41.2 C
Patiāla
Friday, May 17, 2024

ਬਿਜਲੀ ਦੀ ਮੰਗ ਘਟਣ ਨਾਲ ਥਰਮਲ ਪਲਾਂਟ ਰੂਪਨਗਰ ਤੇ ਲਹਿਰਾ ਮੁਹੱਬਤ ਦਾ ਇੱਕ-ਇੱਕ ਹੋਰ ਯੂਨਿਟ ਬੰਦ

Must read


ਜਗਮੋਹਨ ਸਿੰਘ

ਘਨੌਲੀ, 10 ਜੁਲਾਈ

ਪੰਜਾਬ ਅੰਦਰ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪਾਵਰਕਾਮ ਨੂੰ ਵੀ ਵੱਡੀ ਰਾਹਤ ਮਿਲੀ ਹੈ। ਮੀਂਹ ਪੈਣ ਉਪਰੰਤ ਜਿੱਥੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਲਾਉਣ ਲਈ ਵਾਧੂ ਪਾਣੀ ਜਮ੍ਹਾਂ ਹੋ ਗਿਆ ਹੈ, ਉੱਥੇ ਹੀ ਤਾਪਮਾਨ ਘਟਣ ਉਪਰੰਤ ਲੋਕਾਂ ਨੂੰ ਏਅਰਕੰਡੀਸ਼ਨਾਂ ਦੀ ਵੀ ਘੱਟ ਹੀ ਜ਼ਰੂਰਤ ਪੈ ਰਹੀ ਹੈ। ਪਾਵਰਕਾਮ ਦੇ ਲੋਡ ਡਿਸਪੈਚ ਕੇਂਦਰ ਅਨੁਸਾਰ ਅੱਜ ਸਵੇਰ ਵੇਲੇ ਸਿਰਫ਼ ਰਾਜਪੁਰਾ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ 1400 ਮੈਗਾਵਾਟ ਸਮਰੱਥਾ ਵਾਲੇ ਦੋਵੇਂ ਯੂਨਿਟ ਆਪਣੀ ਪੂਰੀ ਸਮਰਥਾ ਦੇ ਨੇੜੇ ਬਿਜਲੀ ਪੈਦਾ ਕਰ ਰਹੇ ਹਨ, ਜਦੋਂ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨਾਂ ਵਿੱਚੋਂ ਦੋ ਯੂਨਿਟ ਅਤੇ ਗੋਇੰਦਵਾਲ ਥਰਮਲ ਪਲਾਂਟ ਦੇ 2 ਯੂਨਿਟਾਂ ਵਿੱਚੋਂ ਇੱਕ ਆਪਣੀ ਸਮਰਥਾ ਨਾਲੋਂ ਅੱਧੀ ’ਤੇ ਬਿਜਲੀ ਪੈਦਾ ਕਰ ਰਹੇ ਸਨ। ਤਲਵੰਡੀ ਸਾਬੋ ਥਰਮਲ ਪਲਾਂਟ ਦਾ 1 ਨੰਬਰ ਯੂਨਿਟ ਅੱਜ ਵੀ ਬੰਦ ਰਿਹਾ, ਜਦੋਂ ਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਪਿਛਲੇ ਕਾਫੀ ਸਮੇਂ ਤੋਂ ਬੰਦ ਹੈ।ਸਰਕਾਰੀ ਥਰਮਲ ਪਲਾਂਟਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 3 ਨੰਬਰ ਯੂਨਿਟ ਕੱਲ੍ਹ ਬੰਦ ਕਰ ਦਿੱਤਾ ਗਿਆ ਸੀ ਅਤੇ 4 ਨੰਬਰ ਯੂਨਿਟ ਨੂੰ ਅੱਜ ਬੰਦ ਕਰ ਦਿੱਤਾ ਗਿਆ ਹੈ।ਇਸ ਥਰਮਲ ਪਲਾਂਟ ਦੇ 5 ਅਤੇ 6 ਨੰਬਰ ਯੂਨਿਟਾਂ ਦੁਆਰਾ 300 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਲੰਬੇ ਸਮੇਂ ਤੋਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੈ, ਜਦੋਂ ਕਿ ਬਿਜਲੀ ਦੀ ਮੰਗ ਘਟਣ ਉਪਰੰਤ ਇਸ ਦੇ 1 ਨੰਬਰ ਯੂਨਿਟ ਨੂੰ ਕੱਲ੍ਹ ਬੰਦ ਕਰ ਦਿੱਤਾ ਗਿਆ ਸੀ ਤੇ 3 ਨੰਬਰ ਯੂਨਿਟ ਅੱਜ ਬੰਦ ਕਰ ਦਿੱਤਾ ਗਿਆ ਹੈ। ਇਸ ਥਰਮਲ ਪਲਾਂਟ ਦੇ ਯੂਨਿਟ ਨੰਬਰ 4 ਦੁਆਰਾ ਆਪਣੀ ਸਮਰੱਥਾ ਤੋਂ ਅੱਧੇ ਤੋਂ ਵੀ ਘੱਟ ਯਾਨੀ 210 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਨਹਿਰਾਂ ਵਿੱਚ ਪਾਣੀ ਦਾ ਪੱਧਰ ਵਧਣ ਉਪਰੰਤ ਪਣ ਬਿਜਲੀ ਪ੍ਰਾਜੈਕਟਾਂ ਦੀ ਰਫਤਾਰ ਵੀ ਤੇਜ਼ ਹੋ ਗਈ ਹੈ। ਪਣ ਬਿਜਲੀ ਘਰਾਂ ਵਿੱਚੋਂ ਮੁਕੇਰੀਆਂ ਹਾਈਡਲ ਪ੍ਰਾਜੈਕਟ 128 ਮੈਗਾਵਾਟ, ਰੂਪਨਗਰ ਜ਼ਿਲ੍ਹੇ ਦੇ ਕੋਟਲਾ ਪਾਵਰ ਹਾਊਸ ਪਣ ਬਿਜਲੀ ਪ੍ਰਾਜੈਕਟ 60 ਮੈਗਾਵਾਟ ਅਤੇ ਨੱਕੀਆਂ ਪਣ ਬਿਜਲੀ 59 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਹੇ ਸਨ। ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਪਾਵਰਕਾਮ ਦਾ ਪਣ ਬਿਜਲੀ ਘਰ ਸ਼ਾਨਨ 105 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਸੀ।



News Source link

- Advertisement -

More articles

- Advertisement -

Latest article