾਗ।

ਤੂੰ ਦੇਸ਼ ਦੀ ਧੜਕਣ ਕਾਮਿਆ

ਫਿਰ ਵੀ ਤੇਰਾ ਨਾ ਸਨਮਾਨ

ਨਸਲਾਂ, ਜਾਤਾਂ, ਧਰਮ ‘ਚ ਵੰਡ ਕੇ

ਤੇਰਾ ਹੋਵੇ ਕਿਉਂ ਅਪਮਾਨ

ਮਹਿਲਾਂ ਦੀ ਉਚਾਈ ਤੋਂ ਡਿੱਗੇ

ਗਿਣਦਾ ਕੌਣ ਸੁਹਾਗ

ਉੱਠ ਓ ਕਿਰਤੀ ਕਾਮਿਆ

ਹੁਣ ਤੇ ਸ਼ੇਰਾ ਜਾਗ।
ਸੰਪਰਕ: 97804-51878


ਕਲਮ ਦਾ ਸਾਥ

ਬਲਵਿੰਦਰ ਸਿੰਘ ਭੁੱਲਰ

ਮੈਂ ਲਿਖਣਾ ਚਾਹੁੰਦਾ ਹਾਂ

ਮੈਂ ਗੁਣ ਗੁਣਾਉਂਦਾ ਹਾਂ

ਕਲਮ ਉਠਾਉਂਦਾ ਹਾਂ

ਤੇ ਲਿਖਣ ਬੈਠ ਜਾਂਦਾ ਹਾਂ।

ਕਲਮ ਤੁਰਦੀ ਐ

ਫੁਰਨੇ ਫੁਰਦੀ ਐ

ਵਲ ਵਲ੍ਹੇਵੇਂ ਖਾਂਦੀ ਐ

ਪਰ ਤੁਰਦੀ ਜਾਂਦੀ ਐ।

ਇੱਕ ਦਮ ਉਹ ਖੜ੍ਹ ਜਾਂਦੀ ਐ

ਜਾਣੋ! ਕਹਿੰਦੀ ਐ ‘ਨਾਂਹ’

ਇਹ ਠੀਕ ਨਹੀਂ

ਕਲਮ ਘੂਰਦੀ ਐ

ਆਪਣਾ ਫ਼ਰਜ਼ ਪੂਰਦੀ ਐ

ਮੈਂ ਉਧੇੜ ਬੁਣ ਕਰਦਾਂ

ਫੇਰ ਸਿਆਹੀ ਭਰਦਾਂ

ਮੁੜ ਕਲਮ ਤੁਰਦੀ ਐ

ਰਚਨਾ ਪੂਰੀ ਹੁੰਦੀ ਐ

ਮਨ ਨੂੰ ਭਾਉਂਦੀ ਐ

ਸੱਚ ਬਿਆਨਦੀ ਐ

ਤਸੱਲੀ ਪ੍ਰਗਟਾਉਂਦੀ ਐ।

ਕਲਮ ਵੀ ਖੁਸ਼ੀ ਮਨਾਉਂਦੀ ਐ

ਖ਼ੁਦਾ ਹਾਫਿਸ ਕਹਿ, ਡੰਡੀ ਲਾਉਂਦੀ ਐ।

ਕਲਮ ਮੇਰੀ ਸਾਥਣ ਐ

ਮੇਰੀ ਸਹਿਯੋਗਣ ਐ

ਮੈਂ ਵੀ ਸੋਚਦਾ ਹਾਂ

ਕਲਮ ਵੀ ਸੋਚਦੀ ਐ

ਸਾਡੀਆਂ ਸੋਚਾਂ ਸਾਂਝੀਆਂ ਨੇ

ਰਚਨਾ ਸਾਂਝੀ ਐ।

ਸਮੁੰਦਰੋਂ ਡੂੰਘੀ ਹੈ ਮੁਹੱਬਤ ਸਾਡੀ

ਰਲ ਕੇ ਰਹੀਏ, ਰਲ ਕੇ ਖਾਈਏ

ਚਿੰਤਾ ਇਹ ਵੱਡੀ, ਅੱਡ ਹੋ ਕੇ

ਹਿਜਰ ‘ਚ ਨਾ ਮਰ ਜਾਈਏ।

ਕਰਦਾ ਹਾਂ ਦੁਆ

ਇਸ਼ਕ ਸਾਡਾ ਹੋ ਜਾਏ ਪ੍ਰਵਾਨ

ਅੱਖਰ ਸ਼ਬਦ ਤੇ ਰਚਨਾ ਖਾਤਰ

ਪਾ ਗਲਵੱਕੜੀ ਹੋਈਏ ਕੁਰਬਾਨ।
ਸੰਪਰਕ: 98882 75913


ਬੇਬੇ ਦਾ ਚੁੱਲ੍ਹਾ

ਹਰਪ੍ਰੀਤ ਪੱਤੋ

ਛੱਪੜ ਵਿੱਚੋਂ ਮਿੱਟੀ ਲਿਆ ਕੇ

ਚੁੱਲ੍ਹਾ ਇੱਕ ਬਣਾਇਆ।

ਬੇਬੇ ਮੇਰੀ ਨੇ ਨਾਲ ਲੀਰਾਂ ਦੇ

ਪੋਚਾ ਉੱਤੇ ਲਾਇਆ।

ਬੜੀ ਸਚਿਆਰੀ ਬੇਬੇ ਮੇਰੀ

ਕਰਦੀ ਪਈ ਕਮਾਲਾਂ।

ਨਾਲੇ ਪਾਈਆਂ ਵੇਲ ਬੂਟੀਆਂ

ਉੱਤੇ ਜਗਣ ਮਸਾਲਾਂ।

ਬਾਪੂ ਮੇਰਾ ਘਰ ਅੱਧੀ ਰਾਤ ਨੂੰ

ਦਾਰੂ ਪੀ ਕੇ ਆਇਆ

ਵਿੱਚ ਨਸ਼ੇ ਦੇ ਧੁੱਤ ਹੋਏ ਨੇ

ਚੁੱਲ੍ਹਾ ਉਹ ਢਾਹਿਆ।

ਸਵੇਰ ਵੇਲੇ ਬੇਬੇ ਮੇਰੀ

ਬੁਸ ਬੁਸ ਪਈ ਕਰਦੀ।

ਕੀ ਕਰੇ ਕੁਝ ਸਮਝ ਨਾ ਲੱਗੇ

ਜੇ ਆਖੇ ਤਾਂ ਮਰਦੀ।

ਦੇਖੋ ਦੁੱਖ ਹੋਇਆ ਕਿੰਨਾ

ਬੇਬੇ ਨੂੰ ਉਸ ਵੇਲੇ।

ਪੱਤੋ, ਨਸ਼ੇ ਵਾਲੇ ਦਾ ਹਾਲ ਵੇਖ ਲਉ

ਟੱਕਰਾਂ ਮਾਰਦੇ ਕੁਵੇਲੇ।
ਸੰਪਰਕ: 94658-21417



News Source link
#ਕਵ #ਕਆਰ

- Advertisement -

More articles

- Advertisement -

Latest article