34.2 C
Patiāla
Friday, May 17, 2024

ਸਿੱਖਿਆ ਬੋਰਡ: ਦਸਵੀਂ ਦੇ ਨਤੀਜੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ

Must read


ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 5 ਜੁਲਾਈ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਅੱਜ ਆਨਲਾਈਨ ਵਿਧੀ ਰਾਹੀਂ ਦਸਵੀਂ ਜਮਾਤ ਸਮੇਤ ਓਪਨ ਸਕੂਲ, ਰੀ-ਅਪੀਅਰ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਬਾਰ੍ਹਵੀਂ ਵਾਂਗ ਦਸਵੀਂ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰ ਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਵਿੱਚ 3,23,361 ਵਿਦਿਆਰਥੀ ਅਪੀਅਰ ਹੋਏ ਸੀ, ਜਿਨ੍ਹਾਂ ’ਚੋਂ 3,16,699 ਵਿਦਿਆਰਥੀ ਪਾਸ ਹੋਏ। ਕੁੱਲ ਨਤੀਜੇ ਦੀ ਪਾਸ ਪ੍ਰਤੀਸ਼ਤਤਾ 97.94 ਫੀਸਦੀ ਰਹੀ ਹੈ। ਨਤੀਜੇ ਸਬੰਧੀ ਪ੍ਰੀਖਿਆਰਥੀਆਂ ਦੇ ਵੇਰਵੇ/ਅੰਕਾਂ ਸਮੇਤ ਭਲਕੇ 6 ਜੁਲਾਈ ਨੂੰ ਬਾਅਦ ਦੁਪਹਿਰ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.9ndiaresult.com ’ਤੇ ਉਪਲੱਬਧ ਕੀਤੇ ਜਾਣਗੇ।

ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ, ਦਸਵੀਂ ਦੀ ਪ੍ਰੀਖਿਆ ਵਿੱਚ ਸਰਕਾਰੀ ਹਾਈ ਸਕੂਲ ਸੱਤੀਏਵਾਲਾ (ਜ਼ਿਲ੍ਹਾ ਫਿਰੋਜ਼ਪੁਰ) ਦੀ ਵਿਦਿਆਰਥਣ ਨੈਨਸੀ ਨੇ 650 ’ਚੋਂ 644 ਅੰਕ (99.8 ਫੀਸਦੀ) ਲੈ ਕੇ ਪੰਜਾਬ ਭਰ ’ਚੋਂ ਪਹਿਲੇ, ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ (ਜ਼ਿਲ੍ਹਾ ਸੰਗਰੂਰ) ਦੀ ਵਿਦਿਆਰਥਣ ਦਿਲਪ੍ਰੀਤ ਕੌਰ (644 ਅੰਕ) ਦੂਜੇ ਅਤੇ ਭੁਟਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੂਟਾਲ ਕਲਾਂ (ਜ਼ਿਲ੍ਹਾ ਸੰਗਰੂਰ) ਦੀ ਵਿਦਿਆਰਥਣ ਕੋਮਲਪ੍ਰੀਤ ਕੌਰ (642 ਅੰਕ) ਤੀਜੇ ਸਥਾਨ ’ਤੇ ਰਹੀ।

ਉਨ੍ਹਾਂ ਦੱਸਿਆ ਕਿ 1,41,528 ਲੜਕੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 1,40,594 ਕੁੜੀਆਂ ਨੇ ਚੰਗੇ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.34 ਫੀਸਦੀ ਹੈ। ਜਦੋਂਕਿ 1,70,005 ਲੜਕਿਆਂ ’ਚੋਂ 1,68,022 ਨੇ ਪਾਸ ਕੀਤੀ ਹੈ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.83 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 126 ਬੱਚਿਆਂ ਦਾ ਨਤੀਜਾ ਫੇਲ੍ਹ ਹੈ ਅਤੇ 2475 ਬੱਚਿਆਂ ਦੀ ਕੰਪਾਰਟਮੈਂਟ ਆਈ ਹੈ ਜਦੋਂਕਿ 317 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ। ਜੇਕਰ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਸਕੂਲਾਂ ਦੇ ਨਤੀਜਿਆਂ ’ਤੇ ਝਾਤ ਮਾਰੀਏ ਤਾਂ ਸ਼ਹਿਰਾਂ ਨਾਲੋਂ ਪਿੰਡਾਂ ਦੇ ਬੱਚਿਆਂ ਦਾ ਨਤੀਜਾ ਵਧੀਆ ਰਿਹਾ। ਪੇਂਡੂ ਖੇਤਰ ਦੇ 2,09,991 ਬੱਚਿਆਂ ’ਚੋਂ 2,08,342 ਬੱਚੇ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.21 ਫੀਸਦੀ ਹੈ ਜਦੋਂਕਿ ਸ਼ਹਿਰੀ ਖੇਤਰ ਦੇ 1,01,554 ਬੱਚਿਆਂ ’ਚੋਂ 1,00,285 ਬੱਚੇ ਪਾਸ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.75 ਫੀਸਦੀ ਹੈ। ਬੋਰਡ ਮੁਖੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਟੀਫਿਕੇਟ ਡਿਜੀਲਾਕਰ ’ਤੇ ਅਪਲੋਡ ਕੀਤੇ ਜਾਣਗੇ। ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦੀ ਮੈਰਿਟ ਵਿੱਚ ਸਰਕਾਰੀ ਅਤੇ ਪੰਜਾਬ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਦੀ ਝੰਡੀ ਰਹੀ ਹੈ।

ਅਧਿਆਪਕ ਬਣਨਾ ਚਾਹੁੰਦੀ ਹੈ ਨੈਨਸੀ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਪਿੰਡ ਸਤੀਏ ਵਾਲਾ ਦੀ ਨੈਨਸੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿਚ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਰਹੱਦੀ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਉਸਨੇ 650 ਵਿਚੋਂ 644 ਅੰਕ ਹਾਸਲ ਕੀਤੇ ਹਨ। ਨੈਨਸੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਅੱਜ ਉਸ ਦੇ ਘਰ ਤਾਂਤਾ ਲੱਗਿਆ ਰਿਹਾ ਅਤੇ ਤੀਆਂ ਵਰਗਾ ਮਾਹੌਲ ਬਣਿਆ ਰਿਹਾ। ਸ਼ਹਿਰੀ ਹਲਕੇ ਤੋਂ ‘ਆਪ’ ਵਿਧਾਇਕ ਰਣਬੀਰ ਭੁੱਲਰ ਦੇ ਗੁਆਂਢ ਵਿੱਚ ਰਹਿੰਦੀ ਨੈਨਸੀ ਦੇ ਪਿਤਾ ਰਾਮ ਕ੍ਰਿਸ਼ਨ ਦਿਹਾੜੀ-ਮਜ਼ਦੂਰੀ ਕਰ ਕੇ ਆਪਣੇ ਤਿੰਨ ਬੱਚਿਆਂ ਦੀ ਪਰਵਰਿਸ਼ ਕਰਦੇ ਹਨ। ਮਾਂ ਸੰਦੀਪ ਸਿਲਾਈ ਦਾ ਕੰਮ ਕਰਦੀ ਹੈ। ਜਿਸ ਸਮੇਂ ਨੈਨਸੀ ਦਾ ਨਤੀਜਾ ਆਇਆ, ਉਸ ਸਮੇਂ ਉਸ ਦੇ ਪਿਤਾ ਦਿਹਾੜੀ ਕਰਨ ਗੲੇ ਹੋਏ ਸਨ। ਖ਼ਬਰ ਮਿਲਦਿਆਂ ਹੀ ਉਹ ਘਰ ਪਹੁੰਚੇ ਤੇ ਆਪਣੀ ਧੀ ਨੂੰ ਘੁੱਟ ਕੇ ਗਲ ਨਾਲ ਲਾਇਆ। ਨੈਨਸੀ ਭਵਿੱਖ ਵਿਚ ਅਧਿਆਪਕ ਬਣਨਾ ਚਾਹੁੰਦੀ ਹੈ। ਵਿਧਾਇਕ ਰਣਬੀਰ ਭੁੱਲਰ ਦੇ ਭਰਾ ਕੁਲਦੀਪ ਭੁੱਲਰ ਨੇ ਨੈਨਸੀ ਨੂੰ 5100 ਰੁਪਏ ਦਾ ਚੈੱਕ ਭੇਟ ਕੀਤਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ, ਨੈਸ਼ਨਲ ਐਵਾਰਡੀ ਡਾ. ਸਤਿੰਦਰ ਸਿੰਘ ਤੇ ਨੈਨਸੀ ਦੇ ਸਕੂਲ ਅਧਿਆਪਕਾਂ ਨੇ ਅੱਜ ਨੈਨਸੀ ਦੇ ਘਰ ਜਾ ਕੇ ਉਸ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਬੱਚਿਆਂ ਨੇ ਬੈਂਡ ਵਜਾ ਕੇ ਨੈਨਸੀ ਦਾ ਸਵਾਗਤ ਕੀਤਾ। ਰਾਮ ਕ੍ਰਿਸ਼ਨ ਨੇ ਕਿਹਾ ਕਿ ਉਸ ਨੂੰ ਆਪਣੀ ਹੋਣਹਾਰ ਧੀ ’ਤੇ ਮਾਣ ਹੈ। ਨੈਨਸੀ ਭਵਿੱਖ ਵਿਚ ਅਧਿਆਪਕਾ ਬਣਨਾ ਚਾਹੁੰਦੀ ਹੈ।

ਡਾਕਟਰ ਬਣਨਾ ਚਾਹੁੰਦੀ ਹੈ ਕੋਮਲਪ੍ਰੀਤ

ਕੋਮਲਪ੍ਰੀਤ ਕੌਰ ਦਾ ਸਨਮਾਨ ਕਰਦੇ ਹੋਏ ਅਧਿਆਪਕ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੂਬੇ ਭਰ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਕੋਮਲਪ੍ਰੀਤ ਕੌਰ ਡਾਕਟਰ ਬਣਨਾ ਚਾਹੁੰਦੀ ਹੈ। ਕੋਮਲਪ੍ਰੀਤ ਨੇ 650 ਵਿੱਚੋਂ 642 ਅੰਕ ਪ੍ਰਾਪਤ ਕੀਤੇ ਹਨ। ਨੇੜਲੇ ਪਿੰਡ ਭੁਟਾਲ ਕਲਾਂ ਦੇ ਭੁਟਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦੇ ਪੰਜਾਬ ਭਰ ਵਿੱਚ ਤੀਜੇ ਸਥਾਨ ’ਤੇ ਆਉਣ ਦਾ ਪਤਾ ਲੱਗਦੇ ਹੀ ਕੋਮਲਪ੍ਰੀਤ ਦੇ ਪਿਤਾ ਤਰਸੇਮ ਸਿੰਘ ਨੂੰ ਵਧਾਈਆਂ ਦੇਣ ਲਈ ਉਸ ਦੇ ਘਰ ਅੱਗੇ ਸਕੂਲ ਅਧਿਆਪਕਾਂ ਤੇ ਲੋਕਾਂ ਦਾ ਤਾਂਤਾ ਲੱਗ ਗਿਆ। ਨਿਰੋਲ ਪੇਂਡੂ ਸਕੂਲ ’ਚ ਪੜ੍ਹਾਈ ਕਰਕੇ ਸੂਬੇ ’ਚ ਤੀਜਾ ਸਥਾਨ ਹਾਸਲ ਕਰਨਾ ਵੱਡੀ ਪ੍ਰਾਪਤੀ ਹੈ। ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਉਹ ਐੱਮਬੀਬੀਐੱਸ ਕਰ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੀ ਹੈ। ਉਹ ਆਪਣੀ ਇਸ ਪ੍ਰਾਪਤੀ ਤੋਂ ਬਹੁਤ ਖ਼ੁਸ਼ ਹੈ। ਉਸ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਸਦੀ ਪਤਨੀ ਗਠੀਏ ਦੀ ਬਿਮਾਰੀ ਤੋੋਂ ਪੀੜਤ ਹੈ।

ਡਾਕਟਰ ਬਣਨਾ ਚਾਹੁੰਦੀ ਹੈ ਦਿਲਪ੍ਰੀਤ ਕੌਰ

ਦਿਲਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਰਿਵਾਰਕ ਮੈਂਬਰ।

ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਪੁੱਤਰੀ ਰੱਬੀ ਸਿੰਘ ਵਾਸੀ ਨੱਤਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜਿਆਂ ’ਚ 650 ਵਿੱਚੋਂ 644 ਅੰਕ ਹਾਸਲ ਕਰਕੇ ਸੂਬੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ। ਜਿਉਂ ਹੀ ਦਿਲਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਉਸ ਦੇ ਪੰਜਾਬ ਵਿੱਚ ਦੂਜੇ ਸਥਾਨ ’ਤੇ ਆਉਣ ਦਾ ਪਤਾ ਚੱਲਿਆ ਤਾਂ ਉਨ੍ਹਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਉਨ੍ਹਾਂ ਨੂੰ ਸਕੂਲ ਅਧਿਆਪਕਾਂ, ਪ੍ਰਬੰਧਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਲਈ ਫ਼ੋਨ ਆਉਣੇ ਸ਼ੁਰੂ ਹੋ ਗਏ। ਦਿਲਪ੍ਰੀਤ ਕੌਰ ਦੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਅਤੇ ਪਿੰਡ ਦੇ ਗ਼ਲੀ-ਗੁਆਂਢ ਵਿੱਚੋਂ ਲੋਕ ਘਰ ਆ ਕੇ ਉਸ ਨੂੰ ਵਧਾਈਆਂ ਦੇਣ ਲੱਗ ਪਏ। ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਟੀਚਾ ਮੈਡੀਕਲ ਦੀ ਪੜ੍ਹਾਈ ਕਰਨ ਉਪਰੰਤ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ। ਸਕੂਲ ਦੇ ਚੇਅਰਮੈਨ ਸ੍ਰੀ ਵਿਕਾਸ ਸ਼ਰਮਾ, ਡਾਇਰੈਕਟਰ ਰਿਸ਼ੀ ਸ਼ਰਮਾ ਅਤੇ ਪ੍ਰਿੰਸੀਪਲ ਸ਼ਾਮ ਲਾਲ ਨੇ ਦਿਲਪ੍ਰੀਤ ਕੌਰ ਤੇ ਉਸ ਦੇ ਮਾਪਿਆਂ ਨੂੰ ਘਰ ਆ ਕੇ ਵਧਾਈਆਂ ਦਿੱਤੀਆ। ਇਸ ਮੌਕੇ ਦਿਲਪ੍ਰੀਤ ਕੌਰ ਦੇ ਦਾਦਾ ਨਾਹਰ ਸਿੰਘ ਬੋਪਾਰਾਏ ਤੋਂ ਇਲਾਵਾ ਪਿਤਾ ਰੱਬੀ ਸਿੰਘ, ਮਾਤਾ ਸਰਬਜੀਤ ਕੌਰ, ਭਰਾ ਕਰਨਵੀਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਤੇ ਹੋਰ ਰਿਸ਼ਤੇਦਾਰ ਮੌਜੂਦ ਸਨ।





News Source link

- Advertisement -

More articles

- Advertisement -

Latest article